ਗਾਇਕੀ ਛੱਡ ਸਿਆਸਤ ਰਾਸ ਨਾ ਆਈ ਮੁਹੰਮਦ ਸਦੀਕ ਨੂੰ…!!!

ਚੰਡੀਗੜ੍ਹ (ਸੁਖਜਿੰਦਰ ਮਾਨ) : ਪੰਜਾਬੀ ਗਾਇਕੀ ਦੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ ਨੂੰ ਗਾਇਕੀ ਛੱਡ ਕੇ ਸਿਆਸਤ ਵਿਚ ਆਉਣਾ ਰਾਸ ਨਹੀਂ ਆਇਆ। ‘ਲੋਕ ਸੁਖੀ ਪਰਲੋਕ ਸੁਹੇਲੇ’ ਦੀ ਕਹਾਵਤ ਨੂੰ ਮੁੱਖ ਰੱਖ ਕੇ ਸਿਆਸਤ ਵਿਚ ਆਉਣ ਤੋਂ ਬਾਅਦ ਲੋਕਾਂ ਦੀ ਸੇਵਾ ਦਾ ਸੁਪਨਾ ਮਿੱਟੀ ਵਿਚ ਮਿਲ ਗਿਆ। ਲੋਕਾਂ ਦੇ ਨੁਮਾਇੰਦਿਆਂ ਦੀ ਬਜਾਏ ਹਲਕਾ ਇੰਚਾਰਜ ਲਗਾਉੁਣ ਦੀ ਪੁੱਠੀ ਰੀਤ ਨੇ 17ptnw42ਚੁਣੇ ਹੋਏ ਪ੍ਰਤੀਨਿਧਾਂ ਨੂੰ ਕੱਖੋਂ ਹੌਲੇ ਕਰ ਕੇ ਰੱਖ ਦਿਤਾ। ਅੱਜ ‘ਮੇਰੇ ਸੋਹਣੇ ਦੇਸ਼ ਪੰਜਾਬ ‘ਚ’ ਲੋਕਾਂ ਦੇ ਨੁਮਾਇੰਦਿਆਂ ਦੀ ਸਿਪਾਹੀ ਵੀ ਨਹੀਂ ਸੁਣਦਾ ਜਦਕਿ ਲੋਕਾਂ ਦੇ ਨਕਾਰਿਆਂ ਦੇ ਪਿੱਛੇ ਸਾਰਾ ਪ੍ਰਸ਼ਾਸਨ ਘੁੰਮਦਾ ਹੈ। ਇਹ ਸਾਰਾ ਉਬਾਲ ਉਕਤ ਪੰਜਾਬੀ ਗਾਇਕ ਦੇ ਮਨ ਵਿਚ ਭਰਿਆ ਪਿਆ ਹੈ। ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ, ”ਮੈਂ ਕਦੇ ਸਿਆਸਤ ਵਿਚ ਆਉੁਣ ਬਾਰੇ ਸੋਚਿਆ ਨਹੀਂ ਸੀ। ਕਾਂਗਰਸ ਨਾਲ ਹਮੇਸ਼ਾ ਦਿਲੋਂ ਮੁਹੱਬਤ ਰਹੀ, ਪਾਰਟੀ ਨੇ ਬਿਨਾਂ ਕਹੇ ਟਿਕਟ ਦਿਤੀ ਤਾਂ ਹਾਈ ਕਮਾਨ ਦਾ ਮਾਣ ਤੋੜਣ ਦਾ ਹੌਸਲਾ ਨਾ ਪਿਆ ਪਰ ਮੈਨੂੰ ਇਹ ਕਦੇ ਵੀ ਪਤਾ ਨਹੀਂ ਸੀ ਕਿ ਸਿਆਸਤ ਏਨੀ ਗੰਧਲੀ ਹੋ ਗਈ ਹੈ।” 

