20 Feb 2017 KhurmiUK 11

ਇੰਗਲੈਂਡ ‘ਚ ਭਿਖਾਰੀ ਗਿਰੋਹਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹੈ “ਭੀਖ ਕਾਰੋਬਾਰ“

ਭੀਖ਼ ਮੰਗਣ ਵੀ ਕਾਰ ‘ਚ ਆਉਂਦੇ ਆ ਭਿਖਾਰੀ।
ਲੰਡਨ (ਮਨਦੀਪ ਖੁਰਮੀ) ਗੈਰਤਮੰਦ ਜਾਂ ਜ਼ਿੰਦਗੀ ਨਾਲ ਦੋ ਹੱਥ ਕਰਨ ਵਾਲਾ ਇਨਸਾਨ ਕਦੇ ਵੀ ਭੀਖ ਨਹੀਂ ਮੰਗਦਾ। ਕਿਸੇ ਅੱਗੇ ਹੱਥ ਓਹ ਇਨਸਾਨ ਹੀ ਅੱਡਦਾ ਹੈ ਜਿਸਨੂੰ ਸਿਰਫ ਜਿਉਣ ਸ਼ਬਦ ਨਾਲ ਹੀ ਮੋਹ ਹੋਵੇ ਪਰ ਇਹ ਵਿਸਾਰ ਚੁੱਕਾ ਹੋਵੇ ਕਿ ਜਿਉਣ ਅਤੇ ਗੈਰਤ ਨਾਲ ਜਿਉਣ ‘ਚ ਵੀ ਲੱਖਾਂ ਕੋਹਾਂ ਦਾ ਫ਼ਰਕ ਹੁੰਦੈ। ਇੰਗਲੈਂਡ ਦੀ ਧਰਤੀ ‘ਤੇ ਵੀ ਭਿਖਾਰੀਆਂ ਦੀ ਆਮਦ ਕੋਈ ਨਵੀਂ ਗੱਲ ਨਹੀਂ। ਸਹਿਰਾਂ, ਕਸਬਿਆਂ ‘ਚ ਇੰਗਲੈਂਡ ਦੇ ਜੰਮੇ-ਪਲੇ ਗੋਰੇ ਵੀ ਭੀਖ ਮੰਗਦੇ ਨਜ਼ਰੀਂ ਪੈ ਜਾਣਗੇ। ਏਸ਼ੀਅਨ ਵਸੋਂ ਵਾਲੇ ਇਲਾਕਿਆਂ ‘ਚ ਕੋਈ ਨਾ ਕੋਈ ਦੇਸੀ ਭਾਈ ਵੀ ਹੱਥ ਅੱਡਦਾ ਨਜ਼ਰੀਂ ਪੈ ਜਾਵੇਗਾ। ਅੱਜਕੱਲ• ਰੋਮਾਨੀਅਨ ਭਿਖਾਰੀਆਂ ਦੀਆਂ ਡਾਰਾਂ ਹਰ ਸ਼ਹਿਰ ਕਸਬੇ ‘ਚ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ। ਅਜਿਹੇ ਹੀ ਭਿਖਾਰੀਆਂ ਦਾ ਟੋਲਾ ਮੀਡੀਆ ਦੇ ਨਜ਼ਰੀਂ ਚੜਿ•ਆ ਹੈ, ਜੋ ਕਾਰ ‘ਤੇ ਸਵਾਰ ਹੋ ਕੇ ਭੀਖ ਮੰਗਣ ਆਉਂਦਾ ਹੈ। ਜੀ ਹਾਂ, ਕੈਂਬਰਿਜ ਸ਼ਹਿਰ ‘ਚ ਤਿੰਨ ਭਿਖਾਰੀ ਇੱਕ ਰੋਮਾਨੀਅਨ ਨੰਬਰ ਪਲੇਟ ਵਾਲੀ ਕਾਰ ‘ਚ ਸਵਾਰ ਹੋ ਕੇ ਆਉਂਦੇ ਹਨ। ਸੜਕ ਕਿਨਾਰੇ ਪਾਰਕ ਕੀਤੀ ਕਾਰ ਦੇ ਸ਼ੀਸ਼ੇ ਉੱਪਰ ਲੱਗੀ ਟਿਕਟ ਦੱਸਦੀ ਹੈ ਕਿ ਉਹਨਾਂ ਨੇ ਪਾਰਕਿੰਗ ਮੀਟਰ ਵਿੱਚ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ 8 ਘੰਟਿਆਂ ਦੀ ਪਾਰਕਿੰਗ ਫੀਸ ਅਦਾ ਕੀਤੀ ਹੈ। ਇੱਥੋਂ ਹੀ ਹਰ ਰੋਜ਼ ਇੱਕ ਔਰਤ ਤੇ ਦੋ ਮਰਦ ਕੈਬਰਿਜ ਦੇ ਵੱਖ ਵੱਖ ਇਲਾਕਿਆਂ ‘ਚ ਨੂੰ ਭੀਖ ਮੰਗਣ ਨਿੱਕਲ ਤੁਰਦੇ ਹਨ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਉਹ ਹਰ ਰੋਜ ਇਸੇ ਜਗ•ਾ ‘ਤੇ ਹੀ ਕਾਰ ਖੜ•ੀ ਕਰਦੇ ਹਨ ਤੇ ਸ਼ਾਮ ਨੂੰ ਇੱਥੋਂ ਹੀ ਇਕੱਠੇ ਤੁਰ ਜਾਂਦੇ ਹਨ। ਕਾਰ ਚਾਲਕ ਗੱਡੀ ਵਿੱਚੋਂ ਨਿੱਕਲਣ ਸਾਰ ਬੈਸਾਖੀ ‘ਤੇ ਤੁਰਨ ਲਗਦਾ ਹੈ ਜਦੋਂਕਿ ਉਸਦੀ ਕਾਰ ਵਿੱਚੋਂ ਅਜਿਹਾ ਕੋਈ ਅਪਾਹਜਾਂ ਵਾਲਾ ਕਾਰਡ ਵਗੈਰਾ ਨਜ਼ਰ ਨਹੀਂ ਆਉਂਦਾ। ਇਹ ਸਿਰਫ ਕੈਂਬਰਿਜ ਵਿੱਚ ਹੀ ਨਹੀਂ ਵਾਪਰਦਾ, ਸਗੋਂ ਹਰ ਸ਼ਹਿਰ ‘ਚ ਅਜਿਹਾ ਵਰਤਾਰਾ ਵਾਪਰਦਾ ਹੈ। ਜਿਕਰਯੋਗ ਹੈ ਕਿ ਭੀਖ ਮੰਗਣ ਵਾਲੇ ਅਜਿਹੇ ਗਿਰੋਹ ਬੈਂਕਾਂ, ਕੈਸ਼ ਮਸ਼ੀਨਾਂ, ਭੀੜ ਭੜੱਕੇ ਵਾਲੇ ਸਥਾਨਾਂ ਨੇੜੇ ਮੰਗਣ ਨੂੰ ਤਰਜੀਹ ਦਿੰਦੇ ਹਨ। ਇਹਨਾਂ ਵੱਲੋਂ ਕਦੇ ਵੀ ਵੱਡੇ ਨੋਟ ਦੀ ਭੀਖ ਨਹੀਂ ਮੰਗੀ ਜਾਂਦੀ ਸਗੋਂ ਭਾਨ ਮੰਗੀ ਜਾਂਦੀ ਹੈ। ਕਿਉਂਕਿ ਆਮ ਸਰਦਾ ਪੁੱਜਦਾ ਬੰਦਾ 10-20 ਪੈਸੇ ਦੇਣ ਲੱਗਾ ਝਿਜਕਦਾ ਵੀ ਨਹੀਂ ਤੇ ਇਸੇ ਤਰ•ਾਂ ਥੋੜ•ੇ ਥੋੜ•ੇ ਕਰਕੇ ਸਾਰੇ ਦਿਨ ‘ਚ ਉਹ ਸਰੀਰ ਤੋੜ ਕੇ ਦਿਹਾੜੀ ਕਰਦੇ ਕਿਰਤੀ ਨਾਲੋਂ ਵੱਧ ਰਾਸ਼ੀ “ਕਮਾ“ ਲੈਂਦੇ ਹਨ। ਦੇਖਣ ਵਿੱਚ ਇਹ ਵੀ ਆਇਆ ਹੈ ਕਿ ਜਿਆਦਾਤਰ ਭਿਖਾਰੀ ਭੀਖ ਮੰਗਣ ਲਈ ਸਕੂਲੀ ਵਿਦਿਆਰਥੀਆਂ ਨੂੰ ਵੀ ਵਧੇਰੇ ਤਰਜੀਹ ਦਿੰਦੇ ਹਨ ਕਿਉਂਕਿ ਵਿਦਿਆਰਥੀ ਜੀਵਨ ‘ਚ ਅਜੇ ਇਹ ਗਿਆਨ ਨਹੀਂ ਹੁੰਦਾ ਕਿ ਪੈਸਾ ਕਮਾਇਆ ਕਿਵੇਂ ਜਾਂਦਾ ਹੈ ਤੇ ਬਾਲ ਮਨ ਤਰਸ ਵਧੇਰੇ ਖਾ ਜਾਂਦਾ ਹੈ। ਬਰਤਾਨਵੀ ਮੀਡੀਆ ਵਿੱਚ ਇਸ ਮਸਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਠੋਸ ਸਰਕਾਰੀ ਯਤਨ ਜਰੂਰ ਕਾਰਵਾਈ ਵਿੱਚ ਆਵੇਗਾ।