ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:)ਦੇ ਇਜਲਾਸ ‘ਚ ਤਰਕਸ਼ੀਲਤਾ ਨਾਲ ਲੋਕ ਮਨਾਂ ਨੂੰ ਰੁਸ਼ਨਾਉਣ ਦਾ ਸੱਦਾ

himmatpuraਬਰਨਾਲਾ- ਸਮਾਜ ਨੂੰ ਅਗਿਆਨਤਾ ਤੇ ਅੰਧਵਿਸ਼ਵਾਸ਼ਾਂ ਦੇ ਚੱਕਰਵਿਊ ਚੋਂ ਕੱਢਕੇ ਭਰਮ ਮੁਕਤ ਕਰਨ ‘ਚ ਜੁਟੀ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦਾ ਦੋ ਦਿਨਾਂ ਸੂਬਾਈ ਡੈਲੀਗੇਟ ਇਜਲਾਸ ਸਥਾਨਕ ਗੋਬਿੰਦ ਬਾਂਸਲ ਟਰੱਸਟ ਧਰਮਸ਼ਾਲਾ ਬਰਨਾਲਾ ਵਿਖੇ ਹੋਇਆ। ਜਿਸ ਵਿੱਚ ਰਾਜ ਭਰ ਤੋਂ 86 ਇਕਾਈਆਂ ਦੇ 210 ਡੈਲੀਗੇਟਾਂ ਅਤੇ 26 ਦਰਸ਼ਕਾਂ ਨੇ ਭਰਵੀਂ ਸਮੂਲੀਅਤ ਕੀਤੀ। ਇਜਲਾਸ ਦੀ ਸ਼ੁਰੂਆਤ ‘ਚ ਰਾਜ ਦੇ 10 ਜ਼ੋਨ ਮੁਖੀਆਂ ਵੱਲੋਂ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਸਾਂਝੀਆਂ ਕਰਨ ਉਪਰੰਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਆਪਣੀਆਂ ਰਿਪੋਰਟਾਂ ਪੜ੍ਹੀਆਂ ਗਈਆਂ। ਜਿਨ੍ਹਾਂ ਉੱਪਰ ਹਾਜ਼ਰ ਡੈਲੀਗੇਟਾਂ ਨੇ ਭਰਵੀਂ ਵਿਚਾਰ-ਚਰਚਾ ਕੀਤੀ। ਚਰਚਾ ਵਿੱਚ ਭਾਗ ਲੈਂਦਿਆਂ ਦਲਬੀਰ ਕਟਾਣੀ, ਜਸਵੰਤ ਜੱਸ, ਪਰਮਵੇਦ, ਸਤਨਾਮ ਦਾਊਂ, ਜਿੰਦ ਬਾਗਪੁਰ, ਰਾਜਵੰਤ ਬਾਗੜੀਆਂ, ਕੁਲਵੰਤ ਕੌਰ ਪਟਿਆਲਾ, ਮੁਖਤਿਆਰ ਅੰਮ੍ਰਿਤਸਰ, ਰਾਜਿੰਦਰ ਕੌਰ ਬਰਗਾੜੀ ਅਤੇ ਪ੍ਰਵੀਨ ਜੰਡਵਾਲਾ ਨੇ ਤਰਕਸ਼ੀਲ ਸੁਸਾਇਟੀ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਲਈ ਕੀਤੀਆਂ ਸਰਗਰਮੀਆਂ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਇਲੈਕਟ੍ਰਾਨਿਕ ਮੀਡੀਆ ਰਾਹੀਂ ਅੰਧਵਿਸ਼ਵਾਸਾਂ ਦੇ ਕੀਤੇ ਜਾ ਰਹੇ ਕੂੜ-ਪ੍ਰਚਾਰ ਨੂੰ ਰੋਕਣ ਲਈ ਨਿੱਗਰ ਉਪਰਾਲੇ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਇਜਲਾਸ ਦੌਰਾਨ ਪ੍ਰਕਾਸਿਤ ਕੀਤੇ ਗਏ ਤਰਕਸ਼ੀਲ ਸਾਹਿਤ, ਤਰਕਸ਼ੀਲ ਮੈਗਜ਼ੀਨ ਦੀ ਕਾਰਗੁਜਾਰੀ ਤੇ ਕੌਂਮਾਤਰੀ ਪੱਧਰ ਤਰਕਸ਼ੀਲਤਾ ਦੇ ਵਧਦੇ ਕਦਮਾਂ ਦੀ ਸ਼ਲਾਘਾ ਵੀ ਕੀਤੀ ਗਈ। ਡੈਲੀਗੇਟ ਇਜਲਾਸ ਵੱਲੋਂ ਅਗਲੇ ਦੋ ਸਾਲਾ ਸੈਸ਼ਨ ਲਈ ਕੀਤੀ ਗਈ ਚੋਣ ਪ੍ਰਕਿਰਿਆ ਦੌਰਾਨ ਰਾਜਿੰਦਰ ਭਦੌੜ ਨੂੰ ਬਹੁਸੰਮਤੀ ਨਾਲ ਸੁਸਾਇਟੀ ਦਾ ਸੂਬਾਈ ਜਥੇਬੰਦਕ ਮੁਖੀ ਚੁਣਿਆ ਗਿਆ। ਜਦ ਕਿ ਸਰਬਸੰਮਤੀ ਨਾਲ ਵਿੱਤ ਵਿਭਾਗ ਦੇ ਮੁਖੀ ਵਜੋਂ ਹੇਮ ਰਾਜ ਸਟੈਨੋ, ਭੂਰਾ ਸਿੰਘ ਮਹਿਮਾ ਸਰਜਾ ਨੂੰ ਪ੍ਰਕਾਸ਼ਨ ਵਿਭਾਗ ਦਾ ਮੁਖੀ, ਚੰਨਣ ਵਾਂਦਰ ਨੂੰ ਮਾਨਸਿਕ ਸਿਹਤ ਕੇਂਦਰ ਦਾ ਮੁਖੀ, ਰਾਮ ਸਵਰਨ ਲੱਖੇਵਾਲੀ ਨੂੰ ਮੀਡੀਆ ਮੁਖੀ, ਸੁਖਵਿੰਦਰ ਬਾਗਪੁਰ ਨੂੰ ਪ੍ਰਿੰਟਿੰਗ ਵਿਭਾਗ ਦਾ ਮੁਖੀ, ਬਲਵਿੰਦਰ ਬਰਨਾਲਾ ਨੂੰ ਕੌਮੀ ਤੇ ਕੌਮਾਂਤਰੀ ਵਿਭਾਗ ਦਾ ਮੁਖੀ, ਬਲਵੀਰ ਚੰਦ ਲੌਂਗੋਵਾਲ ਨੂੰ ‘ਤਰਕਸ਼ੀਲ’ ਮੈਗਜ਼ੀਨ ਦਾ ਸੰਪਾਦਕ ਅਤੇ ਹਰਿੰਦਰ ਲਾਲੀ ਨੂੰ ਕਾਨੂੰਨ ਵਿਭਾਗ ਦਾ ਮੁਖੀ ਚੁਣਿਆ ਗਿਆ। ਇਸ ਤੋਂ ਇਲਾਵਾ ਸੱਭਿਆਚਾਰਕ ਵਿਭਾਗ ਦੇ ਮੁਖੀ ਵਜੋਂ ਬਹੁਸੰਮਤੀ ਨਾਲ ਸੁਖਦੇਵ ਫਗਵਾੜਾ ਚੁਣੇ ਗਏ। ਇਸ ਸਮੇਂ ਨਵੇਂ ਸੂਬਾਈ ਮੁਖੀ ਮਾਸਟਰ ਰਜਿੰਦਰ ਭਦੌੜ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪਹੁੰਚੇ ਤਰਕਸ਼ੀਲ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਜਿਉਂਣ ਹਾਲਤਾਂ ਨੂੰ ਬਦਲਣ ਲਈ ਤਕਦੀਰ ‘ਤੇ ਟੇਕ ਰੱਖਣ ਵਾਲੀਆਂ ਗਲਤ ਧਾਰਨਾਵਾਂ ਨੂੰ ਝੁਠਲਾਉਣ ਲਈ, ਵਿਗਿਆਨਕ ਦ੍ਰਿਸ਼ਟੀਕੋਣ ਨਾਲ ਲੋਕ ਮਨਾਂ ਨੂੰ ਰੁਸ਼ਨਾਉਣ ਦਾ ਸੱਦਾ ਦਿੱਤਾ। ਉਹਨਾਂ ਸਪੱਸ਼ਟ ਕੀਤਾ ਕਿ ਨੌਜਵਾਨਾਂ ਅਤੇ ਔਰਤਾਂ ਨੂੰ ਤਰਕਸ਼ੀਲ ਸਾਹਿਤ ਨਾਲ ਜੋੜਕੇ ਸਮਾਜ ਨੂੰ ਸੁਖਾਵੇਂ ਰੁੱਖ ਤੋਰਨ ਲਈ ਯਤਨ ਤੇਜ ਕੀਤੇ ਜਾਣਗੇ। ਡੈਲੀਗੇਟ ਇਜਲਾਸ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ ਧੂਰੀ, ਜਰਨੈਲ ਕ੍ਰਾਂਤੀ, ਅਜੀਤ ਪ੍ਰਦੇਸੀ ਰੋਪੜ, ਰਣਜੀਤ ਬਠਿੰਡਾ, ਮਾਸਟਰ ਕੁਲਜੀਤ ਅਬੋਹਰ, ਹਰਚੰਦ ਭਿੰਡਰ ਪਟਿਆਲਾ ਅਤੇ ਅਸ਼ੋਕ ਕੁਮਾਰ ਰੋਪੜ ਆਦਿ ਤਰਕਸ਼ੀਲ ਆਗੂ ਵੀ ਹਾਜ਼ਰ ਸਨ।