ਉਨ੍ਹਾਂ ਕਿਹਾ ਕਿ ਸਿਆਸਤ ਵਿਚ ਆਉਣ ਦਾ ਫ਼ੈਸਲਾ ਪੈਸੇ ਕਮਾਉਣ ਜਾਂ ਸ਼ੋਹਰਤ ਕਮਾਉਣ ਲਈ ਨਹੀਂ ਕੀਤਾ ਸੀ ਪਰ ਸਾਫ਼ ਸੁਥਰੀ ਗਾਇਕੀ ਦੀ ਤਰ੍ਹਾਂ ਇਥੇ ਵੀ ਜੋ ਸਰਕਾਰੀ ਤਾਕਤ ਨਾਲ ਗ਼ਰੀਬ ਤੇ ਬੇਧਨੇ ਲੋਕਾਂ ਦੀ ਸੇਵਾ ਕਰਨ ਦੀ ਜੋ ਤਮੰਨਾ ਸੀ, ਉਹ ਦਿਲ ਵਿਚ ਹੀ ਰਹਿ ਗਈ। ਇਸ ਦਾ ਉਸ ਨੂੰ ਬਹੁਤ ਦੁਖ ਹੋਇਆ। ਜਨਾਬ ਸਦੀਕ ਨੂੰ ਇਸ ਗੱਲ ਦਾ ਵੀ ਭਾਰੀ ਸ਼ਿਕਵਾ ਹੈ ਕਿ ਲੀਡਰਾਂ ਦੇ ਨਾਲ–ਨਾਲ ਅੱਜ ਅਫ਼ਸਰਾਂ ਵਿਚ ਵੀ ਪਹਿਲਾਂ ਜਿਹੀ ਹਿੰਮਤ ਤੇ ਸੱਚ ਕਹਿਣ ਦੀ ਜੁਰਅਤ ਨਹੀਂ ਰਹੀ। ਉਨ੍ਹਾਂ ਕਿਹਾ ਕਿ ਕਿੰਨੇ ਦੁਖ ਦੀ ਗੱਲ ਹੈ ਕਿ ਪੰਜਾਬ ਵਿਚ ਅੱਜ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਿਪਾਹੀ ਵੀ ਨਹੀਂ ਸੁਣਦਾ ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਪਿੱਛੇ ਸਾਰਾ ਪ੍ਰਸ਼ਾਸਨ ਭੰਬੀਰੀ ਵਾਂਗ ਘੁੰਮਦਾ ਰਹਿੰਦਾ ਹੈ। ਬਰਨਾਲਾ ਜ਼ਿਲ੍ਹੇ ਦੇ ਭਦੌੜ ਹਲਕੇ ਵਿਚੋਂ ਪਿਛਲੀ ਸਰਕਾਰ ਵਿਚ ਮੁੱਖ ਮੰਤਰੀ
ਸ: ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਪਹਿਲੇ ਹੀ ਹੱਲੇ ਵਿਧਾਨ ਸਭਾ ਵਿਚ ਪੁੱਜਣ ਵਾਲੇ ਮੁਹੰਮਦ ਸਦੀਕ ਦਾ ਕਹਿਣਾ ਹੈ, ”ਬੇਸ਼ੱਕ ਅੱਜ ਐਮ.ਐਲ.ਏ ਬਣ ਕੇ ਮਾਣ–ਸਨਮਾਨ ਤਾਂ ਮਿਲ ਰਿਹਾ ਹੈ ਪਰ ਪਾਵਰ ਨਹੀਂ ਮਿਲੀ।”
ਉੁਨ੍ਹਾਂ ਕਿਹਾ ਕਿ ਅੱਜ ਸਿਆਸਤ ਜਾਂ ਤਾਂ ਪੈਸੇ ਵਾਲੇ ਦੀ ਰਹਿ ਗਈ ਹੈ ਜਾਂ ਫਿਰ ਪਾਵਰ ਵਾਲੇ ਦੀ, ਇਥੇ ਆਮ ਬੰਦੇ ਨੂੰ ਕੋਈ ਨਹੀਂ ਪੁਛਦਾ।”
