ਇੱਕ ਮਿੱਠੀ ਯਾਦ……ਬਾਈ ਨਛੱਤਰ ਧਾਲੀਵਾਲ ਨੂੰ ਸਾਡੀ ਬਚਪਨ ਵਿੱਚ ਦਿੱਤੀ ਸ਼ਰਧਾਂਜਲੀ।

ਮਨਦੀਪ ਖੁਰਮੀ ਹਿੰਮਤਪੁਰਾ

baiਕਾਮਰੇਡ ਨਛੱਤਰ ਸਿੰਘ ਧਾਲੀਵਾਲ…. ਪੰਜਾਬ ਰੋਡਵੇਜ ਕਰਮਚਾਰੀਆਂ ਦਾ ਇੱਕ ਭਰੋਸੇਯੋਗ ਆਗੂ ਸੀ। ਕਹਿਣੀ ਕਰਨੀ ਦਾ ਇੱਕ, ਸੱਚਿਆਂ ਲਈ ਅੰਤਾਂ ਦਾ ਨਿਮਰ, ਮਜ਼ਦੂਰ ਹੱਕਾਂ ‘ਤੇ ਝਪਟਣ ਵਾਲਿਆਂ ਅੱਗੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਜੁਝਾਰੂ, ਸੱਚ ਨੂੰ ਸੱਚ ਕਹਿਣ ਦੀ ਜੁਅਰਤ ਕਰਨ ਵਾਲਾ ਸੀ ਮੋਗਾ ਜਿਲ੍ਹੇ ਦੇ ਮੋਗਾ-ਬਰਨਾਲਾ ਰੋਡ ਤੋਂ ਦੋ ਕੁ ਕਿਲੋਮੀਟਰ ਹਟਵੇਂ ਪਿੰਡ ਬੱਧਨੀ ਖੁਰਦ ਦਾ ਕਾਮਰੇਡ ਨਛੱਤਰ ਧਾਲੀਵਾਲ। ਮੇਰੇ ਪਿਤਾ ਜੀ ਵੀ ਪੰਜਾਬ ਰੋਡਵੇਜ ਮੋਗਾ ਡਿਪੂ ਪਰਿਵਾਰ ਦੇ ਜੀਅ ਸਨ ਇੱਕ ਕੰਡਕਟਰ ਵਜੋਂ, ਸੋ ਸੁਭਾਵਿਕ ਸੀ ਕਿ ਪੀਚੇ ਪੀਚੇ ਜਿਹੇ ਹੁੰਦਿਆਂ ਹੀ ਮੈਂ ਤੇ ਵੱਡਾ ਵੀਰ ਮਿੰਟੂ ਪਿਤਾ ਜੀ ਦੇ ਕਾਮੇ ਸਾਥੀਆਂ ਤੋਂ ਜਾਣੂੰ ਸਾਂ। ਡਿਪੂ ਵਿੱਚ ਕੋਈ ਵੀ ਸਮਾਗਮ ਮਨਾਇਆ ਜਾਣਾ ਤਾਂ ਅਸੀਂ ਵੀ ਜਰੂਰ ਜਾਂਦੇ। ਉਦੋਂ ਇਹ ਤਾਂ ਪਤਾ ਨਹੀਂ ਸੀ ਹੁੰਦਾ ਕਿ ਮਾਈਕ ਤੋਂ ਬੋਲਣ ਵਾਲੇ ਐਨੇ ਗਰਮ ਹੋ ਕੇ ਕਿਉਂ ਬੋਲਦੇ ਹੁੰਦੇ ਸੀ। ਉਹਨਾਂ ਕੀ ਲੋੜ ਸੀ ਕਿ ਓਹ ਐਵੇਂ ਹੀ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਹੁੰਦੇ ਸੀ? ਸੁਰਤ ਸੰਭਲੀ ਤਾਂ ਪਤਾ ਲੱਗਾ ਕਿ ਇਹ ਤਾਂ ਓਹ ਆਗੂ ਹਨ ਜਿਹੜੇ ਸਾਡੇ ਘਰਾਂ ਦੇ ਚੁੱਲ੍ਹੇ ਬਲਦੇ ਰਹਿਣ ਲਈ ਹੀ ਸਰਕਾਰ ਵਿਰੋਧੀ ਨੀਤੀਆਂ ਖਿਲਾਫ ਆਪਣਾ ਪ੍ਰਤੀਕਰਮ ਰੱਖਦੇ ਸਨ ਅਤੇ ਆਪਣੇ ਕਾਮੇ ਸਾਥੀਆਂ ਨੂੰ ਅਗਾਊਂ ਸੁਚੇਤ ਕਰਦੇ ਰਹਿੰਦੇ ਸਨ ਕਿ ਉਹਨਾਂ ਅੱਗੇ ਕੀ ਕੀ ਚੁਣੌਤੀਆਂ ਆ ਰਹੀਆਂ ਹਨ?
ਪੰਜਾਬ ਰੋਡਵੇਜ਼ ਕਰਮਚਾਰੀਆਂ ਵਿੱਚ ਏਕੇ ਅਤੇ ਸੰਘਰਸ਼ ਦੀ ਲੋਅ ਜਗਦੀ ਰੱਖਣ ਵਿੱਚ ਬਾਈ ਨਛੱਤਰ ਧਾਲੀਵਾਲ ਵਰਗੇ ਆਗੂਆਂ ਦਾ ਅਹਿਮ ਸਥਾਨ ਰਿਹਾ ਹੈ। ਹੁਣ ਤੁਸੀਂ ਵੀ ਸੋਚਦੇ ਹੋਵੋਗੇ ਕਿ ਇੱਕ ਪਾਸੇ ਤਾਂ ਕਾਮਰੇਡ ਧਾਲੀਵਾਲ ਨੂੰ ਆਪਣੇ ਪਿਤਾ ਜੀ ਦੇ ਹਾਣ ਦਾ ਦੱਸ ਰਿਹਾ ਸੀ ਤੇ ਹੁਣ ‘ਬਾਈ’ ਆਖੀ ਜਾ ਰਿਹੈ? ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਜਿਸ ਆਗੂ ਨੇ ਰੋਡਵੇਜ਼ ਕਾਮਿਆਂ ਦਾ ਵਿਸ਼ਵਾਸ ਜਿੱਤ ਲਿਆ, ਉਹਨਾਂ ਦੇ ਹਰ ਦੁੱਖ ਸੁੱਖ ਦਾ ਭਾਗੀ ਬਣ ਗਿਐ, ਜਿਹੜਾ ਉਹਨਾਂ ਦੀਆਂ ਹੱਕੀ ਮੰਗਾਂ ਲਈ ਲੜਦਾ ‘ਵਿਕਿਆ’ ਨਹੀਂ….. ਉਸਨੂੰ ਸਨਮਾਨ ਵਜੋਂ ‘ਬਾਈ’ ਦੀ ਉਪਾਧੀ ਆਪਣੇ ਆਪ ਹੀ ਸਤਿਕਾਰ ਵਜੋਂ ਮਿਲ ਜਾਂਦੀ ਐ। ਉਹ ਹਰ ਬੱਚੇ ਬੁੱਢੇ ਲਈ ਬਾਈ ਬਣ ਜਾਂਦੈ। ਇਹ ‘ਰੀਤ’ ਅੱਜ ਵੀ ਕਾਇਮ ਹੈ।
ਪੰਜਾਬ ਵਿੱਚ ਕਾਲੇ ਦਿਨਾਂ ਦੀ ਹਨੇਰੀ ਵਗੀ ਤਾਂ ਸਭ ਤੋਂ ਪਹਿਲਾਂ ਤਰਕ ਨਾਲ ਗੱਲ ਕਰਨ ਵਾਲੇ ਬੁੱਲਾਂ ਨੂੰ ਤੋਪੇ ਮਾਰਨ ਦਾ ਕੰਮ ਕੀਤਾ ਗਿਆ। ਇਸੇ ਕੋਸ਼ਿਸ਼ ਤਹਿਤ ਹੀ ਬਾਈ ਨਛੱਤਰ ਧਾਲੀਵਾਲ ਨੂੰ ਵੀ ਨਿਹੱਥੇ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਦਿਨ ਉਸਦੇ ਚਹੇਤੇ ਕਾਮੇ ਵਰਗ ਲਈ ਅਤੀ ਦੁਖਦਾਈ ਦਿਨ ਸੀ। ਅਸੀਂ ਜੁਆਕ ਤਾਂ ਉਸਦੇ ਕਾਮੇ ਸਾਥੀ ਵੀ ਨਹੀਂ ਸਾਂ ਪਰ ਐਨਾ ਕੁ ਦੁੱਖ ਮਹਿਸੂਸ ਕੀਤਾ ਸੀ ਕਿ ਜਿਵੇਂ ਘਰ ਦਾ ਜੀਅ ਤੁਰ ਗਿਆ ਹੋਵੇ। ਸਾਡੇ ਪਿਤਾ ਜੀ ਨੇ ਉਹਨਾਂ ਦੀ ਬਰਸੀ ‘ਤੇ ਆਪਣੇ ਲਿਖੇ ਗੀਤ ਗਾਏ ਵੀ ਤੇ ਉਹੀ ਗੀਤ ‘ਧਾਲੀਵਾਲ ਯਾਦਗਾਰੀ ਡਾਇਰੀ’ ਵਿੱਚ ਅਤੇ ਪਰਚੇ ‘ਮੁਲਾਜਮ’ ਵਿੱਚ ਵੀ ਛਪੇ। ਸਾਡਾ ਬਾਈ ਨਾਲ ਇਹ ਲਗਾਅ ਜਾਹਰ ਕਰਨ ਦਾ ਢੰਗ ਸੀ ਕਿ ਪਿਤਾ ਜੀ ਨੇ ਤੂੰਬੀ ਵਜਾਉਣੀ, ਮਿੰਟੂ ਵੀਰ ਨੇ ਡਾਲਡਾ ਘਿਉ ਵਾਲੇ ਡੱਬੇ ਵਿੱਚ ਛੋਲਿਆਂ ਦੇ ਦਾਣੇ ਪਾ ਕੇ ਢੋਲਕੀ ਵਜਾਉਣੀ ਤੇ ਮੈਂ ਗਾਉਣਾ। ਪਿਤਾ ਜੀ ਦੇ ਕੰਮ ਤੋਂ ਵਾਪਸ ਆਉਣ ‘ਤੇ ਨਿਰੰਤਰ ਸਾਡੇ ਵੱਲੋਂ ‘ਬਚਪਨਾ ਸ਼ਰਧਾਂਜਲੀ’ ਸ਼ੁਰੂ ਹੋ ਜਾਂਦੀ। ਪਿਤਾ ਜੀ ਦੇ ਲਿਖੇ ਗੀਤ ‘ਨਾਂ ਚਮਕੂ ਧਾਲੀਵਾਲਾ, ਰਹਿੰਦੀ ਦੁਨੀਆ ਤੱਕ ਹੀ ਤੇਰਾ’ ਗਾਉਂਦੇ ਰਹਿਣਾ। ਬੇਸ਼ੱਕ ਪੰਜਾਬ ‘ਚ ਲੱਗੀ ਅੱਗ ਦਾ ਸੇਕ ਕੁਝ ਕੁ ਹੀ ਮੱਠਾ ਪਿਆ ਸੀਰਾਰ ਸੀ ਪਰ ਬਾਈ ਧਾਲੀਵਾਲ ਦੀ ਬਰਸੀ ਮਨਾਉਣ ਦਾ ਲਿਆ ਹੋਇਆ ਅਹਿਦ ਅਮਲ ‘ਚ ਆਉਣਾ ਸ਼ੁਰੂ ਹੋ ਗਿਆ ਸੀ। ਕਾਮਰੇਡ ਪਰਿਵਾਰਾਂ ਨੂੰ ਅਜੇ ਵੀ ਗੋਲੀਆਂ ਦਾ ‘ਪ੍ਰਸ਼ਾਦ’ ਮਿਲ ਰਿਹਾ ਸੀ। ਸ਼ਰਧਾਂਜਲੀ ਸਮਾਰੋਹ ਪਿੰਡ ਬੱਧਨੀ ਖੁਰਦ ਹੋ ਰਿਹਾ ਸੀ। ਪਿਤਾ ਜੀ ਦੀ ਡਿਊਟੀ ਕਿੱਦਰੇ ਦੂਰ ਦੀ ਲੱਗੀ ਹੋਈ ਸੀ ਤੇ ਸਾਨੂੰ ਦੋਵਾਂ ਭਰਾਵਾਂ ਨੂੰ ਹੁਕਮ ਹੋਇਆ ਸੀ ਕਿ ਅਸੀਂ ਸਮਾਰੋਹ ‘ਚ ਜਾ ਕੇ ਗਾ ਕੇ ਆਈਏ। ਅਸੀਂ ਤਾਂ ਉਦੋਂ ਜਿਉਣਾ ਹੀ ਸਿੱਖ ਰਹੇ ਸਾਂ, ਮੌਤ ਦੀਆਂ ਤਾਂ ਸਿਰਫ ਖ਼ਬਰਾਂ ਹੀ ਸੁਣਦੇ ਹੁੰਦੇ ਸੀ। ਜਦੋਂ ਕਿਤੇ ਮੋਗੇ ਜਾਣਾ ਤਾਂ ਬਾਈ ਧਾਲੀਵਾਲ ਨੇ ਮਿਲਣ ਵੇਲੇ ‘ਛੋਟੇ ਖੁਰਮੀ’ ਕਹਿ ਕੇ ਸਿਰ ‘ਤੇ ਹੱਥ ਫੇਰਨਾ। ਉਹੀ ਹੱਥਾਂ ਦੀ ਛੋਹ ਨੇ ਸਾਨੂੰ ਪਿੰਡ ਬੱਧਨੀ ਖੁਰਦ ਵੱਲ ਤੋਰ ਲਿਆ ਸੀ। ਪਿੰਡ ਹਿੰਮਤਪੁਰਾ ਦੇ ਪੁਲ ਤੋਂ ਬੱਸ ਫੜ੍ਹਨ ਲਈ ਮੈਂ, ਮਿੰਟੂ ਵੀਰ ਜੀ ਅਤੇ ਮੋਰ ਕਾ ਪਾਲਾ ਖੜ੍ਹੇ ਸਾਂ। ਹੁਣ ਸੋਚਦੇ ਹੋਵੋਗੇ ਕਿ ‘ਮੋਰ ਕਾ ਪਾਲਾ’ ਕੌਣ ਹੈ? ਪਾਲਾ ਸਾਡਾ ਆੜੀ ਹੈ ਅਤੇ ਉਸਦੇ ਪਿਤਾ ਜੀ ਨੂੰ ਮੋਰ ਕਹਿੰਦੇ ਹੁੰਦੇ ਸੀ ਪੱਕਾ ਨਾਂ ਨਹੀਂ ਸੀ ਸ਼ਾਇਦ ਕਿਸੇ ਨੂੰ ਪਤਾ। ਪਾਲਾ ਸਰਸੇ ਵਾਲਿਆਂ ਦੀਆਂ ਸਤਸੰਗਾਂ ‘ਚ ਢੋਲਕੀ ਵਜਾ ਲੈਂਦਾ ਸੀ ਤੇ ਕਦੇ ਕਦੇ ਸਾਡੇ ਨਾਲ ਵੀ। ਪਾਲੇ ਨੂੰ ਬੱਧਨੀ ਜਾਣ ਬਾਰੇ ਦੱਸਣ ‘ਤੇ ਝੱਟ ਰਾਜੀ ਹੋ ਗਿਆ। ਸਾਡਾ ਵੀ ਤੇ ਪਾਲੇ ਦਾ ਵੀ ਪਿੰਡ ਤੋਂ ਬਾਹਰ ਪਹਿਲਾ ‘ਪ੍ਰੋਗਰਾਮ’ ਸੀ। ਅਸੀਂ ਕਿਸੇ ਭਾਵਨਾ ਤਹਿਤ ਜਾ ਰਹੇ ਸਾਂ ਪਰ ਪਾਲਾ ਹੋਰ ਭਾਵਨਾ ਤਹਿਤ। ਪੁਲ ‘ਤੇ ਖੜ੍ਹਿਆਂ ਵੱਲ ਹਰ ਕੋਈ ਓਪਰਾ ਜਿਹਾ ਝਾਕ ਛੱਡਦਾ ਕਿਉਂਕਿ ‘ਸਿੰਘਾਂ’ ਵੱਲੋਂ ਜਾਰੀ ਕੋਡ ਆਫ ਕੰਡਕਟ ਤਹਿਤ ਪਾਲੇ ਦੇ ਮੋਢੇ ਨਾਲ ਲਟਕ ਰਹੀ ਢੋਲਕੀ ਵੀ ਲੋਕਾਂ ਨੂੰ ਕਿਸੇ ਨਾਜਾਇਜ ਹਥਿਆਰ ਵਰਗੀ ਲੱਗ ਰਹੀ ਸੀ। ਅਸੀਂ ਮੋਗਾ ਬਰਨਾਲਾ ਰੋਡ ‘ਤੇ ਬੱਧਨੀ ਖੁਰਦ ਨੂੰ ਜਾਂਦੀ ਭੀੜੀ ਜਿਹੀ ਸੜਕ ‘ਤੇ ਪਹੁੰਚ ਗਏ ਸੀ ਜਿੱਥੋਂ ਪਿੰਡ ਦੋ ਕੁ ਕਿਲੋਮੀਟਰ ਸੀ। ਰਾਹ ‘ਚ ਜਾਂਦਿਆਂ ਪਾਲੇ ਦੀਆਂ ਗੱਲਾਂ ਸੁਣ ਕੇ ਹਾਸਾ ਆ ਰਿਹਾ ਸੀ, ਆਖੀ ਜਾਵੇ, “ਥੋਨੂੰ ਤਾਂ ਸਾਰੇ ਜਾਣਦੇ ਹੋਣਗੇ। ਸੋਹਣਾ ਗਾਇਓ….ਸ਼ਰਮੋ ਸ਼ਰਮੀ ਸਾਰੇ ਕੁਝ ਨਾ ਕੁਝ ਤਾਂ ਦੇਣਗੇ ਹੀ। ਹੁਣ ਤਾਂ ਬੱਸ ‘ਤੇ ਚੱਲੇ ਆਂ..ਆਉਂਦੇ ਹੋਏ ਗਾਇਕਾਂ ਵਾਂਗੂੰ ਗੱਡੀ ‘ਕਰਾ’ ਕੇ ਪਿੰਡ ਜਾਵਾਂਗੇ। ਜਾਂਦੇ ਹੋਏ ਬੱਧਨੀ ਤੋਂ ਹੋਟਲ ‘ਚ ਬਹਿ ਕੇ ਸਮੋਸੇ ਖਾ ਕੇ ਜਾਵਾਂਗੇ।” ਥੋੜ੍ਹੀ ਕੁ ਦੂਰ ਹੀ ਤੁਰੇ ਸੀ ਕਿ ਮਗਰ ਪੀਟਰ ਰੇਹੜਾ {ਘੜੁੱਕਾ} ਆਉਂਦਾ ਦਿਸਿਆ। ਹੱਥ ਦੇਣ ‘ਤੇ ਡਰੈਵਰ ਨੇ ਰੋਕ ਲਿਆ ਤੇ ਮਗਰਲੇ ਪਾਸੇ ਚੜ੍ਹ ਜਾਣ ਦਾ ਇਸ਼ਾਰਾ ਕਰ ਦਿੱਤਾ। ਡਰੈਵਰ ਦਾ ਮਾਣ ਤਾਂ ਰੱਖ ਲਿਆ ਪਰ ਉਹਨੇ ਰੇਹੜੇ ਵਿੱਚ ਮੱਝ ਲੱਦੀ ਹੋਈ ਸੀ ਤੇ ਮੱਝ ਨੇ ਸਾਰਾ ਰੇਹੜਾ ਮੋਕੋ-ਮੋਕ ਕੀਤਾ ਪਿਆ ਸੀ। ਅਸੀਂ ਰੇਹੜੇ ਦੇ ਮਗਰ ਪਾਏਦਾਨ ਵਾਂਗ ਲੱਗੀ ਫੱਟੀ ਜਿਹੀ ‘ਤੇ ਸਰਕਸ ਵਾਲ਼ਿਆਂ ‘ਲੇਡੀਆ’ ਵਾਂਗ ਲਮਕਦੇ ਮੋਕ ਤੋਂ ਬਚਦੇ ਬਚਦੇ ਹੀ ਬੱਧਨੀ ਖੁਰਦ ਪਹੁੰਚ ਗਏ। ਸ਼ਰਧਾਂਜਲੀ ਸਮਾਰੋਹ ਸਰਕਾਰੀ ਸਕੂਲ ‘ਚ ਸੀ। ਜੁਝਾਰੂ ਕਾਮਿਆਂ ਦਾ ਠਾਠਾਂ ਮਾਰਦਾ ਇਕੱਠ, ਲਾਲ ਹੀ ਲਾਲ ਪੱਗਾਂ ਦਿਸ ਰਹੀਆਂ ਸਨ। ਅਸੀਂ ਵੀ ਆਪਣਾ ਨਾਮ ਲਿਖਵਾ ਦਿੱਤਾ। ਬਾਈ ਦੀ ਨੂਰੋ-ਨੂਰ ਚਿਹਰੇ ਵਾਲੀ ਫੋਟੋ ਅੱਜ ਵੀ ਅੱਖਾਂ ਮੂਹਰੇ ਓਵੇਂ ਹੀ ਘੁੰਮ ਜਾਂਦੀ ਐ ਜਿਸ ਮੂਹਰੇ ਖੜ੍ਹ ਕੇ ਮੈਂ ਤੇ ਮਿੰਟੂ ਵੀਰ ਨੇ ਗੀਤ ਗਾਇਆ ਸੀ ਤੇ ਪਾਲੇ ਨੇ ਢੋਲਕੀ ਵਜਾਈ ਸੀ। ਦੇਖਦੇ ਹੀ ਦੇਖਦੇ ਸਾਡੇ ਅੱਗੇ ਨੋਟਾਂ ਦੀ ਢੇਰੀ ਲੱਗ ਗਈ ਸੀ। ਇੱਕ ਭਾਈ ਬੈਠਾ ਨਾਲੋ ਨਾਲ ਇਕੱਠੇ ਕਰੀ ਜਾ ਰਿਹਾ ਸੀ। ਗੀਤ ਖਤਮ ਹੋਣ ‘ਤੇ ਪਾਲੇ ਨੇ ਫੇਰ ਹੁੱਝ ਮਾਰੀ, “ਕਿਉਂ ਮੈਂ ਕਿਹਾ ਸੀ ਨਾ? ਸੋਹਣਾ ਗਾਇਓ….ਨੋਟ ਤਾਂ ਤਾੜ ਤਾੜ ਡਿੱਗਣਗੇ।” ਪੈਸਿਆਂ ਨੂੰ ਗੁੱਟੀ ਜਿਹੀ ਦਾ ਰੂਪ ਬਣਾ ਕੇ ਉਸ ਭਾਈ ਨੇ ਮਿੰਟੂ ਵੀਰ ਦੇ ਹੱਥ ‘ਤੇ ਧਰ ਦਿੱਤੀ। ਪਰ ਪਾਲਾ ਵਿਚਾਰਾ ਨਹੀਂ ਜਾਣਦਾ ਸੀ ਕਿ ਅਗਲੇ ਹੀ ਪਲ ਕੀ ਹੋਣ ਵਾਲਾ ਹੈ? ਮਿੰਟੂ ਵੀਰ ਫੇਰ ਮਾਈਕ ਕੋਲ ਗਿਆ ਤੇ ਪਿਤਾ ਜੀ ਵੱਲੋਂ ਦਿੱਤੀ ਸਿੱਖਿਆ ਬੋਲਣ ਲੱਗਾ, “ਜਿਹਨਾਂ ਜਿਹਨਾਂ ਵੀਰਾਂ ਨੇ ਸਾਡਾ ਮਾਣ ਕੀਤੈ…ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹ ਸਾਰੇ ਪੈਸੇ ਪ੍ਰਬੰਧਕੀ ਕਮੇਟੀ ਨੂੰ ਭੇਂਟ ਕਰਦੇ ਹਾਂ, ਲੰਗਰ ‘ਚ ਵਰਤ ਲਏ ਜਾਣ।” ਮਿੰਟੂ ਵੀਰ ਨੇ ਤਾਂ ਫਰਜ਼ ਨਿਭਾ ਦਿੱਤਾ ਸੀ ਪਰ ਹੁਣ ਪਾਲੇ ਵੱਲੋਂ ਮਿਲਣ ਵਾਲਾ ‘ਦਸ਼ਾਂਦਾ’ ਬਾਕੀ ਸੀ। ਅਸੀਂ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ ਸਨ ਪਰ ਪਾਲਾ ਗਾਲ੍ਹਾਂ ਦੀ ਚੱਕੀ ਝੋਈ ਜਾ ਰਿਹਾ ਸੀ ਕਿਉਂਕਿ ਉਸਦੀਆਂ ਆਸਾਂ ‘ਤੇ ਮਿੰਟੂ ਵੀਰ ਨੇ ਗੜੇਮਾਰ ਜੋ ਕਰ ਦਿੱਤੀ ਸੀ। ਬੱਧਨੀ ਖੁਰਦ ਤੋਂ ਮੇਨ ਰੋਡ ਤੱਕ ਜਾਣ ਲਈ ਫੇਰ ਓਹੀ ਪੀਟਰ ਰੇਹੜਾ ਵਾਪਸ ਆ ਰਿਹਾ ਸੀ। ਡਰੈਵਰ ਭਾਈ ਮੱਝ ਨੂੰ ਮਾਲਕ ਦੇ ਸਪੁਰਦ ਕਰ ਆਇਆ ਸੀ। ਪਾਲੇ ਦੇ ਆਖੇ ਲਫ਼ਜ਼ ਯਾਦ ਕਰਕੇ ਅੱਜ ਵੀ ਹਾਸਾ ਆ ਜਾਂਦੈ, “ਆਜੋ ਬਈ ਦਾਨੀ ਗੈਕੋ…. ਮੋਕ ਆਲਾ ਪੀਟਰ ਰੇਹੜਾ ਫੇਰ ਆ ਗਿਆ।” ਪਰ ਅਸੀਂ ਤਾਂ ਆਵਦੇ ਬਾਈ ਨੂੰ ਸ਼ਰਧਾਂਜਲੀ ਦੇ ਕੇ ਆਏ ਸਾਂ, ਇਸ ਲਈ ਪਾਲੇ ਦੀਆਂ ਗਾਲ੍ਹਾਂ ਨੂੰ ਵੀ ਠੰਢੇ ਪਾਣੀ ਵਾਂਗੂੰ ਪੀ ਗਏ ਸਾਂ।