baba

ਆਓ! ਬਾਬਾ ਫਰੀਦ ਜੀ ਦੇ ਨਾਂ ‘ਤੇ ਫਰੀਦਕੋਟ ‘ਚ ਸੱਭਿਆਚਾਰ ਨਾਲ ਹੁੰਦੇ ‘ਬਲਾਤਕਾਰ’ ਦੀ ਗੱਲ ਕਰੀਏ।

ਬਾਬਾ ਫਰੀਦ ਜੀ…. ਅਗਲੇ ਸਾਲ ਵੀ ਅੱਖਾਂ ਤੇ ਕੰਨ ਬੰਦ ਰੱਖਣੇ……ਅਸੀਂ ਆਵਾਂਗੇ ਜਰੂਰ।
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਮੋਬਾ:-  0044 7519112312

ਹੁਣ ਤੱਕ ਇਹੀ ਪੜ੍ਹਿਆ ਸੁਣਿਆ ਹੈ ਕਿ ਪੰਜਾਬ ਗੁਰਾਂ ਦੇ ਨਾਂ Ḕਤੇ ਜਿਉਂਦਾ ਹੈ। ਪੰਜਾਬ ਦੇ ਲੋਕਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Ḕਸ਼ਬਦ ਗੁਰੂḔ ਦਾ ਰੁਤਬਾ ਰੱਖਦੇ ਹਨ। ਜਿਹੜੇ ਅਸਥਾਨ Ḕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਕੀਤਾ ਜਾਂਦੈ, ਉਸ ਨੂੰ ਗੁਰੂ ਦਾ ਦੁਆਰ ਜਾਣੀ ਕਿ ਗੁਰਦੁਆਰਾ ਕਿਹਾ ਜਾਂਦੈ। ਗੁਰੂ ਗ੍ਰੰਥ ਸਾਹਿਬ ਜੀ ਸਿਰਫ ਤੇ ਸਿਰਫ ਕਿਸੇ ਇੱਕ ਫਿਰਕੇ ਨਾਲ ਸੰਬੰਧਤ ਨਾ ਹੋ ਕੇ ਸਭ ਧਰਮਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦੇ ਹਨ ਕਿਉਂਕਿ ਬਾਣੀ ਦੇ ਸੰਕਲਨ ਸਮੇਂ ਵੱਖ ਵੱਖ ਜਾਤੀਆਂ ਅਤੇ ਧਰਮਾਂ ਦੇ ਭਗਤਾਂ, ਭੱਟਾਂ ਆਦਿ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਗੁਰਬਾਣੀ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਕੁੱਲ 352 ਸ਼ਬਦਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ 3 ਸ਼ਬਦਾਂ ਤੋਂ ਇਲਾਵਾ 349 ਸ਼ਬਦ ਭਗਤਾਂ ਦੇ ਹੀ ਹਨ। ਅੱਗੇ ਜਾ ਕੇ ਹੋਣ ਵਾਲੀ ਚਰਚਾ ਤੋਂ ਪਹਿਲਾਂ ਇੱਥੇ ਵਿਸ਼ੇਸ਼ ਤੌਰ Ḕਤੇ ਬਾਬਾ ਸ਼ੇਖ ਫਰੀਦ ਜੀ ਬਾਰੇ ਦੱਸਣਾ ਜਰੂਰੀ ਹੋਵੇਗਾ ਕਿ ਗੁਰਬਾਣੀ ਵਿੱਚ ਉਹਨਾਂ ਦੇ 4 ਸ਼ਬਦਾਂ ਤੋਂ ਇਲਾਵਾ 130 ਸਲੋਕ ਵੀ ਹਨ। ਸ਼ੇਖ ਫਰੀਦ ਜੀ ਪਹਿਲੇ ਅਜਿਹੇ ਕਵੀ ਸਨ ਜਿਹਨਾਂ ਨੇ ਆਪਣੇ ਖਿਆਲਾਂ ਨੂੰ ਪੰਜਾਬੀ ‘ਚ ਰੂਪਮਾਨ ਕੀਤਾ ਅਤੇ ਇੱਕ ਵਿਲੱਖਣ ਸ਼ੈਲੀ ਨੂੰ ਜਨਮ ਦਿੱਤਾ। ਜਿੱਥੇ ਪਾਕਿਸਤਾਨ ਵਿੱਚ ਉਹਨਾਂ ਦੇ ਸਤਿਕਾਰ ਵਜੋਂ ਇੱਕ ਮਕਬਰਾ ਬਣਿਆ ਹੋਇਆ ਹੈ ਉੱਥੇ ਭਾਰਤ ਦੇ ਸੂਬੇ ਪੰਜਾਬ ਵਿੱਚ ਉਹਨਾਂ ਦੇ ਨਾਂ ‘ਤੇ ਫਰੀਦਕੋਟ ਨਾਂ ਦਾ ਸ਼ਹਿਰ ਵੀ ਵਸਿਆ ਹੋਇਆ ਹੈ। ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਚੱਲਦੈ ਕਿ ਇਸ ਸ਼ਹਿਰ ਦਾ ਪਹਿਲਾ ਨਾਂ ‘ਮੋਕਲਹਰ’ ਸੀ। ਬਾਬਾ ਸ਼ੇਖ ਫਰੀਦ ਜੀ ਨੇ ਇਸ ਜਗ੍ਹਾ ‘ਤੇ ਵੀ ਕੁਝ ਸਮਾਂ ਤਪੱਸਿਆ ਕੀਤੀ ਸੀ। ਉਸ ਸਮੇਂ ਦੌਰਾਨ ਮੌਕੇ ਦੇ ਬਾਦਸ਼ਾਹ ਦੇ ਅਹਿਲਕਾਰਾਂ ਨੇ ਕਿਲ੍ਹੇ ਦੀ ਉਸਾਰੀ ਲਈ ਬਾਬਾ ਜੀ ਨੂੰ ਵੀ ਗਾਰਾ ਢੋਹਣ ‘ਤੇ ਲਾ ਲਿਆ ਸੀ। ਪਰ ਇੱਕ ਕਰਾਮਾਤ ਦੇਖ ਕੇ ਬਾਦਸ਼ਾਹ ਉਹਨਾਂ ਦੇ ਪੈਰੀਂ ਆਣ ਪਿਆ ਸੀ।
ਬੀਤੇ ਦਿਨੀਂ ਹਰ ਸਾਲ ਦੀ ਤਰ੍ਹਾਂ ਹੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਸੁਣਨ ਵਾਲੇ ਹਰ ਅੱਖ ਕੰਨ ਨੇ ਇਹ ਵੀ ਪੜ੍ਹਿਆ ਸੁਣਿਆ ਹੋਵੇਗਾ ਕਿ ਕਿਵੇਂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਗਿਐ? ਜਿਸ ਕਿਸੇ ਨੂੰ ਨਹੀਂ ਵੀ ਪਤਾ ਤਾਂ ਲਓ ਹੁਣ ਪੜ੍ਹ ਲਓææææ ਬੇਸ਼ੱਕ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਚੱਲਦੇ ਆ ਰਹੇ ਇਸ ਮੇਲੇ ਵਿੱਚ ਖੇਡਾਂ, ਧਾਰਮਿਕ ਕੱਵਾਲੀਆਂ, ਨਾਟਕ, ਸੈਮੀਨਾਰ ਤੇ ਨਗਰ ਕੀਰਤਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਸੱਭਿਆਚਾਰ ਦੀ ਹੱਦੋਂ ਜਿਆਦਾ ਕਰਵਾਈ ਗਈ ਸੇਵਾ ਇਸ ਮੇਲੇ ਦੇ ਪ੍ਰਬੰਧਕਾਂ, ਮੌਜੂਦਾ ਸਰਕਾਰ, ਅਫਸਰਸ਼ਾਹੀ, ਅਤੇ ਲੋਕਾਂ ਦੀ ਮਾਨਸਿਕਤਾ ਉੱਪਰ ਗੰਭੀਰ ਪ੍ਰਸ਼ਨ ਚਿੰਨ੍ਹ ਲਗਾ ਗਈ ਹੈ। ਕਿ ਕੀ ਕੁੜੀਆਂ ਦੀ ਸਮਾਜਿਕ ਆਜਾਦੀ ਉੱਪਰ ਬੰਦਸ਼ਾਂ ਲਗਾਉਣ ਵਾਲੇ ਗੀਤ ਪੰਜਾਬ ਦੇ ਉਹਨਾਂ ਕਲਾਕਾਰਾਂ ਕੋਲੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ‘ਤੇ ਮਨੋਰੰਜਨ ਦੇ ਨਾਂ ‘ਤੇ ਗਵਾਉਣਾ ਹੀ ਬਾਬਾ ਫਰੀਦ ਜੀ ਨੂੰ ਸੱਚੇ ਢੰਗ ਨਾਲ ਯਾਦ ਕਰਨਾ ਹੈ? ਜ਼ਿਕਰਯੋਗ ਹੈ ਕਿ ਇਸ ਮੰਚ ‘ਤੋਂ ਗਾਏ ਗਾਣੇ ਸੁਣ ਕੇ ਇੱਕ ਵਾਰ ਉਸੇ ਇਕੱਠ ਵਿੱਚ ਬੈਠਾ ਪਿਓ ਜਾਂ ਮਾਂ ਇੱਕ ਵਾਰ ਜਰੂਰ ਆਸਾ ਪਾਸਾ ਦੇਖੇਗਾ ਕਿ ਇੱਕ ਗਾਇਕ ਵੱਲੋਂ ਗਾਏ ਗੀਤ ਮੁਤਾਬਿਕ ਉਸਦੀ ਨਾਲ ਤੁਰੀ ਜਾਦੀ ਧੀ ਦੇ ਲੱਕ ਵੱਲ ਤਾਂ ਨਹੀਂ ਝਾਕੀ ਜਾਂਦਾ? ਜਾਂ ਫਿਰ ਰਾਤ ਨੂੰ ਸੁੱਤੀ ਪਈ ਧੀ ਦੇ ਮੰਜੇ ‘ਤੇ ਵੀ ਉੱਠ ਉੱਠ ਨਿਗਾ ਨਹੀਂ ਮਾਰੇਗਾ ਕਿ ਕਿੱਧਰੇ ਸਾਰੇ ਟੱਬਰ ਨੂੰ ਧੋਖਾ ਦੇ ਕੇ ਕਿਸੇ ਪਿੰਡ ਦੇ ਹੀ ਮੁੰਡੇ ਨੂੰ ਤਾਂ ਨਹੀਂ ਮਿਲਣ ਗਈ? ਕੀ ਇਹੋ ਜਿਹੇ ਗੀਤ ਗਾਉਣ ਵਾਲੇ ਕਲੰਕਾਰ ਹੀ ਬਚੇ ਹਨ ਪੰਜਾਬ ਕੋਲ ਜੋ ਲੋਕਾਂ ਦੀ ਧੀ ਭੈਣ ‘ਇੱਕ’ ਕਰਨ ਲਈ ਬੁਲਾਏ ਗਏ? ਕੀ ਇਹ ਬਾਬਾ ਫਰੀਦ ਜੀ ਪ੍ਰਤੀ ਸੱਚੀ ਸ਼ਰਧਾ ਸੀ? ਕੀ ਪੰਜਾਬ ਦੇ ਮੌਜੂਦਾ ਪੰਥ ਦੇ ਨਾਂ ‘ਤੇ ਬਣੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਤੇ ਉਪ ਮੁੱਖ ਮੰਤਰੀ ਸਾਹਿਬਾਨ ਦਾ ਫ਼ਰਜ਼ ਨਹੀਂ ਬਣਦਾ ਕਿ ਬਾਬਾ ਫਰੀਦ ਜੀ ਦੀ ਲੋਕਾਈ ਨੂੰ ਦੇਣ ਨੂੰ ਮੱਦੇਨਜ਼ਰ ਰੱਖਦਿਆਂ ਅਜਿਹੇ ਸੱਭਿਆਚਾਰ ਦੇ ਦਰਸ਼ਨ ਲੋਕਾਂ ਨੂੰ ਕਰਵਾਏ ਜਾਣ ਜੋ ਉਹਨਾਂ ਦਾ ਸੁਪਨਾ ਸੀ? ਇੱਕ ਪਾਸੇ ਪੰਜਾਬ ਵਿੱਚ ਕੁੜੀਆਂ ਦੇ ਘਟ ਰਹੇ ਅਨੁਪਾਤ ਦਾ ਰੋਣਾ ਰੋਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਰਾਜੇ ਖੁਦ ਅਜਿਹੇ ਲੱਚਰ ਸੱਭਿਆਚਾਰ ਨੂੰ ਲੱਤ ਉੱਤੇ ਲੱਤ ਰੱਖ ਕੇ ਮਨੋਰੰਜਨ ਕਰ ਰਹੇ ਹਨ ਜਿਹੜਾ ਕੁੜੀਆਂ ਦੇ ਘਾਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ। ਦਲੀਲ ਦੇਣੀ ਚਾਹਾਂਗਾ ਕਿ ਕਿਹੜਾ ਮਾਪਾ ਚਾਹੇਗਾ ਕਿ ਉਹਨਾਂ ਦੀ ਧੀ ਉਹਨਾਂ ਨੂੰ ਦੁੱਧ ‘ਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਰੰਗਰਲੀਆਂ ਮਨਾਵੇ? ਕੌਣ ਚਾਹੇਗਾ ਕਿ ਰਾਹ ਤੁਰੀ ਜਾਂਦੀ ਉਹਨਾਂ ਦੀ ਧੀ ਨੂੰ ਫਸਟ ਹੈਂਡ ਜਾਂ ਸੈਕੰਡ ਹੈਂਡ ਆਖੇ? ਕੌਣ ਚਾਹੇਗਾ ਕਿ ਉਹਨਾਂ ਦੀ ਧੀ ਨੂੰ ਕੋਈ ਬੱਸ, ਬੰਬ, ਪੁਰਜਾ, ਪਟੋਲਾ ਆਦਿ ਵਿਸ਼ੇਸ਼ਣਾਂ ਨਾਲ ਨਿਵਾਜੇ? ਕੌਣ ਚਾਹੇਗਾ ਕਿ ਉਹਨਾਂ ਦੀ ਕਾਲਜ਼ ਪੜ੍ਹਦੀ ਧੀ ਨੂੰ ਮੁੱਖ ਰੱਖ ਕੇ ਗਾਣੇ ਗਾਏ ਜਾਣ? ਕੌਣ ਚਾਹੇਗਾ ਕਿ ਸਿਆਲਾਂ ਵਿੱਚ ਉੱਪਰ ਲੈ ਕੇ ਸੌਂਦੀ ਰਜਾਈ ਬਾਰੇ ਵੀ ਗੀਤ ਲਿਖੇ ਗਾਏ ਜਾਣ? ਕੌਣ ਚਾਹੇਗਾ ਕਿ ਉਹਨਾਂ ਦੀ ਧੀ ਕਾਲਜ ਜਾਂ ਸਕੂਲ ਜਾਣ ਲਈ ਬੱਸ ਵਿੱਚ ਇਹਨਾਂ ਗਾਇਕ ਗੀਤਕਾਰਾਂ ਦੇ ਬਣਾਏ ਮੁਸ਼ਟੰਡਿਆਂ ਦੇ ਕਸੇ ਹੋਏ ਫਿਕਰੇ ਸੁਣੇ? ਸ਼ਾਇਦ ਬਾਕੀ ਦੀਆਂ ਗੱਲਾਂ ਬਾਰੇ ਤੁਸੀਂ ਖੁਦ ਵੀ ਸੋਚਣ ਲੱਗ ਗਏ ਹੋਵੋਗੇ। ੀeਹ ਵਜ੍ਹਾ ਵੀ ਹੋ ਸਕਦੀ ਹੈ ਕੁੜੀਆਂ ਦੇ ਕੁੱਖਾਂ ‘ਚ ਹੋ ਰਹੇ ਕਤਲਾਂ ਦੀ। ਇਹਨਾਂ ਗਾਇਕਾਂ ਗਤਿਕਾਰਾਂ ਵੱਲੋਂ ਜੋ ਪਿਆਰ ਦੀ ਦੁਨੀਆ ਦਿਖਾਈ ਜਾ ਰਹੀ ਹੈ ਉਹ ਪਤਾ ਨਹੀਂ ਅਜੇ ਕਿਹੜੀ ਧਰਤੀ ‘ਤੇ ਵਸ ਰਹੀ ਹੈ? ਮਾਨਸਿਕ ਠਰਕ ਭੋਰਨ ਦੇ ਯਤਨ ਹਨ ਇਹ ਗੀਤ ਜੋ ਨਵੇਂ ਨਵੇਂ ਜਵਾਨ ਹੋਏ ਮੁੰਡੇ ਕੁੜੀਆਂ ਨੂੰ ਗੁੰਮਰਾਹ ਕਰਕੇ ਘਰੋਂ ਭੱਜਣ ਤੋਂ ਲੈ ਕੇ ਖੁਦਕੁਸ਼ੀਆਂ ਕਰਨ ਅਤੇ ‘ਬਿਰ ਬਿਰ’ ਕਰਨ ਲਈ ਮਜ਼ਬੂਰ ਕਰ ਰਹੇ ਹਨ। ਜਦੋਂ ਇਹਨਾਂ ਵੱਲੋਂ ਗੀਤਾਂ ਰਾਹੀਂ ਦਿਖਾਈ ਆਸ਼ਕਾਂ ਵਾਲੀ ਦੁਨੀਆ ਘਰੋਂ ਭੱਜੇ ਜੋੜੇ ਨੂੰ ਨਹੀਂ ਲੱਭਦੀ ਤਾਂ ਉਹ ਖੁਦਕੁਸ਼ੀਆਂ ਵਾਲਾ ਰਾਹ ਅਖਤਿਆਰ ਕਰ ਲੈਂਦੇ ਹਨ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪਤਨੀ ਧੀਆਂ ਨੂੰ ਬਚਾਉਣ ਲਈ ਝੰਡਾ ਚੁੱਕੀ ਫਿਰਦੀ ਹੈ ਅਤੇ ਪਤੀ ਉਸ ਬੀਬੀ ਦੇ ਗਾਣੇ ਸੁਣਨ ‘ਚ ਮਸਤ ਹਨ ਜਿਸਨੇ ਸਕੂਲਾਂ ‘ਚ ਪੜ੍ਹਦੀਆਂ ਕੁੜੀਆਂ ਨੂੰ ਵੀ ਆਸ਼ਕੀ ਦੇ ਵੱਲ ਸਿਖਾਉਣ ਦੀ ਕਸਰ ਨਹੀਂ ਛੱਡੀ। ਇੱਕ ਪਰਿਵਾਰ ਵਿੱਚ ਹੀ ਆਪਾ-ਵਿਰੋਧੀ ‘ਮਨੋਰੰਜਨ’? ਇਸੇ ਦਿਨ ਨਾਲ ਜੁੜੀ ਇੱਕ ਹੋਰ ਘਟਨਾ ਵੀ ਸੁਣ ਲਓ, ਜਿੱਥੇ ਇਸ ਸਮਾਗਮ ਦੌਰਾਨ ਲੋਕਾਂ ਦੀ ਪੁਲਸ ਵੱਲੋਂ ਚਪੇੜ ਸੇਵਾ ਕੀਤੀ ਜਾਂਦੀ ਰਹੀ ਉੱਥੇ ਐੱਸ ਡੀ ਐੱਮ ਦੀ ਗੱਡੀ ਵਿੱਚ ਗੰਨਮੈਨ ਅਤੇ ਹੋਰ ਬੰਦਿਆਂ ਵੱਲੋਂ ਸ਼ਰਾਬ ਪੀਣ ਦਾ ਮਾਮਲਾ ਵੀ ਤੂਲ ਫੜ੍ਹ ਗਿਆ ਸੀ। ਇਸ ਤੋਂ ਇਲਾਵਾ ਫਰੀਦਕੋਟ ਵਿੱਚ ਹੀ ਡੋਗਰ ਬਸਤੀ ਦੀ ਇੱਕ ਕੜੀ ਨੂੰ ਦਰਜਨ ਦੇ ਲਗਭਗ ਹਥਿਆਰਬੰਦ ਵਿਅਕਤੀ ਸ਼ਰੇਆਮ ਅਗਵਾ ਕਰਕੇ ਲੈ ਗਏ ਸਨ। ਇਸ ਮਾਮਲੇ ‘ਚ ਜਿਸ ਸ਼ਖ਼ਸ਼ ਖਿਲਾਫ ਇਸ ਅਗਵਾਕਰਨ ਦਾ ਪਰਚਾ ਦਰਜ਼ ਹੋਇਆ ਹੈ ਉਹ ਇਸ ਕਾਂਡ ਤੋਂ ਬਾਦ ਵੀ ਬਾਬਾ ਫਰੀਦ ਜੀ ਦੇ ਇਸ ਸਮਾਗਮ ‘ਚ ‘ਮਨੋਰੰਜਨ’ ਕਰ ਰਿਹਾ ਸੀ ਪਰ ਪੂਰੇ ਜਿਲ੍ਹੇ ਦੀ ਪੁਲੀਸ ਉਥੇ ਹਾਜਰ ਹੋਣ ਦੇ ਬਾਵਜੂਦ ਵੀ ਉਸਨੂੰ ਛੁਹਿਆ ਤੱਕ ਨਹੀਂ। ਜੇਕਰ ਸੱਭਿਆਚਾਰਕ ਸਮਾਗਮ ਦਾ ਹੀ ਸਵਾਲ ਹੈ ਤਾਂ ਫਰੀਦਕੋਟ ਜਿਲ੍ਹੇ ਕੋਲ ਲੋਕ ਗਾਇਕ ਗੁਰਪਾਲ ਸਿੰਘ ਪਾਲ, ਉਸਤਾਦ ਰਾਜੇਸ਼ ਮੋਹਨ ਜੀ, ਲੋਕ ਗਾਇਕ ਬਲਧੀਰ ਮਾਹਲਾ ਉਸਤਾਦ ਯਮਲਾ ਜੀ ਦਾ ਸ਼ਾਗਿਰਦ , ਲੇਖਕ ਅਤੇ ਗਾਇਕ ਨਿੰਦਰ ਘੁਗਿਆਣਵੀ, ਭੋਲਾ ਯਮਲਾ ਆਦਿ ਸਮੇਤ ਹੋਰ ਵੀ ਗਾਇਕ ਹਨ ਜਿਹਨਾਂ ਨੇ ਇਹਨਾਂ ਪੇਸ਼ੇਵਾਰ ਗਾਇਕਾਂ ਵਾਂਗ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਨਾਲੋਂ ਚੰਗਾ ਗਾਉਣ ਲਿਖਣ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ ਹੈ। ਕੀ ਉਹਨਾਂ ਕਲਾਕਾਰਾਂ ਨੂੰ ਕਮੇਟੀ ਵੱਲੋਂ ਕੋਈ ਸੱਦਾ ਵੀ ਦਿੱਤਾ ਹੋਵੇਗਾ ਜਾਂ ਨਹੀਂ? ਇਹ ਤਾਂ ਫਿਲਹਾਲ ਪ੍ਰਬੰਧਕ ਹੀ ਜਾਣਦੇ ਹਨ।
