ਦ੍ਰਿਸ਼ਟੀਕੋਣ (105)-ਜਤਿੰਦਰ ਪਨੂੰ

-ਪਾਰਲੀਮੈਂਟ ਚੋਣਾਂ ਦੀ ਅਗਾਊਂ ਚਰਚਾ ਨਾਲ ਉਸ ਆਮ ਆਦਮੀ ਨੂੰ ਕੀ, ਜਿਸ ਦੀ ਕਿਸੇ ਨੂੰ ਚਿੰਤਾ ਨਹੀਂ-
‘ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾਹ’ ਦਾ ਪੰਜਾਬੀ ਮੁਹਾਵਰਾ ਭਾਰਤੀ ਰਾਜਨੀਤੀ ਦੇ ਬੜੇ ਵੱਡੇ ਖਿਲਾਰੇ ਨੂੰ ਸਧਾਰਨ ਢੰਗ ਨਾਲ ਕਹਿ ਦੇਣ ਵਿੱਚ ਸਹਾਈ ਹੋ ਸਕਦਾ ਹੈ। ਜਦੋਂ ਇਸ ਵੇਲੇ ਪਾਰਲੀਮੈਂਟ ਦੀਆਂ ਚੋਣਾਂ ਨੂੰ ਹਾਲੇ ਤੇਰਾਂ ਮਹੀਨੇ ਬਾਕੀ ਪਏ ਹਨ ਤੇ ਤਖਤ ਦੀ ਦਾਅਵੇਦਾਰ ਹਰ ਪਾਰਟੀ ਦਾ ਹਰ ਵੱਡਾ ਲੀਡਰ ਡਾਂਡੇ-ਮੀਂਡੇ ਭੱਜਾ ਜਾਂਦਾ ਨਜ਼ਰ ਆ ਰਿਹਾ ਹੈ, ਓਦੋਂ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਜਿੱਤੇਗਾ ਕੌਣ? ਪਿਛਲੇ ਇੱਕ ਹਫਤੇ ਦੀ ਸਰਗਰਮੀ ਨੇ ਇਸ ਸਵਾਲ ਦਾ ਪੁੱਛਿਆ ਜਾਣਾ ਵੀ ਪਹਿਲਾਂ ਤੋਂ ਵਧਾ ਦਿੱਤਾ ਹੈ ਤੇ ਇਸ ਦਾ ਜਵਾਬ ਦੇਣਾ ਵੀ ਹੋਰ ਔਖਾ ਕਰ ਦਿੱਤਾ ਹੈ। ਲਾੜਿਆਂ ਦੀ ਬਰਾਤ ਵਿੱਚੋਂ ਅਸਲੀ ਲਾੜਾ ਲੱਭਣ ਦੀ ਸ਼ਰਤ ਜਿੱਤਣੀ ਸਚਮੁੱਚ ਏਨੀ ਔਖੀ ਹੈ ਕਿ ਟੀ ਵੀ ਚੈਨਲਾਂ ਉੱਤੇ ਸਰਵੇਖਣਾਂ ਦੇ ਖੇਖਣ ਕਰਨ ਵਾਲੇ ਮੱਥਾ ਮਾਰਦੇ ਹਨ ਤਾਂ ਮਾਰੀ ਜਾਣ, ਸੋਚ ਕੇ ਗੱਲ ਕਰਨ ਵਾਲਾ ਕੋਈ ਬੰਦਾ ਏਦਾਂ ਦੀ ਮਗਜ਼-ਪੱਚੀ ਕਰ ਕੇ ਸਿਰ ਦਰਦ ਨਹੀਂ ਸਹੇੜ ਸਕਦਾ।
ਇਸ ਹਫਤੇ ਵਿੱਚ ਤਿੰਨ ਗੱਲਾਂ ਏਦਾਂ ਦੀਆਂ ਹੋਈਆਂ, ਜਿਹੜੀਆਂ ਸਾਡੇ ਸੋਚਣ ਦਾ ਵਿਸ਼ਾ ਹੋ ਸਕਦੀਆਂ ਹਨ। ਭਾਰਤ ਦੀ ਰਾਜਨੀਤੀ ਦੀ ਸਾਰੀ ਅਜੋਕੀ ਤਸਵੀਰ ਇਨ੍ਹਾਂ ਤਿੰਨ ਗੱਲਾਂ ਨਾਲ ਜੋੜ ਕੇ ਵੇਖਣੀ ਪੈ ਰਹੀ ਹੈ।
ਜੇ ਅਸੀਂ ਤੀਸਰੀ ਗੱਲ ਤੋਂ ਸ਼ੁਰੂ ਕਰੀਏ ਤਾਂ ਇਹ ਰਾਹੁਲ ਗਾਂਧੀ ਦੀ ਉਹ ਤਕਰੀਰ ਸੀ, ਜਿਸ ਵਿੱਚ ਉਸ ਨੇ ਭਾਰਤ ਦੇ ਵੱਡੇ ਸਨਅਤਕਾਰ ਘਰਾਣਿਆਂ ਦੇ ਮੁਖੀਆਂ ਨਾਲ ਭਵਿੱਖ ਬਾਰੇ ਆਪਣੀ ਸੋਚ ਸਾਂਝੀ ਕੀਤੀ। ਉਸ ਦੇ ਭਾਸ਼ਣ ਦਾ ਚੰਗਾ ਪੱਖ ਇਹ ਕਿਹਾ ਜਾ ਸਕਦਾ ਹੈ ਕਿ ਉਸ ਨੇ ‘ਮੈਂ’ ਨਾਲੋਂ ਵੱਧ ‘ਅਸੀਂ’ ਦੀ ਸੋਚ ਅਪਣਾਉਣ ਉੱਤੇ ਜ਼ੋਰ ਦੇਂਦੇ ਹੋਏ ਕਿਹਾ ਕਿ ਉਸ ਦੇ ਆਪਣੇ ਪ੍ਰਧਾਨ ਮੰਤਰੀ ਬਣਨ ਜਾਂ ਨਾ ਬਣਨ ਨਾਲੋਂ ਵੱਧ ਅਹਿਮ ਗੱਲ ਇਹ ਹੈ ਕਿ ਮੁਲਕ ਨੂੰ ਯੋਗ ਅਗਵਾਈ ਮਿਲਣੀ ਚਾਹੀਦੀ ਹੈ। ਇਹ ਵੀ ਗੱਲ ਉਹ ਕਹਿ ਗਿਆ ਕਿ ਸਿਰਫ ਉਹੋ ਨਹੀਂ, ਇਸ ਦੇਸ਼ ਵਿੱਚ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਹਨ। ਇਸ਼ਾਰੇ ਨਾਲ ਉਸ ਨੇ ਫਿਰਕਾਪ੍ਰਸਤੀ ਉੱਤੇ ਵੀ ਠੀਕ ਚੋਟ ਕੀਤੀ। ਨਿਸ਼ਾਨਾ ਉਸ ਨੇ ਨਰਿੰਦਰ ਮੋਦੀ ਦੇ ਵਿਕਾਸ ਦੇ ਪ੍ਰਚਾਰ ਹੇਠ ਉਸ ਦੀ ਫਿਰਕੂ ਮਾਨਸਿਕਤਾ ਨੂੰ ਲੁਕਾਉਣ ਦੀ ਕੋਸ਼ਿਸ਼ ਨੂੰ ਬਣਾਇਆ ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਕਾਫੀ ਤੜਫਣੀ ਵੀ ਛਿੜੀ ਹੈ। ਇਹ ਸਾਰਾ ਕੁਝ ਠੀਕ ਕਹਿ ਕੇ ਰਾਹੁਲ ਗਾਂਧੀ ਇਹ ਦੱਸਣ ਤੋਂ ਕੰਨੀ ਕਤਰਾ ਗਿਆ ਕਿ ਇਸ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਫਿਰਕਾਪ੍ਰਸਤੀ ਦੇ ਉਬਾਲੇ ਜਦੋਂ ਆਉਂਦੇ ਰਹੇ ਸਨ, ਗੁਜਰਾਤ ਦੇ ਦੰਗੇ ਹੋਣ ਤੱਕ ਕਾਂਗਰਸੀ ਆਗੂਆਂ ਦਾ ਰੋਲ ਲਗਾਤਾਰ ਵਗਦੀ ਗੰਗਾ ਵਿੱਚ ਹੱਥ ਧੋਣ ਵਾਲਾ ਕਿਉਂ ਹੁੰਦਾ ਸੀ? ਜਿਹੜੀ ਧਰਮ-ਨਿਰਪੱਖਤਾ ਪੰਡਤ ਨਹਿਰੂ ਦੇ ਵੇਲੇ ਵੀ ਹੁੰਦੀ ਸੀ ਤੇ ਹੁਣ ਸੋਨੀਆ ਗਾਂਧੀ ਵੀ ਕਾਫੀ ਹੱਦ ਤੱਕ ਉਸ ਉੱਤੇ ਆ ਗਈ, ਕਾਂਗਰਸ ਪਾਰਟੀ ਵਿਚਾਲੜੇ ਸਮੇਂ ਵਿੱਚ ਉਸ ਤੋਂ ਪਾਸਾ ਕਿਉਂ ਵੱਟ ਗਈ ਸੀ?
ਦੂਸਰੀ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਆਪਣੀ ਟੀਮ ਬਣਾਉਣ ਵੇਲੇ ਨਰਿੰਦਰ ਮੋਦੀ ਦੇ ਮੂਹਰੇ ਆਤਮ-ਸਮੱਰਪਣ ਹੀ ਕਰ ਦਿੱਤਾ ਹੈ। ਉਹ ਇਕੱਲਾ ਹੀ ਕਿਉਂ, ਭਾਜਪਾ ਦੀ ਸਾਰੀ ਕੇਂਦਰੀ ਲੀਡਰਸ਼ਿਪ ਮੋਦੀ-ਚਾਲੀਸਾ ਪੜ੍ਹਨ ਲਈ ਮਜਬੂਰ ਹੋ ਗਈ ਤੇ ਸਿਰਫ ਉਸੇ ਦੇ ਬੰਦਿਆਂ ਨਾਲ ਅਹੁਦੇ ਹੀ ਨਹੀਂ, ਚੋਣ ਕਮੇਟੀ ਸਮੇਤ ਸਾਰੀਆਂ ਪ੍ਰਮੁੱਖ ਕਮੇਟੀਆਂ ਵੀ ਭਰ ਦਿੱਤੀਆਂ ਹਨ। ਗੁਜਰਾਤ ਦਾ ਇੱਕ ਭਾਜਪਾ ਆਗੂ ਅਮਿਤ ਸ਼ਾਹ ਹੈ। ਉਸ ਦੇ ਖਿਲਾਫ ਸੋਹਰਾਬੁਦੀਨ ਨਾਂਅ ਦੇ ਇੱਕ ਬੰਦੇ ਦਾ ਝੂਠਾ ਪੁਲਸ ਮੁਕਾਬਲਾ ਬਣਵਾ ਕੇ ਮਰਵਾ ਦੇਣ ਦਾ ਦੋਸ਼ ਲੱਗਣ ਪਿੱਛੋਂ ਉਸ ਨੂੰ ਮੰਤਰੀ ਦੀ ਕੁਰਸੀ ਛੱਡਣੀ ਪਈ ਸੀ। ਦੇਸ਼ ਦੀ ਸੁਪਰੀਮ ਕੋਰਟ ਨੇ ਉਸ ਉੱਤੇ ਆਪਣੇ ਰਾਜ ਗੁਜਰਾਤ ਵਿੱਚ ਵੜਨ ਉੱਤੇ ਪਾਬੰਦੀ ਲਾ ਦਿੱਤੀ ਸੀ। ਕਈ ਦਿਨ ਉਸ ਨੂੰ ਜੇਲ੍ਹ ਦੀ ਦਾਲ ਪੀਣੀ ਪਈ ਤੇ ਕੇਸ ਅਜੇ ਵੀ ਚੱਲਦਾ ਹੈ। ਉਸ ਨੂੰ ਵੀ ਨਰਿੰਦਰ ਮੋਦੀ ਦੇ ਦਬਾਅ ਹੇਠ ਦਿੱਲੀ ਲਿਆ ਕੇ ਪ੍ਰਮੁੱਖ ਅਹੁਦਾ ਦੇ ਦਿੱਤਾ ਗਿਆ ਹੈ। ਮੋਦੀ ਆਪ ਭਾਰਤ ਦੇ ਤਖਤ ਉੱਤੇ ਚੌਕੜਾ ਮਾਰਨ ਨੂੰ ਏਨਾ ਕਾਹਲਾ ਹੈ ਕਿ ਹੁਣੇ ਤੋਂ ਗੁਜਰਾਤ ਵਿੱਚ ਆਪਣੇ ਭਾਸ਼ਣਾਂ ਵਿੱਚ ਕਹੀ ਜਾਂਦਾ ਹੈ ਕਿ ‘ਇਸ ਰਾਜ ਦੇ ਲੋਕਾਂ ਦੀ ਬੜੀ ਸੇਵਾ ਕਰ ਲਈ, ਹੁਣ ਦੇਸ਼ ਦਾ ਕਰਜ਼ਾ ਲਾਹੁਣ ਦਿੱਲੀ ਜਾਣਾ ਹੈ।’
ਜਿਸ ਤਰ੍ਹਾਂ ਰਾਹੁਲ ਦੇ ਭਾਸ਼ਣ ਉੱਤੇ ਵੱਜੀਆਂ ਤਾੜੀਆਂ ਨੂੰ ਭਾਜਪਾ ਵਾਲੇ ਆਗੂ ਬਰਦਾਸ਼ਤ ਕਰਨ ਵਿੱਚ ਔਖ ਮਹਿਸੂਸ ਕਰੀ ਜਾਂਦੇ ਸਨ, ਉਵੇਂ ਹੀ ਨਰਿੰਦਰ ਮੋਦੀ ਦੀ ਇਸ ਉਠਾਣ ਤੋਂ ਕਾਂਗਰਸੀ ਆਗੂ ਇੱਕ ਦਮ ਉਸ ਦੇ ਵਿਰੁੱਧ ਭੜਕੇ ਪਏ ਹਨ। ਨਰਿੰਦਰ ਮੋਦੀ ਦੀ ਉਠਾਣ ਨਾਲ ਦੇਸ਼ ਦੀ ਧਰਮ-ਨਿਰਪੱਖਤਾ ਨੂੰ ਖਤਰਾ ਹੈ ਅਤੇ ਉਸ ਦੇ ਮੁਕਾਬਲੇ ਲਈ ਧਰਮ-ਨਿਰਪੱਖ ਧਿਰਾਂ ਦਾ ਮੋਰਚਾ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ, ਪਰ ਉਹ ਇਸ ਦੀ ਥਾਂ ਸ਼ਬਦਾਂ ਦੀ ਚਾਂਦਮਾਰੀ ਦੇ ਉਸ ਰਾਹ ਪੈ ਤੁਰੇ ਹਨ, ਜਿਸ ਨਾਲ ਉਨ੍ਹਾਂ ਦੀ ਸਥਿਤੀ ਹੋਰ ਖਰਾਬ ਹੋਵੇਗੀ। ਕੋਈ ਉਸ ਨੂੰ ਯਮਦੂਤ ਕਹਿੰਦਾ ਹੈ ਤਾਂ ਕੋਈ ਹੋਰ ਇਸ ਤੋਂ ਵੀ ਅੱਗੇ ਵਧ ਕੇ ਕੁਝ ਕਹਿ ਜਾਂਦਾ ਹੈ ਤੇ ਭਾਜਪਾ ਆਗੂ ਏਨਾ ਆਖ ਕੇ ਟਾਲ ਜਾਂਦੇ ਹਨ ਕਿ ਇਨ੍ਹਾਂ ਨੂੰ ਸੁਫਨੇ ਵਿੱਚ ਵੀ ਮੋਦੀ ਡਰਾਉਂਦਾ ਹੈ।
ਕਮਜ਼ੋਰੀਆਂ ਕਾਂਗਰਸ ਦੇ ਆਗੂਆਂ ਦੀਆਂ ਆਪਣੀਆਂ ਹਨ। ਜਿਵੇਂ ਪੰਜਾਬ ਦੇ ਕਾਂਗਰਸੀਆਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵੇਲੇ ਬੰਨੇ ਲੱਗ ਗਈ ਜਾਪਦੀ ਬੇੜੀ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਕੇ ਆਪ ਹੀ ਡੋਬ ਲਈ ਸੀ, ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹੋ ਹੋਇਆ ਹੈ। ਦੋਵੇਂ ਥਾਂ ਕਾਂਗਰਸ ਪਾਰਟੀ ਦੇ ਕੁਝ ਲੀਡਰ ਆਪਣੀ ਪਾਰਟੀ ਦੇ ਵਿਰੋਧੀਆਂ ਨਾਲ ਅੱਖ-ਮਟੱਕਾ ਕਰ ਕੇ ਚੱਲੇ ਤੇ ਮੜ੍ਹੀਆਂ ਦੇ ਰਾਹੇ ਪਏ ਰਹੇ। ਹੁਣ ਕੇਂਦਰ ਦੀ ਕਾਂਗਰਸੀ ਲੀਡਰਸ਼ਿਪ ਦੇ ਅਹੁਦੇਦਾਰ ਉਹੋ ਕੁਝ ਕਰਨ ਤੁਰੇ ਹੋਏ ਹਨ। ਕੋਈ ਕਹਿੰਦਾ ਹੈ ਕਿ ਪਾਰਟੀ ਨੂੰ ਸੱਤਾ ਦੇ ਦੋ ਕੇਂਦਰਾਂ; ਸੋਨੀਆ ਗਾਂਧੀ ਤੇ ਮਨਮੋਹਨ ਸਿੰਘ, ਨਾਲ ਨੁਕਸਾਨ ਪਹੁੰਚਿਆ ਹੈ ਤੇ ਕੋਈ ਇਹ ਕਹਿੰਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ। ਪਿਛਲੇ ਸਾਲ ਉੱਤਰ ਪ੍ਰਦੇਸ਼ ਵਿੱਚ ਵੀ ਚੋਣਾਂ ਵਿੱਚ ਇਸ ਪਾਰਟੀ ਦੀ ਮਾੜੀ ਹਾਲਤ ਹੋ ਜਾਣ ਦਾ ਕਾਰਨ ਸਿਰਫ ਉਸ ਰਾਜ ਦੀ ਰਾਜਨੀਤੀ ਨਹੀਂ, ਕੇਂਦਰ ਦੇ ਉਨ੍ਹਾਂ ਕਾਂਗਰਸੀ ਲੀਡਰਾਂ ਦੀ ਆਪਸੀ ਖਹਿਬੜ ਸੀ, ਜਿਨ੍ਹਾਂ ਦੀ ਦੌੜ ਦੂਸਰੇ ਦਾ ਪੈਰ ਮਿੱਧ ਕੇ ਆਪ ਰਾਹੁਲ ਗਾਂਧੀ ਦੇ ਨੇੜੇ ਹੋਣ ਨੂੰ ਲੱਗੀ ਹੋਈ ਸੀ। ਇਹ ਦੌੜ ਹੁਣ ਵੀ ਜਾਰੀ ਹੈ।
ਜਿਹੜੀ ਖੇਡ ਇਨ੍ਹਾਂ ਦੋਵਾਂ ਧਿਰਾਂ ਤੋਂ ਪਹਿਲਾਂ ਸ਼ੁਰੂ ਹੋਈ ਤੇ ਅਜੇ ਤੱਕ ਬੜੇ ਅਜੀਬ ਜਿਹੇ ਰੰਗ ਵਿੱਚ ਚੱਲੀ ਜਾ ਰਹੀ ਹੈ, ਉਹ ਕਾਂਗਰਸ ਪਾਰਟੀ ਨਾਲ ਮੁਲਾਇਮ ਸਿੰਘ ਦੀ ਚਿੜ-ਚਿੜ ਹੈ। ਪਹਿਲ ਉਸ ਨੇ ਹੋਲੀ ਦੇ ਦਿਨ ਇਸ ਬਿਆਨ ਨਾਲ ਕੀਤੀ ਕਿ ਕਾਂਗਰਸ ਪਾਰਟੀ ਬਹੁਤ ਬੇਈਮਾਨ ਹੈ, ਇਹ ਭਰੋਸੇ ਦੇ ਕਾਬਲ ਵੀ ਨਹੀਂ। ਲੋਕਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਹੋਲੀ ਮਨਾਉਣ ਮੌਕੇ ਭੰਗ ਘੋਟ ਕੇ ਪੀਣ ਦਾ ਰਿਵਾਜ ਹੈ ਤੇ ਮੁਲਾਇਮ ਸਿੰਘ ਨੇ ਭੰਗ ਪੀ ਕੇ ਇਹ ਬਿਆਨ ਦਿੱਤਾ ਹੋਵੇਗਾ, ਜਿਹੜਾ ਅਗਲੇ ਦਿਨ ਤੱਕ ਉਹ ਭੁਲਾ ਦੇਵੇਗਾ। ਦੂਜੇ ਦਿਨ ਉਸ ਨੇ ਆਖ ਦਿੱਤਾ ਕਿ ਕਾਂਗਰਸ ਪਾਰਟੀ ਹੈ ਤਾਂ ਬੇਈਮਾਨ, ਭਰੋਸੇ ਦੇ ਕਾਬਲ ਵੀ ਨਹੀਂ, ਪਰ ਅਸੀਂ ਉਸ ਦੀ ਕੇਂਦਰ ਸਰਕਾਰ ਦਾ ਸਾਥ ਨਹੀਂ ਛੱਡਣਾ, ਕਿਉਂਕਿ ਇਸ ਨਾਲ ਸਾਡੇ ਉੱਤੇ ਵਿਸ਼ਵਾਸ ਘਾਤ ਦਾ ਦੋਸ਼ ਲੱਗ ਜਾਵੇਗਾ। ਸਿਰਫ ਦੋ ਦਿਨ ਹੋਰ ਲੰਘੇ ਸਨ ਕਿ ਉਸ ਨੇ ਅਗਲਾ ਤੀਰ ਇਹ ਛੱਡ ਦਿੱਤਾ ਕਿ ਜੇ ਮੈਂ ਕਾਂਗਰਸ ਦਾ ਸਾਥ ਛੱਡਾਂ ਤਾਂ ਇਸ ਦੇ ਹਜ਼ਾਰਾਂ ਹੱਥ ਹਨ, ਇਹ ਸੀ ਬੀ ਆਈ ਮੇਰੇ ਪਿੱਛੇ ਲਾ ਕੇ ਜੇਲ੍ਹ ਵੀ ਭੇਜ ਸਕਦੀ ਹੈ। ਇਸ ਨਾਲ ਉਸ ਦੀ ਕਾਂਗਰਸ ਦੇ ਲੀਡਰਾਂ ਨਾਲ ਰੋਜ਼ ਦੀ ਉਹ ਲੜਾਈ ਛਿੜ ਗਈ, ਜਿਸ ਦਾ ਕੋਈ ਬੰਨਾ ਨਜ਼ਰ ਨਹੀਂ ਆ ਰਿਹਾ।
ਜਾਣਨ ਵਾਲੇ ਆਖਦੇ ਹਨ ਕਿ ਮੁਲਾਇਮ ਸਿੰਘ ਕਾਂਗਰਸ ਤੋਂ ਦੂਰ ਨਹੀਂ ਜਾਣਾ ਚਾਹੁੰਦਾ, ਪਰ ਦੂਰੀ ਵੀ ਜ਼ਾਹਰ ਕਰਨਾ ਚਾਹੁੰਦਾ ਹੈ, ਤਾਂ ਕਿ ਭਾਜਪਾ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਵਾਲੇ ਲੀਡਰਾਂ ਨਾਲ ਭਵਿੱਖ ਦੀ ਕਿਸੇ ਆਸ ਵਿੱਚ ਅੱਖ-ਮਟੱਕਾ ਕਰ ਸਕੇ। ਸ਼ਾਇਦ ਇਹ ਸੋਚ ਹੋਵੇਗੀ ਕਿ ਜੇ ਕਿਸੇ ਵੀ ਧਿਰ ਜਾਂ ਗੱਠਜੋੜ ਦੀ ਬਹੁ-ਸੰਮਤੀ ਨਾ ਆਈ ਤਾਂ ਮੋਦੀ ਦੇ ਵਿਰੋਧੀ ਮੰਨੇ ਜਾਂਦੇ ਅਡਵਾਨੀ ਧੜੇ ਨਾਲ ਹੱਥ ਮਿਲਾਇਆ ਜਾ ਸਕੇਗਾ। ਏਸੇ ਲਈ ਉਸ ਨੇ ਇੱਕੋ ਹਫਤੇ ਵਿੱਚ ਦੋ ਵਾਰ ਲਾਲ ਕ੍ਰਿਸ਼ਨ ਅਡਵਾਨੀ ਦੀ ਖੁੱਲ੍ਹ ਕੇ ਸਿਫਤ ਕੀਤੀ ਤੇ ਅਡਵਾਨੀ ਨੇ ਭਾਜੀ ਮੋੜਨ ਵਾਂਗ ਮੁਲਾਇਮ ਦੇ ਆਦਰਸ਼ ਮੰਨੇ ਜਾਂਦੇ ਮਰਹੂਮ ਨੇਤਾ ਰਾਮ ਮਨੋਹਰ ਲੋਹੀਆ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ ਸਨ।
ਸਾਫ ਹੈ ਕਿ ਰਾਜਸੀ ਪੱਖ ਤੋਂ ਖਿਲਾਰਾ ਕਾਫੀ ਜ਼ਿਆਦਾ ਪਿਆ ਹੋਇਆ ਹੈ ਤੇ ਸਾਰੇ ਘੋੜੇ ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਦੇ ਮੈਦਾਨ ਨੂੰ ਅੱਖਾਂ ਸਾਹਮਣੇ ਰੱਖ ਕੇ ਦੌੜ ਰਹੇ ਹਨ। ਲੋਕ ਵੀ ਮੁੱਦਿਆਂ ਦੀ ਬਜਾਏ ਇਹੋ ਪੁੱਛਣ ਨੂੰ ਪਹਿਲ ਦੇਂਦੇ ਹਨ ਕਿ ਚੋਣਾਂ ਵਿੱਚ ਜਿੱਤ ਕੌਣ ਜਾਵੇਗਾ? ਸਾਡੀ ਇਹੋ ਜਿਹੀ ਕੋਈ ਚਿੰਤਾ ਅੱਜ ਦੀ ਘੜੀ ਨਹੀਂ ਅਤੇ ਜਦੋਂ ਤੱਕ ਲੜਾਈ ਦੀਆਂ ਧਿਰਾਂ ਸਪੱਸ਼ਟ ਨਹੀਂ ਹੋ ਜਾਂਦੀਆਂ, ਇਹੋ ਜਿਹੀ ਪੁਣ-ਛਾਣ ਵਿੱਚ ਪੈਣ ਦੀ ਲੋੜ ਵੀ ਨਹੀਂ ਸਮਝਦੇ, ਪਰ ਇਹ ਸਵਾਲ ਮੋੜਵਾਂ ਪੁੱਛਣਾ ਚਾਹੁੰਦੇ ਹਾਂ ਕਿ ਏਥੇ ਸਾਹਮਣੇ ਦਿੱਸ ਰਹੀਆਂ ਮੁੱਖ ਧਿਰਾਂ ਵਿੱਚੋਂ ਏਦਾਂ ਦੀ ਕਿਹੜੀ ਹੈ, ਜਿਸ ਨੂੰ ਇਸ ਦੇਸ਼ ਦੇ ਆਮ ਆਦਮੀ ਦੇ ਹਿੱਤਾਂ ਦੀ ਚਿੰਤਾ ਹੋਵੇ? ਰਾਜਨੀਤੀ ਸਾਰੀਆਂ ਧਿਰਾਂ ਵੱਲੋਂ ਆਮ ਆਦਮੀ ਦਾ ਨਾਂਅ ਲੈ ਕੇ ਕੀਤੀ ਜਾਂਦੀ ਹੈ ਤੇ ਰਾਜ ਕਿਸੇ ਵੀ ਪਾਰਟੀ ਦਾ ਆ ਜਾਵੇ, ਉਸ ਦਾ ਉਲਾਰਪੁਣਾ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਹੁੰਦਾ ਹੈ। ਇਸ ਵੇਲੇ ਇੱਕ ਕੰਪਨੀ ਭਾਰਤ ਦੇ ਲੋਕਾਂ ਤੋਂ ਉਗਰਾਹੇ ਹੋਏ ਚੌਵੀ ਹਜ਼ਾਰ ਕਰੋੜ ਰੁਪਏ ਵਾਪਸ ਮੋੜਨ ਤੋਂ ਬਚਣ ਦੇ ਹੀਲੇ ਕਰ ਰਹੀ ਹੈ ਤੇ ਸੁਪਰੀਮ ਕੋਰਟ ਦੇ ਹੁਕਮ ਦੀ ਵੀ ਪ੍ਰਵਾਹ ਨਹੀਂ ਕਰ ਰਹੀ, ਪਰ ਕਮਾਲ ਦੀ ਗੱਲ ਹੈ ਕਿ ਨਾ ਭਾਰਤ ਦੀ ਕਮਾਨ ਸੰਭਾਲ ਰਹੀ ਕਾਂਗਰਸ ਇਸ ਬਾਰੇ ਚੁੱਪ ਤੋੜਦੀ ਹੈ ਤੇ ਨਾ ਕਿਸੇ ਵੀ ਰਾਜ ਵਿੱਚ ਰਾਜ ਕਰਦੀ ਕੋਈ ਹੋਰ ਪਾਰਟੀ ਬੋਲੀ ਹੈ। ਉਸੇ ਵਰਗੀ ਇੱਕ ਕੰਪਨੀ ਨੇ ਸਪੈਕਟਰਮ ਦੀ ਅਲਾਟਮੈਂਟ ਵੇਲੇ ਜਿਹੜੇ ਰਾਜਾਂ ਦਾ ਹੱਕ ਖਰੀਦਿਆ ਵੀ ਨਹੀਂ, ਉਨ੍ਹਾਂ ਵਿੱਚੋਂ ਤਿੰਨ ਰਾਜਾਂ ਵਿੱਚ ਮੋਬਾਈਲ ਸੇਵਾ ਚਲਾ ਕੇ ਕਰੋੜਾਂ ਨਹੀਂ, ਅਰਬਾਂ ਰੁਪਏ ਦੀ ਕਮਾਈ ਕਰ ਲਈ ਤਾਂ ਹੁਣ ਭਾਰਤ ਦਾ ਟੈਲੀਕਾਮ ਮਹਿਕਮਾ ਉਸ ਨੂੰ ਮਾਮੂਲੀ ਜਿਹਾ ਕੁਝ ਕਰੋੜ ਰੁਪਏ ਦਾ ਜੁਰਮਾਨਾ ਕਰਨ ਲੱਗਾ ਹੈ। ਕੰਪਨੀ ਦੌੜ ਕੇ ਸੁਪਰੀਮ ਕੋਰਟ ਤੋਂ ਜੁਰਮਾਨੇ ਦਾ ਸਟੇਅ ਆਰਡਰ ਲੈਣ ਗਈ, ਜਿਹੜਾ ਜੱਜ ਸਾਹਿਬਾਨ ਨੇ ਦਿੱਤਾ ਨਹੀਂ, ਪਰ ਇੱਕ ਵੀ ਵੱਡੀ ਧਿਰ ਨੇ ਇਸ ਕੰਪਨੀ ਬਾਰੇ ਮੂੰਹ ਨਹੀਂ ਖੋਲ੍ਹਿਆ।
ਇਹ ਦੋ ਤੇ ਇਨ੍ਹਾਂ ਵਰਗੀਆਂ ਹੋਰ ਕੰਪਨੀਆਂ ਦੀ ਗੱਲ ਚੱਲਦੀ ਤੋਂ ਰਾਜਸੀ ਆਗੂਆਂ ਦੀ ਚੁੱਪ ਬਾਰੇ ਲੋਕ ਇਹ ਸਮਝਦੇ ਹੋਣਗੇ ਕਿ ਇਹ ਭਾਰਤੀ ਕਾਰਪੋਰੇਟ ਘਰਾਣਿਆਂ ਦਾ ਦਿੱਤਾ ਖਾਂਦੇ ਹਨ, ਪਰ ਜਦੋਂ ਇੱਕ ਵਿਦੇਸ਼ੀ ਕੰਪਨੀ ਦਾ ਪੇਟੈਂਟ ਦਾ ਹੱਕ ਸੁਪਰੀਮ ਕੋਰਟ ਨੇ ਠੋਕ ਕੇ ਰੱਦ ਕਰ ਦਿੱਤਾ, ਇਨ੍ਹਾਂ ਪਾਰਟੀਆਂ ਨੂੰ ਓਦੋਂ ਵੀ ਦੰਦਲ ਪਈ ਰਹੀ ਹੈ। ਕੈਂਸਰ ਦੇ ਇਲਾਜ ਲਈ ਸਵਿਟਜ਼ਰਲੈਂਡ ਦੀ ਉਹ ਕੰਪਨੀ ਦਵਾਈ ਬਣਾਉਂਦੀ ਹੈ। ਇੱਕ ਮਹੀਨੇ ਦੀ ਉਸ ਦੀ ਦਵਾਈ ਦੀ ਖੁਰਾਕ ਇੱਕ ਲੱਖ ਵੀਹ ਹਜ਼ਾਰ ਰੁਪਏ ਤੋਂ ਉੱਪਰ ਪੈਂਦੀ ਹੈ ਤੇ ਇਹੋ ਦਵਾਈ ਹੋਰ ਕੰਪਨੀਆਂ ਦੀ ਬਣੀ ਹੋਈ ਇੱਕ ਮਹੀਨੇ ਲਈ ਸਿਰਫ ਅੱਠ ਹਜ਼ਾਰ ਰੁਪਏ ਦੀ ਹੁੰਦੀ ਹੈ। ਉਹ ਵਿਦੇਸ਼ੀ ਕੰਪਨੀ ਪੰਦਰਾਂ ਗੁਣਾਂ ਮੁੱਲ ਵਸੂਲ ਕੇ ਪਹਿਲਾਂ ਹੀ ਰੋਗ ਦੀ ਮਾਰ ਨਾਲ ਮਰਨੇ ਪਏ ਲੋਕਾਂ ਦੇ ਖੱਫਣ ਵੀ ਧੂਹਣ ਲੱਗੀ ਰਹੀ ਤੇ ਸਾਡੇ ਸਾਰੇ ਰੰਗਾਂ ਦੀ ਰਾਜਨੀਤੀ ਕਰਨ ਵਾਲੇ ਲੀਡਰ ਈਸਟ ਇੰਡੀਆ ਕੰਪਨੀ ਦੇ ਏਜੰਟਾਂ ਵਾਂਗ ਚੁੱਪ ਕੀਤੇ ਰਹੇ। ਕੀ ਇਹ ਉਨ੍ਹਾਂ ਨੇ ਆਪਣੇ ਦੇਸ਼ ਦੇ ਲੋਕਾਂ ਨਾਲ ਧਰੋਹ ਨਹੀਂ ਕੀਤਾ?
ਅਗਲੇ ਸਾਲ ਪਾਰਲੀਮੈਂਟ ਚੋਣਾਂ ਹੋਣਗੀਆਂ। ਅੱਜ ਦੀ ਘੜੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਚੁੱਪ ਵੱਟੀ ਬੈਠੇ ਇਹੋ ਲੀਡਰ ਇੱਕ ਦੂਸਰੇ ਨੂੰ ਭੰਡ ਕੇ ਖੁਦ ਨੂੰ ਲੋਕਾਂ ਦੇ ਹਿਤੈਸ਼ੀ ਸਾਬਤ ਕਰਨ ਵਾਸਤੇ ਵਾਹ ਲਾਉਣਗੇ। ਜਦੋਂ ਇਨ੍ਹਾਂ ਨੇ ਲੋੜ ਪਈ ਤੋਂ ਲੋਕਾਂ ਦੇ ਖੱਫਣ ਲਹਿੰਦੇ ਤੋਂ ਵੀ ਜ਼ਬਾਨ ਨਹੀਂ ਖੋਲ੍ਹਣੀ ਤਾਂ ਇਨ੍ਹਾਂ ਵਿੱਚੋਂ ਜਿਹੜਾ ਮਰਜ਼ੀ ਜਿੱਤ ਜਾਵੇ, ਇਸ ਦੀ ਚਿੰਤਾ ਉਹ ਆਮ ਆਦਮੀ ਭਲਾ ਕਿਉਂ ਕਰੇ, ਜਿਸ ਦੀ ਚਿੰਤਾ ਇਨ੍ਹਾਂ ਵਿੱਚੋਂ ਕਿਸੇ ਨੂੰ ਨਹੀਂ?