ਜਿੰਦੇ ਕੁੰਡੇ ਲਾ ਲੋ…….. ।

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਬੇਸ਼ੱਕ ਸਿਆਸਤ (ਅਖੌਤੀ) ਦੇ ਨਾਂ ‘ਤੇ ਬਿਆਨਬਾਜ਼ੀਆਂ ਰਾਹੀਂ ਇੱਕ ਦੂਜੇ ਨੂੰ ਖੂੰਡਿਆਂ ਨਾਲ ਸ਼ੋਧਣ ਜਾਂ ਫਿਰ ਕਿਰਪਾਨਾਂ ਨਾਲ ਸਿਰ ਲਾਹ ਦੇਣ ਦੀਆਂ ਜੱਭਲੀਆਂ ਪੰਜਾਬ ਦੇ ਕੱਦਾਵਰ ਆਗੂ ਹੀ ਮਾਰਦੇ ਆਏ ਹਨ। ਨਾ ਤਾਂ ਕਾਗਰਸੀ ਸਾਬਕਾ ਮੁੱਖ ਮੰਤਰੀ ਨੇ ਆਪਣੇ ਪਿਛਲੇ ਵਰ੍ਹਿਆਂ ਦੌਰਾਨ ਦਿੱਤੇ ਬਿਆਨਾਂ ਅਨੁਸਾਰ ਅਕਾਲੀ ਆਗੂਆਂ ਦੇ ਪਜਾਮਿਆਂ ‘ਚ ਚੂਹੇ ਛੱਡੇ ਤੇ ਨਾ ਹੀ ਕਿਸੇ ਸੱਤਾਧਾਰੀ ਆਗੂ ਨੇ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਤੌਰ ‘ਤੇ ਬਲੈਕਮੇਲ ਕਰਨ ਦੀ ਕਸਰ ਛੱਡੀ। ਪੰਜਾਬ ਦੀਆਂ ਇਹਨਾਂ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ਦੇ ਪੁੱਤਾਂ ਨੂੰ ਉਕਸਾ ਕੇ ਜਰੂਰ ਡਾਂਗੋ-ਡਾਂਗੀ ਕਰਵਾਉਣ ਦੀ ਕਸਰ ਨਹੀਂ ਛੱਡੀ। ਅੱਜ ਦੋਵੇਂ ਧਿਰਾਂ ਇੱਕ ਦੂਜੇ ਸਿਰ ਇਲਜਾਮ ਮੜ੍ਹਦੀਆਂ ਹਨ ਕਿ ਅਕਾਲੀਆਂ ਨੇ ਕਾਂਗਰਸੀ ਸਰਪੰਚਾਂ ਜਾਂ ਕਾਂਗਰਸੀਆਂ ਨੇ ਅਕਾਲੀ ਸਰਪੰਚਾਂ ਸਿਰ ਝੂਠੇ ਪਰਚੇ ਦਰਜ਼ ਕਰਵਾਏ ਹਨ। ਪਿੰਡਾਂ ਵਿੱਚ ਵਸਦੇ ਲੋਕ ਪਹਿਲਾਂ ਸਿਰਫ ‘ਪਿੰਡਵਾਸੀ’ ਹੀ ਹੁੰਦੇ ਸਨ ਪਰ ਅੱਜ ਇਹਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਸਟੇਜਾਂ ‘ਤੇ ਖੜ੍ਹ ਕੇ ਬਾਹਾਂ ਉਲਾਰ ਉਲਾਰ ਕੇ ਮਾਰੇ ‘ਪੰਪਾਂ’ ਕਾਰਨ ਲੋਕ ਸਿਰਫ ‘ਮਨੁੱਖ’ ਨਾ ਰਹਿ ਕੇ ਜਾਂ ਅਕਾਲੀ ਹੋ ਗਏ ਹਨ ਜਾਂ ਕਾਗਰਸੀ। ਜਿਹਨਾਂ ਨੂੰ ਪਾਰਟੀ ਸੇਵਾ ਦਾ ਫਤੂਰ ਧਤੂਰੇ ਦੇ ਨਸ਼ੇ ਵਾਂਗ ਜਿਆਦਾ ਚੜ੍ਹ ਗਿਆ, ਉਹ ‘ਸਵਰਗਵਾਸੀ’ ਵੀ ਹੋ ਗਏ ਹੋਣਗੇ ਪਾਰਟੀ ਬਾਜੀ ਦੀਆਂ ਲੜਾਈਆਂ ‘ਚ।
