ਕਿੰਨੇ ਕਮੀਨੇ ਹਾਂ ਅਸੀਂ?

001_2ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਕਹਿੰਦੇ ਨੇ ਕਿ ਰੱਬ ਹੇਠਾਂ’ ਉਤਰ ਕੇ ਆਪ ਤਾਂ ਆ ਨਹੀਂ ਸਕਦਾ ਪਰ ਉਸਨੇ ਆਪਣੇ ਦੂਜੇ ਤੇ ਤੀਜੇ ਰੂਪ ‘ਚ ਮਾਂ ਤੇ ਡਾਕਟਰ ਨੂੰ ਭੇਜਿਆ ਹੋਇਆ ਹੈ। ਰੱਬ ਕਿਸੇ ਨੇ ਦੇਖਿਆ ਨਹੀਂ ਇਸ ਕਰਕੇ ਪਾਲਣ ਪੋਸ਼ਣ ਕਰਨ ਵਾਲੀ ਮਾਂ ਅਤੇ ਮੌਤ ਦੇ ਮੂੰਹ ‘ਚੋਂ ਕੱਢ ਕੇ ਮੁੜ ਜੀਵਨ ਪ੍ਰਦਾਨ ਕਰਨ ਵਾਲੇ ਡਾਕਟਰ ਹੀ ਰੱਬ ਹੋ ਨਿੱਬੜਦੇ ਹਨ। ਜ਼ਿੰਦਗੀ ਤੇ ਮੌਤ ਦੇ ਸਵਾਲ ਨਾਲ ਜੁੜੇ ਇਸ ਅਹਿਮ ਕਿੱਤੇ ਨੂੰ ਬੇਹੱਦ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਆਦਮੀ ਜਿੰਨੀਆਂ ਮਰਜ਼ੀ ਹਰੀਆਂ ਚਰੀ ਜਾਵੇ ਪਰ ਸਰਰਿਕ ਦੁੱਖ ਵੇਲੇ ਡਾਕਟਰ ਦਾ ਦਰਵਾਜਾ ਖੜਕਾਉਣਾ ਕਦੇ ਨਹੀਂ ਭੁੱਲਦਾ ਕਿਉਂਕਿ ਧਰਤੀ ‘ਤੇ ਭੇਜਣ ਵੱਲੇ ਦੱਸੇ ਜਾਂਦੇ ਰੱਬ ਕੋਲ ਮੁੜ ਕੇ ਭਲਾ ਕੌਣ ਜਾਣਾ ਚਾਹੁੰਦੈ? ਮਨੁੱਖਤਾ ਦੀ ਭਲਾਈ ਨਾਲ ਜੁੜੇ ਇਸ ਕਿੱਤੇ ਵਿੱਚ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਕਿੰਨੀਆਂ ਮੁਸੀਬਤਾਂ, ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਆਮ ਆਦਮੀ ਦੀ ਸਮਝੋਂ ਬਾਹਰ ਹੈ। ਉਹਨਾਂ ਦੇ ਇਨਸਾਨੀ ਦਿਲ ਕਿਵੇਂ ਲੋਕਾਂ ਦੇ ਵਿਗੜ ਚੁੱਕੇ ਜ਼ਖ਼ਮਾਂ ਵਿੱਚੋਂ ਕੀੜੇ ਚੁਗ ਸਕਦੇ ਹਨ? ਪੱਕੇ ਹੋਏ ਟੀਕਿਆਂ ਕਾਰਨ ਪਾਕ ਨਾਲ ਰਿਸਦੇ ਪੁੜਿਆਂ ਨੂੰ ਕੋਈ ਉੱਪਰੋਂ ਆ ਕੇ ਤਾਂ ਠੀਕ ਨਹੀਂ ਕਰ ਜਾਂਦਾ ਸਗੋਂ ਬਦਬੂ ਮਾਰਦੇ ਜਖ਼ਮਾਂ ਨੂੰ ਮੱਲ੍ਹਮ ਪੱਟੀ ਵੀ ਤਾਂ ਡਾਕਟਰ ਹੀ ਕਰਦੇ ਹਨ। ਅਜਿਹੇ ਜ਼ਖ਼ਮ ਜਿਹਨਾਂ ਤੋਂ ਮਰੀਜ਼ ਦੇ ਪਰਿਵਾਰਕ ਮੈਂਬਰ ਵੀ ਮੂੰਹ ਵੱਟ ਕੇ ਲੰਘਦੇ ਹਨ, ਉਹਨਾਂ ਨੂੰ ਦੇਖਣ, ਠੀਕ ਕਰਨ ਦਾ ਜਿਗਰਾ ਇੱਕ ਡਾਕਟਰ ਹੀ ਕਰ ਸਕਦੈ। ਜਦੋਂ ਕਿਸੇ ਦੀ ਦੁਰਘਟਨਾ ਜਾਂ ਵਾਰਦਾਤ ‘ਚ ਮੌਤ ਹੋ ਜਾਂਦੀ ਐ ਤਾਂ ਪੋਸਟ ਮਾਰਟਮ ਕਰਨ ਵਾਲੇ ਵੀ ਇਸੇ ਕਿੱਤੇ ਦੇ ਲੋਕ ਹੀ ਹੁੰਦੇ ਹਨ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਆਪਣੀ ਰਿਪੋਰਟ ਰਾਹੀਂ ਸਾਥ ਦਿੰਦੇ ਹਨ ਕਿ ਕਿਹੜਾ ਜ਼ਖ਼ਮ ਕਿਸ ਹਥਿਆਰ ਨਾਲ, ਕਿਸ ਜਗ੍ਹਾ ‘ਤੇ ਹੋਇਐ? ਵਗੈਰਾ ਵਗੈਰਾ। ਅਸੀਂ ਕਿਸੇ ਕੀੜੀ ‘ਤੇ ਪੈਰ ਧਰ ਦੇਈਏ ਤਾਂ ਚੌਲਾਂ ਦਾ ਯੱਗ ਕਰਵਾਉਣ ਤੱਕ ਚਲੇ ਜਾਂਦੇ ਹਾਂ ਪਰ ਕਿਸੇ ਨੇ ਸੋਚਿਐ ਕਿ ਸਾਡੇ ਦੁੱਖਾਂ ਤਕਲੀਫ਼ਾਂ ‘ਚ ਬਰਾਬਰ ਦੇ ਭਾਈਵਾਲ ਹੁੰਦਿਆਂ ਇਸ ਕਿੱਤੇ ਨਾਲ ਜੁੜੇ ਲੋਕ ਆਪਣੇ ਦਿਲ ‘ਤੇ ਕੀ ਕੀ ਸਹਾਰਦੇ ਹਨ? ਜੇ ਡਾਕਟਰ ਨਾ ਹੋਣ ਤਾਂ ਇਹ ਸੰਸਾਰ ਮਹਾਂਮਾਰੀ ਨਹੀਂ ਸਗੋਂ ਮਹਾਂਮਾਰੀਆਂ ਨਾਲ ਹੀ ਮਰ ਜਾਵੇ। ਸਾਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੋਂ ਲੈ ਕੇ ਇੱਕ ਚਲਦੇ ਫਿਰਦੇ ਇਨਸਾਨ ਦਾ ਰੂਪ ਦੇਣ ਵਿੱਚ ਬਹੁਤ ਹੀ ਸ਼ਲਾਘਾਯੋਗ ਰੋਲ ਹੈ ਇਸ ਕਿੱਤੇ ਨਾਲ ਜੁੜੇ ਲੋਕਾਂ ਦਾ।
