ਦ੍ਰਿਸ਼ਟੀਕੋਣ (100) -ਜਤਿੰਦਰ ਪਨੂੰ

-ਆਗੂਆਂ ਦੇ ਫੋਨਾਂ ਦੀ ਟੈਪਿੰਗ ਬਾਰੇ ਭਾਜਪਾ ਦੀ ਅੰਦਰੂਨੀ ਜੰਗ ਵੱਲ ਜਾਂਦੇ ਕੁਝ ਸੰਕੇਤ-
ਭਾਰਤੀ ਰਾਜਨੀਤੀ ਦੀ ਜਿਹੜੀ ਕੜ੍ਹੀ ਵਿੱਚ ਇਸ ਵੇਲੇ ਕੜਛੀ ਘੁੰਮਾਈ ਜਾ ਰਹੀ ਹੈ, ਉਸ ਵਿੱਚ ਕਈ ਮੁੱਦੇ ਹੋਰ ਵੀ ਹਨ, ਤੇ ਇੱਕ ਤੋਂ ਇੱਕ ਚੜ੍ਹਦੇ ਮਹੱਤਵ ਵਾਲੇ ਹਨ, ਪਰ ਇਨ੍ਹਾਂ ਸਾਰਿਆਂ ਉੱਤੇ ਟੈਲੀਫੋਨ ਟੈਪਿੰਗ ਦਾ ਮਾਮਲਾ ਭਾਰੂ ਹੋ ਗਿਆ ਹੈ। ਇਹ ਕੋਈ ਛੋਟੀ ਗੱਲ ਵੀ ਨਹੀਂ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਉਪਰਲੇ ਸਦਨ ਦੇ ਵਿਰੋਧੀ ਧਿਰ ਦੇ ਆਗੂ ਦਾ ਫੋਨ ਟੈਪ ਹੁੰਦਾ ਫੜਿਆ ਜਾਵੇ। ਜਾਂਚ ਜਦੋਂ ਅੱਗੇ ਵਧੀ ਤਾਂ ਖਿਲਾਰਾ ਕਈ ਹੋਰ ਆਗੂਆਂ ਦੇ ਫੋਨ ਵੀ ਟੈਪ ਹੋਣ ਤੱਕ ਪਹੁੰਚ ਗਿਆ ਅਤੇ ਕਈ ਕਾਰੋਬਾਰੀ ਘਰਾਣਿਆਂ ਦੇ ਫੋਨਾਂ ਬਾਰੇ ਵੀ ਇਹੋ ਸੂਚਨਾਵਾਂ ਸਾਹਮਣੇ ਆਉਣ ਲੱਗ ਪਈਆਂ। ਇਸ ਕਰ ਕੇ ਇਸ ਤੋਂ ਹੰਗਾਮਾ ਹੋਣਾ ਹੀ ਸੀ। ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਦੇਣ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਲਾਚਾਰਗੀ ਇੱਕ ਵਾਰੀ ਫਿਰ ਪ੍ਰਗਟ ਹੋ ਗਈ ਤੇ ਵਿਰੋਧੀ ਧਿਰ ਦੇ ਹੱਲੇ ਓਦੋਂ ਤੱਕ ਤੇਜ਼ ਹੁੰਦੇ ਗਏ, ਜਦੋਂ ਤੱਕ ਮੀਡੀਏ ਨੇ ਇਹ ਗੱਲ ਸਾਹਮਣੇ ਨਾ ਰੱਖ ਦਿੱਤੀ ਕਿ ਇਸ ਮਾਮਲੇ ਵਿੱਚ ਜਿਹੜੇ ਲੋਕ ਬਹੁਤਾ ਰੌਲਾ ਪਾ ਰਹੇ ਹਨ, ਗੁਨਾਹ ਦੀ ਪੈੜ ਵੀ ਉਨ੍ਹਾਂ ਦੇ ਆਪਣੇ ਘਰ ਵੱਲ ਜਾਂਦੀ ਜਾਪਦੀ ਹੈ।
ਹੈਰਾਨੀ ਵਾਲਾ ਇਹ ਸੱਚ ਕਿੱਦਾਂ ਦਾ ਹੈ, ਇਸ ਦੀ ਗੱਲ ਕਰਨ ਤੋਂ ਪਹਿਲਾਂ ਇਹ ਜਾਣ ਲਿਆ ਜਾਵੇ ਕਿ ਜਿਸ ਦਿਨ ਇਸ ਗੱਲ ਦੀ ਭਿਣਕ ਪਈ ਕਿ ਭਾਜਪਾ ਆਗੂ ਅਤੇ ਰਾਜ ਸਭਾ ਦੇ ਆਪੋਜ਼ੀਸ਼ਨ ਲੀਡਰ ਅਰੁਣ ਜੇਤਲੀ ਦਾ ਫੋਨ ਟੈਪ ਕੀਤਾ ਗਿਆ ਹੈ, ਇਸ ਨੂੰ ਭਾਜਪਾ ਨੇ ਅਠੱਤੀ ਸਾਲ ਪਹਿਲਾਂ ਦੇ ਐਮਰਜੈਂਸੀ ਦੌਰ ਦੀ ਵਾਪਸੀ ਕਿਹਾ ਸੀ। ਮਾਮਲੇ ਦੀ ਜੜ੍ਹ ਇਹ ਸੂਚਨਾ ਬਣੀ ਕਿ ਇੱਕ ਮੋਬਾਈਲ ਫੋਨ ਕੰਪਨੀ ਤੋਂ ਇੱਕ ਸੀਨੀਅਰ ਪੁਲਸ ਅਫਸਰ ਨੇ ਅਰੁਣ ਜੇਤਲੀ ਦੇ ਫੋਨ ਦੀ ਕਾਲ-ਡਿਟੇਲ ਮੰਗੀ ਸੀ ਤੇ ਜਦੋਂ ਕੰਪਨੀ ਨੇ ਇਸ ਦੀ ਤਸਦੀਕ ਕਰਨੀ ਚਾਹੀ ਤਾਂ ਉਸ ਅਫਸਰ ਨੇ ਹੈਰਾਨ ਹੋ ਕੇ ਕਿਹਾ ਕਿ ਉਸ ਨੇ ਇਹ ਸੂਚਨਾ ਕਦੇ ਮੰਗੀ ਹੀ ਨਹੀਂ। ਬਾਅਦ ਵਿੱਚ ਪਤਾ ਲੱਗਾ ਕਿ ਦਿੱਲੀ ਪੁਲਸ ਦੇ ਆਮ ਕਰ ਕੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਇੱਕ ਸਿਪਾਹੀ ਨੇ ਉਸ ਅਫਸਰ ਦੀ ਈ-ਮੇਲ ਵਰਤ ਕੇ ਕੰਪਨੀ ਵਾਲਿਆਂ ਤੋਂ ਇਹ ਸੂਚਨਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਹ ਗੰਭੀਰ ਮਾਮਲਾ ਸੀ। ਅਫਸਰ ਏਨਾ ਲਾਪਰਵਾਹ ਨਾ ਵੀ ਹੋਵੇ ਤਾਂ ਹੁਣ ਈ-ਮੇਲ ਹੈਕ ਕਰਨ ਵਾਲੇ ਏਨੇ ਕੁ ਤੇਜ਼ ਹੋ ਗਏ ਹਨ ਕਿ ਕਿਸੇ ਦੀ ਈ-ਮੇਲ ਵੀ ਕੱਢ ਕੇ ਕਿਸੇ ਨੂੰ ਸੁਨੇਹਾ ਘੱਲ ਸਕਦੇ ਹਨ। ਸਾਨੂੰ ਵੀ ਕਈ ਵਾਰ ਕਈ ਲੋਕਾਂ ਦੇ ਹੈਰਾਨੀ ਜਨਕ ਈ-ਮੇਲ ਸੁਨੇਹੇ ਮਿਲੇ ਹਨ ਕਿ ਉਹ ਸੰਕਟ ਵਿੱਚ ਹਨ ਤੇ ਕੁਝ ਪੈਸਿਆਂ ਦੀ ਮਦਦ ਦੀ ਲੋੜ ਹੈ, ਪਰ ਜਦੋਂ ਵੀ ਫੋਨ ਕਰ ਕੇ ਪੁੱਛਿਆ ਗਿਆ ਤਾਂ ਝੂਠਾ ਸੁਨੇਹਾ ਕਿਸੇ ਹੋਰ ਨੇ ਭੇਜਿਆ ਨਿਕਲਿਆ ਸੀ। ਇਹ ਹੁਣ ਆਮ ਗੱਲ ਹੁੰਦੀ ਜਾਂਦੀ ਹੈ, ਪਰ ਕੁਝ ਹੋਰ ਗੱਲਾਂ ਧਿਆਨ ਮੰਗਦੀਆਂ ਹਨ।
ਧਿਆਨ ਮੰਗਦੀਆਂ ਇਨ੍ਹਾਂ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਜਿਸ ਸਿਪਾਹੀ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਪਿੱਛੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਚੱਲਿਆ ਹੈ, ਉਹ ਮਾਮੂਲੀ ਤਨਖਾਹ ਲੈਣ ਵਾਲਾ ਬੰਦਾ ਮਹਿੰਗੀਆਂ ਕਾਰਾਂ ਉੱਤੇ ਦਿੱਲੀ ਵਿੱਚ ਘੁੰਮਦਾ ਸੀ ਤੇ ਕਿਸੇ ਪੁਲਸ ਅਫਸਰ ਨੇ ਕਦੀ ਚੈੱਕ ਹੀ ਨਹੀਂ ਸੀ ਕੀਤਾ। ਆਮ ਕਰ ਕੇ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦਾ ਸੀ, ਪਰ ਪੁਲਸ ਦਫਤਰ ਆ ਕੇ ਕਿਸੇ ਕੰਪਿਊਟਰ ਦੀ ਵਰਤੋਂ ਵੀ ਕਰ ਲੈਂਦਾ ਸੀ। ਇੰਜ ਕਰਨ ਵਾਲਾ ਬੰਦਾ ਕੱਲ੍ਹ ਨੂੰ ਕੋਈ ਵੱਡਾ ਖਤਰਾ ਵੀ ਖੜਾ ਕਰ ਸਕਦਾ ਸੀ। ਸਾਫ ਹੈ ਕਿ ਪੁਲਸ ਅਫਸਰਾਂ ਦੀ ਲਾਪਰਵਾਹੀ ਦੀ ਇਹ ਇੱਕ ਭੱਦੀ ਮਿਸਾਲ ਹੈ। ਗ੍ਰਹਿ ਮੰਤਰੀ ਨੇ ਕਿਸੇ ਅਫਸਰ ਵਿਰੁੱਧ ਕਾਰਵਾਈ ਦਾ ਸੰਕੇਤ ਨਹੀਂ ਦਿੱਤਾ। ਕਿਉਂਕਿ ਉਸ ਨੇ ਕਿਸੇ ਅਫਸਰ ਦੇ ਵਿਰੁੱਧ ਕਾਰਵਾਈ ਦਾ ਸੰਕੇਤ ਨਹੀਂ ਦਿੱਤਾ, ਇਸ ਲਈ ਵਿਰੋਧੀ ਧਿਰ ਨੂੰ ਇਹ ਕਹਿਣ ਦਾ ਮੌਕਾ ਆਪਣੇ ਆਪ ਮਿਲ ਗਿਆ ਕਿ ਸਰਕਾਰ ਦੇ ਪੱਖ ਵਿੱਚ ਕੁਝ ਕਾਲਾ ਜ਼ਰੂਰ ਹੈ।
ਇਸ ਦੇ ਬਾਅਦ ਜੋ ਕੁਝ ਮੀਡੀਆ ਸਾਹਮਣੇ ਲੈ ਆਇਆ, ਉਸ ਦੀ ਪਹਿਲੀ ਗੱਲ ਇਹ ਹੈ ਕਿ ਅਰੁਣ ਜੇਤਲੀ ਇਕੱਲੇ ਦੇ ਫੋਨ ਦੀ ਕਾਲ-ਡਿਟੇਲ ਨਹੀਂ ਕੱਢਵਾਈ ਗਈ, ਕਈ ਲੋਕਾਂ ਬਾਰੇ ਸੂਚਨਾ ਮੰਗੀ ਗਈ ਹੈ। ਦੂਸਰੀ ਇਹ ਕਿ ਜਿਨ੍ਹਾਂ ਦੀ ਕਾਲ-ਡਿਟੇਲ ਮੰਗੀ ਗਈ, ਉਨ੍ਹਾਂ ਵਿੱਚੋਂ ਬਹੁਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ ਤੇ ਉਨ੍ਹਾਂ ਵਿੱਚੋਂ ਕਈ ਇਹੋ ਜਿਹੇ ਹਨ, ਜਿਨ੍ਹਾਂ ਦਾ ਆਪੋ ਵਿੱਚ ਬੋਲ-ਚਾਲ ਤੱਕ ਨਹੀਂ ਤੇ ਇੱਕ ਦੂਸਰੇ ਦੇ ਪੱਕੇ ਵਿਰੋਧੀ ਹਨ। ਤੀਸਰੀ ਇਹ ਕਿ ਦਿੱਲੀ ਵਾਲੇ ਸਿਪਾਹੀ ਤੋਂ ਬਾਅਦ ਜਿਹੜਾ ਪ੍ਰਾਈਵੇਟ ਜਾਸੂਸ ਅਰਵਿੰਦ ਫੜਿਆ ਗਿਆ, ਉਹ ਵੀ ਉਨ੍ਹਾਂ ਦੇ ਇੱਕ ਆਪਣੇ ਨੇਤਾ ਸੁਧਾਂਸ਼ੂ ਮਿੱਤਲ ਦਾ ਨੇੜੂ ਰਹਿ ਚੁੱਕਾ ਹੈ ਤੇ ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਆਪ ਵੀ ਕਾਫੀ ਚਰਚਿਤ ਹੈ। ਸੁਧਾਂਸ਼ੂ ਮੰਨ ਰਿਹਾ ਹੈ ਕਿ ਉਸ ਦਾ ਇਸ ਜਾਸੂਸ ਨਾਲ ਨੇੜ ਰਹਿ ਚੁੱਕਾ ਹੈ, ਪਰ ਕਮਾਲ ਇਹ ਹੈ ਕਿ ਸੁਧਾਂਸ਼ੂ ਮਿੱਤਲ ਦੇ ਆਪਣੇ ਫੋਨ ਦੀ ਕਾਲ-ਡਿਟੇਲ ਵੀ ਇਸ ਜਾਸੂਸ ਨੇ ਕੱਢਵਾਈ ਹੋਈ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰੀਸ਼ ਰਾਵਤ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਇਹ ਸਾਰਾ ਕਚਰਾ ਭਾਜਪਾ ਵਾਲਿਆਂ ਦੇ ਆਪਣੇ ਘਰ ਵਿੱਚ ਪੈਦਾ ਹੋਇਆ ਸੀ ਤੇ ਸਾਡੇ ਵੱਲ ਸੁੱਟ ਕੇ ਆਪਣਾ ਅੰਦਰੂਨੀ ਸੰਕਟ ਟਾਲਣਾ ਚਾਹੁੰਦੇ ਹਨ।
ਅਸਲੀਅਤ ਇਹ ਹੋ ਸਕਦੀ ਹੈ ਕਿ ਇਸ ਵਿੱਚ ਭਾਜਪਾ ਆਗੂ ਇੱਕ ਦੂਸਰੇ ਬਾਰੇ ਕੁਝ ਨਾ ਕੁਝ ‘ਹੱਥ ਵਿੱਚ’ ਰੱਖਣ ਤੇ ਮੌਕਾ ਆਏ ਤੋਂ ਵਰਤਣ ਦੀ ਖੇਡ ਖੇਡ ਰਹੇ ਹੋਣ। ਕਰਨਾਟਕਾ ਦੇ ਖਾਣ-ਮਾਫੀਆ ਮੰਨੇ ਜਾਂਦੇ ਰੈਡੀ ਭਰਾਵਾਂ ਨੂੰ ਕੇਂਦਰੀ ਭਾਜਪਾ ਆਗੂ ਸੁਸ਼ਮਾ ਸਵਰਾਜ ਵੱਲੋਂ ਸਰਪ੍ਰਸਤੀ ਦੇਣ ਦਾ ਕਿੱਸਾ ਕਿਸੇ ਹੋਰ ਨੇ ਬਾਹਰ ਕੱਢ ਕੇ ਨਹੀਂ ਸੀ ਲਿਆਂਦਾ, ਇਹ ਉਸ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਕ੍ਰਿਸ਼ਮਾ ਸੀ। ਏਦਾਂ ਕਈ ਵਾਰੀ ਕਾਂਗਰਸ ਵਿੱਚ ਵੀ ਹੁੰਦਾ ਹੈ। ਰਾਜਸੀ ਖੇਤਰ ਦੇ ਘੁਲਾਟੀਏ ਇੱਕ ਦੂਸਰੇ ਵਿਰੁੱਧ ਕਈ ਕੁਝ ਕਰ ਲੈਂਦੇ ਹਨ। ਜਦੋਂ ਨਰਿੰਦਰ ਮੋਦੀ ਨੂੰ ਇਹ ਜਾਪਿਆ ਸੀ ਕਿ ਉਸ ਦੇ ਖਿਲਾਫ ਆਰ ਐੱਸ ਐੱਸ ਲੀਡਰਸ਼ਿਪ ਦਾ ਇੱਕ ਪ੍ਰਤੀਨਿਧ ਕੋਈ ਗੁੱਟਬੰਦੀ ਕਰਨ ਲੱਗਾ ਪਿਆ ਹੈ ਤਾਂ ਅਗਲੇ ਦਿਨੀਂ ਉਸ ਆਰ ਐੱਸ ਐੱਸ ਪ੍ਰਤੀਨਿਧ ਦੀ ਬਲਿਊ ਸੀ ਡੀ ਬਾਜ਼ਾਰਾਂ ਵਿੱਚ ਆ ਗਈ ਸੀ। ਇਹ ਕਿਸੇ ਹੋਰ ਦਾ ਕੰਮ ਨਹੀਂ ਸੀ, ਭਾਜਪਾ ਅਤੇ ਆਰ ਐੱਸ ਐੱਸ ਦੇ ਆਪਣੇ ਬੰਦਿਆਂ ਦਾ ਸਾਰਾ ਕੁਝ ਕੀਤਾ ਹੋਇਆ ਸੀ।
