31817371_1921994157813532_2753984299219812352_n

ਅਜ਼ਮਾਨ ‘ਚ ਹੋਏ ਸੰਗੀਤਕ ਸਮਾਗਮ ਦੌਰਾਨ ਗਾਇਕ ਚਰਨਜੀਤ ਖੈੜੀਆ ਦਾ ਸਨਮਾਨ

ਜ਼ਿਮੇਵਾਰ ਗਾਇਕਾਂ ਤੇ ਗਾਇਕੀ ਦਾ ਸਨਮਾਨ ਜ਼ਰੂਰੀ- ਸਰਦੂਲ ਸਿੰਘ, ਮਨਜਿੰਦਰ ਸਿੰਘ
ਲੰਡਨ (ਮਨਦੀਪ ਖੁਰਮੀ) “ਸੰਗੀਤਕ ਖੇਤਰ ਵਿੱਚ ਆਪ-ਮੁਹਾਰਤਾ ਤੇ ਗੈਰਜ਼ਿਮੇਵਾਰ ਗਾਇਕਾਂ ਤੇ ਗਾਇਕੀ ਦਾ ਬੋਲਬਾਲਾ ਸੁਹਿਰਦ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ। ਫੂਹੜ ਗਾਇਕਾਂ ਦੀ ਕਤਾਰ ਨੂੰ ਛੋਟੀ ਕਰਨ ਲਈ ਲਾਜ਼ਮੀ ਹੈ ਕਿ ਸੂਝਵਾਨ ਗਾਇਕਾਂ ਅਤੇ ਉਹਨਾਂ ਦੇ ਬੋਲਾਂ ਨੂੰ ਰੱਜਵਾਂ ਪਿਆਰ ਸਤਿਕਾਰ ਦਿੱਤਾ ਜਾਵੇ।“ ਉਕਤ ਵਿਚਾਰਾਂ ਦਾ ਪ੍ਰਗਟਾਵਾ ਦੁਬਈ ਦੇ ਸ਼ਹਿਰ ਅਜ਼ਮਾਨ ਦੇ ਪੰਜਾਬੀ ਢਾਬਾ ਨਾਮੀ ਰੈਸਟੋਰੈਂਟ ਦੇ ਸੰਚਾਲਕ ਸਰਦੂਲ ਸਿੰਘ ਤੇ ਮਨਜਿੰਦਰ ਸਿੰਘ ਨੇ ਆਪਣੀ ਅਗਵਾਈ ਵਿੱਚ ਕਰਵਾਈ ਸੰਗੀਤਕ ਮਹਿਫ਼ਿਲ ਦੌਰਾਨ ਕੀਤਾ। ਜਿੱਥੇ ਦੁਬਈ ਵਰਗੇ ਮੁਲਕ ਵਿੱਚ ਪੰਜਾਬੀ ਗਾਇਕੀ ਦੀ ਸੰਗੀਤਕ ਮਹਿਫ਼ਿਲ ਮਾਅਨੇ ਰੱਖਦੀ ਹੈ ਉੱਥੇ ਸਰਦੂਲ ਸਿੰਘ ਤੇ ਮਨਜਿੰਦਰ ਸਿੰਘ ਵਰਗੇ ਸਮਾਜ ਪ੍ਰਤੀ ਚਿੰਤਤ ਇਨਸਾਨਾਂ ਦੀ ਵਿਰਸੇ ਪ੍ਰਤੀ ਗੰਭੀਰਤਾ ਦੀ ਵੀ ਦਾਦ ਦੇਣੀ ਬਣਦੀ ਹੈ ਜਿਹਨਾਂ ਨੇ ਇੱਕ ਗਾਇਕ ਨੂੰ ਮਾਣ-ਸਨਮਾਨ ਦੇਣ ਦੇ ਮਕਸਦ ਨਾਲ ਹੀ ਵਿਲੱਖਣ ਸਮਾਗਮ ਉਲੀਕਿਆ ਹੋਵੇ। ਇਸ ਸਮੇਂ ਬਹੁਤ ਹੀ ਸੁਰੀਲੇ ਤੇ ਸਿੱਖੇ ਹੋਏ ਨੌਜਵਾਨ ਗਾਇਕ ਚਰਨਜੀਤ ਖੈੜੀਆ ਦਾ ਉਸਦੇ ਸੰਘਰਸ਼, ਸੰਜੀਦਾ ਗਾਇਕੀ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਾਇਕ ਚਰਨਜੀਤ ਖੈੜੀਆ ਨੇ ਆਪਣੇ ਗੀਤਾਂ ਦੀ ਛਹਿਬਰ ਲਾ ਕੇ ਦੁਬਈ ਵਰਗੇ ਮੁਲਕ ਵਿੱਚ ਵੀ ਪੰਜਾਬੀਅਤ ਦਾ ਨੂਰ ਵਰਸਾ ਕੇ ਹਾਜਰੀਨ ਦੇ ਮੂੰਹੋਂ ਵਾਹ ਵਾਹ ਖੱਟੀ। ਧੰਨਵਾਦੀ ਭਾਸ਼ਣ ਦੌਰਾਨ ਬੋਲਦਿਆਂ ਸਮਾਗਮ ਪ੍ਰਬੰਧਕ ਮਨਜਿੰਦਰ ਸਿੰਘ ਨੇ ਕਿਹਾ ਕਿ ਚਰਨਜੀਤ ਖੈੜੀਆ ਕੋਲੋਂ ਸੁਹਿਰਦ ਬੋਲਾਂ ਦੇ ਆਸ਼ਕਾਂ ਨੂੰ ਢੇਰ ਆਸਾਂ ਹਨ ਤੇ ਉਮੀਦ ਹੈ ਕਿ ਉਹ ਆਸਾਂ ‘ਤੇ ਖ਼ਰਾ ਉੱਤਰਨ ਦੀ ਵਾਹ ਵੀ ਲਾਵੇਗਾ। ਪ੍ਰਬੰਧਕਾਂ ਵੱਲੋਂ ਚਰਨਜੀਤ ਖੈੜੀਆ ਦੇ ਆਉਣ ਵਾਲੇ ਲੋਕ ਤੱਥ ਰੂਪੀ ਗੀਤ “ਡਿਜੀਟਲ ਸਮਾਂ“ ਦਾ ਪੋਸਟਰ ਵੀ ਹਾਜਰੀਨ ਦੀ ਨਜ਼ਰ ਕੀਤਾ ਗਿਆ। ਇਸ ਸਮੇਂ ਵੈਦ ਹਰੀ ਸਿੰਘ ਅਜ਼ਮਾਨ, ਮਲਕੀਤ ਸਿੰਘ ਮਠਾੜੂ, ਹਰਦੀਪ ਸਿੰਘ ਗੁੱਡਵਿਲ ਟਰਾਂਸਪੋਰਟ, ਹਰਦੇਵ ਸਿੰਘ ਸਹਾਏਪੁਰ, ਨਿਰਮਲ ਸਿੰਘ ਰੋਡੇ, ਜਗਦੀਪ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਮਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।