20 Feb 2017 KhurmiUK 11

ਉੱਤਰੀ ਵੇਲਜ਼ ਦੀ ਬਾਲਾ ਝੀਲ ਕਿਨਾਰੇ ਚੱਲਦੀ ਭਾਫ਼ ਇੰਜਣ ਵਾਲੀ ਰੇਲ ਦੀ ਗੱਲ ਕਰਦਿਆਂ

ਮਨਦੀਪ ਖੁਰਮੀ ਹਿੰਮਤਪੁਰਾ
ਗੋਰਿਆਂ ਦੀ ਧਰਤੀ ‘ਤੇ ਵਿਚਰਦਿਆਂ ਇਹ ਮਹਿਸੂਸ ਕੀਤਾ ਹੈ ਕਿ ਜਿੱਥੇ ਅਸੀਂ ਆਧੁਨਿਕਤਾ ਦੇ ਭਰਮ ਵਿੱਚ ਆਪਣੀ ਪੁਰਾਤਨ ਧਰੋਹਰ ਨੂੰ ਭੰਨ•ਘੜ ਕਰਕੇ ਨਵੇਂ ਸਿਰਿਉਂ ਬਨਾਉਣ ਨੂੰ ਹੀ “ਸਾਂਭਣਾ“ ਕਹਿ ਕੇ ਖੁਸ਼ ਹੋ ਲੈਂਦੇ ਹਾਂ, ਉੱਥੇ ਆਪਣੀਆਂ ਸੈਂਕੜੇ ਵਰਿ•ਆਂ ਪੁਰਾਣੀਆਂ ਵਸਤਾਂ ਨੂੰ ਪੁਰਾਣੀ ਸ਼ਕਲ ਵਿੱਚ ਹੀ ਸਾਂਭੀ ਰੱਖਣ ਵਿੱਚ ਗੋਰਿਆਂ ਦਾ ਕੋਈ ਸਾਨੀ ਨਹੀਂ ਹੈ। ਇਸ ਮਕਸਦ ਤਹਿਤ ਜਿੱਥੇ ਇੰਗਲੈਂਡ ਦੀਆਂ ਅਣਗਿਣਤ ਪੁਰਾਤਨ ਇਮਾਰਤਾਂ ਨੂੰ “ਗ੍ਰੇਡਡ ਇਮਾਰਤਾਂ“ ਦਾ ਰੁਤਬਾ ਹਾਸਲ ਹੈ, ਉੱਥੇ ਅਜਾਇਬਘਰਾਂ ਵਿੱਚ ਪਈਆਂ ਵਸਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਜੇ ਇੰਗਲੈਂਡ ਨੇ ਹਰ ਪੱਖ ਤੋਂ ਤਰੱਕੀ ਕੀਤੀ ਹੈ ਤਾਂ ਆਪਣੇ ਅਤੀਤ ਨਾਲ ਜੁੜੀਆਂ ਰਹੀਆਂ ਚੀਜ਼ਾਂ, ਇਮਾਰਤਾਂ ਅਤੇ ਇਤਿਹਾਸ ਵੀ (ਉਸੇ ਹਾਲਤ ਵਿੱਚ) ਹਿੱਕ ਨਾਲ ਲਾ ਕੇ ਰੱਖਿਆ ਹੈ। ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਉੱਤਰੀ ਵੇਲਜ਼ ਦੇ ਝੀਲ ਕਿਨਾਰੇ ਵਸੇ ਨਿੱਕੇ ਜਿਹੇ ਕਸਬੇ “ਬਾਲਾ“ ਵਿੱਚ ਦੇਖਣ ਨੂੰ ਮਿਲੀ, ਜਿੱਥੇ ਵੇਲਾ ਵਿਹਾ ਚੁੱਕੇ ਭਾਫ਼ ਵਾਲੇ ਰੇਲਵੇ ਇੰਜਣ ਨਾ ਸਿਰਫ ਧਰੋਹਰ ਨੂੰ ਜੀਵਿਤ ਰੱਖਣ ਦੀ ਹਾਮੀ ਭਰਦੇ ਹਨ ਸਗੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਕੇ ਸੈਰ-ਸਪਾਟਾ ਵਿਭਾਗ ਦੇ ਖ਼ਜ਼ਾਨੇ ਨੂੰ ਚਾਰ ਚੰਨ ਵੀ ਲਾਉਂਦੇ ਹਨ। ਬਾਲਾ ਕਸਬੇ ਵਿੱਚ 6 ਕਿਲੋਮੀਟਰ ਲੰਮੀ, 800 ਮੀਟਰ ਚੌੜੀ ਤੇ 42 ਮੀਟਰ ਡੂੰਘੀ ਝੀਲ ਬਣੀ ਹੋਈ ਹੈ, ਜਿਸਨੂੰ ਬਾਲਾ ਲੇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। Art- Bala Lake railwayਬਾਲਾ ਕਸਬੇ ਦੇ ਨੇੜਲੇ ਕਸਬੇ ਲੈਂਚੋਲਿਨ ਵਿਖੇ “ਬਾਲਾ ਲੇਕ ਰੇਲਵੇ“ ਦਾ ਮੁੱਖ ਦਫ਼ਤਰ ਹੈ ਜਿੱਥੋਂ ਝੀਲ ਦੇ ਨਾਲ ਨਾਲ ਲਗਭਗ 5 ਕਿਲੋਮੀਟਰ ਬਾਲਾ ਕਸਬੇ ਤੱਕ ਭਾਫ਼ ਵਾਲੇ ਇੰਜਣ ਵਾਲੀ ਸੈਲਾਨੀ ਰੇਲਗੱਡੀ ਚਲਦੀ ਹੈ। ਦੋ ਫੁੱਟ ਚੌੜੇ ਇਸ ਰੇਲਵੇ ਟਰੈਕ ਨੂੰ 1965 ਵਿੱਚ ਬੰਦ ਕਰ ਦਿੱਤੀ ਗਈ ਰੇਲਵੇ ਲਾਈਨ ਉੱਪਰ 13 ਅਗਸਤ 1972 ਨੂੰ ਬਣਾਇਆ ਗਿਆ ਸੀ। ਉਦੋਂ ਇਸਦਾ ਵਿਸਥਾਰ ਸਿਰਫ ਡੇਢ ਮੀਲ ਤੱਕ ਕੀਤਾ ਗਿਆ ਸੀ ਜਦੋਂਕਿ ਬਾਲਾ ਕਸਬੇ ਤੱਕ ਭਾਫ਼ ਵਾਲੇ ਇੰਜਣ ਦੀਆਂ ਕੂਕਾਂ ਪਹੁੰਚਣ ਵਿੱਚ 9 ਸਾਲ ਦਾ ਸਮਾਂ ਹੋਰ ਲੱਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਟਰੈਕ ਉੱਪਰ ਮੇਡ ਮਾਰੀਅਨ, ਹੋਲੀ ਵਾਰ, ਐਲਿਸ, ਡਾਇਨਾ, ਵਿਨੀਫਰੈਡ ਨਾਮੀ 5 ਭਾਫ਼ ਇੰਜਣ ਅੱਜ ਵੀ ਨਵੀਂ ਨਰੋਈ ਹਾਲਤ ਵਿੱਚ ਕੰਮ ਕਰ ਰਹੇ ਹਨ। ਲੈਂਚੋਲਿਨ ਸਟੇਸ਼ਨ ‘ਤੇ ਜਾ ਕੇ ਹੈਰਾਨੀ ਦੀ ਹੋਰ ਹੱਦ ਉਦੋਂ ਨਾ ਰਹੀ ਜਦੋਂ ਇੱਕ ਵੱਡੇ ਭਾਵ ਇੰਜ਼ਣ ਦਾ ਬੌਣਾ ਰੂਪ ਖਿਡੌਣੇ ਵਰਗਾ ਇੰਜਣ ਦਾ ਮਾਡਲ ਪਿਆ ਦੇਖਿਆ। ਇੱਕ ਬਜ਼ੁਰਗ ਕਰਮਚਾਰੀ ਨਿਰੰਤਰ ਉਸ ਨਾਲ ਛੇੜਛਾੜ ਕਰ ਰਿਹਾ ਸੀ। ਜਿਸ ਤਰ•ਾਂ ਕੋਲ ਹੀ ਟਰੈਕ ਉੱਪਰ ਖੜ•ੇ ਵੱਡੇ ਭਾਵ ਇੰਜਣ ਨੂੰ ਰਵਾਨਾ ਕਰਨ ਤੋਂ ਪਹਿਲਾਂ ਦੋ ਕਰਮਚਾਰੀ ਉਸਦੀ ਸਾਫ ਸਫਾਈ, ਕੋਇਲੇ ਆਦਿ ਪਾ ਰਹੇ ਸਨ। ਉਸੇ ਤਰ•ਾਂ ਹੀ ਨਿੱਕੇ ਨਿੱਕੇ ਔਜਾਰਾਂ ਨਾਲ ਉਸ ਨਿੱਕੇ ਇੰਜਣ ਦੀ ਸਾਫ਼ ਸਫਾਈ ਹੋ ਰਹੀ ਸੀ। ਸਭ ਤੋਂ ਵੱਡੀ ਗੱਲ ਕਿ ਉਸ ਨਿੱਕੇ ਇੰਜਣ ਵਿੱਚ ਵੀ ਕੋਇਲੇ ਪਾ ਕੇ ਬਜ਼ੁਰਗ ਨੇ ਇੱਕ ਨਿੱਕੇ ਜਿਹੇ ਟਰੈਕ ਉੱਪਰ ਰੱਖਿਆ। ਪਿੱਛੇ ਇੱਕ ਆਪਣੇ ਬੈਠਣ ਜੋਕਰੀ ਸੀਟ ਤੇ ਉਸਦੇ ਪਿੱਛੇ ਹੋਰ ਤਿੰਨ ਡੱਬੇ ਜੋੜ ਦਿੱਤੇ। ਜਿੱਥੇ ਵੱਡੇ ਟਰੈਕ ਉੱਪਰ ਚਲਦੇ ਭਾਫ਼ ਇੰਜਣ ਲਗਭਗ 45 ਮਿੰਟ ਯਾਤਰੀਆਂ ਨੂੰ ਬਾਲਾ ਝੀਲ ਦੇ ਦੱਖਣ ਪੂਰਬੀ ਕਿਨਾਰੇ ਦੇ ਨਾਲ ਦੀ ਖ਼ੂਬਸੂਰਤੀ ਦੇ ਦੀਦਾਰੇ ਕਰਵਾਉਂਦੇ ਹਨ, ਉੱਥੇ ਨਿੱਕੇ ਇੰਜਣ ਨਾਲ ਨਿੱਕੇ ਨਿੱਕੇ ਬਾਲਾਂ ਨੂੰ “ਹੂਟੇ“ ਦਿੱਤੇ ਜਾਂਦੇ ਹਨ। ਬੇਸ਼ੱਕ ਵੱਡੀ ਰੇਲ ਉੱਪਰ ਸਵਾਰੀ ਲਈ ਟਿਕਟ ਖਿੜਕੀ ਤੋਂ ਟਿਕਟ ਖਰੀਦਣੀ ਪੈਂਦੀ ਹੈ ਪਰ ਛੋਟੇ ਇੰਜਣ ਕੋਲ ਸਿਰਫ ਇੱਕ ਨਿੱਕਾ ਜਿਹਾ “ਦਾਨ-ਪਾਤਰ ਡੱਬਾ“ ਰੱਖਿਆ ਹੋਇਆ ਹੈ। ਜਿਸ ਵਿੱਚ ਇਕੱਤਰ ਹੁੰਦੀ ਰਾਸ਼ੀ ਮਸ਼ੀਨਰੀ ਦੀ ਸਾਂਭ ਸੰਭਾਲ ਲੇਖੇ ਲਾਈ ਜਾਂਦੀ ਹੈ।