Ajay Tanveer

ਗ਼ਜ਼ਲ………” ਅਜੇ ਤਨਵੀਰ “

ਜਦ ਮਿਲਿਆ ਉਹ ਪੜ੍ਹ ਸਕਿਆਂ ਮੈਂ ਉਸਦੇ ਚਿਹਰੇ ਤੋਂ ।12524310_1033584786680006_4758400145875388603_n
ਹਾਲੇ ਤੀਕਰ ਵੱਖ ਨਹੀਂ ਉਹ ਹੋਇਆ ਮੇਰੇ ਤੋਂ ।

ਜੇਕਰ ਨਿਸਚਾ ਕੀਤਾ ਹੋਵੇ ਮੰਜ਼ਿਲ ਪਾਉਣ ਲਈ ,
ਫਿਰ ਨਾ ਪਾਂਧੀ ਡਰਨ ਕਦੇ ਵੀ ਪੰਧ ਲੰਮੇਰੇ ਤੋਂ ।

ਚਾਰ ਚੁਫੇਰੇ ਨਫ਼ਰਤ ਦੀ ਅੱਗ ਏਨੀ ਫੈਲ ਗਈ ,
ਸੇਕ ਬੜਾ ਹੀ ਲੱਗੇ ਅੱਜ ਕੱਲ ਤੈਨੂੰ ਮੇਰੇ ਤੋਂ ।

ਇਸ ਨਗਰੀ ਦੇ ਚੁੱਲਿਆਂ ਦੇ ਵਿਚ ਜੰਮ ਗਿਆ ਹੈ ਘਾਹ ,
ਡਰਦੀ ਡਰਦੀ ਢਲ ਜਾਂਦੀ ਹੈ ਸ਼ਾਮ ਹਨੇਰੇ ਤੋਂ ।

ਕਾਲੀ ਰਾਤ ਅਤੇ ਜੰਗਲ ਮੈਂ ਸਹਿਮੇ ਤੱਕੇ ਹਨ ,
ਜਿਉਂ ਖੰਡਰ ਦੇ ਵਾਸੀ ਡਰਦੇ ਹੋਣ ਸਵੇਰੇ ਤੋਂ ।

ਨੈਣਾ ਵਿੱਚ ਮੁਹੱਬਤ ਕੋਸਾ ਅਥੱਰੂ ਬਣ ਜਾਂਦੀ ,
ਤੇਰਾ ਹਾਲ ਜਦੋਂ ਵੀ ਪੁਛਦਾ ਕੋਈ ਮੇਰੇ ਤੋਂ ।

ਰੁੱਖਾਂ ਵਰਗਾ ਜੇਰਾ ਅੰਦਰ ਪੈਦਾ ਕਰ ‘ ਤਨਵੀਰ ” ,
ਲੋਕੀ ਛਾਵਾਂ ਵਰਗਾ ਕੁਝ ਕੁਝ ਚਾਹੁੰਦੇ ਤੇਰੇ ਤੋਂ ।