himmatpura

ਕੀ ਹੈ ਭਾਰਤੀਆਂ ਦੇ ਪ੍ਰਦੇਸ਼ਾਂ ਨੂੰ ਪਰਵਾਸ ਕਰਨ ਪਿਛਲਾ ਸੱਚ ?

ਪ੍ਰਦੇਸ਼ਾ ਵਿੱਚ ਵੱਸੇ ਭਾਰਤੀ ਨਾਗਰਿਕਾਂ ਨੂੰ ਬਰਾਬਰ ਦੀਆਂ ਸਹੂਲਤਾਂ ਦੇਣ ਲਈ ਵਚਨ ਬੰਦ ਹੋਵੇ ਸਰਕਾਰ
ਅਮਨਪ੍ਰੀਤ ਸਿੰਘ ਛੀਨਾ
ਸੰਯੁਕਤ ਰਾਸ਼ਟਰ ਦੀ 2009 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੀ ਕਮੀ ਹੋਣ ਕਾਰਨ ਹਰ ਸਾਲ ਤਕਰੀਬਨ ਵੀਹ ਹਜਾਰ ਪੰਜਾਬੀ ਨੌਜਵਾਨ ਲਖਾਂ ਰੁਪਏ ਖਰਚ ਕੇ ਗੈਰ ਕਨੂੰਨੀ ਤਰੀਕਿਆਂਨਾਲ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਪਰਵਾਸ ਕਰਦੇ ਹਨ |

ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਲਗਭਗ2 ਕਰੋੜ 50 ਲੱਖ ਦੇ ਕਰੀਬ ਹੋ ਚੁੱਕੀ ਹੈ ਜੋ ਕਿ ਦੁਨੀਆਂ ਦੀ 1.85 ਫੀਸਦੀ ਅਬਾਦੀ ਦੇ ਬਰਾਬਰ ਬਣਦੀ ਹੈ | ਵੱਖ ਵੱਖ ਦੇਸ਼ਾਂ ਦੀ ਅਬਾਦੀ ਨਾਲ ਸਬੰਧਿਤ ਅੰਕੜਿਆਂ ਨੂੰ ਘੋਖਦਿਆਂ ਇਹ ਸਾਬਿਤ ਹੁੰਦਾ ਹੈ ਕਿ ਭਾਰਤੀਆਂ ਨੇ ਹਰ ਦੇਸ਼ ਵਿੱਚ ਆਪਣਾ ਇੱਕ ਸਥਾਨ ਬਣਾ ਲਿਆ ਹੈ | ਜੇਕਰ ਭਾਰਤੀਆਂ ਦੀ ਦੱਸ ਲੱਖ ਦੀ ਅਬਾਦੀ ਦੇ ਮੁਲਕਾਂ ਉੱਤੇ ਝਾਤੀ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਅਮਰੀਕਾ ਵਿੱਚ(28 ਲੱਖ 50 ਹਜਾਰ), ਬਰਮਾ (29 ਲੱਖ), ਮਲੇਸ਼ੀਆ (24ਲੱਖ 50 ਹਜਾਰ), ਸਊਦੀ ਅਰੇਬੀਆ (17 ਲੱਖ 89 ਹਜਾਰ), ਯੂ ਏ ਈ (17 ਲੱਖ 50 ਹਜਾਰ), ਯੂ ਕੇ (14 ਲੱਖ 14 ਹਜਾਰ), ਸਾਊਥ ਅਫਰੀਕਾ (12 ਲੱਖ 86 ਹਜਾਰ) ਅਤੇਕਨੇਡਾ(12 ਲੱਖ) ਭਾਰਤੀ ਵੱਸੇ ਹਨ | ਸੰਨ 2000 ਤੋਂ 2013 ਦਰਮਿਆਨ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੇ ਲਗਭਗ 4684.25 ਮਿਲਿਯਅਨ ਅਮਰੀਕੀ ਡਾਲਰਾਂ ਦਾ ਸਿੱਧਾ ਵਿਦੇਸ਼ੀ ਨਿਵੇਸ਼ ਭਾਰਤ ਵਿੱਚ ਕੀਤਾ ਸੀ ਅਤੇ ਤਕਰੀਬਨ 70 ਅਰਬਅਮਰੀਕੀ ਡਾਲਰਾਂ ਦੇ ਕਰੀਬ ਬੈਂਕਾਂ ਰਾਹੀਂ ਪੈਸੇ ਭਾਰਤ ਵਿੱਚ ਭੇਜੇ ਹਨ |ਵੱਖ ਵੱਖ ਸੂਬਿਆਂ ਅਤੇ ਕੇਂਦਰ ਦੀਆਂ ਸਰਕਾਰਾਂ ਹਰ ਸਾਲ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰਸੁਣਨ ਲਈ ਵੱਖ ਵੱਖ ਸੰਮੇਲਨ ਤੇ ਆਯੋਜਿਤ ਕਰਦੀਆਂ ਹਨ ਪਰ ਉਹਨਾਂ ਦੇ ਪਰਵਾਸ ਕਰਨ ਤੋਂ ਬਾਅਦ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ | ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਕੋਲ ਆਪਣੇ ਦੇਸ਼ ਵਾਸੀਆਂ ਦੇ ਬਰਾਬਰ ਦੇ ਅਧਿਕਾਰ ਵੀਪ੍ਰਾਪਤ ਨਹੀਂ ਹਨ | ਜਿਵੇਂਕਿ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਇੱਕ ਐਨ ਆਰ ਆਈ ਦੇ ਨਜਰੀਏ ਨਾਲ ਵੇਖਦੀ ਹੈ ਅਤੇ ਉਹਨਾਂ ਉੱਤੇ ਆਪਣੇ ਹੀ ਦੇਸ਼ ਵਿੱਚ ਖੇਤੀ ਵਾਲੀਆਂ ਜਮੀਨਾਂ ਅਤੇ ਫਾਰਮ ਹਾਊਸ ਆਦਿ ਖਰੀਦਣ ਉੱਤੇ ਰੋਕ ਲਾਈ ਹੋਈ ਹੈ |

ਸਭ ਤੋਂ ਪਹਿਲਾਂ ਅਸੀਂ ਜਾਚਾਂਗੇ ਕਿ ਕਿਸ ਤਬਕੇ ਦੇ ਲੋਕ ਕਿਹਨਾਂ ਹਲਾਤਾ ਵਿੱਚ ਭਾਰਤ ਵਿੱਚੋਂ ਪਰਵਾਸ ਕਰ ਰਹੇ ਹਨ ਅਤੇ ਭਾਰਤ ਨੂੰ ਇਸ ਪਰਵਾਸ ਨਾਲ ਕਿਸ ਤਰਾਂ ਦਾ ਆਰਥਿਕ ਅਤੇ ਸਮਾਜਿਕ ਨੁਕਸਾਨ ਹੋ ਰਿਹਾ ਹੈ | ਪਿਛਲੇ ਸਮੇਂ ਵਿੱਚ ਹੋਏ ਪਰਵਾਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਾਰਤ ਵਿੱਚੋਂ ਪੰਜ ਤਰੀਕਿਆਂ ਨਾਲ ਭਾਰਤੀ ਪ੍ਰਦੇਸ਼ਾਂ ਵਿੱਚ ਵੱਸੇ ਹਨ | ਪਹਿਲਾ ਵਿਆਹ ਕਰਵਾਕੇ, ਦੂਸਰਾ ਪੜਾਈ ਨੂੰ ਜ਼ਰੀਆ ਬਣਾਕੇ, ਤੀਸਰਾ ਵਿੱਦਿਅਕ ਕਾਬਲੀਅਤ ਦੇ ਅਧਾਰ ਉੱਤੇ ਨੌਕਰੀਆਂ ਪ੍ਰਾਪਤ ਕਰਕੇ ਜਾਂ ਪੱਕੇ ਤੋਰ ਤੇ ਇਮੀਗ੍ਰੇਸ਼ਨ ਹਾਸਲ ਕਰਕੇ, ਚੌਥਾ ਵਿਦੇਸ਼ਾਂ ਵਿੱਚ ਪੈਸੇ ਦਾ ਨਿਵੇਸ਼ ਕਰਕੇ ਅਤੇ ਪੰਜਵਾਂ ਗੈਰ ਕਨੂੰਨੀ ਤਰੀਕੇ ਨਾਲ ਏਜੰਟਾਂ ਰਾਹੀਂ | ਗੁਰਬਤ ਵਿੱਚ ਜੀਵਨ ਬਸਰ ਕਰਨ ਵਾਲੇ ਗਰੀਬ ਤਬਕੇ ਦੇ ਵਸਨੀਕਾਂ ਕੋਲ ਅਨੁਕੂਲ ਵਿੱਦਿਆ, ਪੈਸੇ ਅਤੇ ਜਮੀਨ ਜਾਇਦਾਦ ਦੀ ਕਮੀ ਹੋਣ ਕਾਰਨ ਉਹਨਾਂ ਲਈ ਵਿਦੇਸ਼ਾਂ ਵਿੱਚ ਜਾਣਾ ਇੱਕ ਸੁਪਨੇ ਤੋਂ ਘਟ ਨਹੀਂ ਹੈ ਪਰ ਰੁਜ਼ਗਾਰ ਦੀ ਭਾਲ ਵਿੱਚ ਬਹੁਤ ਸਾਰੇ ਮਿਹਨਤੀ ਲੋਕ ਦੂਸਰਿਆਂ ਸੂਬਿਆ ਵਿੱਚ ਵੱਸਣੇ ਸ਼ੁਰੂ ਹੋ ਗਏ ਹਨ | ਹੇਠਲਾ ਮੱਧਿਅਮ ਵਰਗ ਜਿਸ ਵਿੱਚ ਛੋਟੇ ਕਿਸਾਨ, ਦੁਕਾਨਦਾਰ, ਛੋਟੇ ਵਪਾਰੀ ਅਤੇ ਆਮ ਨੌਕਰੀ ਪੇਸ਼ੇ ਵਾਲੇ ਲੋਕ ਆਪਣੀ ਜਮੀਨ ਜਾਇਦਾਦ ਵੇਚਕੇ ਜਾਂ ਗਿਰਵੀ ਰਖਕੇ ਕੇ ਏਜੰਟਾਂ ਆਦਿ ਰਾਹੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ | ਮੱਧਿਅਮ ਵਰਗ ਦੇ ਕਿਸਾਨ, ਵਪਾਰੀ ਅਤੇ ਚੰਗੀ ਨੌਕਰੀ ਪੇਸ਼ੇ ਵਾਲੇ ਲੋਕ ਬੱਚਿਆਂ ਦੀ ਵਿੱਦਿਅਕ ਕਾਬਲੀਅਤ ਦੇ ਅਧਾਰ ਉੱਤੇ ਜਾਂ ਵਿਦੇਸ਼ਾਂ ਵਿੱਚ ਆਰਥਿਕ ਨਿਵੇਸ਼ ਕਰਦਿਆਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਵਸਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ | ਇਸ ਤੋਂ ਉਲਟ ਅਮੀਰ ਜਾਂ ਸ੍ਰੇਸ਼ਟ ਵਰਗ ਦੇ ਵੱਡੇ ਸਿਆਸਤਦਾਨ, ਅਫਸਰ, ਵਪਾਰੀ ਅਤੇ ਕਿਸਾਨ ਆਰਥਿਕ ਪੱਖੋਂ ਅਮੀਰ ਹੋਣ ਦੇ ਕਾਰਨ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੱਕੇ ਤੋਰ ਤੇ ਭੇਜਣ ਨੂੰ ਬਹੁਤੀ ਮੱਹਤਤਾ ਨਹੀਂ ਦਿੰਦੇ ਹਨ | ਆਊ ਅਸੀਂ ਇਸ ਲੇਖ ਰਾਹੀਂ ਉਹਨਾਂ ਤੱਥਾਂ ਤੇ ਰੌਸ਼ਨੀ ਪਾ ਕੇ ਉਹਨਾਂ ਕਾਰਨਾਂ ਨੂੰ ਡੂੰਘਾਈ ਨਾਲ ਵਿਚਾਰੀਏ ਜਿਹਨਾਂ ਨੇ ਭਾਰਤੀਆਂ ਨੂੰ ਆਪਣੀ ਜਨਮ ਭੂਮੀ, ਪਰਿਵਾਰ, ਦੋਸਤਾਂਮਿੱਤਰਾਂਅਤੇ ਰਿਸ਼ਤੇਦਾਰਾਂ ਤੋਂ ਦੂਰ ਲਿਜਾ ਕੇ ਸਖਤ ਮਿਹਨਤ ਕਰਦਿਆਂ ਆਪਣੇ ਬਲਬੂਤੇ ਉੱਤੇ ਨਵੇਂ ਸਿਰੇ ਤੋਂ ਜਿੰਦਗੀ ਜੀਣ ਲਈ ਮਜਬੂਰ ਕਰ ਦਿੱਤਾ ਹੈ |

ਪ੍ਰਦੇਸ਼ਾਂ ਵਿੱਚ ਪੱਕੇ ਤੋਰ ਤੇ ਪਰਵਾਸ ਕਰਨ ਦੀ ਦੌੜ ਵਿੱਚ ਬਾਕੀ ਭਾਰਤੀਆਂ ਦੇ ਮੁਕਾਬਲੇ ਪੰਜਾਬੀ ਸਭ ਤੋਂ ਅੱਗੇ ਹਨ | ਭਾਵੇਂਕਿ ਬਾਕੀ ਸੂਬਿਆ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਦੀ ਔਸਤਣ ਆਮਦਨ ਅਤੇ ਬੁਨਿਆਦੀ ਸੁਵਿਧਾਵਾਂ ਕਾਫੀ ਚੰਗੀਆਂ ਹਨ ਪਰ ਪੰਜਾਬ ਵਿੱਚ ਮਿਲ ਰਹੀ ਵਿੱਦਿਆ ਦਾ ਮਿਆਰ ਕਾਫੀ ਮਾੜਾ ਹੋਣ ਕਰਕੇ ਅੱਜ ਪੰਜਾਬ ਦੇ ਬੱਚੇ ਬਾਕੀ ਸੂਬਿਆ ਦੇ ਮੁਕਾਬਲੇ ਉਹ ਕਾਬਲੀਅਤ ਨਹੀਂ ਰੱਖਦੇ ਜਿਸ ਸਦਕਾ ਉਹਨਾਂ ਨੂੰ ਦੇਸ਼ ਜਾਂਵਿਦੇਸ਼ ਵਿੱਚ ਚੰਗੀਆਂ ਨੌਕਰੀਆਂ ਹਾਸਲ ਹੋ ਸਕਣ | ਭਾਰਤ ਦੀ ਆਰਥਿਕਤਾ ਦਾ ਵਿਸ਼ਵੀਕਰਨ ਹੋਣ ਦੇ ਬਾਵਜੂਦ ਵੀ ਪੰਜਾਬ ਪਿਛਲੇ ਵੀਹਾਂ ਸਾਲਾਂ ਵਿੱਚ ਕੋਈਵੱਡਾ ਵਿਦੇਸ਼ੀ ਨਿਵੇਸ਼ ਸੂਬੇ ਵਿੱਚ ਕਰਵਾਉਣ ਵਿੱਚ ਅਸਮਰੱਥ ਰਿਹਾ ਹੈ ਅਤੇ ਨਾ ਹੀ ਕੋਈ ਵੱਡੇ ਕਾਰਖਾਨੇ ਪੰਜਾਬ ਵਿੱਚ ਖੁੱਲ੍ਹੇ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ | ਹਾਲਤ ਇਹ ਹੈ ਕਿ ਸੂਬੇ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੀ ਭਾਰੀ ਕਮੀ ਹੋਣ ਕਾਰਨ ਅੱਜ ਪੰਜਾਬ ਦਾ ਬੇਰੁਜ਼ਗਾਰ ਨੌਜਵਾਨ ਇਰਾਨ, ਇਰਾਕ ਅਤੇ ਸੁਡਾਨ ਆਦਿ ਮੁਲਕਾਂ ਵਿੱਚ ਵੀ ਕੰਮ ਕਰਨ ਤੋਂ ਗੁਰੇਜ ਨਹੀਂ ਕਰ ਰਹੇ ਹਨ |

ਸੰਯੁਕਤ ਰਾਸ਼ਟਰ ਦੀ 2009 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੀ ਕਮੀ ਹੋਣ ਕਾਰਨ ਹਰ ਸਾਲ ਤਕਰੀਬਨ ਵੀਹ ਹਜਾਰ ਪੰਜਾਬੀ ਨੌਜਵਾਨ ਲੱਖਾਂ ਰੁਪਏ ਖਰਚ ਕੇ ਗੈਰ ਕਨੂੰਨੀ ਤਰੀਕਿਆਂਨਾਲ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਪਰਵਾਸ ਕਰਦੇ ਹਨ | ਗੈਰ ਕਨੂੰਨੀ ਤਰੀਕੇ ਨਾਲ ਪਰਵਾਸ ਕਰਨ ਵਾਲੇ ਨੌਜਵਾਨ ਅਕਸਰ ਵਿੱਦਿਅਕ ਅਤੇ ਆਰਥਿਕ ਪੱਖੋਂ ਕਮਜੋਰ ਹੁੰਦੇ ਹਨ ਅਤੇ ਉਹ ਸਾਰੀ ਉਮਰ ਲੁੱਕ ਛੁੱਪ ਕੇ ਘੱਟ ਪੈਸਿਆਂ ਤੇ ਕੰਮ ਕਰਕੇ ਆਪਣਾ ਅਤੇ ਪੰਜਾਬ ਵਿੱਚ ਵੱਸੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ | ਗੈਰ ਕਨੂੰਨੀ ਤਰੀਕੇ ਨਾਲ ਹਿਜਰਤ ਕਰਨ ਦੇ ਜੁਰਮ ਵਿੱਚ ਲਗਭਗ ਇੱਕ ਲੱਖ ਨੌਜਵਾਨ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਇਕੱਲੇ ਅਮਰੀਕਾ ਵਿੱਚ ਦੋ ਲੱਖ ਚਾਲੀ ਹਜਾਰ ਭਾਰਤੀ ਗੈਰ ਕਨੂੰਨੀ ਤਰੀਕੇ ਨਾਲ ਰਹਿ ਰਹੇ ਹਨ |

ਨਿਕੋਲਾ ਸਮਿਥ ਦੀ ਹਾਲ ਹੀ ਵਿੱਚ ਛਪੀ ਕਿਤਾਬ ਡੌਂਕੀਜ਼ ਫਲਾਈਟਸ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਲੋਕ ਗੈਰ ਕਨੂੰਨੀ ਤਰੀਕਿਆਂ ਨਾਲ ਵਿਆਹ ਕਰਵਾਕੇ ਜਾਂ ਇੰਮਬੈਸੀਆਂ ਵਿੱਚ ਗਲਤ ਦਸਤਾਵੇਜ ਪੇਸ਼ ਕਰਕੇ ਵੀਜਿਆਂ ਰਾਹੀਂ ਜਾਂ ਫਰਜੀ ਕਾਲਜਾਂ ਵਿੱਚ ਦਾਖਲੇ ਲੈ ਕੇ ਵਿਦੇਸ਼ਾਂ ਵਿੱਚ ਦਾਖਲ ਹੋ ਰਹੇ ਹਨ | ਨਿਕੋਲਾ ਸਮਿਥ ਨੇ ਇਹ ਵੀ ਬਿਆਨ ਕੀਤਾ ਹੈ ਕਿ ਇਕੱਲੇ ਬ੍ਰਿਟੇਨ ਵਿੱਚੋਂ 2010 ਵਿੱਚ 7135 ਨਾਜਾਇਜ ਤਰੀਕਿਆਂ ਨਾਲ ਰਹਿ ਰਹੇ ਭਾਰਤੀਆਂ ਨੂੰ ਗ੍ਰਿਫਤਾਰ ਕਰਕੇ ਭਾਰਤ ਵਾਪਸ ਭੇਜਿਆ ਗਿਆ ਸੀ | 