1

ਇੰਗਲੈਂਡ ਦੀਆਂ ਲਾਇਬਰੇਰੀਆਂ ‘ਚੋਂ ਲਗਭਗ 25 ਮਿਲੀਅਨ ਕਿਤਾਬਾਂ ਗੁੰਮ ਹੋਣ ਦਾ ਖ਼ਦਸ਼ਾ।

-1852 ‘ਚ ਪਹਿਲੀ ਜਨਤਕ ਲਾਇਬਰੇਰੀ ਚੈਂਪਫੀਲਡ (ਮਾਨਚੈਸਟਰ) ‘ਚ ਖੋਲ•ੀ ਗਈ ਸੀ।
-ਇੰਗਲੈਂਡ ਦੀਆਂ ਲਾਇਬਰੇਰੀਆਂ ‘ਚ ਕੁੱਲ 92 ਮਿਲੀਅਨ ਕਿਤਾਬਾਂ ਮੌਜੂਦ

ਲੰਡਨ (ਮਨਦੀਪ ਖੁਰਮੀ) ਸੋਚ ਕੇ ਦੇਖੋ ਕਿ ਜਿਸ ਮੁਲਕ ਦੀਆਂ ਜਨਤਕ ਲਾਇਬਰੇਰੀਆਂ ਵਿੱਚੋਂ 25 ਮਿਲੀਅਨ ਕਿਤਾਬਾਂ ਹੀ ਗੁੰਮ ਹੋਣ, ਉਸ ਮੁਲਕ ਕੋਲ ਕੁੱਲ ਕਿਤਾਬਾਂ ਦਾ ਕਿੰਨਾ ਕੁ ਵੱਡਾ ਭੰਡਾਰ ਹੋਵੇਗਾ? ਉਸ ਮੁਲਕ ਦਾ ਭਵਿੱਖ ਕਿੰਨਾ ਰੌਸ਼ਨ ਤੇ ਲਿਆਕਤ ਭਰਿਆ ਹੋਵੇਗਾ, ਜਿਸ ਵੱਲੋਂ ਆਪਣੇ ਨਾਗਰਿਕਾਂ ਲਈ “ਖੂਬਸੂਰਤ ਸਮਸ਼ਾਨਘਾਟਾਂ“ ਦੀ ਬਜਾਏ “ਗਿਆਨ ਪੱਖੋਂ ਅਮੀਰ ਲਾਇਬਰੇਰੀਆਂ“ ਉਸਾਰ ਕੇ ਦਿੱਤੀਆਂ ਹੋਣ। ਇੰਗਲੈਂਡ ਦੀਆਂ ਲਾਇਬਰੇਰੀਆਂ ਵਿੱਚੋਂ ਕੁੱਲ 25 ਮਿਲੀਅਨ ਕਿਤਾਬਾਂ ਗੁੰਮ ਹੋਈਆਂ ਦੱਸੀਆਂ ਜਾਂਦੀਆਂ ਹਨ। ਜਦੋਂਕਿ ਮੰਨਣਾ ਇਹ ਹੈ ਕਿ ਗੁੰਮ ਹੋਈਆਂ ਕੁੱਲ ਕਿਤਾਬਾਂ ਦੀ ਗਿਣਤੀ ਇਹਨਾਂ ਅੰਕੜਿਆਂ ਤੋਂ ਵੀ ਕਿਤੇ ਵਧੇਰੇ ਹੋ ਸਕਦੀ ਹੈ। ਸਫੌਲਕ ਦੀ ਲਾਇਬਰੇਰੀ ਵਿੱਚ ਪਿਛਲੇ ਹਫ਼ਤੇ ਕਿਤਾਬਾਂ ਦੀ ਗਿਣਤੀ ਤੋਂ ਪਤਾ ਲੱਗਾ ਹੈ ਕਿ ਲਾਇਬਰੇਰੀ ਦੇ ਡੈਟਾਬੇਸ ਵਿੱਚ ਸ਼ਾਮਿਲ ਕੁੱਲ ਕਿਤਾਬਾਂ ਵਿੱਚੋਂ 10 ਹਜਾਰ ਕਿਤਾਬਾਂ ਗੁੰਮ ਹਨ। ਇਸੇ ਤਰ•ਾਂ ਦੀ ਹੀ ਸਮੱਸਿਆ ਦਾ ਸਾਹਮਣਾ ਇੰਗਲੈਂਡ ਤੇ ਵੇਲਜ਼ ਦੀਆਂ 151 ਲਾਇਬਰੇਰੀ ਅਥਾਰਟੀਆਂ ਨੂੰ ਕਰਨਾ ਪਿਆ ਹੈ। ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਲਾਇਬਰੇਰੀ ਸਟਾਫ਼ ਦੀ ਘਟਾਈ ਜਾ ਰਹੀ ਗਿਣਤੀ ਕਰਕੇ ਵੀ ਇਹ ਸਮੱਸਿਆ ਝੱਲਣੀ ਪੈ ਰਹੀ ਹੈ। ਲਾਇਬਰੇਰੀਅਨਾਂ ਵੱਲੋਂ ਕਿਤਾਬਾਂ ਦੇ ਰਾਸ਼ਟਰੀ ਆਡਿਟ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸਹੀ ਤਸਵੀਰ ਸਾਹਮਣੇ ਆ ਸਕੇ। ਰਿਕਾਰਡ ਵਿੱਚੋਂ ਗੁੰਮ ਕਿਤਾਬਾਂ ਬਾਰੇ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਘਾਟੇ ਦਾ ਕਾਰਨ ਕਿਤਾਬਾਂ ਦੀ ਖਰਾਬੀ, ਚੋਰੀ ਹੋ ਸਕਦੀ ਹੈ ਪਰ ਫੰਡਾਂ ਦੀ ਕਮੀ ਕਿਤਾਬਾਂ ਦੀ ਮੁੜ ਪੂਰਤੀ ਵਿੱਚ ਰੁਕਾਵਟ ਬਣਦੀ ਹੈ। ਬਰਮਿੰਘਮ ਕੌਂਸਲ ਦੇ 113 ਮਿਲੀਅਨ ਬੱਚਤ ‘ਚੋਂ 2015 ‘ਚ 38 ਲਾਇਬਰੇਰੀਆਂ ਦਾ ਬਜਟ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ ਸੀ ਜਦੋਂਕਿ ਲੋਕਾਂ ਨੂੰ ਕਿਤਾਬਾਂ ਦਾਨ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਇੰਗਲੈਂਡ ਦੇ ਹਰ ਛੋਟੇ ਪਿੰਡ ਅਤੇ ਵੱਡੇ ਤੋਂ ਵੱਡੇ ਸ਼ਹਿਰ ਤੱਕ ਲਾਇਬਰੇਰੀਆਂ ਦਾ ਜਾਲ ਵਿਛਿਆ ਹੋਇਆ ਹੈ। ਪਬਲਿਕ ਲਾਇਬਰੇਰੀ ਐਕਟ 1850 ਦੇ ਹੋਂਦ ਵਿੱਚ ਆਉਣ ਤੋਂ ਬਾਅਦ 19 ਵੀਂ ਸਦੀ ਦੇ ਮੱਧ ਵਿੱਚ ਵਿੱਦਿਆ ਰਾਹੀਂ ਲੋਕਾਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਦੇ ਮਨਸ਼ੇ ਨਾਲ ਹੀ ਮੁਫ਼ਤ ਲਾਇਬਰੇਰੀਆਂ ਸਥਾਪਿਤ ਕਰਨ ਦੀ ਮੁਹਿੰਮ ਵਿੱਢੀ ਗਈ ਸੀ। ਪਾਰਲੀਮੈਂਟ ‘ਚ ਪਾਸ ਹੋਏ ਬਿਲ ਰਾਹੀਂ ਇਹ ਤਾਕੀਦ ਸੀ ਕਿ ਹਰ 10 ਹਜਾਰ ਦੀ ਆਬਾਦੀ ਵਾਲੇ ਪਿੰਡ ਜਾਂ ਕਸਬੇ ਵਿੱਚ ਲਾਜ਼ਮੀ ਤੌਰ ‘ਤੇ ਲਾਇਬਰੇਰੀ ਦੀ ਸਥਾਪਨਾ ਹੋਵੇ। 1852 ਵਿੱਚ ਪਹਿਲੀ ਜਨਤਕ ਲਾਇਬਰੇਰੀ ਮਾਨਚੈਸਟਰ ਦੇ ਚੈਂਪਫੀਲਡ ਇਲਾਕੇ ਵਿੱਚ ਖੋਲ•ੀ ਗਈ ਸੀ। ਫਿਰ ਇਸ ਐਕਟ ਦਾ ਦਾਇਰਾ 1853 ਵਿੱਚ ਵਧਾ ਕੇ ਸਕਾਟਲੈਂਡ ਅਤੇ ਆਇਰਲੈਂਡ ਵਿੱਚ ਵੀ ਲਾਇਬਰੇਰੀਆਂ ਦੀ ਸਥਾਪਨਾ ਦਾ ਟੀਚਾ ਮਿਥਿਆ ਗਿਆ ਸੀ। 2015-16 ਦੇ ਅੰਕੜਿਆਂ ਅਨੁਸਾਰ 3850 ਲਾਇਬਰੇਰੀਆਂ ਲੋਕਾਂ ਨੂੰ ਸੇਵਾਵਾਂ ਦੇ ਰਹੀਆਂ ਹਨ ਅਤੇ ਕੌਂਸਲਾਂ ਵੱਲੋਂ ਹਰ ਸਾਲ 900 ਮਿਲੀਅਨ ਪੌਂਡ ਨਿਵੇਸ਼ ਕੀਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ 60 ਫੀਸਦੀ ਬਰਤਾਨਵੀ ਨਾਗਰਿਕ ਆਪੋ ਆਪਣੀ ਨੇੜਲੀ ਲਾਇਬਰੇਰੀ ਦਾ ਮੈਂਬਰ ਬਣਿਆ ਹੋਇਆ ਹੈ।