07 May 2018 KhurmiUK 02

ਇੰਗਲੈਂਡ ਦੀ ਧਰਤੀ ‘ਤੇ ਲੋਕ ਹਿਤਾਂ ਲਈ ਲੜਦੇ ਰਹੇ ਕਾਮਰੇਡ ਅਜੀਤ ਸੰਧੂ ਨਹੀਂ ਰਹੇ

-99 ਸਾਲ ਦੀ ਉਮਰ ‘ਚ ਦਿਹਾਂਤ
ਲੰਡਨ (ਮਨਦੀਪ ਖੁਰਮੀ) ਇੰਗਲੈਂਡ ਦੀ ਧਰਤੀ ‘ਤੇ ਰਹਿੰਦਿਆਂ ਲੋਕ ਹਿਤਾਂ ਨੂੰ ਪ੍ਰਣਾਏ ਰਹੇ ਕਾਮਰੇਡ ਅਜੀਤ ਸਿੰਘ ਸੰਧੂ 99 ਸਾਲ ਦੀ ਉਮਰ Ḕਚ ਬੀਤੇ ਦਿਨੀਂ ਅਲਵਿਦਾ ਕਹਿ ਗਏ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਉਹਨਾਂ ਨੂੰ ਇਨਕਲਾਬੀ ਸਰਧਾਂਜਲੀ ਭੇਂਟ ਕੀਤੀ ਗਈ। ਜਿਕਰਯੋਗ ਹੈ ਕਿ ਕਾਮਰੇਡ ਸੰਧੂ ਭਾਰਤੀ ਲੋਕਾਂ ਦੀ ਪਿਆਰੀ ਜੱਥੇਬੰਦੀ “ੲਿੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ ਬੀ)” ਵਿੱਚ ਜਿੱਥੇ ਉਹਨਾਂ ਦਾ ਯੂਕੇ ਪੱਧਰ ‘ਤੇ ਵਿਸੇਸ਼ ਸਥਾਨ ਰਿਹਾ ਉੱਥੇ ੲਿੰਗਲੈਂਡ ਦੇ ਮਸ਼ਹੂਰ ਸ਼ਹਿਰ ਲੈਸਟਰ ਵਿਖੇ ਪ੍ਰਧਾਨਗੀ ਤੇ ਹੋਰ ਅਹੁਦਿਆਂ ‘ਤੇ ਜ਼ੁੰਮੇਵਾਰੀਆਂ ਨਿਭਾਉਂਦਿਆਂ ਲੋਕ-ਕਾਜ ਨੂੰ ਸਮਰਪਿਤ ਹੁੰਦੇ ਰਹੇ। ਲੈਸਟਰ ਤੇ ਇੰਗਲੈਂਡ ‘ਚ ਉਹ ਨਸਲਪ੍ਰਸਤ ਤਾਕਤਾਂ ਖ਼ਿਲਾਫ਼ ਬੇ-ਖ਼ੌਫ਼ ਹੋਕੇ ਦ੍ਰਿੜਤਾ ਨਾਲ ਸੰਘਰਸ਼ ਲੜਦੇ ਰਹੇ। ਖ਼ਾਸ ਕਰਕੇ ਨਸਲੀ ਜਥੇਬੰਦੀ ” ਨੈਸ਼ਨਲ ਫਰੰਟ” ਦੀ ਉਠਾਣ ਸਮੇਂ ਉਸਦੇ ਖ਼ਿਲਾਫ਼ ਲੈਸਟਰ ਵਿਖੇ ਸੰਘਰਸ਼ ਵਿੱਢਣ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਮੋਹਣ ਜੋਸ਼ੀ ਦੇ ਨਜ਼ਦੀਕੀ ਸਾਥੀ ਰਹੇ ਸਨ। ਜਗਮੋਹਣ ਜੋਸ਼ੀ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਇਨਕਲਾਬੀ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਸੱਤ ਕਿਤਾਬਾਂ ਲਲਕਾਰ, ਸਮੇਂ ਦੇ ਬੋਲ, ਸੀ ਹਰਫ਼ੀ, ਆਓ ਤੁਰੀਏ ਕਦਮ ਮਿਲਾਕੇ, ਹਨੇਰੇ ਦੇ ਵਿਰੁੱਧ, ਮਿੱਟੀ ਦਾ ਮੋਹ, ਸਰਘੀ ਦਾ ਸੂਰਜ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਜ਼ਿੰਦਗੀ ਦੇ ਆਖ਼ਰੀ ਪੜਾਅ ‘ਚ ਆਪਣੀ ਸਵੈ-ਜੀਵਨੀ ” ਮੈਂ ਕਮਿਊਨਿਸਟ ਕਿਵੇਂ ਬਣਿਆਂ ” ਵੀ ਪਾਠਕਾਂ ਨੂੰ ਦੇ ਕੇ ਗਏ ਹਨ।