ਰਹੀ ਗੱਲ ਫੋਨ ਟੈਪ ਕਰਨ ਦੀ, ਇਸ ਮਾਮਲੇ ਵਿੱਚ ਟੈਪਿੰਗ ਨਹੀਂ ਹੋਈ, ਸਿਰਫ ਕਾਲ-ਡਿਟੇਲ ਕਢਾਉਣ ਦੀ ਕੋਸ਼ਿਸ਼ ਹੋਈ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕਿ ਉਸ ਬੰਦੇ ਦਾ ਕਿਸ ਨਾਲ ਕਿੰਨਾ ਕੁ ਸੰਪਰਕ ਹੈ। ਉਂਜ ਟੈਲੀਫੋਨ ਟੈਪ ਕਰਨ ਦਾ ਭਾਰਤ ਵਿੱਚ ਪੁਰਾਣਾ ਰਿਵਾਜ ਹੈ। ਇੱਕ ਖੁਫੀਆ ਸੇਵਾ ਵਿੱਚ ਲੱਗੇ ਰਹੇ ਅਧਿਕਾਰੀ ਨੇ ਰਿਟਾਇਰ ਹੋਣ ਦੇ ਬਾਅਦ ਲਿਖੀ ਆਪਣੀ ਕਿਤਾਬ ਵਿੱਚ ਇਹ ਵੀ ਲਿਖ ਦਿੱਤਾ ਸੀ ਕਿ ਉਹ ਸਰਕਾਰ ਦੇ ਕਹਿਣ ਉੱਤੇ ਨਹਿਰੂ-ਗਾਂਧੀ ਪਰਵਾਰ ਦੀ ਇੱਕ ਬੀਬੀ ਦੇ ਘਰ ਵਿੱਚ ਲੱਗੇ ਫੋਨ ਟੈਪ ਕਰਨ ਦੇ ਜੰਤਰ ਫਿੱਟ ਕਰਵਾਉਣ ਗਿਆ ਸੀ। ਅੱਜ ਦਾ ਯੁੱਗ ਹੁੰਦਾ ਤਾਂ ਇਹ ਤਰੱਦਦ ਨਹੀਂ ਸੀ ਕਰਨਾ ਪੈਣਾ। ਹੁਣ ਇਹੋ ਜਿਹੇ ਜੰਤਰ ਆ ਗਏ ਹਨ ਕਿ ਕੋਈ ਬੰਦਾ ਕਿਸੇ ਦੇ ਘਰ ਦੇ ਅੱਗੇ ਖੜੀ ਗੱਡੀ ਵਿੱਚ ਬੈਠਾ ਉਸ ਦੇ ਸਾਰੇ ਫੋਨ ਦੀ ਗੱਲਬਾਤ ਰਿਕਾਰਡ ਕਰ ਸਕਦਾ ਹੈ ਤੇ ਇਸ ਦਾ ਅਗਲੇ ਨੂੰ ਪਤਾ ਵੀ ਨਹੀਂ ਲੱਗਦਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹੋ ਦੋਸ਼ ਅਕਾਲੀ ਦਲ ਬਾਦਲ ਨੇ ਲਾਇਆ ਸੀ ਤੇ ਜਦੋਂ ਅਕਾਲੀ-ਭਾਜਪਾ ਸਰਕਾਰ ਆ ਗਈ ਤਾਂ ਇਸ ਦੋਸ਼ ਦੀ ਲਪੇਟ ਵਿੱਚ ਆਏ ਕਈ ਵੱਡੇ ਪੁਲਸ ਅਫਸਰਾਂ ਨੂੰ ਖੁੱਡੇ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਖਿਲਾਫ ਕੇਸ ਵੀ ਦਰਜ ਕਰਵਾਏ ਗਏ ਸਨ। ਜਾਣਨ ਵਾਲੀ ਵੱਡੀ ਗੱਲ ਇਹ ਨਹੀਂ ਕਿ ਬਾਅਦ ਵਿੱਚ ਉਨ੍ਹਾਂ ਅਫਸਰਾਂ ਵਿਰੁੱਧ ਬਣੇ ਕੇਸਾਂ ਦਾ ਕੀ ਬਣਿਆ, ਸਗੋਂ ਇਹ ਹੈ ਕਿ ਕਿਸੇ ਵੀ ਰਾਜ ਦੀ ਕੋਈ ਵੀ ਸਰਕਾਰ ਇਸ ਖੇਡ ਨੂੰ ਖੇਡਣ ਤੋਂ ਨਹੀਂ ਰਹਿੰਦੀ ਤੇ ਮੰਨਦੀ ਵੀ ਕੋਈ ਨਹੀਂ ਹੁੰਦੀ।