2012 ਵਿੱਚ ਭਾਰਤ ਤੋਂ ਬ੍ਰਿਟੇਨ ਆਏ ਹਜਾਰਾਂ ਵਿਦਿਆਰਥੀ ਉਸ ਵੇਲੇ ਸੁਰਖੀਆਂ ਵਿੱਚ ਆਏ ਸਨ ਜਦੋਂ ਸਰਕਾਰ ਨੇ ਬਹੁਤ ਸਾਰੇ ਫਰਜੀ ਕਾਲਜਾਂ ਅਤੇ ਇੱਕ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਸੀ ਅਤੇ ਇਹਨਾਂ ਵਿਦਿਆਰਥੀਆਂ ਨੂੰ ਸਿਆਲ ਦੀਆਂ ਠੰਡੀਆਂ ਰਾਤਾਂ ਸੜਕਾਂ ਉੱਤੇ ਗੁਜਾਰਨੀਆਂ ਪਈਆਂ ਸਨ |

ਦੇਸ਼ ਵਿੱਚੋਂ ਪੜ੍ਹੇ ਲਿਖੇ ਅਤੇ ਮਿਹਨਤੀ ਲੋਕਾਂ ਦਾ ਮਜਬੂਰੀ ਵਿੱਚ ਹਿਜਰਤ ਕਰਨ ਦਾ ਭਾਵ ਇਹ ਹੈ ਕਿ ਭਾਰਤ ਆਪਣੇ ਕਮਾਊ ਧੀਆਂ ਪੁੱਤਾ ਨੂੰ ਆਪਣੇ ਹੱਥੀਂ ਦੇਸ਼ ਨਿਕਾਲਾ ਦੇ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਇਸ ਤਰਾਂ ਹੀ ਚਲਦਾ ਰਿਹਾ ਤਾਂ ਭਾਰਤ ਦੀ ਆਰਥਿਕਤਾ ਅਤੇ ਸਮਾਜਿਕ ਢਾਂਚੇ ਨੂੰ ਵੱਡਾ ਖੋਰਾ ਲੱਗੇਂਗਾ | ਦੇਸ਼ ਵਿੱਚੋਂ ਵੱਡੇ ਪੱਧਰ ਉੱਤੇ ਪਰਵਾਸ ਨੂੰ ਰੋਕਣ ਲਈ ਸਰਕਾਰ ਨੂੰ ਹੇਠ ਲਿਖੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਅਨੁਕੂਲ ਯੋਜਨਾਵਾਂ ਬਣਾਉਣੀਆਂ ਹੋਣਗੀਆਂ ਤਾਂ ਜੋ ਭਾਰਤ ਦੀ ਆਰਥਿਕਤਾ ਦਾ ਹੋਰ ਨੁਕਸਾਨ ਨਾ ਹੋ ਸਕੇ | ਪਹਿਲਾ, ਸਰਕਾਰ ਜੇਕਰ ਭਰਿਸ਼ਟ ਸਿਆਸਤਦਾਨਾਂ ਅਤੇ ਅਫਸਰਾਂ ਦੇ ਗਠਜੋੜ ਨੂੰ ਤੋੜਨ ਅਤੇ ਦੇਸ਼ ਵਿਚੋਂ ਰਿਸ਼ਵਤਖੋਰੀ ਨੂੰ ਖਤਮ ਕਰਨ ਵਿੱਚ ਅਸਮਰੱਥ ਰਹਿੰਦੀ ਹੈ ਤਾਂ ਪੜ੍ਹੇਂ ਲਿਖੇ ਅਤੇ ਮਿਹਨਤੀ ਲੋਕਾਂ ਦਾ ਦੇਸ਼ ਨੂੰ ਅਲਵਿਦਾ ਕਹਿਣਾ ਸੰਭਾਵੀ ਹੈ | ਦੂਸਰਾ, ਸਰਕਾਰ ਦੇਸ਼ ਵਿੱਚ ਹਰ ਬੇਰੁਜ਼ਗਾਰ ਵਿਅਕਤੀ ਦਾ ਸਰਵੇਖਣ ਕਰਵਾਵੇ ਅਤੇ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਅਨੁਕੂਲ ਬੁਨਿਆਦੀ ਸਿਖਲਾਈ ਦੇ ਕੇ ਉਹਨਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯੋਜਨਾਵਾਂ ਬਣਾਵੇ | ਤੀਸਰਾ, ਦੇਸ਼ ਦੇ ਹਰ ਨਾਗਰਿਕ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਅਤੇ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਵੇ | ਚੌਥਾ, ਮਿਲਾਵਟਖੋਰੀ ਅਤੇ ਨਸ਼ਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਉੱਤੇ ਸਖਤੀ ਨਾਲ ਕਾਬੂ ਪਾਵੇ | ਪੰਜਵਾਂ, ਦੇਸ਼ ਦੇ ਹਰ ਵਰਗ ਦੇ ਬੱਚਿਆਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਸਕੂਲਾਂ ਰਾਹੀਂ ਬਰਾਬਰਤਾ ਨਾਲ ਅਨੁਕੂਲ ਸਿੱਖਿਆ ਦਿਵਾਏ ਤਾਂ ਜੋ ਦੇਸ਼ ਦਾ ਅਸਲ ਸਰਮਾਇਆ ਹਰ ਪੱਖੋਂ ਬਰਾਬਰਤਾ ਨਾਲ ਦੇਸ਼ ਵਿੱਚ ਵਧੇ ਫੁੱਲ ਅਤੇ ਤਰੱਕੀ ਕਰੇ | ਛੇਵਾਂ, ਧਰਮ ਅਤੇ ਜਾਤਪਾਤ ਦੇ ਨਾਮਤੇ ਹੁੰਦੇ ਦੰਗਿਆ ਉੱਤੇ ਸਖਤੀ ਨਾਲ ਕਾਬੂ ਪਾਵੇ| ਸਤਵਾਂ, ਕੇਂਦਰ ਸਰਕਾਰ ਦੇਸ਼ ਵਿਚੋਂ ਗੁਰਬਤ ਨੂੰ ਖਤਮ ਕਰਨ ਲਈ ਸਾਰਿਆਂ ਸੂਬਿਆਂ ਨੂੰ ਬਰਾਬਰਤਾ ਨਾਲ ਆਰਥਿਕ ਪੱਖੋਂ ਮਜਬੂਤ ਕਰੇ ਅਤੇ ਉਹਨਾਂ ਦੀ ਉਨਤੀ ਅਤੇ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰੇ |ਜੇਕਰ ਸਰਕਾਰ ਇਸ ਤਰਾਂ ਦੇ ਠੋਸ ਕਦਮ ਚੁੱਕਣ ਵਿੱਚ ਅਸਮਰੱਥ ਰਹਿੰਦੀ ਹੈ ਤਾਂ ਦੇਸ਼ ਵਿਚੋਂ ਬੇਰੁਜ਼ਗਾਰ, ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਦਾ ਪਰਵਾਸ ਕਰਨਾ ਸੰਭਾਵੀ ਹੈ ਅਤੇ ਸਰਕਾਰ ਆਪਣਾ ਏਕ ਭਾਰਤ ਸ਼੍ਰੇਸ਼ਟ ਭਾਰਤ ਦਾ ਸੁਪਨਾ ਪੂਰਾ ਨਹੀ ਕਰ ਸਕਦੀ |

ਅਮਨਪ੍ਰੀਤ ਸਿੰਘ ਛੀਨਾ
M: 0044 788 622 9063
W: www.amanpreetchhina.com