ਬੀਤੇ ਕੁਝ ਕੁ ਦਿਨਾਂ ਤੋਂ ਲੋਕਾਂ ਦੀ ਚਰਚਾ ਦਾ ਮੁੱਖ ਵਿਸ਼ਾ ਸਿਆਸਤ ਹੀ ਰਹੀ ਹੈ ਬੇਸ਼ੱਕ ਉਹ ਫਰੀਦਕੋਟ ਦਾ ਸ਼ਰੂਤੀ ਅਗਵਾ ਕਾਂਡ ਹੋਵੇ ਜਾਂ ਛੇਹਰਟਾ ਦੇ ਪੁਲਿਸ ਮੁਲਾਜ਼ਮ ਰਵਿੰਦਰਪਾਲ ਸਿੰਘ ਦਾ ਕਤਲ ਹੋਵੇ ਜਾਂ ਗੁਰਦਾਸਪੁਰ ‘ਚ ਇੱਕ ਹੋਮਗਾਰਡ ਜਵਾਨ ਦੀ ਵਰਦੀ ਪਾੜਨ ਦੀ ਘਟਨਾ ਹੋਵੇ ਜਾਂ ਫਿਰ ਬਠਿੰਡੇ ਦੀ ਇੱਕ ਕੌਂਸਲਰ ਬੀਬੀ ਦੇ ਸਪੂਤ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਹੋਵੇ। ਥੋੜ੍ਹੇ ਜਿਹੇ ਸਮੇਂ ‘ਚ ਹੀ ਵਾਪਰੀਆਂ ਇਹਨਾਂ ਘਟਨਾਵਾਂ ‘ਚ ਮੁੱਖ ਦੋਸ਼ੀਆਂ ਵਜੋਂ ਸ਼ਾਮਿਲ ਬੁੱਢੇ ਠੇਰੇ ਨਹੀਂ ਸਗੋਂ ਅੱਲੜ੍ਹ ਉਮਰ ਦੇ ਅਕਾਲੀ ਧਿਰ ਨਾਲ ਸੰਬੰਧਤ ‘ਅਣਥੱਕ ਵਰਕਰ’ ਹੀ ਹਨ। ਫਰੀਦਕੋਟ ਕਾਂਡ ਨਾਲ ਸੰਬੰਧਤ ਨਿਸ਼ਾਨ ਸਿੰਘ ਦੀਆਂ ਤਾਰਾਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਕਾਲੀ ਦਲ ਨਾਲ ਜੁੜਦੀਆਂ ਦੱਸੀਆਂ ਜਾਂਦੀਆਂ ਹਨ ਪਰ ਵਰਦੀਧਾਰੀ ਏæ ਐੱਸ਼ ਆਈæ ਰਵਿੰਦਰਪਾਲ ਸਿੰਘ ਦਾ ਕਾਤਲ ਰਣਜੀਤ ਸਿੰਘ ਰਾਣਾ ਤਾਂ ਜਿਲ੍ਹਾ ਯੂਥ ਦਲ ਦਾ ਜਨਰਲ ਸਕੱਤਰ ਸੀ। ਗੁਰਦਾਸਪੁਰ ‘ਚ ਜਿਸ ਨੌਜਵਾਨ ਨੇ ਟਰੈਫਿਕ ਪੁਲਸ ਮੁਲਾਜ਼ਮ ਗੁਰਨਾਮ ਸਿੰਘ ਦੀ ਚਿੱਟੀ ਵਰਦੀ ‘ਤੇ ਆਵਦੀ ਸਿਆਣਪ ਦਾ ਚਿੱਕੜ ਡੀæ ਐੱਸ਼ ਪੀæ (ਟਰੈਫਿਕ) ਦੀ ਹਾਜਰੀ ‘ਚ ਸੁੱਟਿਆ, ਉਹ ਵੀ ਸਿਰਕੱਢ ਅਕਾਲੀ ਆਗੂ ਦਾ ਰਿਸ਼ਤੇਦਾਰ ਹੈ। ਬਠਿੰਡਾ ‘ਚ ਇੱਕ ਅਕਾਲੀ ਕੌਂਸਲਰ ਬੀਬੀ ਸੁਰਿੰਦਰਪਾਲ ਕੌਰ ਚੋਟੀਆਂ ਦੇ ਫਰਜੰਦ ਨੇ ਆਵਦੇ ਪਿਓ ਦੇ ਲਾਇਸੰਸੀ ਅਸਲੇ ਨਾਲ ਚੰਗਾ ਖਰੂਦ ਪਾਇਆ। ਇਹਨਾਂ ਯੂਥ ਦਲ ਦੇ ਵਰਕਰਾਂ ਵੱਲੋਂ ਲੋਕਾਂ ਦੀ ਬਰੂਦ-ਸੇਵਾ ਕਰਨ ਦਾ ਅਮਲ ਇੱਕ ਜਾਂ ਦੋ ਦਿਨਾਂ ਦੀ ਗੱਲ ਨਹੀਂ ਹੈ। ਥੋੜ੍ਹਾ ਜਿਹਾ ਪਿਛਾਂਹ ਨੂੰ ਮੁੜ ਕੇ ਦੇਖੋ ਤਾਂ ਜਿਵੇਂ ਕਾਂਗਰਸ ਸਰਕਾਰ ਵੇਲੇ ਬੇਰੁਜ਼ਗਾਰ ਅਧਿਆਪਕ ਕਾਂਗਰਸੀ ਰੈਲੀਆਂ ‘ਚ ਨਾਅਰੇ ਮਾਰਨ ਪਹੁੰਚ ਜਾਂਦੇ ਸਨ ਤਾਂ ਕਾਂਗਰਸੀ ਵਰਕਰ ਉਹਨਾਂ ਹੱਕ ਮੰਗਦੇ ਬੇਰੁਜ਼ਗਾਰਾਂ ਨੂੰ ਇਹ ਭੁੱਲ ਕੇ ਕੁਟਾਪਾ ਚਾੜ੍ਹਨਾ ਪਰਮ-ਧਰਮ ਸਮਝਦੇ ਸਨ ਬਿਲਕੁਲ ਉਸੇ ਤਰ੍ਹਾਂ ਹੀ ਅਕਾਲੀ ਵਰਕਰਾਂ ਨੇ ਵੀ ਬੇਰੁਜ਼ਗਾਰ ਅਧਿਆਪਕਾਂ ‘ਤੇ ਖੁਬ ‘ਹੱਥ ਸਿੱਧੇ ਕੀਤੇ’….ਘਰੇ ਵਹੁਟੀ ਤੋਂ ਘੁਰਕੀਆਂ ਖਾਣ ਵਾਲੇ ਵੀ ਹਾਕਮਾਂ ਅੱਗੇ ਵਫਾਦਾਰੀ ਦਿਖਾਉਣ ਦੀ ਕਸਰ ਨਹੀਂ ਸੀ ਛੱਡਦੇ। ਜੇ ਇੱਕ ਤੋਤੀ ਨਾਂ ਦੇ ਅਕਾਲੀ ਸਰਪੰਚ ਖਿਲਾਫ ਬੇਰੁਜ਼ਗਾਰ ਲੜਕੀ ਵਰਿੰਦਰਪਾਲ ਕੌਰ ਦੇ ਥੱਪੜ ਮਾਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਹੁੰਦਾ ਜਾਂ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਮੌਜੂਦਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਹੱਥ ਵਟਾਉਂਦਿਆਂ ਗੁਰਦੁਆਰਾ ਹਾਜੀ ਰਤਨ ਵਿਖੇ ਨੰਨ੍ਹੀਆਂ ਛਾਵਾਂ ਨੂੰ ‘ਛਾਂਗਣ’ ਵਾਲੇ ਯੂਥ ਆਗੂ ਨਿੰਦੀ ਨੂੰ ਸ਼ਾਬਾਸ਼ ਦਿੰਦਿਆਂ ਜਿਲ੍ਹਾ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਂਨ ਨਿਯੁਕਤ ਕਰਨ ਦੀ ਬਜਾਏ ਘੁਰਿਆ ਹੀ ਹੁੰਦਾ ਤਾਂ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ ਕਿ ਇੱਕ ਅਕਾਲੀ ਨੇਤਾ ਕੁੜੀ ਨੂੰ ਛੇੜੇ ਅਤੇ ਉਸਨੂੰ ਰੋਕਣ ਵਾਲੇ ਪੱਤਰਕਾਰ ਤੇ ਉਸਦੇ ਬੇਟੇ ਨੂੰ ਕਿਰਪਾਨਾਂ ਨਾਲ ‘ਟੁੱਕ’ ਦਿੱਤਾ ਜਾਵੇ। ਜਾਂ ਫਿਰ ਥਾਣਾ ਅਜਨਾਲਾ ਦੇ ਪਿੰਡ ਨੰਗਲ ਵੰਝਾਂ ਦਾ ਅਕਾਲੀ ਸਰਪੰਚ ਇੱਕ ਲੜਕੇ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦੇਵੇ। ਹੋਰ ਤਾਂ ਹੋਰ ਅਕਾਲੀ ਸਰਕਾਰ ਕਿਸੇ ਵੀ ਪਾਸਿਉਂ ਕੋਈ ਮੌਕਾ ਸ਼ਾਇਦ ਖੁੰਝਣ ਨਹੀਂ ਦੇਣਾ ਚਾਹੁੰਦੀ ਜਿਸ ਨਾਲ ਪੰਜਾਬ ਦੇ ਅਦਾਰਿਆਂ ਦਾ ਵੀ ਗੁੱਗਾ ਪੂਜਿਆ ਜਾ ਸਕੇ। ਕੁਝ ਦਿਨ ਪਹਿਲਾਂ ਟਰਾਂਸਪੋਰਟ ਮੰਤਰੀ ਸਾਹਿਬ ਦਾ ਹਾਸੋਹੀਣਾ ਬਿਆਨ ਆਇਆ ਕਿ ਸਰਕਾਰੀ ਬੱਸਾਂ ‘ਚ ਅਸ਼ਲੀਲ ਗੀਤ ਵਜਾਉਣ ਵਾਲੇ ਡਰਾਈਵਰ ਕੰਡਕਟਰ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਪਰ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਕੀ ਗੱਲ ਪ੍ਰਾਈਵੇਟ ਬੱਸਾਂ ਵਾਲੇ ਸਾਰਾ ਦਿਨ ‘ਕਥਾ ਕੀਰਤਨ’ ਹੀ ਲਾਏ ਰੱਖਦੇ ਹਨ? ਇਸ ਪਾਬੰਦੀ ਬਾਰੇ ਨੀਤੀ ‘ਚ ਦੋਗਲਾਪਨ ਕਿਉਂ? ਕਿਤੇ ਇਸ ਕਰਕੇ ਤਾਂ ਨਹੀਂ ਕਿ ਜਿੰਨਾ ਸਰਕਾਰੀ ਬੱਸਾਂ ਨੂੰ ਭੰਡਿਆ ਜਾਵੇਗਾ ਲੋਕ ਤੁਹਾਡੇ ਬਿਆਨਾਂ ਦੇ ਮਗਰ ਲੱਗ ਕੇ ਇੱਕ ‘ਖਾਸ’ ਪਰਿਵਾਰ ਦੀਆਂ ਬੱਸਾਂ ‘ਚ ਸਫ਼ਰ ਕਰਨ ਨੂੰ ਤਰਜ਼ੀਹ ਦੇਣਗੇ? ਸੱਚਾਈ ਤਾਂ ਇਹ ਹੈ ਕਿ ਇਲਾਜ ਖੁਣੋਂ ਡਮਰੂ ਵਾਂਗੂੰ ਖੜ ਖੜ ਕਰਦੀਆਂ ਸਰਕਾਰੀ ਬੱਸਾਂ ‘ਚ ਸਵਾਰੀ ਵੱਲੋਂ ਦੱਸੀ ਕੰਡਕਟਰ ਨੂੰ ਜਾਣ ਵਾਲੀ ਜਗ੍ਹਾ ਦਾ ਨਾਮ ਹੀ ਸੁਣ ਜਾਵੇ ਬਹੁਤ ਐ, ਰਕਾਟ ਸਵਾਹ ਸੁਣਨਗੇ? ਜੇ ਡੂੰਘਾਈ ਨਾਲ ਵਿਚਾਰਿਆ ਜਾਵੇ ਤਾਂ ਇਸ ਬਿਆਨ ‘ਚੋਂ ਰੋਡਵੇਜ ਦੇ ‘ਫੁੱਲ ਚੁਗਣ’ ਵਰਗੀ ਝਲਕ ਵੀ ਦਿਸ ਸਕਦੀ ਹੈ। ਇਸੇ ਤਰ੍ਹਾਂ ਹੀ ਛੇਹਰਟਾ ਕਾਂਡ ਤੋਂ ਅਗਲੇ ਦਿਨ ਹੀ ਉਸ ਸਿੱਖਿਆ ਮੰਤਰੀ ਸਾਬ੍ਹ ਦਾ ਬਿਆਨ ਆ ਗਿਆ ਕਿ ਸਰਕਾਰੀ ਸਕੂਲਾਂ ਦੀਆਂ ਅਧਿਆਪਕਾਵਾਂ ਨੂੰ ਆਪਣੇ ਸਹਿਕਰਮੀਆਂ ਹੱਥੋਂ ਛੇੜਛਾੜ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਜਾਏ ਆਪਣੀ ਪਾਰਟੀ ਦੇ ਗੁੰਡਿਆਂ ਖਿਲਾਫ ਕੋਈ ਬਿਆਨ ਦੇਣ ਦੇ ਸਿੱਖਿਆ ਮੰਤਰੀ ਜੀ ਵੱਲੋਂ ‘ਕੁਝ’ ਬੀæਆਰæਪੀæ ਜਾਂ ਡੀæਆਰæਪੀਜ਼ ਨੂੰ ਆਧਾਰ ਬਣਾ ਕੇ ਬਿਆਨ ਦਾਗ ਦਿੱਤਾ ਕਿ ਉਹ ਸਕੂਲ ‘ਚ ਦਾਖਲ ਹੋਣ ਵੇਲੇ ਦਸਤਖਤ ਕਰਨਗੇ। ਜੇ ਉਹ ਦਸਤਖਤ ਨਹੀਂ ਕਰਦੇ ਤਾਂ ਸਮਝ ਲਿਆ ਜਾਵੇ ਕਿ ਉਹਦੀ ਨੀਅਤ ‘ਚ ਖੋਟ ਹੈ। ਕਿਉਂ ਹੈ ਨਾ ਕਮਾਲ ਕਿ ਸਿੱਖਿਆ ਮੰਤਰੀ ਸਾਬ ਨੇ ਆਪਣੇ ਵਿਭਾਗ ਦੇ ਸਕੂਲਾਂ ਦੇ ਅਧਿਆਪਕਾਂ ਦੇ ਕਿਰਦਾਰ ਨੂੰ ਕਿੰਨਾ ‘ਉੱਚਾ-ਸੁੱਚਾ’ ਬਣਾ ਕੇ ਪੇਸ਼ ਕੀਤੈ। ਇੱਥੇ ਇਹ ਗੱਲ ਆਪ ਸਭ ਲਈ ਦੁਚਿੱਤੀ ਪੈਦਾ ਕਰ ਸਕਦੀ ਹੈ ਕਿ ਕੱਲ੍ਹ ਕਲੋਤਰ ਬੇਰੁਜ਼ਗਾਰ ਅਧਿਆਪਕਾਂ ਨੂੰ ਕਚੀਚੀਆਂ ਵੱਟ ਵੱਟ ‘ਨੰਨੀ ਛਾਂ’ ਦੇ ਮੂਹਰੇ ਮੌਰ ਭੰਨ੍ਹਣ ਵਾਲੇ ਮੰਤਰੀ ਸਾਬ੍ਹ ਜਾਂ ਵਿਭਾਗ ਦਾ ਕੋਈ ਹੋਰ ਅਧਿਕਾਰੀ ਸਕੂਲ ‘ਚ ਆਉਂਦਾ ਹੈ ਤਾਂ ਉਸਦੀ ਨੀਅਤ ਸੁੱਚੀ ਹੈ ਜਾਂ ਲੱਚੀ ਕਿਵੇਂ ਪਤਾ ਲੱਗੇ? ਬਾਬਿਓ! ਸਭ ਅੰਦਰੂਨੀ ਗੱਲਾਂ ਹਨ ਕਿ ਲੋਕਾਂ ਦੇ ਦਿਮਾਗਾਂ ‘ਚੋਂ ਸਰਕਾਰੀ ਸਕੁਲਾਂ ਦਾ ਮੋਹ ਭੰਗ ਕਿਵੇਂ ਕਰਨੈ ਤੇ ਦੂਜੇ ਵਿਭਾਗਾਂ ਵਾਂਗ ਸਿੱਖਿਆ ਵਿਭਾਗ ਦੀ ‘ਬੋਲੀ’ ਕਿਵੇਂ ਲਾਉਣੀ ਐ? ਬੇਰੁਜ਼ਗਾਰ ਅਧਿਆਪਕਾਂ ਨੂੰ ਵਧ ਚੜ੍ਹ ਕੇ ਛੁਲਕਣ ਅਤੇ ਆਪਣੇ ਵੱਡੇ ਆਗੂਆਂ ਦੇ ਸਟੇਜਾਂ ਤੋਂ ਖੂੰਡਿਆਂ, ਕਿਰਪਾਨਾਂ ਵਾਲੇ ਪ੍ਰਵਚਨ ਸੁਣ ਸੁਣ ਕੇ ਪਾਰਟੀ ਦੇ ਨੌਜ਼ਵਾਨ ਆਗੂਆਂ ਜਾਂ ਵਰਕਰਾਂ ਨੇ ਵੀ ਤਾਂ ਉਹੀ ਰਾਹ ਅਪਨਾਉਣੇ ਹੋਏ ਜਿਹੜੇ ਉਹਨਾਂ ਦੇ ਆਗੂ ਆਪਣੇ ਚੇਲਿਆਂ ਨੂੰ ਹੱਲਾਸ਼ੇਰੀਆਂ ਦੇ ਰਹੇ ਹੋਣ। ਜਿਹਨਾਂ ਵੀ ਲੋਕਾਂ ਨੇ ਸ਼ੋਸਲ ਨੈੱਟਵਰਕ ਸਾਈਟਾਂ ‘ਤੇ ਘੁੰਮਦੀਆਂ ਮੌਜੂਦਾ ਛੋਟੇ ਰਾਜਾ ਸਾਹਿਬ ਦੀਆਂ ਉਹ ਵੀਡੀਓ ਦੇਖੀਆਂ ਹੋਣਗੀਆਂ ਜਿਹਨਾਂ ਵਿੱਚ ਉਹ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਾਂ ਨੂੰ ‘ਟੁੱਕ ‘ਤੇ ਡੇਲੇ’ ਵਾਂਗ ਸਮਝ ਕੇ ਲਾਹ ਲਾਹ ਸੁੱਟ ਰਹੇ ਹੋਣ ਜਾਂ ਫਿਰ ਆਪਣੀ ਬੋਲਚਾਲ ਦੀ ਭਾਸ਼ਾ ਵਿੱਚੋਂ ਲਿਆਕਤ ਨੂੰ ਮਨਫ਼ੀ ਕਰਕੇ ਸਮਾਜ ਦਾ ਸ਼ੀਸ਼ਾ ਸਮਝੇ ਜਾਂਦੇ ਪੱਤਰਕਾਰਾਂ ਨੂੰ ‘ਤੂੰ ਤੂੰ’ ਨਾਲ ਸੰਬੋਧਨ ਕਰ ਰਹੇ ਹੋਣ। ਚੌਥਾ ਥੰਮ੍ਹ ਵਿਚਾਰਾ ਠੇਠਰ ਜਿਹਾ ਬਣਿਆ ਦੂਜੇ ਦਿਨ ਖਬਰਾਂ ਲਾ ਦਿੰਦੈ ਕਿ ‘ਛੋਟੇ ਰਾਜਾ ਸਾਹਿਬ ਬਹੁਤ ਮਜਾਕੀਆ ਸੁਭਾਅ ਦੇ ਹਨ।’ ਇਹਨਾਂ ਵੀਡੀਓਜ਼ ਨੂੰ ਦੇਖਕੇ ਲੋਕਾਂ ਵਿੱਚ ਚਰਚਾ ਛਿੜੀ ਹੋਈ ਸੀ ਕਿ ਜਿੱਥੇ ਮੀਡੀਆ ਨੂੰ ਵੀ ਟਿੱਚ ਸਮਝਣਾ ਸਰਕਾਰ ਲਈ ਮਹਿੰਗਾ ਸਾਬਤ ਹੋ ਸਕਦੈ ਉੱਥੇ ਇਹ ਵੀ ਚਰਚਾ ਹੈ ਕਿ ਰਾਜੇ ਦਾ ਪੁੱਤ ਰਾਜਾ ਤਾਂ ਬਣ ਸਕਦੈ ਪਰ ਜਰੂਰੀ ਨਹੀਂ ਕਿ ਉਹ ‘ਸਰਬਗੁਣ ਸੰਪੰਨ’ ਵੀ ਹੋਵੇ। ਵੱਡੇ ਸਕੂਲਾਂ ‘ਚ ਪੜ੍ਹਕੇ ਆਕੜ ਤਾਂ ਆ ਸਕਦੀ ਐ ਪਰ ਅਕਲ ਲੋਕਾਂ ‘ਚ ਬੰਦੇ ਬਣ ਕੇ ਵਿਚਰਿਆਂ ਹੀ ਆਉਂਦੀ ਹੈ। ਲੋਕਾਂ ਦੀਆਂ ਦੰਦ ਕਥਾਵਾਂ ਦੀ ਕਰਾਮਾਤ ਕਹੋ ਜਾਂ ਫਿਰ ‘ਗੁਰੂ ਜਿਹਨਾਂ ਦੇ ਟੱਪਣੇ, ਚੇਲੇ ਜਾਣ ਛੜੱਪ’ ਕਹਿ ਲਓ ਕਿ ਉੱਪਰੋਥੱਲੀ ਹੋਈਆਂ ਇਹਨਾਂ ਘਟਨਾਵਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਨਾਂ ਨੂੰ ਖੋਰਾ ਲਾਉਣ ਵਰਗਾ ਕੰਮ ਕੀਤਾ ਹੈ। ਜਿੱਥੇ ਇੱਕ ਅਖਬਾਰ ਦੇ ਸੰਪਾਦਕ ਨੇ ਆਪਣੀ ਸੰਪਾਦਕੀ ਵਿੱਚ ਯੂਥ ਅਕਾਲੀ ਦਲ ਦੀਆਂ ਆਪ-ਹੁਦਰੀਆਂ ਕਾਰਨ ਐੱਸ਼. ਓ.ਆਈ. ਨੂੰ ‘ਸਮੈਕੀਆ ਆਰਗੇਨਾਈਜੇਸ਼ਨ ਆਫ ਇੰਡੀਆ’ ਨਾਲ ਪਰਿਭਾਸ਼ਿਤ ਕੀਤਾ ਹੈ। ਇਸ ਦੇ ਨਾਲ ਹੀ ਇੱਕ ਪੰਜਾਬੀ ਟੈਲੀਵਿਜ਼ਨ ਚੈੱਨਲ ‘ਤੇ ਛੇਹਰਟਾ ਕਾਂਡ ਨੂੰ ਲੈ ਕੇ ਹੋਈ ਵਿਚਾਰ ਚਰਚਾ ਵਿੱਚ ਇੱਕ ਵਕੀਲ ਬੁਲਾਰਾ ਜਦੋਂ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ‘ਚ ਸ੍ਰੋਮਣੀ ਅਕਾਲੀ ਦਲ ਨੂੰ ‘ਸ੍ਰੋਮਣੀ ਗੁੰਡਾ ਦਲ’ ਕਹਿ ਦਿੰਦਾ ਹੈ ਤਾਂ ਚੀਮਾ ਸਾਬ੍ਹ ਉਹਨਾਂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਉੱਚੀ ਬੋਲ ਕੇ ਚੁੱਪ ਕਰਾਉਣ ਤੱਕ ਜਾਦੇ ਹਨ ਪਰ ਲਾਈਵ ਪ੍ਰਸਾਰਿਤ ਹੋ ਰਹੇ ਉਸ ਪ੍ਰੋਗ੍ਰਾਮ ਵਿੱਚ ਇੱਕ ਦਰਸ਼ਕ ਫੋਨ ਕਰਕੇ ਕਹਿੰਦਾ ਹੈ ਕਿ ‘ਅਸੀਂ ਜਾਣਦੇ ਹਾਂ ਚੀਮਾ ਸਾਬ੍ਹ ਕਿ ਤੁਸੀਂ ਪਾਰਟੀ ਦੇ ਬੁਲਾਰੇ ਹੋ ਅਤੇ ਝੂਠੀ ਗੱਲ ‘ਤੇ ਵੀ ਲੰਮਾ ਸਮਾਂ ਬੋਲ ਸਕਦੇ ਹੋ।’ ਅੱਜ ਜਦੋਂ ਬੁੱਧੀਜੀਵੀ ਵਰਗ, ਮੀਡੀਆ ਅਤੇ ਆਮ ਲੋਕ ਅਕਾਲੀ ਦਲ ਵੱਲੋਂ ਅਪਰਾਧ ਜਗਤ ਨਾਲ ਜੁੜੇ ਲੋਕਾਂ ਨੂੰ ਪਾਰਟੀ ‘ਚ ਅਹਿਮ ਸਥਾਨ ਦੇਣ ਦਾ ਸ਼ਰੇਆਮ ਵਿਰੋਧ ਕਰਨ ਦੇ ਰਾਹ ਹਨ ਤਾਂ ਅਕਾਲੀ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਲੋਕ ਵਿਚਾਰੇ ਇੱਕ ਵਾਰ ਮੂਰਖ ਬਣਾਏ ਜਾ ਸਕਦੇ ਹਨ ਤਾਂ ਕਾਠ ਦੀ ਹਾਡੀ ਵਾਰ ਵਾਰ ਨਹੀਂ ਚੜ੍ਹਦੀ। ਅਕਾਲੀ ਦਲ ਵੱਲੋਂ ਯੂਥ ਦਲ ਦੇ ਨਾਂ ‘ਤੇ ਗੁੰਡਾ ਅਨਸਰਾਂ ਦੀਆਂ ਖੁੱਲ੍ਹੀਆਂ ਛੱਡੀਆਂ ਵਾਗਾਂ ਕਾਰਨ ਮੌਜੂਦਾ ਹਾਲਾਤਾਂ ‘ਚ ਤਾਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ ਸਗੋਂ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰਨਾ ਚਾਹੀਦਾ ਕਿ ਪਿੰਡ ਪਿੰਡ ਪੈਦਾ ਕੀਤੀ ਜਾ ਚੁੱਕੀ ਰਾਣਿਆਂ ਨਿਸ਼ਾਨਾਂ ਦੀ ਪਨੀਰੀ ਅਕਾਲੀ ਦਲ ਲਈ ਅਜਿਹੇ ਦਿਨ ਵੀ ਲਿਆ ਸਕਦੀ ਹੈ ਜੋ ਪੰਜਾਬ ਦੇ ਰਾਜਨੀਤਕ ਇਤਿਹਾਸ ‘ਚ ਹਰ ਕਿਸੇ ਲਈ ਨਵੇਂ ਹੋਣ। ਗੀਤਕਾਰ ਤੂਫਾਨ ਬੀਹਲਾ ਦਾ ਲਿਖਿਆ ਇੱਕ ਗੀਤ ਯਾਦ ਆ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਸ਼ਰਾਬੀ ਦੀ ਮਾਨਸਿਕਤਾ ਨੂੰ ਲਫ਼ਜ਼ਾਂ ਰਾਹੀਂ ਬਿਆਨ ਕੀਤਾ ਹੈ। ਗੀਤ ਵਿੱਚ ਦ੍ਰਿਸ਼ ਸਿਰਜਿਆ ਗਿਆ ਹੈ ਕਿ ਲਾਚੜੇ ਹੋਏ ਸ਼ਰਾਬੀ ਬਰਾਤੀ ਮੁੰਡੇ ਆ ਰਹੇ ਹਨ ਅਤੇ ਉਸ ਪਿੰਡ ਦੀਆਂ ਕੁੜੀਆਂ ਦੇ ਬੋਲ ਹਨ ਕਿ “ਜਿੰਦੇ ਕੁੰਡੇ ਲਾ ਲੋ ਨੀ ਸ਼ਰਾਬੀ ਮੁੰਡੇ ਆਉਂਦੇ ਨੇ।” ਪਰ ਸ਼ਰਾਬੀ ਵੱਲੋਂ ਜਵਾਬ ਹੁੰਦੈ ਕਿ “ਬੇਸ਼ੱਕ ਉਹ ਸ਼ਰਾਬੀ ਹਨ ਪਰ ਉਹਨਾਂ ਦੇ ਘਰੀਂ ਵੀ ਧੀਆਂ ਭੈਣਾਂ ਹਨ।” ਜੇਕਰ ਅਕਾਲੀ ਲੀਡਰਸ਼ਿਪ ਨੇ ਆਪਣੇ ਅੱਥਰੇ ਘੋੜਿਆਂ ਦੀਆਂ ਲਗਾਮਾਂ ਨਾ ਕਸੀਆਂ ਤਾਂ ਉਹ ਦਿਨ ਵੀ ਵੇਖਣੇ ਪੈ ਸਕਦੇ ਹਨ ਕਿ ਵੋਟਾਂ ਪੈਣੀਆਂ ਤਾਂ ਦੂਰ ਸਗੋਂ ਵੋਟਾਂ ਦੀ ਭੀਖ ਮੰਗਣ ਗਿਆਂ ਨੂੰ ਧੀਆਂ ਭੈਣਾਂ ਦੀ ਲੱਜ ਪਾਲਣ ਵਾਲੇ ਲੋਕ ਇਹ ਕਹਿ ਕੇ ਬੂਹੇ ਭੇੜ ਲਿਆ ਕਰਨਗੇ ਕਿ “ਜਿੰਦੇ ਕੁੰਡੇ ਲਾ ਲੋ, ਨੀ ਅਕਾਲੀ ਗੁੰਡੇ ਆਉਂਦੇ ਨੇ।”