ਅਜਿਹੇ ਉਲਝੇ ਤਾਣੇ ਪੇਟੇ ‘ਚ ਅਸੀਂ ਤੁਸੀਂ ਬੇਸ਼ੱਕ ਕੋਈ ਹੋਰ ਚਾਰਾਜ਼ੋਈ ਤਾਂ ਨਾ ਕਰ ਸਕੀਏ ਪਰ ਬਾਬਾ ਫਰੀਦ ਜੀ ਅੱਗੇ ਬੇਨਤੀ ਜਰੂਰ ਕਰ ਸਕਦੇ ਹਾਂ ਕਿ “ਆਪ ਜੀ ਦੇ ਨਾਂ ‘ਤੇ ਹੁੰਦੇ ਸੱਭਿਆਚਾਰਕ ਮੇਲੇ ਮੌਕੇ ਪੰਜਾਬ ਦੇ ਸੱਭਿਆਚਾਰ ਦੀ ‘ਕੁੱਤ-ਪੌਹ’ ਜਦੋਂ ਇੱਕ ਰਾਜੇ ਦੇ ਸਾਹਮਣੇ ਹੋ ਸਕਦੀ ਹੈ ਤਾਂ ਅਸੀਂ ਆਮ ਲੋਕ ਤਾਂ ਲੱਲੀ-ਛੱਲੀ ਹੀ ਗਿਣੇ ਜਾਵਾਂਗੇ। ਬਾਬਾ ਜੀ ਸਾਨੂੰ ਤਾਂ ਮਸਾਂ ਮੌਕਾ ਮਿਲਦੈ, ਤਾਂ ਜੋ ਫੋਟੋਆਂ ਖਿੱਚ ਖਿੱਚæææ ਖਿੱਚ ਖਿੱਚ ਫੇਸਬੁੱਕ ਟਵਿੱਟਰ, ਔਰਕੁਟ ‘ਤੇ ਪਾ ਕੇ ਵਾਹ ਵਾਹ ਖੱਟੀ ਜਾ ਸਕੇ। ਅਖਬਾਰਾਂ ‘ਚ ਮੂਹਰੇ ਹੋ ਹੋ ਕੇ ਖਿਚਵਾਈਆਂ ਫੋਟੋਆਂ ਲਗਵਾਈਆਂ ਜਾ ਸਕਣ। ਬਾਬਾ ਜੀ, ਕੀ ਕੀਤਾ ਜਾ ਸਕਦੈ ਜਦੋਂ ਇਹਨਾਂ ‘ਕਲੰਕਾਰਾਂ’ ਨੂੰ ਝੁਮ ਝੁਮ ਕੇ ਸੁਣਨ ਵਾਲੇ ਲੋਕ ਹੀ ਭੁੱਲ ਜਾਂਦੇ ਹਨ ਕਿ ਇਹਨਾਂ ਵੱਲੋਂ ਗਾਏ ਜਾਂਦੇ ਗੀਤ ਇਹਨਾਂ ਗਾਇਕਾਂ ਗੀਤਕਾਰਾਂ ਦੇ ਆਵਦੇ ਘਰ ਦੀ ਗੱਲ ਨਹੀਂ ਹੁੰਦੇ ਸਗੋਂ ਇਹ ਤਾਂ ਲੋਕਾਂ ਦੀਆਂ ਕੁੜੀਆਂ ਮੁੰਡਿਆਂ ਨੂੰ ‘ਲਫੰਡਰ’ ਬਣਾਉਣ ਤੇ ਦਿਖਾਉਣ ਲਈ ਗਾਏ ਜਾਂਦੇ ਹਨ। ਬਾਬਾ ਜੀ, ਤੁਸੀਂ ਪ੍ਰੀਤਮ ਪਿਆਰੇ ਨੂੰ ਦੇਖਣ ਲਈ ਕਾਂ ਨੂੰ ਕਿਹਾ ਸੀ ਕਿ
” ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ।।
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ।।”
ਪਰ ਬਾਬਾ ਜੀ ਉਸ ਕਾਂ ਤੋਂ ਬਚਾਈਆਂ ਅੱਖਾਂ ਅਤੇ ਕੰਨ ਇਸ ਵਾਰ ਦੀ ਤਰ੍ਹਾਂ ਹੀ ਕਿਰਪਾ ਕਰਕੇ ਬੰਦ ਰੱਖਣੇ ਅਸੀਂ ਅਗਲੇ ਸਾਲ ਇਸ ਤੋਂ ਵੀ ਚੰਗੀ ਤੇ ਚੋਂਦੀ ਚੋਂਦੀ ਸੱਭਿਆਚਾਰ ਦੀ ਸੇਵਾ ਕਰਵਾਵਾਂਗੇ।”