ਛੇੜ ਪਤੰਦਰਾਂ ਨੂੰ …….ਕਮਲਜੀਤ ਰਾਏ ਟਰੰਟੋ

ਪਿੰਡ ਦੀ ਸੱਥ ਚ ਚਾਰ ਪੰਜ ਜਣੇ ਸੁਰਗਾਂ ਨੂੰ ਪੌੜੀ ਲਾਈ ਬੈਠੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰ ਰਹੇ ਸੀ । ਉਹਨਾਂ ਚੋਂ ਇੱਕ ਪੈਰਾਂ ਭਾਰ ਬੈਠਾ, ਖੇਸ ਦੇ ਬੰਬਲ਼ ਵੱਟ ਰਿਹਾ ਸੀ । ਤੁਸੀਂ ਸਮਝ ਗਏ ਹੋਵੋਗੇ ਮੈਂ ਕਿੰਨ੍ਹਾਂ ਦੀ ਗੱਲ ਕਰ ਰਿਹਾਂ ।

ਚਰਚਾ ਦਾ ਵਿਸ਼ਾ ਇਹ ਸੀ ਕਿ ਰੇਲ ਗੱਡੀ ਲੀਹ ਤੇ ਕਿਵੇਂ ਚਲਦੀ ਆ , ਪਤਲੇ – ੨ ਗਾਡਰਾਂ ਤੋਂ ਉੱਤਰਦੀ ਕਿਉਂ ਨਹੀ । ਕੋਲ਼ ਖੜ੍ਹੇ ਇੱਕ ਸਕੂਲ ਅਧਿਆਪਕ ਜੀ ਵੀ ਵਿਚਾਰ ਚਰਚਾ ਚ ਹਿੱਸਾ ਲੈ ਰਹੇ ਸੀ , ਉਹ ਉਹਨਾਂ ਨੂੰ ਗੱਡੀ ਦੇ ਲਾਈਨ ਤੇ ਚੱਲਣ ਦੀ ਤਕਨੀਕ ਬਾਰੇ ਸਮਝਾਉਣ ਲੱਗੇ, ਕਿ ਗੱਡੀ ਦੇ ਪਹੀਏ ਅੰਦਰਲੇ ਪਾਸਿਉਂ ਵਧਵੇਂ ਹੁੰਦੇ ਆ ਉਹ ਦੋਹੀਂ ਪਾਸੀਂ ਗਾਡਰਾਂ ਦੇ ਨਾਲ਼ ਲੱਗੇ ਹੁੰਦੇ ਆ ।
ਅੱਗਿਉਂ ਉਹ ਆਪਣੇ ਆਪ ਵਿੱਚ ਸੰਪੂਰਨ ਵਿਦਵਾਨ, ਕਿਵੇਂ ਬਰਦਾਸ਼ਤ ਕਰਨ ਕਿ ਇੱਕ ਕਿਤਾਬੀ ਬੰਦਾ ਸਾਨੂੰ ਮੱਤਾਂ ਦੇਵੇ ।
                 ਜਿਹੜਾ ਖੇਸ ਦੇ ਬੰਬਲ਼ ਵੱਟੀ ਜਾਂਦਾ ਸੀ ਉਹ ਮਾਸਟਰ ਜੀ ਦੀ ਗੱਲ ਵਿਚਾਲ਼ਿਉਂ ਕੱਟ ਕੇ ਉੱਚੀ ਸੁਰ ਚ ਬੋਲਿਆ,” ਲੈ ਬਈ ਦਰਸਣਾਂ , ਇਕੇਰਾਂ ਦੀ ਗੱਲ ਆ ਬਰਨਾਲ਼ਿਉਂ ਆਈਏ ਰੇਲ ਘੱਡੀ ਚ ਬੈਠੇ , ਭਾਈ ਘੱਡੀ ਲੀਹ ਤੋਂ ਉੱਤਰਗੀ ਤੇ ਹੋਗੀ ਕਮਾਦਾਂ ਬਿਚਦੀ ਸਿੱਧੀ , ਛੂਕਦੀ ਤੁਰੀ ਜਾਵੇ, ਕੇੜ੍ਹਾ ਜੰਮਿਆਂ ਮਾਈ ਦਾ ਲਾਲ਼ ਫੇਰ ਉਹਨੂੰ ਰੋਕਣ ਆਲ਼ਾਂ , ਬਾਈ ਹਬੜਾ ਦਬੜੀ ਮੱਚਗੀ , ਦੇਖਲ਼ਾ ਬਈ ਜੇੜ੍ਹਾ ਬਾਰੀ  ਚੋਂ ਸਿਰ ਬਾਰ੍ਹ ਕੱਢੇ, ਗੰਨਾ ਫਾੜ੍ਹ ਦੇਣੇ ਕੰਨ ਤੇ ਬੱਜੇ, ਅਗਲਾ ਝਟ ਦੇਣੇ ਸਿਰ ਅੰਦਰ ਕਰਲੇ, ਜੇੜ੍ਹਾ ਸਿਰ ਬਾਰ੍ਹ ਕੱਢੇ ਗੰਨਾ…………।
     ਗੱਡੀ ਰੁਕਣ ਦਾ ਨਾਂਅ ਨਾ ਲੈਂਦੀ ਦੇਖ, ਮਾਸਟਰ ਜੀ ਨੇ ਤਾਂ ਉਥੋਂ ਖਿਸਕਣ ਚ ਹੀ ਭਲਾਈ ਸਮਝੀ । ਮਾਸਟਰ ਜੀ ਦੀ ਉੱਥੋਂ ਤੁਰਨ ਦੀ ਦੇਰ ਸੀ , ਨਾਲ਼ ਦੀ ਨਾਲ਼ ਹੀ ਉਹਨੇ ਗੱਡੀ ਰੋਕਤੀ, ਤੇ ਖਚਰੀ ਜਿਹੀ ਹਾਸੀ ਹੱਸ ਕੇ ਕਹਿੰਦਾ,” ਹੁੰਅ…., ਸਾਨੂੰ ਪੜ੍ਹਿਆਂ ਨੂੰ ਭੜੌਂਦਾ ।।।
                                                                                                              .