ਕ੍ਰਿਸਮਿਸ 2011 ‘ਤੇ ਇੱਕ ਚਿੱਠੀ ਬਾਈ ਸੈਂਟੇ ਨੂੰ!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਬਾਈ ਸੈਂਟਿਆ! ਮੈਨੂੰ ਇਹ ਤਾਂ ਪਤੈ ਕਿ ਤੂੰ ਗੋਰਿਆਂ ਦੀ ਧਰਤੀ ਦਾ ਅਜਿਹਾ ਕਾਲਪਨਿਕ ਪਾਤਰ ਹੈਂ ਜਿਸਨੂੰ ਸਾਰੇ ਹਾਜ਼ਰ ਨਾਜ਼ਰ ਮੰਨ ਕੇ ਕ੍ਰਿਸਮਿਸ ਦਾ ਦਿਨ ਤੇਰੇ ਨਾਲ ਅਠਖੇਲੀਆਂ ਕਰਕੇ ਮਨਾਉਂਦੇ ਹਨ। ਤੇਰੀ ਧਰਤੀ ‘ਤੇ ਆ ਕੇ ਹਰ ਵੇਲੇ ਮਨ ਮੇਰੀ ਜਨਮ ਭੂਮੀ ਤੇ ਮੇਰੀ ਕਰਮ ਭੂਮੀ ਵਿਚਲੇ ਲੱਖਾਂ ਮੀਲਾਂ ਦੇ ਪਾੜੇ ਨੂੰ ਨਾਪਦਾ ਹੀ ਕਮਲਾ ਹੋਇਆ ਰਹਿੰਦੈ। ਪਤਾ ਨਹੀਂ ਕਿ ਮੈਨੂੰ ਕਿਹੜਾ ਰੋਗ ਲੱਗਿਐ ਕਿ ਮੈਥੋਂ ਹਾਏ ਪੌਂਡ ਹਾਏ ਡਾਲਰ ਨਹੀਂ ਕਰਿਆ ਜਾਂਦਾ, ਇਸੇ ਕਰਕੇ ਹੀ ਕੁਝ ਕੁ ਵਿਹਲ ਨਿੱਕਲ ਆਉਂਦੀ ਐ ਤੇਰੇ ਵਰਗੇ ਮਹਾਨ ਲੋਕਾਂ ਨਾਲ ਗੱਲਾਂ ਕਰਨ ਦੀ…! ਯਾਰਾ, ਲੋਕਾਂ ਵਾਂਗ ਤੂੰ ਵੀ ਮੈਨੂੰ ਝੱਲਾ ਜਿਹਾ ਈ ਨਾ ਸਮਝੀਂ ਕਿ “ਆਹ ਬੰਦਾ ਐਂਵੇ ਸਾਰੀ ਦਿਹਾੜੀ ਫਿਕਰਾਂ ਸੰਸਿਆਂ ‘ਚ ਈ ਪਿਆ ਰਹਿੰਦੈ।” ਪਿਛਲੇ ਸਾਲ ਤੈਨੂੰ ਮੇਰੇ ਪਿੰਡ ਵਾਲੇ ਭੀਰੀ ਅਮਲੀ ਨੇ ਜੋ ਗੱਲਾਂ ਸੰਬੋਧਨ ਕੀਤੀਆਂ ਸਨ, ਓਹ ਮੈਂ ਹੀ ਤੈਨੂੰ “ਭੀਰੀ ਅਮਲੀ ਦੀਆਂ ਬਾਬੇ ਸੈਂਟੇ ਨੂੰ ਅਰਜ਼ਾਂ” ਦੇ ਸਿਰਲੇਖ ਹੇਠ ਚਿੱਠੀ ਲਿਖ ਕੇ ਭੇਜੀਆਂ ਸਨ। ਪਰ ਯਾਰਾ ਸਾਡੇ ਪਿੰਡ ਵਾਲਾ ਭੀਰੀ ਬਹੁਤ ਨਿਰਾਸ਼ ਹੋਇਆ ਕਿਉਂਕਿ ਉਹਨੂੰ ਉਮੀਦ ਸੀ ਕਿ ਤੂੰ ਕੋਈ ਨਾ ਕੋਈ ਜਵਾਬ ਭੇਜੇਂਗਾ। ਮੈਂ ਤਾਂ ਆਪ ਤੇਰੇ ਨਾਲ ਦੁਖ ਸੁਖ ਬਹਾਨੇ ਭੀਰੀ ਦਾ ਉਲਾਂਭਾ ਈ ਦੇਣਾ ਸੀ। ਓਹ ਤਾਂ ਇਹੀ ਕਹਿੰਦਾ ਸੀ ਕਿ ਤੈਨੂੰ ਤਾਂ ਦਸੰਬਰ ਮਹੀਨੇ ਈ ਬਾਹਲਾ ਕਸ ਹੁੰਦੈ ਕ੍ਰਿਸਮਿਸ ਕਰਕੇ, ਬਾਕੀ 11 ਮਹੀਨੇ ਤਾਂ ਤੂੰ ਵੀ ਸਾਡੇ ਭਾਰਤ ਦੇ ਮੰਤਰੀਆਂ ਸੰਤਰੀਆਂ ਵਾਂਗੂੰ ਕੰਨ ਹੇਠਾਂ ਬਾਂਹ ਰੱਖ ਕੇ ਲੰਘਾ ਦਿੰਨੈਂ। ਤੇਰੇ ‘ਤੇ ਵੀ ਦਸੰਬਰ ‘ਚ ਈ ਬਾਹਲਾ ‘ਲੋਡ’ ਹੁੰਦੈ ਜਿਵੇਂ ਸਾਡੇ ਭਾਰਤ ਦੇ ਰਾਜਨੀਤਕ ਆਗੂ ਪੰਜਾਂ ਸਾਲਾਂ ਬਾਦ ਚੋਣਾਂ ਨੇੜੇ ਆ ਕੇ ਆਵਦੇ ਘੋਰਨਿਆਂ ‘ਚੋਂ ਨਿੱਕਲ ਕੇ ਸਰਗਰਮ ਹੁੰਦੇ ਆ। ਇਹ ਤਾਂ ਭੀਰੀ ਦਾ ਉਲਾਂਭਾ ਸੀ, ਮੇਰਾ ਵੀ ਬੜਾ ਜੀਅ ਕਰਦਾ ਸੀ ਕਿ ਤੈਨੂੰ ਤੇਰੇ ਮੁਲਕ ਦੇ ਵਧੀਆ ਪ੍ਰਬੰਧ ਦੀਆਂ ਵਧਾਈਆਂ ਦੇਵਾਂ। ਏਸ ਵਾਰ ਮੈਨੂੰ ਜਰੂਰ ਉਮੀਦ ਹੈ ਕਿ ਤੂੰ ਏਸ ਖ਼ਤ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰੇਂਗਾ ਜਿਵੇਂ ਸਾਡੇ ਦੇਸ਼ ‘ਚ ਹਰ ਕੰਮ ਗਾਂਧੀ ਦੀ ਫੋਟੋ ਵਾਲੇ ਨੋਟਾਂ ਨਾਲ ਪਹਿਲਾਂ ਵਿਚਾਰਿਆ ਜਾਂਦਾ। ਬਾਈ ਸੈਂਟਿਆ, ਇਸ ਵਰ੍ਹੇ ਤੇਰੇ ਦੇਸ਼ਾਂ ‘ਚ ਸਾਡੇ ਦੇਸ਼ਾਂ ‘ਚੋਂ ਆਏ ਵਿਦਿਆਰਥੀ ਮੁੰਡਿਆਂ ਕੁੜੀਆਂ ਕਰਕੇ ਵੀ ਬਾਹਵਾ ਚਹਿਲ ਪਹਿਲ ਹੋਣੀ ਆ। ਕਿਉਂਕਿ ਗੋਰਿਆਂ ਨੇ ਵਿਦਿਆਰਥੀ ਵੀਜ਼ਿਆਂ ਦੀ ਸ਼ਰਤਾਂ ਬਹੁਤ ਨਰਮ ਕਰ ਦਿੱਤੀਆਂ ਸੀ। ਜਿਹਨਾਂ ਨੂੰ ਕੋਈ ਉਮੀਦ ਵੀ ਨਹੀਂ ਸੀ ਕਿ ਕਦੇ ਜਹਾਜ ਦਾ ਝੂਟਾ ਮਿਲੂ? ਓਹ ਵੀ ਵਿਚਾਰੇ ਆਪਣੇ ਸੁਨਿਹਰੇ ਭਵਿੱਖ ਦੀਆਂ ਚਾਬੀਆਂ ਲੱਭਣ ਤੇਰੀ ਧਰਤੀ ‘ਤੇ ਆ ਗਏ ਆਵਦੇ ਮਾਂ ਪਿਓ, ਭੈਣ ਭਰਾਵਾਂ ਨੂੰ ਅਲਵਿਦਾ ਕਹਿ ਕੇ। ਤੇਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਤਾਂ ਅਲਾਦੀਨ ਦੇ ਦੀਵੇ ਵਾਂਗੂੰ ਲੱਭਿਐ ਵਿਦਿਆਰਥੀ ਵੀਜ਼ੇ ਵਾਲਾ ਚੱਕਰ। ਵਿਚਾਰੇ ਲੋਕਾਂ ਨੇ ਘਰ, ਜਮੀਨਾਂ ਵੇਚ ਕੇ, ਗਹਿਣੇ ਰੱਖ ਕੇ ਵੀ ਆਵਦੇ ਜੁਆਕ ਪੜ੍ਹਨ ਭੇਜਤੇ। ਪਰ ਬਾਹਲੇ ਐਸੇ ਵੀ ਹੋਣਗੇ ਜਿਹਨਾਂ ਨੂੰ ਅਗਾਂਹ ਵੀਜ਼ਾ ਮਿਲਣ ਦੀ ਝਾਕ ਈ ਕੋਈ ਹੈਨੀਂ। ਜੇ ਵਾਪਸ ਮੁੜਦੇ ਆ ਤਾਂ ਲੋਕ ਮੇਹਣੇ ਮਾਰ ਮਾਰ ਮਾਰ ਦੇਣਗੇ ਜੇ ਬਿਨਾਂ ਵੀਜ਼ੇ ਤੋਂ ਰਹਿੰਦੇ ਆ ਤਾਂ ਵੀ ਜਾਨ ਚਿੜੀ ਦੇ ਬੱਚੇ ਵਾਂਗੂੰ ਫੜੱਕ ਫੜੱਕ ਤੜਫਦੀ ਰਹੂਗੀ। ਚੱਲ ਥੋਡੀਆਂ ਸਰਕਾਰਾਂ ਨੇ ਤਾਂ ਆਵਦੇ ਖ਼ਜ਼ਾਨੇ ਭਰਨੇ ਹੋਏ ਪਰ ਸਾਡੇ ਵਾਲੇ ਊਤਾਂ ਨੂੰ ਤਾਂ ਇਹ ਵੀ ਨੀ ਪਤਾ ਕਿ ਲਿਆਕਤੀ ਦਿਮਾਗਾਂ ਤੋਂ ਆਵਦੇ ਦੇਸ਼ ‘ਚ ਕੰਮ ਕਿਵੇਂ ਲਿਆ ਜਾਵੇ। ਸਗੋਂ ‘ਬਾਹਰ’ ਨਿੱਕਲ ਜਾਣ ਲਈ ਮੌਕੇ ਬਣਾ ਬਣਾ ਕੇ ਦਿੰਦੇ ਨੇ, ਰੁਜ਼ਗਾਰ ਨਹੀਂ। ਪਿੱਛੇ ਜਿਹੇ ਇੰਗਲੈਂਡ ਅੰਬੈਸੀ ਦੇ ਜਲੰਧਰ ਦਫ਼ਤਰ ‘ਚ ਅਰਜੀਆਂ ਲੈਣੀਆਂ ਬੰਦ ਕਰਤੀਆਂ, ਨੌਜ਼ਵਾਨਾਂ ਨੇ ਓਥੇ ਨਾਅਰੇਬਾਜ਼ੀ ਕਰਤੀ… ਫੇਰ ਕੀ ਸੀ ਵਿਚਾਰਿਆਂ ‘ਤੇ ਡਾਂਗ ਖੜਕੀ। ਦੂਜੇ ਦਿਨ ਲੀਡਰਾਂ ਦੇ ਬਿਆਨ ਸੀ ਕਿ ਇੰਗਲੈਂਡ ਸਰਕਾਰ ‘ਤੇ ਦਬਾਅ ਪਾਇਆ ਜਾਵੇਗਾ ਕਿ ਵੀਜ਼ਾ ਸ਼ਰਤਾਂ ਨਰਮ ਕਰੇ। ਐਹੋ ਜਿਹੇ ਊਤ ਆ ਸਾਡੇ ਆਲੇ ਤਾਂ…। ਕਿਸੇ ਕੰਜਰ ਨੇ ਏਹ ਬਿਆਨ ਨੀ ਦਿੱਤਾ ਕਿ ਅਸੀਂ ਪੰਜਾਬ ਦੇ ਨੌਜ਼ਵਾਨਾਂ ਨੂੰ ਪੰਜਾਬ ਵਿੱਚ ਹੀ ਅਜਿਹੇ ਰੁਜ਼ਗਾਰ ਦੇ ਮੌਕੇ ਦੇਵਾਂਗੇ ਕਿ ਉਹਨਾਂ ਨੂੰ ‘ਬਾਹਰ’ ਵੱਲ ਝਾਕਣ ਦੀ ਲੋੜ ਹੀ ਨਾ ਪਵੇ। ਬਾਈ ਸੈਂਟਿਆ, ਮੈਂ ਇਹ ਨਹੀਂ ਕਹਿ ਰਿਹਾ ਕਿ ਤੇਰੇ ‘ਬਾਹਰਲੇ’ ਦੇਸ਼ਾਂ ਦੀਆਂ ਸਰਕਾਰਾਂ ਗਲਤ ਹਨ ਮੈਂ ਤਾਂ ਉਹਨਾਂ ਨੂੰ ਸਲਾਮ ਵੀ ਕਹਿੰਨਾਂ ਕਿ ਜਿਹਨਾਂ ਨੇ ਸਾਡੀ ਆਪਣੀ ਜਨਮਭੂਮੀ ਦੇ ਰਾਜਨੀਤਕ ਪ੍ਰਬੰਧ ਵੱਲੋਂ ‘ਦੁਰਕਾਰਿਆਂ’ ਦੀ ਬਾਂਹ ਫੜ੍ਹੀ। ਇੱਥੇ ਕੰਮਕਾਰ ਦਿੱਤਾ ਤੇ ਹੋਰਨਾਂ ਵਾਂਗ ਉਹ ਵੀ ਹਿੱਕ ਕੱਢ ਕੇ ਤੁਰਨ ਜੋਕਰੇ ਹੋਏ। ਨਹੀਂ ਤਾਂ ਮੇਰੇ ਵਰਗੇ ਨੂੰ ਵੀ ਕਿਸੇ ਨੇ ਬੇਰਾਂ ਵੱਟੇ ਨਹੀਂ ਸੀ ਪਛਾਨਣਾ, ਸਗੋਂ ਨੌਕਰੀ ‘ਮੰਗਣ’ ਲਈ ਨਾਅਰੇ ਮਾਰਦੇ ਫਿਰਨਾ ਸੀ ਤੇ ਹਰ ਤੀਜੇ ਚੌਥੇ ਦਿਨ ਕਿਸੇ ਬੂਝੜ ਜਿਹੇ ਸਿਆਸੀ ਵਰਕਰ ਤੋਂ ਹੂਰੇ ਪੈਂਦੇ ਹੋਣੇ ਸੀ।
ਬਾਈ ਸੈਂਟਿਆ, ਮੈਂ ਵੀ ਤੈਨੂੰ ਏਹੀ ਬੇਨਤੀਆਂ ਕਰਨੀਆਂ ਸੀ ਕਿ ਜਿਵੇਂ ਤੇਰਿਆਂ ਦੇਸ਼ਾਂ ‘ਚ ਸਾਰਾ ਪ੍ਰਬੰਧ ਬੜੀ ਸਿਆਣਪ, ਸੂਝ, ਇਮਾਨਦਰੀ ਤੇ ਤਨਦੇਹੀ ਨਾਲ ਬਿਨਾਂ ਤੇਰ-ਮੇਰ ਦੇ ਹੁੰਦੈ, ਕੋਈ ਫੁਕ ਸਾਡੇ ਦੇਸ਼ ਵਾਲਿਆਂ ਦੇ ਵੀ ਕੰਨ ‘ਚ ਮਾਰਦੇ ਯਾਰ ਤਾਂ ਕਿ ਸਾਰਿਆਂ ਦੀ ਜ਼ਮੀਰ ਆਪ ਹੀ ਮਾੜੇ ਕੰਮਾਂ ਤੋਂ ਕਿਨਾਰਾ ਕਰਨ ਲੱਗ ਜਾਵੇ। ਮੈਂ ਤਾਂ ਤੈਨੂੰ ਇਹ ਵੀ ਕਹਿਣ ਨੂੰ ਫਿਰਦਾ ਸੀ ਕਿ ਜੇ ਤੇਰੇ ਹੱਥ ਵੱਸ ਹੈ ਤਾਂ ਵੀਰ ਬਣਕੇ ਆਵਦੇ ਦੇਸ਼ ਦੇ ਵਿਗਿਆਨੀਆਂ ਤੋਂ ਕੋਈ ਐਸਾ ਟੀਕਾ ਟੂਕਾ ਈ ਤਿਆਰ ਕਰਵਾ ਲੈ ਜਿਹੜਾ ਲੱਗ ਜਾਣ ਨਾਲ ਜਮੀਰ ਈ ਬਦਲ ਜਾਵੇ। ਮਿੱਤਰਾ, ਮੈਨੂੰ ਏਨਾ ਵੀ ਪਤੈ ਕਿ “ਜਿਸਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ” ਪਰ ਕੀ ਕੀਤਾ ਜਾਵੇ ਸਾਡੀਆਂ ਕੋਠੀਆਂ ‘ਚ ਦਾਣੇ ਵੀ ਬਹੁਤ ਆ ਪਰ ਸਾਡੇ ਕਮਲੇ ਵੀ ਸਿਆਣੇ ਨਹੀਂ ਹੋ ਰਹੇ। ਜਦੋਂ ਤੇਰੇ ਦੇਸ਼ ਵੱਲ ਝਾਤੀ ਮਾਰਦਾ ਹਾਂ ਤਾਂ ਮੱਲੋਮੱਲੀ ਧਾਰਮਿਕ ਪੱਖ ਤੋਂ ਸੋਚਣ ਬਹਿ ਜਾਨਾਂ। ਸਾਡੇ ਦੇਸ਼ ‘ਚ ਲੋਕਾਂ ਨੂੰ ਧਰਮ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਧਰਮਾਂ ਦੇ ਪ੍ਰਚਾਰਕ ਟਿੱਡੀ ਦਲ ਵਾਂਗੂੰ ਹਰਲ ਹਰਲ ਕਰਦੇ ਫਿਰ ਰਹੇ ਹਨ ਪਰ ਨਤੀਜਾ ਕੀ ਹੈ? ਇਉਂ ਲਗਦੈ ਜਿਵੇਂ ਦੇਸ਼ ਦੇ ਬੂਟੇ ਖੁਦ ਹੀ ਚਟਮ ਕਰ ਰਹੇ ਹੋਣ। ਤੂੰ ਵੀ ਤਾਂ ਅਖ਼ਬਾਰਾਂ ਪੜ੍ਹਦਾ ਈ ਹੋਵੇਂਗਾ ਕਿ ਕਿਵੇਂ ਲੋਕ ਅੱਜ ਵੀ ਟੂਣਿਆਂ ਟਾਮਣਾਂ ਦੇ ਜੰਜਾਲ ‘ਚ ਫਸੇ ਬੈਠੇ ਹਨ। ਕਦੇ ਕੋਈ ਤਾਂਤਰਿਕ ਹਥੌਲਾ ਪੁਆਉਣ ਆਈ ਕਿਸੇ ਦੀ ਤੀਂਵੀਂ ਨੂੰ ਲੈ ਕੇ ਫੁਰਰਰਰਰ ਹੋ ਜਾਂਦੈ, ਕਦੇ ਕਿਸੇ ਨੂੰ ਭੁਤ ਕੱਢਣ ਦੇ ਚੱਕਰ ‘ਚ ਸੰਗਲਾਂ ਨਾਲ ਨੂੜ ਦਿੱਤਾ ਜਾਂਦੈ, ਕਦੇ ਕਿਸੇ ਦੀਆਂ ਵੱਖੀਆਂ ਚਿਮਟੇ ਮਾਰ ਮਾਰ ਪੋਲੀਆਂ ਕਰ ਦਿੱਤੀਆਂ ਜਾਂਦੀਆਂ। ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਮਾਨਵਤਾ ਨੂੰ ਇੱਕ ਦੱਸਿਆ ਹੈ, ਸਾਡੇ ਲੋਕ ਤਾਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਹੀ ਜਾਤਾਂ ‘ਤੇ ਆਧਾਰਿਤ ਗੁਰੂ ਘਰ ਬਣਾ ਕੇ ਬਹਿ ਗਏ ਹਨ। ਜਿੱਥੋਂ ਤੁਰੇ ਸੀ, ਉਸੇ ਬਿੰਦੂ ‘ਤੇ ਆ ਕੇ ਫੇਰ ਚੌਂਕੜੀ ਮਾਰ ਕੇ ਬਹਿ ਗਏ ਆਂ ਅਸੀਂ। ਪੰਜਾਬ ਦੀ ਧਰਤੀ ‘ਤੇ ਤਾਂ ਇਹ ਕੁਝ ਵਾਪਰਨਾ ਹੀ ਸੀ ਅਸੀਂ ਤਾਂ ਤੇਰੀ ਧਰਤੀ ‘ਤੇ ਆ ਕੇ ਵੀ ਗੋਲਕਾਂ ਵਿੱਚ ਮਾਇਆ ਪਾਉਣ ਵਾਲੀ ਮੋਰੀ ਥਾਈਂ ਅੰਦਰ ਗਲ ਪਾ ਪਾ ਝਾਕਣੋਂ ਨਹੀਂ ਹਟ ਰਹੇ। ਅਸੀਂ ਤਾਂ ਤੇਰੇ ਦੇਸ਼ਾਂ ਦੇ ਅਖ਼ਬਾਰਾਂ ਵਿੱਚ ਵੀ ਇੱਕ ਦੂਜੇ ਦੀ ਭੰਡੀ ਕਰਕੇ ਦੱਸ ਰਹੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਕਿੰਨਾ ਕੁ ਅਮਲ ਕਰੀ ਬੈਠੇ ਆਂ ਹੁਣ ਤੱਕ? ਜੇ ਫਰਕ ਹੀ ਗਿਣਾਉਣ ਤੁਰ ਪਿਆ ਤਾਂ ਤੂੰ ਵੀ ਕਹੇਂਗਾ ਕਿ ਕੀ ਜੁਆਕਾਂ ਵਾਂਗੂ*ੰ ਰਿਹਾੜ ਕਰ ਕੇ ਬੈਠ ਗਿਐ, ਲੈ ਹੁਣ ਸੁਣ ਖੇਡਤੰਤਰ ਦੀ… ਤੇਰੇ ਦੇਸ਼ ਦੀਆਂ ਅਖ਼ਬਾਰਾਂ ਜਦ ਵੀ ਫਰੋਲਦਾਂ ਤਾਂ ਮੂੰਹੋਂ ਆਪ ਮੁਹਾਰੇ ਹੀ “ਬੱਲੇ ਓਏ ਗੋਰਿਓ” ਨਿੱਕਲ ਜਾਂਦੈ ਕਿਉਂਕਿ ਤੁਸੀਂ ਆਪਣੀ ਰਾਸ਼ਟਰੀ ਖੇਡ ਨੂੰ ਇੰਨੀ ਕੁ ਪਿਆਰ ਤੇ ਇਮਾਨਦਾਰੀ ਦੀ ਖਾਧ ਪਾਈ ਬੈਠੇ ਹੋ ਕਿ ਜੇ ਅੱਜ ਤੋਂ ਬਾਦ ਇਸ ਨੂੰ ਪਿਆਰਨਾ ਛੱਡ ਦੇਵੋ ਤਾਂ ਤੁਹਾਡੀ ਰਾਸ਼ਟਰੀ ਖੇਡ ਆਉਣ ਵਾਲੇ 3- 4 ਸੌ ਸਾਲ ਤੱਕ ਫੇਰ ਵੀ ਧੜੱਲੇ ਨਾਲ ਜਿਉਂਦੀ ਰਹਿ ਸਕਦੀ ਐ। ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਦੀਆਂ ਜੜ੍ਹਾਂ ‘ਚ ਸਾਡੇ ਆਪਣਿਆਂ ਨੇ ਹੀ ਐਨੀ ਵੱਧ ਖਾਧ ਪਾ ਕੇ ਸਾੜ ਦਿੱਤੈ ਕਿ ਜੇ ਹੁਣ ਤੋਂ ਨਵੇਂ ਸਿਰਿਉਂ ਬੂਟਾ ਤਿਆਰ ਕਰਨ ਲੱਗ ਜਾਈਏ ਤਾਂ 3-4 ਸੌ ਸਾਲ ਲੱਗਜੂ। ਤੇਰੇ ਦੇਸ਼ ‘ਚ ਹਰ ਕੰਮ ਵਿੱਚ ਕੁਝ ਨਾ ਕੁਝ ਲਗਨ ਜਰੂਰ ਹੁੰਦੀ ਐ ਪਰ ਯਾਰ ਸਾਡੇ ਆਲਿਆਂ ਨੂੰ ਤਾਂ ਹਰ ਕੰਮ ਮਗਰ ਰਾਜਨੀਤਕ ਮਕਸਦ ਹੀ ਦਿਸਦੇ ਆ।
ਹੁਣ ਗੱਲ ਕਰੀਏ ਸੱਭਿਆਚਾਰ ਦੀ, ਗੋਰਿਆਂ ਦੀ ਗੱਲ ਸੁਣ ਕੇ ਮੇਰੇ ਦੇਸ਼ ਦਾ ਅਨਪੜ੍ਹ ਬੰਦਾ ਵੀ ਇਹੀ ਸੋਚ ਲੈਂਦੈ ਕਿ ਗੋਰੇ ਲੁੱਚਬਿਰਤੀ ਦੇ ਹੁੰਦੇ ਹਨ, ਸਭ ਦੇ ਸਾਹਮਣੇ ਹੀ ਇੱਕ ਦੂਜੇ ਨੂੰ ਚੁੰਮੀ ਜਾਂਦੇ ਹਨ, ਜੱਫੀਆਂ ਪਾਈ ਜਾਂਦੇ ਹਨ। ਪਰ ਬਾਈ ਸੈਂਟਿਆ, ਮੈਂ ਖੁਦ ਇੰਨਾ ਕੁ ਜਰੂਰ ਕਹੂੰਗਾ ਕਿ ਤੁਸੀਂ ਲੋਕ ਘੱਟ ਕੱਪੜੇ ਪਾ ਕੇ ਵੀ ਢਕੇ ਹੋਏ ਹੋ ਅਤੇ ਅਸੀਂ ਸਿਰ ਤੋਂ ਪੈਰਾਂ ਤੱਕ ਢਕੇ ਹੋਣ ਦੇ ਬਾਵਜੂਦ ਵੀ ਨੰਗੇ ਆਂ। ਜੇ ਤੁਹਾਡੇ ‘ਚ ਕੋਈ ਘਾਟ ਹੁੰਦੀ ਤਾਂ ਫਿਰ ਅਸੀਂ ਪੂਛਾ ਤੁੜਾ ਕੇ ਤੁਹਾਡੇ ਦੇਸ਼ਾਂ ਵੱਲ ਨੂੰ ਜਾਣੀਕਿ ਲੁੱਚਪੁਣਾ ਦੇਖਣ ਲਈ ਕਿਉਂ ਆਵਦੇ ਧੀਆਂ ਪੁੱਤਾਂ ਨੂੰ ਧੜਾ ਧੜ ਭੇਜੀ ਜਾ ਰਹੇ ਆਂ? ਹੋਰ ਤਾਂ ਹੋਰ ਸਾਡੇ ਸੂਬੇ ਪੰਜਾਬ ‘ਚ ਤਾਂ ਸੱਭਿਆਚਾਰ ਦੇ ਨਾਂ ‘ਤੇ ਸਿਰਫ ‘ਠਰਕ’ ਭੋਰਿਆ ਜਾ ਰਿਹੈ। ਜਿਹੜੀਆਂ ਗੱਲਾਂ ਓਸ ਸਮਾਜ ‘ਚ ‘ਅਜੇ’ ਸੰਭਵ ਨਹੀਂ ਓਹ ਆਪਣੇ ਮਨ ਦੀ ਤ੍ਰਿਪਤੀ ਲਈ ਗਾ ਰਹੇ ਹਨ ਗਾਇਕ। ਕੁੜੀਆਂ ਤਾਂ ਪਹਿਲਾਂ ਹੀ ਕੁੱਖਾਂ ‘ਚ ਮਾਰੀਆਂ ਜਾ ਰਹੀਆਂ ਹਨ, ਉੱਪਰੋਂ ਗਾਇਕ ਕੁੜੀਆਂ ਨੂੰ ਹੀ ਮੁੱਖ ਰੱਖ ਕੇ ਗਾਣੇ ਗਾ ਰਹੇ ਹਨ। ਓਹ ਵੀ ਸਕੂਲਾਂ ਕਾਲਜਾਂ ਦੇ…. ਕਿਹੜਾ ਮਾਂ ਪਿਓ ਹੋਵੇਗਾ ਜਿਹੜਾ ਇਹ ਚਾਹੇਗਾ ਕਿ ਉਹਨਾਂ ਦੀ ਧੀ ਇਹਨਾਂ ਗਾਇਕਾਂ ਦੇ ਗੀਤਾਂ ਵਿਚਲੀਆਂ ਕੁੜੀਆਂ ਵਾਂਗੂੰ ਉਹਨਾਂ ਦੇ ਝਾਟੇ ਖੇਹ ਪਾਵੇ? ਕੁੜੀਆਂ ਦੇ ਕੁੱਖਾਂ ‘ਚ ਕਤਲ ਹੋਣ ‘ਚ ਸਾਡੇ ਕਲਾਕਾਰ ਵੀ ਬਰਾਬਰ ਦੇ ਭਾਗੀਦਾਰ ਹਨ। ਬਾਈ ਸੈਂਟਿਆ, ਸਾਡੀ ਮਾਨਸਿਕਤਾ ਹੀ ਇਹ ਬਣ ਗਈ ਐ ਕਿ ਅਸੀਂ ਹਰ ਚੀਜ਼ ਬੰਦਿਸ਼ ‘ਚ ਕੈਦ ਕਰ ਕੇ ਰੱਖੀ ਹੋਈ ਹੈ। ਇਸੇ ਬੰਦਿਸ਼ ਦੀਆਂ ਹੀ ਵਧੇਰੇ ਸ਼ਿਕਾਰ ਹਨ ਕੁੜੀਆਂ। ਜੇ ਗਾਇਕ ਕੁਝ ਕੁ ਸਮੇਂ ਲਈ ਲਈ ਕੁੜੀਆਂ ਨੂੰ ਰਾਹਤ ਦੇ ਦੇਣ ਤਾਂ ਸ਼ਾਇਦ ਸਮਾਜ ‘ਚ ਕੁਝ ਸੁਖਾਵਾਂਪਣ ਆ ਜਾਵੇ। ਕੁੜੀ ਦੀ ਪਸੰਦ ਨਾਪਸੰਦ ਪੁੱਛਣਾ ਸਾਡੇ ਲੋਕਾਂ ਦੇ ਦਿਮਾਗ ਦਾ ਹਿੱਸਾ ਨਹੀਂ ਬਣੀ ਅਜੇ, ਪਰ ਮੁੰਡਾ ਜੋ ਮਰਜੀ ਕਰੇ ਸਭ ਪ੍ਰਵਾਨ ਹੈ। ਸਾਡੇ ਦੇਸ਼ ‘ਚ ਤਾਂ ਜੇ ਕੁੜੀ ਮੁੰਡਾ ਆਵਦੇ ਮਨ ਦੀ ਗੱਲ ਘਰ ਵਾਲਿਆਂ ਨੂੰ ਦੱਸ ਦਿੰਦੇ ਹਨ ਤਾਂ ਓਹ ਅਣਖ ਲਈ ਖ਼ਤਰਾ ਬਣ ਜਾਂਦੇ ਹਨ। ਇਹ ਇਸੇ ਕਰਕੇ ਹੀ ਹੈ ਕਿ ਸਾਡੇ ਸੱਭਿਆਚਾਰ ਦੇ ਅਖੌਤੀ ਵਾਰਸਾਂ ਨੇ ਹਰ ਕਿਸੇ ਲਈ ਸਮਾਜਿਕ ਬਰਾਬਰਤਾ ਦੀ ਗੱਲ ਕਹੀ ਹੀ ਨਹੀਂ। ਸਗੋਂ ਗਾਇਕੀ ਦੇ ਨਾਂ ‘ਤੇ ਵੰਡੀਆਂ ਪਾਊ ਵਰਤਾਰੇ ਹੀ ਕੀਤੇ ਜਾ ਰਹੇ ਹਨ।
ਬਾਈ ਹੁਣ ਗੱਲ ਕਰੀਏ ਮਾਂ ਬੋਲੀ ਦੀ, ਯਾਰ ਥੋਡੀ ਮਾ ਬੋਲੀ ਅੰਗਰੇਜ਼ੀ ਨੂੰ ਸਭ ਇਉਂ ਮਾਂ ਕਹਿਣ ਨੂੰ ਤਿਆਰ ਫਿਰਦੇ ਆ ਜਿਵੇਂ ਗੌਂ ਵੇਲੇ ਲੋਕ ਗਧੇ ਨੂੰ ਬਾਪੂ ਕਹਿ ਦਿੰਦੇ ਹਨ। ਇਸੇ ਗੱਲੋਂ ਤੁਸੀਂ ਗੋਰੇ ਸਾਡੇ ਨਾਲੋਂ ਦਿਮਾਗੀ ਤੌਰ ਉੱਤੇ ਅਗਾਂਹ ਦਿਸਦੇ ਹੋ ਕਿਉਂਕਿ ਅਸੀਂ ਅੱਜ ਵੀ ਤੁਹਾਡੇ ਦੇਸ਼ਾਂ ‘ਚ ਆ ਕੇ ਤੁਹਾਡੀ ਹਿੱਕ ‘ਤੇ ਬੈਠ ਕੇ ਵੀ ਤੁਹਾਨੂੰ ਲਲਕਾਰੇ ਮਾਰਦੇ ਆਂ ਕਿ ਅਸੀਂ ਤੁਹਾਨੂੰ ਭਾਰਤ ‘ਚੋਂ ਕੱਢਿਆ ਸੀ ਪਰ ਧੰਨ ਐ ਤੁਹਾਡਾ ਜ਼ੇਰਾ… ਤੁਸੀਂ ਬਿਲਕੁਲ ਹੀ ਨਹੀਂ ਬੋਲਦੇ। ਅਸੀਂ ਤੁਹਾਡੇ ਦੇਸ਼ਾਂ ਦਾ ਖਾ ਕੇ ਵੀ ਤੁਹਾਨੂੰ ਅੰਮ੍ਰਿਤਸਰ ਦਾ ਬਦਲਾ ਲੈਣ ਦੀਆਂ ਗੱਲਾਂ ਕਰਦੇ ਆਂ ਜੇ ਤੁਸੀਂ ਕਦੇ ਭਾਰਤ ਜਾ ਕੇ ਕੋਈ ਐਸੀ ਗੱਲ ਕਰ ਦੇਵੋ ਤਾਂ ਪਤਾ ਨਹੀਂ ਤੁਹਾਡਾ ਕੀ ਹੋਵੇ? ਪਰ ਫੇਰ ਵੀ ਤੁਸੀਂ ਬਾਣੀਆ ਬਿਰਤੀ ਵਾਲੇ ਹੋ, ਭਾਵੇਂ ਕੋਈ ਮੂੰਹ ‘ਤੇ ਵੀ ਗਾਲ੍ਹਾਂ ਕੱਢ ਜਾਵੇ ਪਰ ਲੁਕਵੇਂ ਢੰਗ ਨਾਲ ਐਸੀ ਚਪੇੜ ਮਾਰਦੇ ਹੋ ਕਿ ਗੱਲ੍ਹ ‘ਤੇ ਨੀਲ ਸਦੀਆਂ ਤੱਕ ਪਿਆ ਰਹੂ। ਗੱਲ ਮਾਂ ਬੋਲੀ ਦੀ ਕਰ ਰਿਹਾ ਸੀ, ਅਸੀਂ ਤਾਂ ਪਹਿਲਾਂ ਹੀ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਏ ਪਏ ਆਂ, ਸਾਡੀ ਮਾਂ ਦੀ ਐਸੀ ਦੁਰਦਸ਼ਾ ਹੈ ਸਾਡੀ ਆਪਣੀ ਧਰਤੀ ‘ਤੇ ਕਿ ਸਰਕਾਰੀ ਅਫਸਰਾਂ ਨੂੰ ਵੀ ਕਾਨੂੰਨ ਦਾ ਡਰਾਵਾ ਦੇ ਕੇ ਮਾਂ ਬੋਲੀ ‘ਚ ਸਰਕਾਰੀ ਕੰਮ ਕਰਨ ਦੇ ਦਬਕੇ ਮਾਰੇ ਜਾ ਰਹੇ ਹਨ। ਇਹ ਕਿਹੜਾ ਸਤਿਕਾਰ ਹੋਇਆ ਮਾਂ ਦਾ? ਜਿਹੜਾ ਕਿਸੇ ਦਬਕੇ ਨਾਲ ਹੋਇਆ ਹੋਵੇ? ਇਹ ਤਾਂ ਓਹ ਗੱਲ ਹੋਈ ਕਿ ਜਿਵੇਂ ਕੋਈ ਪੁਲਸ ਵਾਲਾ 15 ਅਗਸਤ ਨੂੰ ਹਮਾਤੜ ਦੀ ਗਿੱਚੀ ਗਰਮ ਕਰ ਕੇ ਕਹਿੰਦਾ ਹੋਵੇ ਕਿ “ਜੈ ਹਿੰਦ ਬੋਲ ਓਏ” ਪਰ ਜੈ ਹਿੰਦ ਬੋਲਣ ਵਾਲੇ ਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਜ ਦੇ ਦਿਨ ਦਾ ਮਤਲਬ ਕੀ ਹੈ? ਤੇ ਇਹ ਝੰਡਾ ਕਿਹਨਾਂ ਦਾ ਹੈ? ਮੰਨ ਗਏ ਤੁਹਾਨੂੰ ਕਿ ਤੁਹਾਡੀ ਅਣਖ ਨੂੰ ਵੰਗਾਰਨ ਵਾਲੇ ਗੀਤ ਵੀ ਗਾ ਧਰੇ ਅਸੀਂ, ਨਿੱਤ ਭਾਸ਼ਣ ਵੀ ਕਰਦੇ ਆਂ ਪਰ ਤੁਸੀਂ ਕੁਝ ਬੋਲੇ ਨਹੀਂ ਪਰ ਕੰਮ ਨੇਪਰੇ ਵੀ ਚਾੜ੍ਹ ਦਿੱਤਾ? ਬਾਈ ਸੈਂਟਿਆ ਬੁੱਲ੍ਹਾਂ ‘ਚ ਨਾ ਹੱਸ, ਤੈਨੂੰ ਵੀ ਪਤੈ ਕਿ ਤੁਹਾਡੇ ਦੇਸ਼ਾਂ ਨੇ ਮੁੜ ਸਾਡੀ ਧਰਤੀ ਨੂੰ ਬਹੁਤ ਬੁਰੀ ਤਰ੍ਹਾਂ ਜਕੜ ਵਿੱਚ ਲੈ ਲਿਐ। ਅਜਿਹਾ ਜਕੜਿਐ ਕਿ ਅਸੀਂ ਮੁੜ ਉੱਠਣ ਜੋਗੇ ਨਹੀਂ ਰਹਿਣਾ ਕਿਸੇ ਪੰਜਾਬ ਪੁਲਸ ਦੀ ਕੁੱਟ ਦੇ ਮਾਰੇ ਕਿਸੇ ਨਿਹੱਕੇ ਵਾਂਗ। ਤੁਹਾਨੂੰ ਪਤੈ ਕਿ ਜੇ ਸਾਡੇ ਲੋਕਾਂ ਨੂੰ ਮਾਂ ਬੋਲੀ ਨਾਲੋਂ ਤੋੜ ਲਿਆ ਜਾਵੇ ਤਾਂ ਇਹ ਅੱਗੇ ਤੋਂ ਪੰਜਾਬੀ ਵਿੱਚ ਸਾਨੂੰ ਜਲ੍ਹਿਆਂ ਵਾਲੇ ਬਾਗ ਦੇ ਬਦਲੇ ਦੀਆਂ ਗੱਲਾਂ ਕਹਿਣ ਨਾਲੋਂ ਆਵਦੇ ਜੁਆਕਾਂ ਨੂੰ ‘ਟਵਿੰਕਲ ਟਵਿੰਕਲ ਲਿਟਲ ਸਟਾਰ’ ਸਿਖਾਉਣ ‘ਚ ਹੀ ਰੁੱਝੇ ਰਹਿਣਗੇ। ਬਿਲਕੁਲ ਓਵੇਂ ਹੀ ਹੋਇਐ, ਅੱਜ ਜਦੋਂ ਭਾਰਤ ਦੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ‘ਚ ਬੇਰੁਜ਼ਗਾਰ ਅਧਿਆਪਕ ਪਿੱਟ ਸਿਆਪਾ ਕਰੀ ਜਾ ਰਹੇ ਹਨ। ਸਰਕਾਰੀ ਸਕੂਲ ਕਾਗਜ਼ਾਂ ਤੱਕ ਸੀਮਤ ਰਹਿ ਗਏ ਹਨ, ਉਦੋਂ ਹਰ ਪਾਸੇ ਕਾਨਵੈਂਟ ਸਕੂਲਾਂ ਦੀ ਬੱਲੇ ਬੱਲੇ ਹੈ। ਹਰ ਕਿਸੇ ਨੂੰ ਉਮੀਦ ਹੈ ਕਿ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ‘ਚ ਪੜ੍ਹ ਕੇ ਅੰਗਰੇਜ਼ਾਂ ਦੇ ਦੇਸ਼ ਹੀ ਜਾਣ। ਇਸੇ ਦੌੜ ‘ਚ ਬਾਈ ਸੈਂਟਿਆ ਤੁਹਾਡੀ ਬੋਲੀ ਬੋਲਣ ਵਾਲੇ ਇਹਨਾਂ ਕਾਨਵੈਂਟ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਪੱਕੀ ਵਿਵਸਥਾ ਕੀਤੀ ਗਈ ਹੈ ਕਿ ਸਕੂਲਾਂ ਵਿੱਚ ਜਾਂ ਤਾਂ ਅੰਗਰੇਜ਼ੀ ਬੋਲਣੀ ਹੈ ਜਾ ਫਿਰ ਜਿੱਥੇ ਅੰਗਰੇਜ਼ੀ ‘ਚ ਗੱਡੀ ਅੜ ਜਾਂਦੀ ਹੈ ਉੱਥੇ ‘ਧੱਕਾ’ ਲਾਉਣ ਲਈ ਹਿੰਦੀ ਦਾ ਸਹਾਰਾ ਲਿਆ ਜਾਵੇ। ਪੰਜਾਬੀ ਮਾਂ ਬੋਲੀ ਦੀ ਕਬਰ ਪੰਜਾਬ ਵਿੱਚ ਹੀ ਇਸ ਕਦਰ ਪੁੱਟੀ ਜਾ ਰਹੀ ਹੈ ਕਿ ਸਕੂਲ ਵਿੱਚ ਪੰਜਾਬੀ ਬੋਲਣ ਵਾਲੇ ਜੁਆਕ ਨੂੰ ਜੁਰਮਾਨਾ ਕਰ ਦਿੱਤਾ ਜਾਦੈ। ਹਾਲਾਤ ਇਹ ਹਨ ਕਿ ਜ਼ੁਰਮਾਨੇ ਦੇ ਡਰੋਂ ਘਰਾਂ ‘ਚ ਪੰਜਾਬੀ ਮਾਂਪੇ ਵੀ ਜੁਆਕਾਂ ਨਾਲ ਹਿੰਦੀ ਅੰਗਰੇਜ਼ੀ ਦੀ ਖਿੱਚ ਧੂਹ ਕਰਦੇ ਆਮ ਹੀ ਮਿਲਣਗੇ। ਸ਼ੁੱਧ ਪੰਜਾਬੀ ਬੰਦਾ ਹਿੰਦੀ ਨਾਲ ਕਿੰਨਾ ਕੁ ਧੱਕਾ ਕਰੇਗਾ ਇਹ ਤਾਂ ਓਹ ਬਿਹਾਰੀ ਭਈਆ ਹੀ ਜਾਣਦਾ ਹੋਊਗਾ ਜਿਸਨੂੰ ਜੱਟ ਦੀ ਹਿੰਦੀ ਦੀ ਸਮਝ ਨਹੀਂ ਸੀ ਆਈ। ਚੱਲ ਤੈਨੂੰ ਵੀ ਸੁਣਾ ਦਿੰਨਾਂ, ਇੱਕ ਵਾਰੀ ਨਵਾਂ ਨਵਾਂ ਪੰਜਾਬ ਆਇਆ ਭਈਆ ਹੱਥ ‘ਤੇ ਰੋਟੀਆਂ ਰਖਵਾ ਕੇ ਜੱਟ ਦੇ ਬਰਾਬਰ ਮੰਜੇ ‘ਤੇ ਰੋਟੀ ਖਾਣ ਬਹਿ ਗਿਆ। ਜੱਟ ਖਿਝ ਕੇ ਬੋਲਿਆ, “ਓਏ ਭਈਆ, ਭੁੰਜੇ ਬੈਠ ਕੇ ਖਾਹ ਪਰਸ਼ਾਦਾ।” “ਸਰਦਾਰ ਜੀ ਯੇ ਭੁੰਜਾ ਕਿਆ ਹੋਤਾ ਹੈ?” ਸਰਦਾਰ ਜੀ ਦੀ ਪੰਜਾਬੀ ਭਈਏ ਸਿਰ ਉੱਪਰੋਂ ਇੱਲ੍ਹ ਵਾਂਗੂੰ ਲੰਘ ਗਈ। ਸਰਦਾਰ ਸਾਬ੍ਹ ਵੀ ਹੁਣ ਭਈਏ ਨੂੰ ਹਿੰਦੀ ‘ਚ ਸਮਝਾਉਣ ਲਈ ਤਿਆਰ ਹੁੰਦੇ ਬੋਲੇ, “ਭਈਏ ਹਮਾਰੇ ਪੰਜਾਬ ਮੇਂ ਯਹਾਂ ਥੱਲੇ ਕੋ ਭੁੰਜਾ ਬੋਲਤੇ ਹੈਂ।” ਬਾਈ ਆਹ ਹਾਲਾਤ ਬਣੇ ਪਏ ਆ। ਇਹਨਾਂ ਗੱਲਾਂ ਬਾਰੇ ਕੋਈ ਤੈਨੂੰ ਹੱਲ ਸੁੱਝਿਆ ਤਾਂ ਨਿਰਪੱਖ ਹੋ ਕੇ ਜਰੂਰ ਦੱਸੀਂ। ਇਸ ਬਾਰ ਤੇਰੀ ਚਿੱਠੀ ਜਰੂਰ ਆਵੇਗੀ ਮੈਨੂੰ ਪੂਰਾ ਯਕੀਨ ਹੈ।