ਗਾਇਕੀ ਛੱਡ ਕੇ ਸਿਆਸਤ ਵਿਚ ਆਉੁਣ ਕਾਰਨ ਹੋਣ ਵਾਲੇ ਫ਼ਾਈਦੇ ਜਾਂ ਨੁਕਸਾਨ ਪੁਛਣ ਬਾਰੇ ਉਨ੍ਹਾਂ ਕਿਹਾ, ”ਗਾਇਕੀ ਮੇਰਾ ਪਹਿਲਾ ਪਿਆਰ ਹੈ, ਇਸ ਨੂੰ ਮੈਂ ਕਦੇ ਨਹੀਂ ਛੱਡ ਸਕਦਾ, ਰੋਜ਼ੀ–ਰੋਟੀ ਵੀ ਮੇਰੇ ਇਸੇ ਤੋਂ ਚਲਦੀ ਹੈ, ਸਿਆਸਤ ਵਿਚ ਆਉਣ ਤੋਂ ਬਾਅਦ ਵੀ ਲੋਕ ਮੈਨੂੰ ਪਹਿਲਾਂ ਜਿੰਨਾਂ ਹੀ ਪਿਆਰ ਕਰਦੇ ਹਨ।” ਹਲਕੇ ਵਿਚ ਪੇਸ਼ੇਵਾਰ ਗਾਇਕੀ ਨਾ ਕਰਨ ਸਬੰਧੀ ਲਏ ਸਟੈਂਡ ਬਾਰੇ ਪੁਛਣ ‘ਤੇ ਉੁਨ੍ਹਾਂ ਹਸਦੇ ਹੋਏ ਕਿਹਾ, ”ਭਦੌੜ ਹਲਕੇ ਦੇ ਲੋਕਾਂ ਦਾ ਮੈਂ ਨੁਮਾਇੰਦਾ ਹਾਂ, ਇਥੇ ਪੈਸੇ ਲੈ ਕੇ ਨਹੀਂ ਗਾ ਸਕਦਾ ਪਰ ਫਿਰ ਵੀ ਜਦ ਕਿਸੇ ਪ੍ਰੋਗਰਾਮ ‘ਤੇ ਜਾਂਦਾ ਹਾਂ ਤਾਂ ਲੋਕ ਇਕ–ਦੋ ਗਾਣੇ ਗਾਉਣ ਦੀ ਫ਼ਰਮਾਇਸ਼ ਜ਼ਰੂਰ ਕਰਦੇ ਰਹਿੰਦੇ ਹਨ।” ਸਿਆਸਤ ਵਿਚ ਅੱਗੇ ਬਾਰੇ ਕੀ ਸੋਚਿਆ ਹੈ, ਦਾ ਦ੍ਰਿੜ ਜਵਾਬ ਦਿੰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਹੁਣ ਉਹ ਸਿਆਸਤ ਦੇ ਮੈਦਾਨ ਵਿਚੋਂ ਵੀ ਨਹੀਂ ਭੱਜਾਂਗਾ, ਹਾਲਾਂਕਿ ਮੈਨੂੰ ਭਜਾਉਣ ਲਈ ਕੇਸ ਵੀ ਪਾਏ ਗਏ ਹਨ ਪਰ ਜਿੰਨੇ ਜੋਗਾ ਹੋਇਆ, ਹਲਕੇ ਦੇ ਲੋਕਾਂ ਲਈ ਜ਼ਰੂਰ ਕਰਦਾ ਰਹਾਂਗਾ।” ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਭਦੌੜ ਤੋਂ ਉਮੀਦਵਾਰ ਰਹੇ ਦਰਬਾਰਾ ਸਿੰਘ ਗੁਰੂ ਨੇ ਅਪਣੀ ਹਾਰ ਪਿੱਛੋਂ ਮੁਹੰਮਦ ਸਦੀਕ ਵਿਰੁਧ ਅਪੀਲ ਦਾਖ਼ਲ ਕੀਤੀ ਕਿ ਸਦੀਕ ਨੇ ਅਨੁਸੂਚਿਤ ਜਾਤੀ ਦਾ ਸਰਟੀਫ਼ੀਕੇਟ ਫ਼ਰਜ਼ੀ ਬਣਾਇਆ ਹੋਇਆ ਹੈ, ਇਸ ਲਈ ਉਸ ਦੀ ਵਿਧਾਇਕੀ ਰੱਦ ਕੀਤੀ ਜਾਵੇ। ਇਸ ਕੇਸ ਦੀ ਸੁਣਵਾਈ ਹੁਣ ਅਗਲੀ 19 ਤਰੀਕ ਨੂੰ ਹੋਣੀ ਹੈ।