ਸਾਨੂੰ ਦੋ ਕੁ ਸਾਲ ਪਹਿਲਾਂ ਦਾ ਟੈਲੀਕਾਮ ਸਕੈਂਡਲ ਯਾਦ ਕਰਨਾ ਚਾਹੀਦਾ ਹੈ। ਉਸ ਵਿੱਚ ਇੱਕ ਬੀਬੀ ਨੀਰਾ ਰਾਡੀਆ ਦਾ ਨਾਂਅ ਗੂੰਜਿਆ ਸੀ ਤੇ ਪਤਾ ਇਹ ਲੱਗਾ ਸੀ ਕਿ ਸਿਰਫ ਪੰਦਰਾਂ ਲੱਖ ਰੁਪਏ ਨਾਲ ਏਅਰ ਲਾਈਨ ਕੰਪਨੀ ਖੋਲ੍ਹਣ ਦਾ ਇਰਾਦਾ ਬਣਾਈ ਫਿਰਦੀ ਉਹ ਬੀਬੀ ਕੁਝ ਦਿਨਾਂ ਵਿੱਚ ਹੀ ਨੌਂ ਸੌ ਕਰੋੜ ਰੁਪਏ ਦੀ ਮਾਲਕ ਬਣ ਗਈ ਸੀ। ਮੀਡੀਆ ਦੇ ਦੋ ਵੱਡੇ ਮਹਾਂਰਥੀ ਵੀ ਉਸ ਨਾਲ ਜੁੜੇ ਦੱਸੇ ਗਏ ਸਨ ਤੇ ਕਈ ਵੱਡੇ ਕਾਰਪੋਰੇਟ ਘਰਾਣਿਆਂ ਵਾਲੇ ਵੀ ਉਸ ਨਾਲ ਸੰਬੰਧਾਂ ਦਾ ਲਾਭ ਲੈ ਕੇ ਟੈਲੀਕਾਮ ਦੇ ਸਪੈਕਟਰਮ ਅਲਾਟ ਕਰਵਾਉਣ ਲਈ ਜਾਣੇ ਗਏ ਸਨ। ਜਦੋਂ ਉਸ ਬੀਬੀ ਦੀਆਂ ਫੋਨ ਉੱਤੇ ਕੀਤੀਆਂ ਗੱਲਾਂ ਦੀ ਕਹਾਣੀ ਬਾਹਰ ਆਈ ਤੇ ਇੱਕ ਅਖਬਾਰ ਨੇ ਉਹ ਗੱਲਬਾਤ ਛਾਪਣੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਦੇਸ਼ ਦਾ ਵੱਡਾ ਉਦਯੋਗਪਤੀ ਰਤਨ ਟਾਟਾ ਸੁਪਰੀਮ ਕੋਰਟ ਗਿਆ ਸੀ ਕਿ ਮੇਰੀ ਨਿੱਜਤਾ ਦੀ ਉਲੰਘਣਾ ਹੁੰਦੀ ਹੈ। ਉਨ੍ਹਾਂ ਟੇਪਾਂ ਦਾ ਸਾਰਾ ਸੱਚ ਅਜੇ ਤੱਕ ਵੀ ਸਾਹਮਣੇ ਨਹੀਂ ਆ ਸਕਿਆ, ਪਰ ਇਹ ਗੱਲ ਮੰਨ ਲਈ ਗਈ ਸੀ ਕਿ ਕਿਸੇ ਏਜੰਸੀ ਨੇ ਨੀਰਾ ਰਾਡੀਆ ਦੀਆਂ ਸ਼ੱਕੀ ਸਰਗਰਮੀਆਂ ਕਾਰਨ ਉਸ ਦੇ ਫੋਨ ਟੈਪ ਕਰਵਾਏ ਸਨ, ਜਿਨ੍ਹਾਂ ਦੇ ਆਧਾਰ ਉੱਤੇ ਉਸ ਨੂੰ ਹੱਥ ਪਾਇਆ ਜਾ ਸਕਿਆ ਸੀ।
ਨੀਰਾ ਰਾਡੀਆ ਤੋਂ ਪਹਿਲਾਂ ਇੱਕ ਸੀਨੀਅਰ ਆਈ ਏ ਐੱਸ ਅਫਸਰ ਰਵੀ ਇੰਦਰ ਸਿੰਘ ਦਾ ਮਾਮਲਾ ਬਾਹਰ ਆਇਆ ਸੀ, ਜਿਹੜਾ ਆਪਣੇ ਸਰਕਾਰੀ ਬੰਗਲੇ ਵਿੱਚ ਰਹਿਣ ਦੀ ਥਾਂ ਇੱਕ ਆਲੀਸ਼ਨ ਨਿੱਜੀ ਬੰਗਲੇ ਵਿੱਚ ਰਹਿੰਦਾ ਸੀ ਤੇ ਉਸ ਕੋਲ ਮਹਿੰਗੀਆਂ ਕਾਰਾਂ ਦਾ ਕਾਫਲਾ ਹੁੰਦਾ ਸੀ। ਉਹ ਚਾਲ-ਚੱਲਣ ਵੱਲੋਂ ਵੀ ਕਾਲੇ ਕਿਰਦਾਰ ਦਾ ਸੀ। ਕੁਝ ਸ਼ੱਕ ਪੈਣ ਉੱਤੇ ਉਸ ਦੇ ਫੋਨ ਟੈਪ ਕੀਤੇ ਗਏ ਤਾਂ ਪਤਾ ਲੱਗਾ ਕਿ ਉਹ ਆਪਣੀ ਸਰਕਾਰੀ ਪਦਵੀ ਦੀ ਦੁਰਵਰਤੋਂ ਕਰ ਕੇ ਕੁਝ ਲੋਕਾਂ ਨੂੰ ਲਾਭ ਪੁਚਾਉਂਦਾ ਤੇ ਮਾਲ ਕਮਾਉਂਦਾ ਸੀ। ਇੱਕ ਅਮਰੀਕੀ ਕੰਪਨੀ ਟੈਲੀਕਾਰਡੀਆ ਦੀ ਫਾਈਲ ਨੂੰ ਜਦੋਂ ਉਸ ਨੇ ਪਾਸ ਕੀਤਾ ਤਾਂ ਪਹਿਲਾ ਸ਼ੱਕ ਓਦੋਂ ਪਿਆ, ਜਿਹੜਾ ਉਸ ਦੀ ਗ੍ਰਿਫਤਾਰੀ ਤੱਕ ਚਲਾ ਗਿਆ ਸੀ। ਫੌਜ ਦੇ ਕਈ ਵੱਡੇ ਅਫਸਰਾਂ ਦੇ ਫੋਨ ਵੀ ਟੈਪ ਕੀਤੇ ਜਾਣ ਦਾ ਕਈ ਵਾਰੀ ਰੌਲਾ ਪਿਆ ਹੈ ਤੇ ਪਿਛਲੇ ਫੌਜ ਮੁਖੀ ਵੀ ਕੇ ਸਿੰਘ ਦੇ ਖਿਲਾਫ ਵੀ ਇਹ ਦੋਸ਼ ਲੱਗਾ ਸੀ ਕਿ ਉਸ ਨੇ ਆਪਣੇ ਤੌਰ ਉੱਤੇ ਇੱਕ ਵਿਸ਼ੇਸ਼ ਖੁਫੀਆ ਸੈੱਲ ਇਨ੍ਹਾਂ ਕੰਮਾਂ ਵਾਸਤੇ ਬਣਾ ਲਿਆ ਸੀ, ਜਿਸ ਦੀ ਹਰ ਰਿਪੋਰਟ ਸਿੱਧੀ ਉਸੇ ਨੂੰ ਮਿਲਦੀ ਸੀ। ਕਈ ਰਾਜਾਂ ਦੀ ਪੁਲਸ ਵੀ ਏਦਾਂ ਦੇ ਕੰਮ ਕਰ ਲੈਂਦੀ ਹੈ ਤੇ ਮੌਕੇ ਦੀਆਂ ਸਰਕਾਰਾਂ ਨੂੰ ਇਸ ਦਾ ਪਤਾ ਨਹੀਂ ਲੱਗਦਾ। ਸਰਕਾਰਾਂ ਜਾਂ ਸਰਕਾਰੀ ਏਜੰਸੀਆਂ ਤੋਂ ਇਲਾਵਾ ਇਹ ਕੰਮ ਬਾਹਰੋ ਬਾਹਰ ਕੁਝ ਹੋਰ ਲੋਕ ਵੀ ਕਰ ਲੈਂਦੇ ਹਨ। ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨੂੰ ਇੱਕ ਵਾਰੀ ਰਾਤ ਨੂੰ ਸ਼ਰਾਬ ਪੀ ਕੇ ਫੋਨ ਉੱਤੇ ਗਾਲ੍ਹਾਂ ਕੱਢ ਦਿੱਤੀਆਂ ਤਾਂ ਉਸ ਦੀ ਰਿਕਾਰਡਿੰਗ ਇੱਕ ਅਖਬਾਰ ਵਿੱਚ ਛਪ ਗਈ ਸੀ, ਜਿਸ ਬਾਰੇ ਉਸ ਰਾਜ ਦੀ ਕਿਸੇ ਏਜੰਸੀ ਨੂੰ ਉਸ ਵਕਤ ਤੱਕ ਪਤਾ ਹੀ ਨਹੀਂ ਸੀ।
ਗੱਲ ਫਿਰ ਆ ਜਾਂਦੀ ਹੈ ਭਾਜਪਾ ਆਗੂਆਂ ਦੇ ਫੋਨਾਂ ਦੀ ਕਾਲ-ਡਿਟੇਲ ਕਢਾਉਣ ਦੇ ਮੁੱਦੇ ਦੀ। ਇਸ ਵਾਰ ਫਸ ਗਏ ਪ੍ਰਾਈਵੇਟ ਜਾਸੂਸ ਅਰਵਿੰਦ ਦੀ ਜਿਸ ਭਾਜਪਾ ਆਗੂ ਸੁਧਾਂਸ਼ੂ ਮਿੱਤਲ ਦੇ ਨਾਲ ਨੇੜਤਾ ਜ਼ਾਹਰ ਹੋਈ ਹੈ, ਉਸ ਦੇ ਨਾਲ ਇੱਕ ਵਾਰੀ ਭਾਜਪਾ ਦੇ ਰਾਜ ਸਭਾ ਵਿੱਚ ਆਗੂ ਅਰੁਣ ਜੇਤਲੀ ਦਾ ਵੱਡਾ ਪੇਚਾ ਪੈ ਚੁੱਕਾ ਹੈ। ਜਦੋਂ 2009 ਦੀਆਂ ਪਾਰਲੀਮੈਂਟ ਚੋਣਾਂ ਹੋਣ ਵਾਲੀਆਂ ਸਨ, ਉਸ ਤੋਂ ਪਹਿਲਾਂ ਸੁਧਾਂਸ਼ੂ ਮਿੱਤਲ ਨੂੰ ਪਾਰਟੀ ਹਾਈ ਕਮਾਨ ਨੇ ਕੁਝ ਕੰਮਾਂ ਲਈ ਇੰਚਾਰਜ ਲਾ ਦਿੱਤਾ, ਜਿਨ੍ਹਾਂ ਦਾ ਚਾਰਜ ਪਹਿਲਾਂ ਅਰੁਣ ਜੇਤਲੀ ਕੋਲ ਸੀ ਤੇ ਅਰੁਣ ਜੇਤਲੀ ਇਸ ਤੋਂ ਏਨਾ ਚਿੜਿਆ ਕਿ ਉਸ ਨੇ ਪਾਰਟੀ ਛੱਡ ਕੇ ਘਰ ਬੈਠ ਜਾਣ ਦਾ ਐਲਾਨ ਹੀ ਕਰ ਦਿੱਤਾ ਸੀ। ਫਿਰ ਭਾਜਪਾ ਲੀਡਰਸ਼ਿਪ ਨੇ ਸਮਝੌਤਾ ਕਰਵਾਇਆ ਸੀ। ਰੇੜਕਾ ਕੁਝ ਪਾਰਟੀ ਕੰਮਾਂ ਦਾ ਨਹੀਂ, ਸਗੋਂ ਇਹ ਸੀ ਕਿ ਮਰਹੂਮ ਪਰਮੋਦ ਮਹਾਜਨ ਜਿਹੜੇ ਕੰਮ ਵਾਜਪਾਈ ਦੌਰ ਵਿੱਚ ਕਰਦਾ ਹੁੰਦਾ ਸੀ, ਉਨ੍ਹਾਂ ਕੰਮਾਂ ਨੂੰ ਸਾਂਭਣ ਦੀ ਖਿੱਚੋਤਾਣ ਸੀ। ਵੱਡਾ ਕੰਮ ਇਹ ਸੀ ਕਿ ਭਾਜਪਾ ਨੂੰ ਮੋਟੇ ਚੰਦੇ ਦੇਣ ਵਾਲੇ ਕਾਰਪੋਰੇਟ ਘਰਾਣਿਆਂ ਨਾਲ ਸੰਪਰਕ ਕਿਸ ਆਗੂ ਰਾਹੀਂ ਰੱਖਿਆ ਜਾਵੇ, ਤੇ ਇਸ ਕੰਮ ਵਿੱਚ ਜੇਤਲੀ ਤੇ ਮਿੱਤਲ ਦੋਵੇਂ ਇੱਕ ਦੂਸਰੇ ਦੇ ਸ਼ਰੀਕ ਬਣ ਖੜੋਤੇ ਸਨ। ਹੁਣ ਜਦੋਂ ਭਾਜਪਾ ਦੇ ਅੰਦਰ ਇਹ ਜੰਗ ਚੱਲ ਰਹੀ ਹੈ ਕਿ ਅਗਲੇ ਸਾਲ ਆ ਰਹੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੀ ਪਦਵੀ ਲਈ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ ਤਾਂ ਨਰਿੰਦਰ ਮੋਦੀ ਤੋਂ ਇਲਾਵਾ ਜਿਹੜੇ ਅੱਧੀ ਦਰਜਨ ਦਾਅਵੇਦਾਰ ਹਨ, ਉਨ੍ਹਾਂ ਨੂੰ ਵੀ ਇੱਕ ਦੂਸਰੇ ਦੇ ਹੀਜ-ਪਿਆਜ਼ ਦੀ ਜਾਣਕਾਰੀ ਰੱਖਣ ਦੀ ਲੋੜ ਹੋਣਾ ਸੁਭਾਵਕ ਹੈ। ਕੱਲ੍ਹ ਨੂੰ ਭਾਵੇਂ ਇਸ ਵਿੱਚ ਕਾਂਗਰਸੀ ਆਗੂਆਂ ਦੀ ਕਾਰਸਤਾਨੀ ਵੀ ਨਿਕਲ ਆਵੇ, ਅੱਜ ਦੀ ਘੜੀ ਮਾਮਲਾ ਭਾਜਪਾ ਦੀ ਖਾਨਾਜੰਗੀ ਦਾ ਹੀ ਜਾਪ ਰਿਹਾ ਹੈ।