ਇਹ ਸਤਰਾਂ ਲਿਖਣ ਦਾ ਵੈਸੇ ਤਾਂ ਸ਼ਾਇਦ ਕੋਈ ਸਬੱਬ ਨਾ ਬਣਦਾ ਪਰ ਕੁਝ ਕੁ ‘ਸਿਰਫਿਰਿਆਂ’ ਵੱਲੋਂ ਬਣਾਈ ਫਿਲਮ ਕਾਰਨ ਧਿਆਨ ਕਈ ਸਾਲ ਪਿਛਾਂਹ ਚਲਾ ਗਿਐ ਜਦੋਂ ਮੇਰੇ ਇੱਕ ਪਰਮ ਮਿੱਤਰ ਦੇ ਛੋਟੇ ਭਰਾ ਨੂੰ ਪੰਜਾਬ ਦੇ ਇੱਕ ਅਜਿਹੇ ਹਸਪਤਾਲ ‘ਚ ਮਿਲਣ ਗਏ ਸੀ ਜਿਸ ਬਾਰੇ ਇਹ ਪ੍ਰਚਲਿਤ ਹੈ ਕਿ ਲੋਕ ਇਸ ਹਸਪਤਾਲ ‘ਚ ਉਸ ਸਮੇਂ ਹੀ ਆਉਂਦੇ ਹਨ ਜਦੋਂ ‘ਧਰਮਰਾਜ’ ਬੁਲਾਉਣ ਲਈ ਲਗਾਤਾਰ ਘੰਟੀਆਂ ਮਾਰ ਰਿਹਾ ਹੁੰਦਾ ਹੈ। ਮੇਰੇ ਦੋਸਤ ਦੇ ਛੋਟੇ ਭਰਾ ਦਾ ਨਾਮ ਵੀ ਮੇਰੇ ਵਾਲਾ ਹੀ ਸੀ। ਉਸਨੂੰ ਬੀਮਾਰੀ ਸੀ ਕਿ ਪਾਣੀ ਵਾਲੇ ਨਲਕੇ ਦੇ ਹੇਠਾਂ ਜੰਮੀ ਹਰੇ ਰੰਗ ਦੀ ਜਿਲਬ ਵਰਗੀਆਂ ਉਲਟੀਆਂ ਨੇ ਉਸਨੂੰ ਅੱਧਾ ਕੀਤਾ ਪਿਆ ਸੀ। ਕਿਸੇ ਡਾਕਟਰ ਦੇ ਸਮਝ ‘ਚ ਨਾ ਆਉਣ ਕਾਰਨ ਉਸਨੂੰ ਵੀ ਇੱਥੇ ਲਿਆਂਦਾ ਗਿਆ ਸੀ ਤਾਂ ਕਿ ਉੱਚ ਤਕਨੀਕ ਨਾਲ ਇਲਾਜ਼ ਕਰਵਾਇਆ ਜਾ ਸਕੇ। ਗਰਮੀ ਦੇ ਦਿਨ ਸਨ ਤੇ ਮੈਂ ਸਾਡੇ ਮਰੀਜ਼ ਦੇ ਨਾਲ ਵਾਲੇ ਖਾਲੀ ਪਏ ਬੈੱਡ ‘ਤੇ ਲੇਟ ਗਿਆ। ਕੁਦਰਤਨ ਛੋਟਾ ਵੀਰ ਆਵਦੀ ਗੁਲੂਕੋਜ਼ ਵਾਲੀ ਬੋਤਲ ਵਾਲਾ ਸਟੈਂਡ ਜਿਹਾ ਨਾਲ ਚੁੱਕ ਕੇ ਪਿਸ਼ਾਬ ਕਰਨ ਚਲਾ ਗਿਆ। ਨਰਸ ਕੁੜੀ ਆਈ ਤੇ ਬੋਲੀ, “ਕੀ ਨਾਮ ਹੈ ਤੁਹਾਡਾ।” “ਜੀ ਮਨਦੀਪ ਸਿੰਘ”, ਮੈਂ ਕਿਹਾ। “ਚਲੋ ਪਰ੍ਹੇ ਨੂੰ ਮੂੰਹ ਕਰੋ, ਇੰਜੈਕਸ਼ਨ ਲਗਾਉਣਾ ਹੈ।”, ਉਹਨੇ ਨਾਮ ਸੁਣ ਕੇ ਸਮਝ ਲਿਆ ਸੀ ਕਿ ਮੈਂ ਹੀ ਮਰੀਜ਼ ਹਾਂ। “ਭੈਣ ਜੀ ਬਖਸ਼ੋ, ਮੈਂ ਤਾਂ ਮਰੀਜ਼ ਨੂੰ ਮਿਲਣ ਆਇਆਂ। ਕਿਤੇ ਥੋਡੇ ਹਸਪਤਾਲ ਦਾ ਰਿਵਾਜ਼ ਤਾਂ ਨੀ ਕਿ ਮਿਲਣ ਆਇਆਂ ਨੂੰ ਵੀ ਟੀਕੇ ਲਾ ਕੇ ਤੋਰਨੈਂ?”, ਮੈਂ ਕਿਹਾ ਤਾਂ ਉਹ ਕੁੜੀ ਹੱਸ ਹੱਸ ਲੋਟ ਪੋਟ ਹੁੰਦੀ ਫਿਰੇ। “ਵੀਰੇ ਬਚਗੇ ਤੁਸੀਂ, ਜੇ ਸੁੱਤੇ ਪਏ ਹੁੰਦੇ ਤਾਂ ਆਪਾਂ ਆਪਣਾ ਕੰਮ ਕਰਕੇ ਮੁੜ ਜਾਣਾ ਸੀ। ਕਿਉਂਕਿ ਤੁਹਾਡੇ ਬੈੱਡ ਨਾਲ ਵੀ ਮਨਦੀਪ ਸਿੰਘ ਵਾਲਾ ਹਦਾਇਤ ਬੋਰਡ ਲਟਕ ਰਿਹੈ।”, ਉਸ ਕੁੜੀ ਨੇ ਵੀ ਹਾਸੇ ‘ਚ ਕਿਹਾ। ਉਹ ਵੀ ਸੱਚੀ ਸੀ ਕਿਉਂਕਿ ਸਾਡਾ ਮਰੀਜ਼ ਬਾਰੀ ਨਾਲ ਦੇ ਬੈੱਡ ‘ਤੇ ਪੈ ਗਿਆ ਸੀ ਤੇ ਮੈਂ ਉਸਦੇ ਖਾਲੀ ਪਏ ਬੈੱਡ ‘ਤੇ ਟੇਢਾ ਜਿਹਾ ਪੈ ਗਿਆ ਸੀ।
ਪਰ ਉਸ ਦਿਨ ਹੀ ਮਹਿਸੂਸ ਹੋਇਆ ਕਿ ਲੋਕ ਇਸ ਕਿੱਤੇ ਨਾਲ ਜੁੜੀਆਂ ਕੁੜੀਆਂ ਭਾਵ ਕਿ ਨਰਸਾਂ ਬਾਰੇ ਕੀ ਨਜ਼ਰੀਆ ਰੱਖਦੇ ਹਨ। ਮੈਂ ਪਹਿਲਾਂ ਕਦੇ ਵੀ ਕਿਸੇ ਹਸਪਤਾਲ ਦੇ ਪਿਸ਼ਾਬ ਘਰ ਵਿੱਚ ਨਹੀਂ ਸਾਂ ਗਿਆ ਪਰ ਉਸ ਦਿਨ ਗਿਆ ਤਾਂ ਕੀ ਦੇਖਦਾ ਹਾਂ ਕਿ ਸਾਡੇ ਲੋਕਾਂ ਦਾ ਕਮੀਨਾਪਨ ਪਿਸ਼ਾਬ ਘਰ ਦੀਆਂ ਕੰਧਾਂ ‘ਤੇ ਨਰਸ ਕੁੜੀਆਂ ਬਾਰੇ ਲਿਖੇ ਗੰਦੇ ਤੋਂ ਗੰਦੇ ਵਿਚਾਰਾਂ ਦੇ ਰੂਪ ਵਿੱਚ ਉੱਕਰਿਆ ਪਿਆ ਸੀ। ਮੈਂ ਉਸ ਹਸਪਤਾਲ ਵਿੱਚੋਂ ਇੱਕ ਗਹਿਰੀ ਚਿੰਤਾ ਲੈ ਕੇ ਮੁੜਿਆ ਸਾਂ। ਉਸ ਚਿੰਤਾ ਨੂੰ ਮੁੜ ਇਸ ਫਿਲਮ ਵਿੱਚ ਬੋਲੇ ਗਏ ਇੱਕ ਸੰਵਾਦ ਨੇ ਜਗਾ ਦਿੱਤੈ। ਜੇਕਰ ਉਸ ਹਸਪਤਾਲ ਦੇ ਪਿਸਾਬ ਘਰ ਵਿੱਚ ਜਾ ਕੇ ਕਿਸੇ ਵੀ ਨਰਸ ਕੁੜੀ ਦਾ ਪਿਓ ਪੜ੍ਹ ਲਵੇ ਕਿ ਕਮੀਨੀ ਸੋਚ ਦੇ ਮਾਲਕ ਸਿਰਫ ਤੇ ਸਿਰਫ ਆਪਣੀਆਂ ਕਾਮੁਕ ਤਰੰਗਾਂ ਨੂੰ ਸ਼ਾਂਤ ਕਰਨ ਲਈ ਹੀ ਕਿਹੋ ਜਿਹੀ ਕਲਪਨਾ ਕਰਦੇ ਹਨ ਤਾਂ ਉਹ ਇੱਕ ਸੁਹਿਰਦ ਕਿੱਤੇ ਨਾਲ ਜੁੜੀ ਆਪਣੀ ਧੀ ਦੇ ਭਵਿੱਖ ‘ਤੇ ਵੀ ਪ੍ਰਸ਼ਨ ਚਿੰਨ੍ਹ ਲਾ ਦੇਵੇਗਾ। ਇੱਥੇ ਅਜਿਹੀ ਘਿਨਾਉਣੀ ਕਾਰਵਾਈ ਲਈ ਕਿਸੇ ਇੱਕ ਨੂੰ ਦੋਸ਼ੀ ਕਰਾਰ ਦੇਣਾ ਜ਼ਿਆਦਤੀ ਹੋਵੇਗੀ ਕਿਉਂਕਿ ਜਿਵੇਂ ਕਿਹਾ ਜਾਂਦੈ ਕਿ ਬੰਦਾ ਨੂੰ ਬਾਂਦਰ ਤੋਂ ਮੁਕੰਮਲ ਮਨੁੱਖ ਬਣਨ ਲਈ ਵੀ ਲੰਮਾ ਪੈਂਡਾ ਤੈਅ ਕਰਨਾ ਪਿਆ ਹੈ ਉਸੇ ਤਰ੍ਹਾਂ ਹੀ ਅਜਿਹੀ ਸ਼ਬਦਾਵਲੀ ਦਾ ਕੰਧਾਂ ‘ਤੇ ਉੱਕਰਿਆ ਜਾਣਾ ਕੋਈ ਤਾਜਾ ਘਟਨਾ ਨਹੀਂ ਸਗੋਂ ਅਜਿਹੀਆਂ ਠਰਕ ਭੋਰੂ ਗੱਲਾਂ ਤੇ ਸੰਵਾਦ ਹੀ ਅਜਿਹੀ ਕਮੀਨਗੀ ਦੇ ਉੱਕਰਨ ਦਾ ਕਾਰਨ ਬਣਦੇ ਹਨ। ਕਿਸੇ ਨਰਸ ਭੈਣ ਦਾ ਭਰਾ ਉਸ ਨੂੰ ਹਸਪਤਾਲ ਮਿਲਣ ਗਿਆ ਹੋਵੇ ਤੇ ਉਹ ਅਜਿਹੀ ਸ਼ਬਦਾਵਲੀ ਪੜ੍ਹ ਕੇ ਕੀ ਸਬਕ ਲੈ ਕੇ ਵਾਪਸ ਪਰਤੇਗਾ? ਜਾਂ ਫਿਰ ਕਿਸੇ ਕੁੜੀ ਦਾ ਭਵਿੱਖੀ ਜੀਵਨ ਸਾਥੀ ਇਹਨਾਂ ਪਿਸ਼ਾਬ ਘਰਾਂ ‘ਚ ਚੱਕਰ ਮਾਰ ਲਵੇ ਤਾਂ ਉਹ ਵੀ ਨਰਸ ਕੁੜੀ ਬਾਰੇ ਕੋਈ ਚੰਗਾ ਵਿਚਾਰ ਲੈ ਕੇ ਵਾਪਸ ਨਹੀਂ ਪਰਤੇਗਾ। ਇਸ ਲੇਖ ਦਾ ਸਿਰਲੇਖ ਹੀ ਇਸ ਕਰਕੇ ਰੱਖ ਬੈਠਾ ਹਾਂ ਕਿ ਹਸਪਤਾਲਾਂ ਵਿੱਚ ਅਸੀਂ ਵਿਆਹ ਸ਼ਾਦੀ ਜ%