Art- Harsharan Singh

ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ

ਇੱਕ ਫਿਲਮ ‘ਚ ਨਿਭਾ ਰਿਹੈ ਛੇ ਕਿਰਦਾਰ
ਕਈਆਂ ਨੂੰ ‘ਕਲਾਕਾਰ’ ਦਾ ਰੁਤਬਾ ਵਿਰਾਸਤ ਵਿੱਚ ਮਿਲ ਜਾਂਦਾ ਹੈ ਪਰ ਅਸਲ ਕਲਾਕਾਰ ਕਿਹਾ ਹੀ ਉਸਨੂੰ ਜਾ ਸਕਦੈ ਜਿਸਨੇ ਜ਼ਿੰਦਗੀ ਦੇ ਹਰ ਕਿਰਦਾਰ ਨੂੰ ਖੁਦ ਜੀਵਿਆ ਹੋਵੇ। ਕਹਿੰਦੇ ਹਨ ਕਿ ਕੱਚੇ ਪਹਿਆਂ ‘ਚ ਬਣੀ ਬਣਾਈ ਲੀਹ ‘ਚੋਂ ਤਾਂ ਮੌਲਾ ਬਲਦ ਵੀ ਗੱਡਾ ਖਿੱਚ ਲਿਜਾਂਦੈ ਪਰ ਜ਼ੋਰ ਉਸ ਬਲਦ ਦਾ ਪਰਖਿਆ ਜਾਂਦੈ ਜਿਹੜਾ ਬਣੀ ਬਣਾਈ ਲੀਹ ਨੂੰ ਪਾੜ ਕੇ ਚੱਲਦਾ ਹੋਵੇ। ਕਲਾ ਤਾਂ ਤਪੱਸਿਆ, ਸਾਧਨਾ, ਅਣਖਿੱਝ ਹੋ ਕੇ ਕੀਤੀ ਮਿਹਨਤ ਦਾ ਬਦਲਵਾਂ ਰੂਪ ਹੁੰਦੀ ਹੈ। ਅਜਿਹੀ ਹੀ ਵਰ੍ਹਿਆਂ-ਬੱਧੀ ਤਪੱਸਿਆ ਕਰਕੇ ਮਿਹਨਤ ਦੀ ਕੁਠਾਲੀ ਵਿੱਚ ਢਲ ਕੇ ਸੋਨੇ ਵਾਂਗ ਚਮਕੇ ਅਤੇ ਕਲਾਤਮਿਕ ਖੇਤਰ ਵਿੱਚ ਲੀਹ ਪਾੜ ਕੇ ਚੱਲਣ ਵਾਲੇ ਨੌਜਵਾਨ ਕਲਾਕਾਰ ਦਾ ਨਾਂ ਹੀ ਹੈ ਹਰਸ਼ਰਨ ਸਿੰਘ।12592770_1559045127753859_3087503443952305430_n
ਇਹ ਉਹੀ ਹਰਸ਼ਰਨ ਸਿੰਘ ਹੈ, ਜਿਸਨੇ ਸਾਹਿਤ ਜਗਤ ਦੀ ਨਾਮਵਾਰ ਹਸਤੀ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖ਼ੂਨ’ ‘ਤੇ ਆਧਾਰਿਤ ਅਮਰਦੀਪ ਸਿੰਘ ਗਿੱਲ ਵੱਲੋਂ ਤਿਆਰ ਕੀਤੀ ਗਈ ਲਘੂ ਫਿਲਮ ਵਿੱਚ “ਬਲਬੀਰੇ” ਦੇ ਪਾਤਰ ਨੂੰ ਖੁਦ ਜੀਵਿਆ ਹੈ। ਉਸ ਪਾਤਰ ਵਿੱਚ ਅਜਿਹਾ ਰਚਿਆ ਕਿ ਹੁਣ ਲੱਭਣਾ ਮੁਸ਼ਕਿਲ ਹੋ ਗਿਆ ਹੈ ਕਿ ਹਰਸ਼ਰਨ ਕੌਣ ਹੈ ਤੇ ਬਲਬੀਰਾ ਕੌਣ? ਕਿਸੇ ਕਲਾਕਾਰ ਦੀ ਕਲਾਕਾਰੀ ਦੀ ਅਸਲ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਪਾਤਰ ਨੂੰ ਪਰਦੇ ‘ਤੇ ਕਲਾ ਰਾਹੀਂ ਜੀਵਿਤ ਕਰਦਿਆਂ ਕਲਾ ਦਾ ਮੁਲੰਮਾ ਨਜ਼ਰ ਨਾ ਆਵੇ ਸਗੋਂ ਸ਼ੁੱਧਤਾ ਹੀ ਸ਼ੁੱਧਤਾ ਚਾਰੇ ਪਾਸੇ ਪਸਰੀ ਦਿਸੇ। ਕਲਾ ਨਾਂ ਦੀ ਕਸਤੂਰੀ ਹੁੰਦੀ ਤਾਂ ਹਰ ਕਿਸੇ ਦੇ ਅੰਦਰ ਹੈ ਪਰ ਲੱਭੀ ਮਿਹਨਤ ਕਰਕੇ ਹੀ ਜਾ ਸਕਦੀ ਹੈ। ਇਸੇ ਦੌੜ ਵਿੱਚ ਹੀ ਹਰਸ਼ਰਨ ਵੀ ਬਾਬਾ ਫਰੀਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੋਂ ਉੱਠ ਕੇ ਕਲਾ ਨਗਰੀ ਮੁੰਬਈ ਜਾ ਪਹੁੰਚਿਆ। ਹਰਸ਼ਰਨ ਅੰਦਰ ਇੱਕ ਕਲਾਕਾਰ ਅੰਗੜਾਈਆਂ ਲੈ ਰਿਹਾ ਸੀ, ਜੋ ਉਸਨੂੰ ਟਿਕ ਕੇ ਨਾ ਬੈਠਣ ਦਿੰਦਾ। ਕਿਸੇ ਵੇਲੇ ਫੌਜੀ ਬਣਨ ਦੀ ਇੱਛਾ ਪਾਲੀ ਬੈਠਾ ਹਰਸ਼ਰਨ ਜਲੰਧਰ ਦੂਰਦਰਸ਼ਨ ਵਿਖੇ ਆਡੀਸ਼ਨ ਕੀ ਦੇ ਬੈਠਾ ਕਿ ਜ਼ਿੰਦਗੀ ਨਵਾਂ ਮੋੜ ਅਖਤਿਆਰ ਕਰ ਗਈ। ਬਰਜਿੰਦਰਾ ਕਾਲਜ ਫਰੀਦਕੋਟ ‘ਚ ਪ੍ਰੋ: ਸਾਧੂ ਸਿੰਘ (ਹੁਣ ਮੈਂਬਰ ਪਾਰਲੀਮੈਂਟ) ਜੀ ਦੀ ਦੇਖ ਰੇਖ ‘ਚ ਪਹਿਲਾ ਨਾਟਕ “ਛਵੀਆਂ ਦੀ ਰੁੱਤ” ਖੇਡਿਆ। ਸੁਦਰਸ਼ਨ ਮੈਣੀ ਜੀ ਕੋਲੋਂ ਕਲਾ ਦੀਆਂ ਬਾਰੀਕੀਆਂ ਸਿੱਖੀਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸਤਾਦਾਂ ਦੀ ਦੇਖਰੇਖ ਹੇਠ ਐੱਮ ਏ ਥੀਏਟਰ ਕੀਤੀ। ਨਾਮਵਾਰ ਸੰਗੀਤ ਕੰਪਨੀਆਂ ਦੇ ਗੀਤ ਵੀਡੀਓ ਕਰਨ ਦੇ ਨਾਲ ਨਾਲ ਲਿਸ਼ਕਾਰਾ ਚੈੱਨਲ ਤੇ ਜ਼ੀ ਅਲਫਾ ਪੰਜਾਬੀ ਦੇ ਲੜੀਵਾਰ ਨਾਟਕ ਕੀਤੇ। 2006 ‘ਚ ਮੁੰਬਈ ਜਾ ਟਿਕਾਣਾ ਮੱਲਿਆ ਤਾਂ ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਦੇ ਨਾਲ ਆਈਡੀਆ ਨੈਟਵਰਕ ਕੰਪਨੀ ਦੀ ਇਸ਼ਤਿਹਾਰ ਫਿਲਮ ਕੀਤੀ ਤੇ ਬਾਅਦ ‘ਚ ਨਾਲਾਇਕ, ਚੱਕ ਜਵਾਨਾ, ਸਿਮਰਨ, ਪੰਜਾਬ 1984 ਆਦਿ ਫਿਲਮਾਂ ‘ਚ ਯਾਦਗਾਰੀ ਭੂਮਿਕਾਵਾਂ ਕੀਤੀਆਂ।
ਅਮਰਦੀਪ ਸਿੰਘ ਗਿੱਲ ਦੀ ਲਘੂ ਫਿਲਮ “ਖ਼ੂਨ” ਦਾ ਹਿੱਸਾ ਬਣਨ ਤੋਂ ਪਹਿਲਾਂ ਹਰਸ਼ਰਨ 2010 ਤੋਂ 2015 ਤੱਕ ਸਾਧੂਆਂ ਵਾਂਗ ਤਪ ਕਰਨ ਵਾਂਗ ਗੁਪਤਵਾਸ ਹੋ ਕੇ ਕਲਾ ਦੇ ਭੋਰੇ ‘ਚ ਜਾ ਬੈਠਾ ਭਾਵ ਖਾਮੋਸ਼ ਹੋ ਗਿਆ। ਇਸ ਦੌਰ ‘ਚ ਉਸਨੇ ਸਿਰਫ ਆਪਣੀ ਕਲਾ ਨੂੰ ਹੀ ਨਹੀਂ ਚਮਕਾਇਆ ਸਗੋਂ ਗੀਤ, ਕਹਾਣੀਆਂ, ਸਕਰੀਨ ਪਲੇਅ, ਸਟੋਰੀ ਬੋਰਡ ਆਦਿ ‘ਤੇ ਵੀ ਸ਼ਲਾਘਾਯੋਗ ਕੰਮ ਕੀਤਾ। ਇਸ ਸਮੇਂ ਉਸਨੇ ਸਿੱਖਿਆਦਾਇਕ ਫਿਲਮ ਕਹਾਣੀਆਂ ਲਿਖੀਆਂ ਪਰ ਤੱਤ-ਸਾਰ ਇਹ ਕੱਢਿਆ ਕਿ ਕਿਸੇ ਨੂੰ ਸਿੱਖਿਆ ਦੇਣੀ ਸੌਖਾ ਕੰਮ ਹੈ ਪਰ ਕਮਰਸ਼ੀਅਲ ਪੱਖ ਨੂੰ ਨਾਲ ਰੱਖਦਿਆਂ ਹੋਇਆਂ ਸਿੱਖਿਆ ਦੇਣੀ ਵੀ ਸਾਧਨਾ ਦਾ ਅੰਗ ਹੈ। ਨਾਮੀ ਨਿਰਦੇਸ਼ਕ ਸ਼ਿਆਮ ਬੈਨੇਗਲ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕਾ ਹਰਸ਼ਰਨ ਫਿਲਮ ਨਿਰਮਾਤਾ ਹੋਣ ਦਾ ਸੁਪਨਾ ਪਾਲੀ ਬੈਠਾ ਹੈ। ਪੇਂਟਿੰਗ ਤੇ ਸਕੈੱਚ ਬਨਾਉਣਾ ਉਸਦੀ ਕਲਾ ਖੇਤਰ ‘ਚ ਪਹਿਲੀ ਹਾਜਰੀ ਸੀ ਤੇ ਹਰ ਸਮੇਂ ਕੁੱਝ ਨਾ ਕੁੱਝ ਨਵਾਂ ਕਰਦੇ ਰਹਿਣਾ ਉਸਦਾ ਜ਼ਜ਼ਬਾ ਹੈ। ਜਿੱਥੇ ਹਰਸ਼ਰਨ ਵੱਖ ਵੱਖ ਫਿਲਮਾਂ ‘ਚ ਰੁੱਝਿਆ ਹੋਇਆ ਹੈ, ਉੱਥੇ ਉਸ ਵੱਲੋਂ ਖੁਦ ਲਿਖੀਆਂ ਲਘੂ ਫਿਲਮਾਂ “ਆਪਾਧਾਪੀ” (ਹਿੰਦੀ) ਤੇ “ਨੋ ਬਾਡੀ ਕਿਲਡ ਸਮਬਾਡੀ” (ਅੰਗਰੇਜੀ) ਨੂੰ ਉਹ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਨੂੰ ਖੁਦ ਸੱਚ ਕਰਨ ਦੀ ਚਾਹਨਾ ‘ਚ ਹੈ। ਫਿਲਮ ਵਿੱਚ ਦਰਸ਼ਕਾਂ ਨੇ ਕਿਸੇ ਕਲਾਕਾਰ ਨੂੰ ਦੋਹਰੇ, ਤੀਹਰੇ ਕਿਰਦਾਰ ਨਿਭਾਉਂਦੇ ਜਰੂਰ ਦੇਖਿਆ ਹੋਵੇਗਾ ਪਰ “ਆਪਾਧਾਪੀ” ਵਿੱਚ ਹਰਸ਼ਰਨ ਨੇ ਛੇ ਕਿਰਦਾਰ ਖੁਦ ਨਿਭਾਏ ਹਨ। ਹਰਸ਼ਰਨ ਨੇ ਹੁਣ ਤੱਕ ਦੀ ਉਡਾਰੀ ਆਪਣੀ ਮਿਹਨਤ ਨਾਲ ਉਗਾਏ ਖੰਭਾਂ ਨਾਲ ਹੀ ਭਰੀ ਹੈ। ਉੱਚੇ ਅਸਮਾਨੀਂ ਭਰੀ ਕਲਾਤਮਿਕ ਉਡਾਰੀ ਦਾ ਅਸਲ ਆਨੰਦ ਵੀ ਫੇਰ ਹੀ ਹੈ ਜੇ ਖੰਭ ਉਧਾਰੇ ਨਾ ਹੋਣ। ਅੱਜ ਹਰਸ਼ਰਨ ਸਿੰਘ ਆਪਣੀ ਕਲਾ ਖੇਤਰ ‘ਚ ਕੀਤੀ ਤਪੱਸਿਆ ਸਦਕਾ ਏਨੀ ਕੁ ਕਾਬਲੀਅਤ ਜਰੂਰ ਰੱਖਦੈ ਕਿ ਵੱਡੀ ਤੋਂ ਵੱਡੀ ਫਿਲਮ ‘ਚ ਵੀ ਆਪਣੀ ਕਲਾ ਦਾ ਝੰਡਾ ਗੱਡ ਸਕਦੈ।
-ਮਨਦੀਪ ਖੁਰਮੀ ਹਿੰਮਤਪੁਰਾ