JB pb

ਖੁਦਕੁਸ਼ੀਆਂ ਦੇ ਮੁਆਵਜੇ ਦੇਣ ਨਾਲੋਂ ਲੋਕਾਂ ਨੂੰ ਜਿਉਣ ਜੋਕਰੇ ਕਰਨ ਦੀ ਲੋੜ।

ਮਨਦੀਪ ਖੁਰਮੀ ਹਿੰਮਤਪੁਰਾ
ਪੰਜਾਬ ਦੀ ਮੌਜੂਦਾ ਸਰਕਾਰ ਉਸ ਪੰਥ ਦੇ ਨਾਂ ਨੂੰ ਢਾਲ ਵਜੋਂ ਵਰਤ ਕੇ ਲੋਕਾਂ ਤੋਂ ਵੋਟਾਂ ਦਾ ਦਾਨ ਮੰਗਦੀ ਹੈ ਜਿਸ ਪੰਥ ਦਾ ਮੁੱਢਲਾ ਕਰਮ ਹੀ “ਸਰਬੱਤ ਦਾ ਭਲਾ” ਲੋੜਨਾ ਹੈ। ਜਿਸ ਪੰਥ ਵੱਲੋਂ ਪਹਿਲੀ ਸਿੱਖਿਆ ਹੀ ਦੱਬੇ ਕੁਚਲਿਆਂ ਦੀ ਬਾਂਹ ਫੜ੍ਹਨਾ Ḕਤੇ ਜ਼ਾਲਿਮ ਅੱਗੇ ਹਿੱਕ ਡਾਹੁਣੀ ਹੈ। ਜਿਸ ਵੱਲੋਂ ਸਿੱਖਿਆ ਹੀ ਇਹ ਹੈ ਕਿ ਆਪਣੇ ਮੂੰਹ ਦੀ ਬੁਰਕੀ Ḕਚੋਂ ਵੀ ਜੇ ਹੋ ਸਕੇ ਤਾਂ ਕੁੱਝ ਹਿੱਸਾ ਅਸਲ ਲੋੜਵੰਦ ਨੂੰ ਵੀ ਦਿੱਤਾ ਜਾਵੇ। ਪਰ ਨਾ ਤਾਂ ਪੰਥ ਦੀਆਂ ਸਿੱਖਿਆਵਾਂ Ḕਤੇ ਪੰਥ ਦੇ ਅਧਿਆਪਕ ਚੱਲ ਰਹੇ ਹਨ ਤੇ ਨਾ ਹੀ ਵਿਦਿਆਰਥੀ। ਹੈਰਾਨੀ ਹੋਈ ਸੂਬੇ ਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਪੜ੍ਹ ਕੇ ਕਿ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੌਕੇ Ḕਤੇ ਹੀ ਮੁਆਵਜਾ ਦਿੱਤਾ ਜਾਵੇਗਾ। ਬੇਸ਼ੱਕ ਮੁਆਵਜੇ ਨਾਲ ਪਰਿਵਾਰ ਨੂੰ ਵਕਤੀ ਰਾਹਤ ਮਿਲੇਗੀ ਪਰ ਜਿਹੜੇ ਕਰਜਿਆਂ ਦੀ ਦਲਦਲ ਵਿੱਚ ਫਸੇ ਬੈਠੇ ਹਨ ਅਤੇ ਕੋਈ ਸੌਖ ਦਾ ਰਾਹ ਲੱਭ ਰਹੇ ਹਨ, ਉਹਨਾਂ ਲਈ ਜਲਦੀ ਖੁਦਕੁਸ਼ੀ ਕਰਨ ਦੀ ਹੱਲਾਸ਼ੇਰੀ ਵੀ ਹੈ ਇਹ ਬਿਆਨ। ਜਦੋਂ ਸਾਰੇ ਰਾਹ ਬੰਦ ਹੋ ਜਾਣ ਤਾਂ ਮਨੁੱਖ ਖੁਦ ਆਪਣੇ ਜੀਵਨ ਦਾ ਅੰਤ ਕਰਨ ਦਾ ਪੈਰ ਪੁੱਟਦੈ। ਜਦੋਂ ਸੂਬੇ ਦਾ ਮੁੱਖ ਮੰਤਰੀ ਹੀ ਆਪਣੇ ਬਿਆਨ ਅਤੇ ਝੱਟਪੱਟ ਮੁਆਵਜਾ ਦੇਣ ਦੇ ਆਦੇਸ਼ ਦੇ ਕੇ ਖੁਦ ਹੱਲਾਸ਼ੇਰੀ ਦੇ ਰਿਹਾ ਹੋਵੇ ਤਾਂ ਰੁਕੇ ਪੈਰ ਖੁਦ ਬ ਖੁਦ ਪਿੰਡੋਂ ਬਾਹਰ ਸ਼ਾਂਤ-ਚਿੱਤ ਖੜ੍ਹੇ ਬੋਹੜ ਪਿੱਪਲ ਵੱਲ ਹੋ ਤੁਰਨਗੇ। ਕਰਜੇ ਦੀ ਚਿੰਤਾ Ḕਚ ਕੰਬਦੇ ਹੱਥ ਕਿਉਂ ਨਹੀਂ ਰੱਸੇ ਨੂੰ ਗੋਲ ਗੰਢ ਪਾ ਕੇ ਨਿਸ਼ਚਿੰਤ ਹੋ ḔਸੁਰਗਾਂḔ ਦਾ ਝੂਟਾ ਲੈਣਗੇ ਕਿਉਂਕਿ ਜਿਹੜਾ ਕੰਮ ਉਹ ਜਿਉਂਦੇ ਜੀਅ ਨਹੀਂ ਕਰ ਸਕੇ, ਹੁਣ ਸਰਕਾਰ ਉਹਨਾਂ ਦੀ ਮੁਰਦਾ ਦੇਹ ਕੋਲ ਖੜ੍ਹ ਕੇ ਉਹਨਾਂ ਦੇ ਪਰਿਵਾਰ ਨੂੰ ਕਰਜੇ ਵੱਲੋਂ ਸੁਰਖਰੂ ਕਰਨ ਵਾਲਾ ਚੈੱਕ ਜੋ ਦੇਣ ਆ ਜਾਵੇਗੀ।
ਕਿਸਾਨ ਮਜ਼ਦੂਰ ਕਿਸੇ ਵੀ ਦੇਸ਼ ਦੇ ਆਰਥਿਕ ਤਾਣੇ ਬਾਣੇ ਦੇ ਪਾਵੇ ਸੇਰੂਏ ਬਣੇ ਰਹੇ ਹਨ। ਪਰ ਅੱਜ ਜੋ ਹਾਲਤ ਪੰਜਾਬ ਦੇ ਮਜ਼ਦੂਰ ਕਿਸਾਨ ਦੇ ਹਨ, ਉਹਨਾਂ ਨੂੰ ਦੇਖਕੇ ਲੱਗਦੈ ਕਿ ਜਿਸ ਸੂਬੇ ਦੇ ਪਾਵੇ ਸੇਰੂਏ ਹੀ ਕਰਜੇ ਦੀ ਸਿਉਂਕ ਨੇ ਖਾ ਲਏ ਹੋਣ, ਜਿਸ ਸੂਬੇ ਦੀ ਸਰਕਾਰ ਖੁਦ ਹਜਾਰਾਂ ਕਰੋੜ ਦੇ ਕਰਜੇ ਹੇਠ ਹੋਵੇ, ਉਸ ਸੂਬੇ ਅਤੇ ਉਸਦੀ ਆਰਥਿਕਤਾ ਦੇ ਸੁਨਿਹਰੇ ਭਵਿੱਖ ਦੀ ਉਮੀਦ ਕਰਨਾ ਫਿਲਹਾਲ ਊਠ ਦੇ ਸਿੰਗ ਉੱਗਣ ਦੀ ਆਸ ਲਗਾਉਣ ਵਾਂਗ ਜਾਪਦੈ। ਪਰ “ਕੌਣ ਸਾਹਿਬ ਨੂੰ ਆਖੇ ਕਿ ਇਉਂ ਨਹੀਂ ਇੰਝ ਕਰ?” ਇੱਕ ਪਾਸੇ ਖਾਲੀ ਖਜਾਨਾ ਡਮ ਡਮ ਵੱਜ ਰਿਹੈ, ਦੂਜੇ ਪਾਸੇ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਉਹਨਾਂ ਹੀ ਲੋਕਾਂ ਤੋਂ ਖਤਰਾ ਮੰਨਦੇ ਨੇਤਾਵਾਂ ਦੀ ਸੁਰੱਖਿਆ ਉੱਪਰ ਕਰੋੜਾਂ ਅਰਬਾ ਦਾ ਖਰਚਾ। ਲੋਕਾਂ ਤੋਂ ਵਸੂਲੇ ਜਾਂਦੇ ਟੈਕਸਾਂ Ḕਚੋਂ ਸਿਰਫ ਇਹ ਖਰਚਾ ਹੀ ਨਹੀਂ ਬਲਕਿ ਅਨੇਕਾਂ ਹੋਰ ਸਹੂਲਤਾਂ ਵੀ ਮਿਲਦੀਆਂ ਹਨ ਲੋਕਾਂ ਦੇ ਟੈਕਸ ਸਿਰੋਂ। ਹੁਣ ਤੱਕ ਦੇ ਲੋਕਤੰਤਰੀ ਰਾਜ Ḕਚੋਂ ਲੋਕਾਂ ਨੇ ਕੀ ਖੱਟਿਆ ਹੈ? ਕੀ ਹੁਣ ਤੱਕ ਉਹ ਖੁਦਕੁਸ਼ੀਆਂ ਦੇ ਮੁਆਵਜਾ ਚੈੱਕਾਂ ਖਾਤਰ ਹੀ ਸਰਕਾਰਾਂ ਚੁਣਦੇ ਆਏ ਹਨ? ਇਹ ਸਵਾਲ ਹਰ ਉਸ ਇਨਸਾਨ ਦੇ ਦਿਮਾਗ Ḕਤੇ ਘਣ ਵਾਂਗ ਵੱਜਦਾ ਹੈ ਜਿਸਨੇ ਆਪਣੇ ਦਿਮਾਗ ਨੂੰ ਕਿਸੇ ਨੇਤਾ ਦੇ ਵਾਅਦਿਆਂ ਤੇ ਲਾਰਿਆਂ ਦੀ ਤਿਜੋਰੀ Ḕਚ ਨਹੀਂ ਰੱਖਿਆ ਹੋਇਆ। ਵੋਟ ਪਾ ਕੇ ਜਿਤਾਉਣ ਵਾਲੇ ਲੋਕ ਅਕਸਰ ਹੀ ਉਮੀਦਵਾਰ ਦੀ ਜਿੱਤ ਦਾ ਐਲਾਨ ਹੋਣ ਵਾਲੇ ਦਿਨ ਹਾਰ ਜਾਂਦੇ ਹਨ। ਉਹਨਾਂ ਦੇ ਭਲੇ ਦਿਨ ਪਰਤਣ ਦੀ ਆਸ ਨਾਲ ਰੋਜ਼ਾਨਾ ਲਾਲ ਬੱਤੀ ਵਾਲੀ ਗੱਡੀ ਦੇ ਹੂਟਰਾਂ ਦੀ ਕੰਨ ਪਾੜਵੀਂ ਆਵਾਜ਼ ਬਲਾਤਕਾਰ ਕਰਦੀ ਹੈ। ਉਹ ਆਸ ਉਹ ਉਮੀਦ ਆਪਣੇ ਨਾਲ ਹੋਏ ਵਾਅਦਾ ਖਿਲਾਫੀ ਦੇ ਬਲਾਤਕਾਰ ਦੀ ਭਾਫ ਤੱਕ ਨਹੀਂ ਕੱਢਦੀ। ਚੁੱਪ ਚਾਪ ਪਿਸਦੀ ਰਹਿੰਦੀ ਹੈ ਗੁਰਬਤ ਦੇ ਪੁੜਾਂ ਵਿਚਕਾਰ। ਹਰ ਵੇਲੇ ਸੁਰੱਖਿਆ ਕਰਮੀਆਂ ਦੇ ਘੇਰੇ ਵਿੱਚ ਰਹਿਣ ਵਾਲੇ ਲੋਕ ਕੀ ਜਾਨਣ ਕਿ ਆਖਿਰ ਕਿਹੜੇ ਹਾਲਾਤ ਹਨ ਕਿ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਦੀ ਜਾਨ ਨੂੰ ਬੇਸ਼ਕੀਮਤੀ ਬਨਾਉਣ ਵਾਲੇ ਲੋਕ ਕਿਉਂ ਆਪਣੇ ਹੱਥੀਂ ਆਪਣੀ ਜਾਨ ਲੈਣ ਦੇ ਰਾਹ ਤੁਰਦੇ ਹਨ? ਕਿਹੜੇ ਹਾਲਾਤ ਹਨ ਕਿ ਹੁਣ ਕਿਸਾਨਾਂ ਦੇ ਖੇਤਾਂ Ḕਚ ਨਰਮੇ ਕਪਾਹਾਂ ਨਹੀਂ ਉੱਗਦੀਆਂ ਸਗੋਂ ਖੁਦਕੁਸ਼ੀਆਂ ਦੇ ਨਦੀਨ ਸਾਰੀ ਫਸਲ Ḕਤੇ ਅਮਰਵੇਲ ਵਾਂਗ ਪਸਰ ਜਾਂਦੇ ਹਨ? ਕਿਹੜੇ ਹਾਲਾਤ ਹਨ ਕਿ ਦੇਸ਼ ਦੇ ਨੌਜਵਾਨਾਂ ਤੋਂ ਪੜ੍ਹਾਈਆਂ ਦੇ ਨਾਂ Ḕਤੇ ਲੱਖਾਂ ਰੁਪਏ ਤਾਂ ਵਸੂਲ ਲਏ ਜਾਂਦੇ ਹਨ ਪਰ ਰੁਜ਼ਗਾਰ ਦਾ ਬੁਨਿਆਦੀ ਹੱਕ ਲੈਣ ਵੇਲੇ ਉਹਨਾਂ ਨੂੰ ਸਰਕਾਰੀ ਡਾਂਗਾਂ ਮਿਲਦੀਆਂ ਹਨ। ਕਿਹੜੇ ਹਾਲਾਤ ਹਨ ਕਿ ਲੱਖਾਂ ਰੁਪਏ ਡਿਗਰੀਆਂ Ḕਤੇ ਖਰਚ ਕੇ ਲਿਆਕਤੀ ਦਿਮਾਗ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ? ਬਾਹਰਲੇ ਦੇਸ਼ ਵਸਦੇ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ, ਹਰ ਕਿਸੇ ਦੇ ਮੂੰਹੋਂ ਇਹੀ ਆਵਾਜ਼ ਨਿੱਕਲੇਗੀ ਕਿ “ਜੇ ਦੇਸਾਂ ਵਰਗਾ ਦੇਸ ਹੁੰਦਾ ਤਾਂ ਕਿਉਂ ਆਉਂਦੇ ਪ੍ਰਦੇਸ?” ਜੇਕਰ ਕਿਸੇ ਵੀ ਰਾਜ ਦੀ ਨੀਤੀ ਤੇ ਨੀਅਤ ਸਾਫ ਹੋਵੇ ਤਾਂ ਇਹ ਹਾਲਾਤ ਕਿਸੇ ਨੂੰ ਦੇਖਣੇ ਨਾ ਪੈਣ। ਇਹੀ ਕਾਰਨ ਹੈ ਕਿ ਨੀਅਤ ਅਤੇ ਨੀਤੀ ਦੋਵੇਂ ਹੀ ਆਮ ਲੋਕਾਂ ਨੂੰ ਟੀਰ ਕੱਢ ਕੇ ਦੇਖ ਰਹੇ ਹਨ। ਜੇ ਸੂਬਾ ਸਰਕਾਰ ਨੂੰ ਕਰਜੇ ਕਾਰਨ ਖੁਦਕੁਸ਼ੀ ਕਰਨ ਲਈ ਤਿਆਰ ਬੈਠੇ ਕਿਸਾਨਾਂ ਮਜ਼ਦੂਰਾਂ ਨੂੰ ਸੱਥਰ Ḕਤੇ ਮੁਆਵਜਾ ਭੇਂਟ ਕਰਨ ਦੀ ਕਾਹਲ ਹੈ ਤਾਂ ਇਸ ਕਾਹਲ ਨੂੰ ਮਜਦੂਰਾਂ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰੀ ਦਾ ਮੋੜਾ ਦੇਣ ਲਈ ਕਿਉਂ ਨਹੀਂ ਵਰਤਿਆ ਜਾਂਦਾ? ਮਾਲਵਾ ਪੱਟੀ ਦੇ ਕਿਸਾਨਾਂ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨ ਵਾਲੇ, ਨਰਮੇ ਕਪਾਹ ਦੇ ਬੀਜਾਂ ਤੇ ਕੀਟਨਾਸ਼ਕਾਂ Ḕਚ ਘੁਟਾਲੇ ਕਰਨ ਵਾਲੇ ਅਨਸਰਾਂ ਨੂੰ ਮਿਸਾਲੀ ਸਜ਼ਾ ਕਿਉਂ ਨਹੀਂ ਦਿੱਤੀ ਗਈ? ਪ੍ਰਭਾਵਿਤ ਹੋਏ ਕਿਸਾਨਾਂ ਨੂੰ ਮਾਤਰ ਕੁਝ ਰੁਪਇਆਂ ਦੇ ਮੁਆਵਜਾ ਚੈੱਕ ਦੇ ਕੇ ਮਜਾਕ ਕਿਉਂ ਕੀਤਾ ਗਿਆ? ਬੇਸ਼ੱਕ ਸਰਕਾਰ ਇਸ ਖੁਦਕੁਸ਼ੀ ਮੁਆਵਜੇ ਪ੍ਰਤੀ ਦਿਲੋਂ ਗੰਭੀਰ ਹੋਵੇ ਪਰ ਉਹ ਦਿਨ ਵੀ ਦੂਰ ਨਹੀਂ ਜਦੋਂ ਕਰਜਾ ਤੰਗੀ ਕਰਕੇ ਮਰੇ ਮਜ਼ਦੂਰ ਕਿਸਾਨ ਦੀ ਲਾਸ਼ ਕੋਲ ਖੜ੍ਹਕੇ ਚੈੱਕ ਭੇਂਟ ਕਰਦਿਆਂ ਦੀਆਂ ਤਸਵੀਰਾਂ ਵੀ ਅਖਬਾਰਾਂ ਦਾ ਸ਼ਿੰਗਾਰ ਬਣਨਗੀਆਂ। ਉਹੀ ਮੁਆਵਜਾ ਰਾਸ਼ੀ ਦੇ ਚੈੱਕਾਂ ਦੀ ਗਿਣਤੀ ਵੋਟਾਂ ਮੰਗਣ ਵੇਲੇ ਪ੍ਰਾਪਤੀ ਦਾ ਹਿੱਸਾ ਬਣਨਗੇ ਕਿ “ਦੇਖੋ ਲੋਕੋ, ਕਰਜੇ ਦੀ ਤੰਗੀ ਪੱਖੋਂ ਮਰਿਆਂ ਲਈ ਅਸੀਂ ਐਨੀ ਰਾਸ਼ੀ ਦੇ ਚੈੱਕ ਵੰਡ ਦਿੱਤੇ।”
ਇੱਕ ਕਮਅਕਲ ਸਿਖਾਂਦਰੂ ਲੇਖਕ ਵਜੋਂ ਸੂਬੇ ਦੀ ਹਾਕਮ ਧਿਰ ਨੂੰ ਹੱਥ ਪੈਰ ਜੋੜ ਕੇ ਅਰਜਈ ਕਰਨੀ ਚਾਹਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਖੁਦਕੁਸ਼ੀਆਂ ਦੇ ਮੁਆਵਜਿਆਂ ਦੀ ਚਾਟ ਨਾ ਲਾਓ, ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਦਿਓ। ਲੋਕਾਂ ਨੂੰ ਮੌਤ ਨਹੀਂ, ਜੀਵਨ ਚਾਹੀਦਾ ਹੈ। ਕੋਈ ਪਰਿਵਾਰ ਨਹੀਂ ਚਾਹੁੰਦਾ ਕਿ ਉਹਨਾਂ ਦਾ ਪਰਿਵਾਰਕ ਮੁਖੀ ਰਾਖ ਦੀ ਢੇਰੀ Ḕਚ ਤਬਦੀਲ ਹੋ ਜਾਵੇ ਤੇ ਉਹਨਾਂ ਨੂੰ ਸਰਕਾਰ ਮੁਆਵਜਾ ਦੇਵੇ। ਜੇ ਲੋਕਾਂ ਦਾ ਭਲਾ ਹੀ ਕਰਨੈ ਤਾਂ ਉਹਨਾਂ ਦੀ ਦੋ ਡੰਗ ਦੀ ਰੋਟੀ ਦਾ ਫਿਕਰ ਮਿਟਾਓ, ਫਿਰ ਲੋਕ ਇਹ ਝਾਕ ਨਹੀਂ ਰੱਖਣਗੇ ਕਿ ਸਰਕਾਰ ਉਹਨਾਂ ਦੇ ਜੁਆਕਾਂ ਨੂੰ ਸਕੂਲਾਂ Ḕਚ ਮੁਫ਼ਤ ਖਾਣਾ ਦਿੰਦੀ ਐ ਕਿ ਨਹੀਂ? ਉਹ ਆਪਣੀਆਂ ਸਕੂਲ ਜਾਂਦੀਆਂ ਧੀਆਂ ਨੂੰ ਸਾਈਕਲ ਵੀ ਖੁਦ ਖਰੀਦ ਕੇ ਦੇਣ ਦੀ ਹਿੰਮਤ ਕਰ ਲੈਣਗੇ। ਉਹ ਆਪਣੀਆਂ ਧੀਆਂ ਦੇ ਵਿਆਹ ਵੇਲੇ ਕਿਸੇ ਸਰਕਾਰੀ ਸ਼ਗਨ ਸਕੀਮ ਵੱਲ ਕਿਉਂ ਝਾਕਣਗੇ? ਉਹਨਾਂ ਦੇ ਬਜ਼ੁਰਗ ਨਿਗੁਣੀ ਜਿਹੀ ਬੁਢਾਪਾ ਪੈਨਸ਼ਨ ਲਈ ਕਿਉਂ ਕਿਸੇ ਦੀਆਂ ਲੇਲੜ੍ਹੀਆਂ ਕੱਢਣਗੇ? ਲੋਕਾਂ ਨੂੰ ਦਿੱਤੀਆਂ ਜਾਂਦੀਆਂ ਮੁਫ਼ਤ ਸੁੱਖ ਸਹੂਲਤਾਂ ਦਾ ਜੰਜਾਲ ਤੁਹਾਡੇ ਗਲੋਂ ਉਦੋਂ ਹੀ ਲਹੇਗਾ ਜਦੋਂ ਹਰ ਪਰਿਵਾਰ ਦਾ ਹਰ ਬਾਲਗ ਰੁਜਗਾਰ-ਪ੍ਰਾਪਤ ਹੋਵੇਗਾ। ਨਹੀਂ ਤਾਂ ਲੋਕ ਸਿਰਫ ਇੱਕ ਵੋਟ ਹਨ, ਵੋਟਾਂ ਪਾਉਣ ਵਾਲੇ ਦੀ ਜਾਨ ਦੀ ਕੀਮਤ ਸਿਰਫ ਇੱਕ ਮੁਆਵਜਾ ਚੈੱਕ ਹੀ ਰਹੇਗੀ। ਮੁੱਕਦੀ ਗੱਲ ਕਿ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਦਾ ਚਾਅ ਨਹੀਂ, ਲੋਕ ਜਿਉਣਾ ਚਾਹੁੰਦੇ ਹਨ। ਉਹਨਾਂ ਨੂੰ ਜਿਉਣ ਦੇ ਮੌਕੇ ਪ੍ਰਦਾਨ ਕਰਨਾ ਹੀ ਸਰਕਾਰ ਦਾ ਪਰਮ ਧਰਮ ਬਣੇ।