ਦ੍ਰਿਸ਼ਟੀਕੋਣ (94)-ਜਤਿੰਦਰ ਪਨੂੰ

a1-ਪਾਕਿਸਤਾਨ ਦਾ ਵਹਿਸ਼ੀਪੁਣਾ ਗਲਤ, ਪਰ ਹਾਲਾਤ ਅਜੇ ਸਿੱਧੇ ਸਿੱਝਣ ਵਾਲੇ ਪੜਾਅ ਤੱਕ ਨਹੀਂ ਪਹੁੰਚੇ-

ਭਾਰਤ ਦੇ ਲੋਕਾਂ ਦੀ ਵੱਡੀ ਗਿਣਤੀ ਇਸ ਵਕਤ ਉਬਾਲੇ ਖਾਂਦੀ ਨਜ਼ਰ ਆਉਂਦੀ ਹੈ ਤੇ ਇਸ ਦਾ ਕਾਰਨ ਬੀਤੇ ਹਫਤੇ ਦੇ ਇੱਕ ਦਿਨ ਪਾਕਿਸਤਾਨ ਦੀ ਇੱਕ ਫੌਜੀ ਹਮਲਾਵਰ ਟੀਮ ਵੱਲੋਂ ਭਾਰਤੀ ਖੇਤਰ ਵਿੱਚ ਆਣ ਕੇ ਏਧਰ ਦੀ ਗਸ਼ਤ ਕਰਦੀ ਇੱਕ ਫੌਜੀ ਟੁਕੜੀ ਉੱਤੇ ਹਮਲਾ ਕੀਤਾ ਜਾਣਾ ਹੈ। ਇਸ ਹਮਲੇ ਵਿੱਚ ਦੋ ਭਾਰਤੀ ਲਾਂਸ ਨਾਇਕ ਮਾਰ ਦਿੱਤੇ ਗਏ ਤੇ ਇੱਕ ਜਣੇ ਦਾ ਸਿਰ ਵੱਢ ਕੇ ਉਹ ਨਾਲ ਵੀ ਲੈ ਗਏ ਸਨ। ਬਿਨਾਂ ਸਿਰ ਤੋਂ ਕਿਸੇ ਫੌਜੀ ਜਵਾਨ ਦੀ ਲਾਸ਼ ਮਿਲਣ ਪਿੱਛੋਂ ਇਹੋ ਜਿਹਾ ਗੁੱਸਾ ਕਿਸੇ ਨੂੰ ਵੀ ਆਉਣਾ ਸੁਭਾਵਕ ਹੈ। ਇਹ ਕਾਰਵਾਈ ਵੀ ਪਾਕਿਸਤਾਨ ਦੀ ਫੌਜ ਵੱਲੋਂ ਕਿਸੇ ਭੜਕਾਹਟ ਜਾਂ ਹੱਦ ਉੱਤੇ ਬਣੇ ਕਿਸੇ ਵਿਸ਼ੇਸ਼ ਤਨਾਅ ਤੋਂ ਬਿਨਾਂ ਕੀਤੀ ਗਈ ਹੈ। ਰਿਪੋਰਟਾਂ ਤਾਂ ਇਹ ਵੀ ਹਨ ਕਿ ਅਸਲ ਵਿੱਚ ਫੌਜ ਦੇ ਓਹਲੇ ਹੇਠ ਇਸ ਕਾਰਵਾਈ ਲਈ ਹਮਲਾਵਰਾਂ ਨੂੰ ਲਸ਼ਕਰੇ-ਤਾਇਬਾ ਦੇ ਮੁਖੀ ਹਾਫਿਜ਼ ਸਈਦ ਵੱਲੋਂ ਭੇਜਿਆ ਗਿਆ ਸੀ, ਪਰ ਹਾਫਿਜ਼ ਸਈਦ ਨੂੰ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਜਿਵੇਂ ਹਮਲਾਵਰ ਹਾਫਿਜ਼ ਸਈਦ ਦੇ ਕਾਰਿੰਦੇ ਹੋ ਸਕਦੇ ਹਨ, ਉਵੇਂ ਉਹ ਖੁਦ ਵੀ ਇਸ ਖੁਫੀਆ ਏਜੰਸੀ ਦਾ ਇੱਕ ਕਾਰਿੰਦਾ ਹੈ ਤੇ ਉਹੋ ਕੰਮ ਸਿਰੇ ਚਾੜ੍ਹਦਾ ਹੈ, ਜਿਹੜੇ ਏਜੰਸੀ ਨੂੰ ਆਪ ਸਿੱਧੇ ਕਰਨ ਵਿਚ ਮੁਸ਼ਕਲ ਜਾਪਦੀ ਹੈ। ਮੁੰਬਈ ਵਾਲਾ ਦਹਿਸ਼ਤਗਰਦ ਹਮਲਾ ਇਸੇ ਕਾਰਿੰਦੇ ਦੇ ਰਾਹੀਂ ਕਰਵਾਉਣ ਲਈ ਇਸ ਖੁਫੀਆ ਏਜੰਸੀ ਨੇ ਆਪਣੇ ਦੋ ਫੌਜੀ ਅਫਸਰ ਉਸ ਕਾਰਵਾਈ ਦੌਰਾਨ ਹਾਫਿਜ਼ ਸਈਦ ਦੇ ਨਾਲ ਲਾਈ ਰੱਖੇ ਸਨ।
ਕਾਰਾ ਇਹ ਹਾਫਿਜ਼ ਸਈਦ ਦੀ ਧਾੜ ਦਾ ਹੈ ਜਾਂ ਪਾਕਿਸਤਾਨੀ ਫੌਜ ਦੀ ਕਿਸੇ ਟੋਲੀ ਦਾ, ਹਮਲਾ ਸਾਡੇ ਜਵਾਨਾਂ ਉੱਤੇ ਹੋਇਆ ਹੈ ਤੇ ਵਹਿਸ਼ੀਪੁਣੇ ਦੀ ਹੱਦ ਕਰ ਦਿੱਤੀ ਗਈ ਹੈ। ਭਾਰਤ ਦੇ ਲੋਕਾਂ ਨੂੰ ਆਪਣੀਆਂ ਹੱਦਾਂ ਦੇ ਇੱਕ ਰਾਖੇ ਦੀ ਮ੍ਰਿਤਕ ਦੇਹ ਦਾ ਅੰਤਮ ਸੰਸਕਾਰ ਉਸ ਦੇ ਸਿਰ ਤੋਂ ਬਿਨਾਂ ਕਰਨਾ ਪਿਆ ਹੈ। ਜਦੋਂ ਪੰਜ ਸਾਲਾਂ ਦੇ ਬੱਚੇ ਨੇ ਆਪਣੇ ਬਾਪ ਦੀ ਉਸ ਦੇਹ ਨੂੰ ਅਗਨੀ ਦਿੱਤੀ ਤਾਂ ਇਹ ਦੁਖਦਾਈ ਦ੍ਰਿਸ਼ ਵੇਖ ਕੇ ਦੇਸ਼ ਦੇ ਹਰ ਨਾਗਰਿਕ ਦਾ ਭਾਵੁਕ ਹੋ ਜਾਣਾ ਕਿਸੇ ਨੂੰ ਵੀ ਸਮਝ ਆ ਸਕਦਾ ਹੈ। ਭਾਰਤੀ ਲੋਕਾਂ ਨਾਲ ਇਹ ਪਹਿਲੀ ਵਾਰੀ ਨਹੀਂ ਵਾਪਰਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਹ ਮਾਨਸਿਕ ਪੀੜ ਕੁਝ ਮੌਕਿਆਂ ਉੱਤੇ ਝੱਲਣੀ ਪਈ ਹੈ। ਜਿਸ ਫੌਜੀ ਯੂਨਿਟ ਦੇ ਦੋ ਜਵਾਨਾਂ ਦੀ ਮੌਤ ਹੋਈ ਤੇ ਇੱਕ ਜਵਾਨ ਦਾ ਸਿਰ ਲਾਹ ਕੇ ਪਾਕਿਸਤਾਨੀ ਨਾਲ ਲੈ ਗਏ, ਉਸ ਦੇ ਬਾਕੀ ਜਵਾਨਾਂ ਬਾਰੇ ਰਿਪੋਰਟਾਂ ਹਨ ਕਿ ਉਨ੍ਹਾਂ ਨੇ ਅਗਲੇ ਦੋ ਦਿਨ ਗਮ ਵਿੱਚ ਰੋਟੀ ਵੀ ਨਹੀਂ ਖਾਧੀ। ਦਿੱਲੀ ਵਿੱਚ ਨਾ ਸਰਕਾਰ ਚਲਾਉਣ ਵਾਲਿਆਂ ਨੇ ਇੱਕ ਵੀ ਵਕਤ ਦੀ ਰੋਟੀ ਖਾਧੇ ਬਿਨਾਂ ਸਾਰਿਆ ਹੋਵੇਗਾ ਤੇ ਨਾ ਵਿਰੋਧ ਦੀ ਧਿਰ ਵਿੱਚ ਬੈਠੇ ਉਨ੍ਹਾਂ ਸੱਜਣਾਂ ਨੇ ਰੋਟੀ ਛੱਡੀ ਹੋਵੇਗੀ, ਜਿਹੜੇ ਹੁਣ ਖੜੇ ਪੈਰ ਪਾਕਿਸਤਾਨ ਨੂੰ ਸਬਕ ਸਿਖਾ ਦੇਣ ਦੇ ਲਲਕਾਰੇ ਮਾਰ ਰਹੇ ਹਨ।
ਅਸੀਂ ਪਾਕਿਸਤਾਨ ਦੀ ਕਿਸੇ ਵੀ ਸਫਾਈ ਨਾਲ ਸਹਿਮਤ ਨਹੀਂ ਹੋ ਸਕਦੇ। ਉਸ ਦੇਸ਼ ਦੀ ਸਰਕਾਰ ਵੀ ਰੱਜਵਾਂ ਝੂਠ ਬੋਲਦੀ ਹੈ, ਫੌਜ ਦੀ ਕਮਾਨ ਵੀ ਤੇ ਵਿਦੇਸ਼ ਮੰਤਰੀ ਬਣੀ ਹੋਈ ਕੱਲ੍ਹ ਦੀ ਜਵਾਕੜੀ ਵੀ। ਇਹ ਝੂਠ ਉਨ੍ਹਾਂ ਨੇ ਪਹਿਲਾਂ ਕਾਰਗਿਲ ਦੀ ਜੰਗ ਵੇਲੇ ਤੇ ਪਿੱਛੋਂ ਮੁੰਬਈ ਦੇ ਦਹਿਸ਼ਤਗਰਦ ਹਮਲੇ ਵੇਲੇ ਵੀ ਬੋਲਿਆ ਸੀ। ਕਾਰਗਿਲ ਹਮਲੇ ਵੇਲੇ ਆਪਣੇ ਫੌਜੀਆਂ ਨੂੰ ਪਹਿਲਾਂ ਜਹਾਦੀ ਆਖ ਕੇ ਪਿੱਛੋਂ ਮੰਨ ਲਿਆ ਸੀ ਕਿ ਬਾਕਾਇਦਾ ਫੌਜੀ ਹੀ ਓਥੇ ਮਰੇ ਸਨ। ਮੁੰਬਈ ਤੋਂ ਜ਼ਿੰਦਾ ਫੜੇ ਗਏ ਅਜਮਲ ਕਸਾਬ ਨੂੰ ਪਹਿਲਾਂ ਆਪਣਾ ਮੰਨਣ ਤੋਂ ਨਾਂਹ ਕਰ ਕੇ ਪਿੱਛੋਂ ਮੰਨ ਵੀ ਲਿਆ ਸੀ। ਹੁਣ ਵੀ ਕਈ ਝੂਠ ਬੋਲ ਕੇ ਕੱਲ੍ਹ ਨੂੰ ਜੇ ਸਾਰਾ ਕੁਝ ਕਬੂਲ ਕਰ ਲੈਣ ਤਾਂ ਨਾ ਕਿਸੇ ਨੂੰ ਹੈਰਾਨੀ ਹੋਵੇਗੀ ਤੇ ਨਾ ਮਾਰੇ ਗਏ ਜਵਾਨ ਜ਼ਿੰਦਾ ਹੋ ਜਾਣਗੇ। ਸਾਡਾ ਵਾਸਤਾ ਇੱਕ ਅਸਲੋਂ ਗੈਰ ਜ਼ਿੰਮੇਵਾਰ ਗਵਾਂਢ ਦੀ ਰਾਜਸੀ ਲੀਡਰਸ਼ਿਪ ਦੇ ਨਾਲ ਹੈ, ਜਿਸ ਦਾ ਇੱਕ ਵੀ ਪੁਰਜ਼ਾ ਇਤਬਾਰ ਦੇ ਕਾਬਲ ਨਹੀਂ, ਪਰ ਮੁਸ਼ਕਲ ਇਹ ਹੈ ਕਿ ਅਸੀਂ ਇਸ ਗਵਾਂਢ ਨੂੰ, ਚੰਗਾ ਕਹੀਏ ਜਾਂ ਮੰਦਾ ਕਹਿ ਲਈਏ, ਗਵਾਂਢ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ। ਇਹ ਇੱਕ ਹਕੀਕਤ ਹੈ ਤੇ ਹਕੀਕਤ ਨਾ ਸਿਰਫ ਰਹਿਣੀ ਹੈ, ਸਗੋਂ ਸਾਨੂੰ ਇਸ ਹਕੀਕਤ ਨੂੰ ਭੁਗਤਣਾ ਵੀ ਪੈਣਾ ਹੈ, ਜਿਹੜੀ ਭਾਰਤ ਦੀ ਆਜ਼ਾਦੀ ਦੇ ਵਕਤ ਅੰਗਰੇਜ਼ੀ ਸਾਮਰਾਜ ਨੇ ਖੜੀ ਹੀ ਇਸ ਲਈ ਕੀਤੀ ਸੀ ਕਿ ਭਾਰਤ ਨੂੰ ਚੈਨ ਨਾਲ ਚਾਰ ਦਿਨ ਨਹੀਂ ਕੱਟਣ ਦੇਵੇਗੀ। ਅਸੀਂ ਚਾਰ ਜੰਗਾਂ ਲੜ ਕੇ ਇਹੋ ਕੁਝ ਭੁਗਤਿਆ ਹੈ ਤੇ ਦਹਿਸ਼ਤਗਰਦੀ ਦੇ ਰੂਪ ਵਿੱਚ ਵੀ ਭੁਗਤ ਰਹੇ ਹਾਂ।
ਜਦੋਂ ਵੀ ਇਸ ਤਰ੍ਹਾਂ ਦੇ ਮੌਕੇ ਆਉਂਦੇ ਹਨ, ਸਾਡੇ ਲੋਕਾਂ ਦਾ ਰੰਜ ਆਪਣੀ ਥਾਂ ਹੈ, ਪਰ ਕੁਝ ਰਾਜਸੀ ਧਿਰਾਂ ਤੇ ਕੁਝ ਮੀਡੀਆ ਵਾਲੇ ਇਸ ਹਾਲਤ ਦਾ ਲਾਹਾ ਲੈਣ ਲਈ ਬਹੁਤ ਤਿੱਖਾ ਚੱਲਣ ਲੱਗਦੇ ਹਨ। ਇਸ ਵਾਰੀ ਵੀ ਇਹੋ ਕੁਝ ਹੋਣ ਲੱਗ ਪਿਆ ਹੈ। ਭਾਰਤ ਅਤੇ ਪਾਕਿਸਤਾਨ ਦੀ ਫੌਜੀ ਤਾਕਤ ਅਤੇ ਐਟਮੀ ਸਮਰੱਥਾ ਦੇ ਅੰਕੜੇ ਪੇਸ਼ ਕਰਨ ਪਿੱਛੋਂ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਜੇ ਭਾਰਤ ਇਸ ਘਟਨਾ ਦਾ ਬਦਲਾ ਲੈਣ ਲਈ ਜੰਗ ਲਾਉਣ ਦੀ ਹਿੰਮਤ ਕਰੇ ਤਾਂ ਪਾਕਿਸਤਾਨ ਦੀ ਨਾ ਰਾਜਧਾਨੀ ਬਚੇਗੀ ਤੇ ਨਾ ਦੂਸਰੇ ਸਿਰੇ ਤੱਕ ਕੋਈ ਹੋਰ ਸ਼ਹਿਰ ਬਚੇਗਾ। ਉਹ ਇਹ ਵੀ ਕਹਿਣ ਤੋਂ ਨਹੀਂ ਖੁੰਝਦੇ ਕਿ ਬੰਗਲਾ ਦੇਸ਼ ਵਿੱਚ ਅਸੀਂ ਜਿਵੇਂ ਮੂੰਹ ਭੰਨਿਆ ਸੀ, ਉਵੇਂ ਹੀ ਹੁਣ ਵੀ ਭੰਨ ਸਕਦੇ ਹਾਂ।
ਇਨ੍ਹਾਂ ਗੱਲਾਂ ਨੂੰ ਸੁਣ ਕੇ ਕਿਸੇ ਨੂੰ ਬਾਹਲੀ ਖੁਸ਼ੀ ਹੁੰਦੀ ਹੋਵੇਗੀ ਤਾਂ ਉਹ ਪਾਕਿਸਤਾਨ ਦੀ ਫੌਜੀ ਅਤੇ ਰਾਜਸੀ ਲੀਡਰਸ਼ਿਪ ਹੈ, ਜਿਸ ਦਾ ਮਕਸਦ ਹੀ ਇੱਕ ਹੋਰ ਜੰਗ ਨਾਲ ਪੂਰਾ ਹੋ ਸਕਦਾ ਹੈ। ਓਥੋਂ ਦੀ ਰਾਜਸੀ ਲੀਡਰਸ਼ਿਪ ਇਸ ਵਕਤ ਜਿੰਨੀਆਂ ਉਲਝਣਾਂ ਵਿੱਚ ਹੈ, ਉਨ੍ਹਾਂ ਦਾ ਹੋਰ ਕੋਈ ਹੱਲ ਨਾ ਲੱਭਦਾ ਵੇਖ ਕੇ ਉਹ ਜੰਗ ਦਾ ਮਾਹੌਲ ਚਾਹੁੰਦੀ ਹੈ। ਫੌਜੀ ਕਮਾਨ ਵੀ ਇਸ ਗੇੜ ਵਿੱਚ ਹੈ ਕਿ ਰਾਜ-ਪਲਟਾ ਕਰ ਕੇ ਅਗਵਾਈ ਸਾਂਭਣ ਦਾ ਹੋਰ ਕੋਈ ਰਾਹ ਤਾਂ ਲੱਭ ਨਹੀਂ ਰਿਹਾ, ਜੰਗ ਲੜਨ ਦੇ ਬਾਅਦ ਜਿਵੇਂ ਅੱਗੇ ਹਕੂਮਤ ਸਾਂਭ ਲੈਂਦੇ ਰਹੇ ਹਾਂ, ਇਸ ਵਾਰੀ ਵੀ ਦਾਅ ਲੱਗ ਸਕਦਾ ਹੈ। ਦੋਵਾਂ ਦੀ ਸਾਂਝੀ ਸੋਚਣੀ ਇਹ ਵੀ ਹੋ ਸਕਦੀ ਹੈ ਕਿ ਜਿਵੇਂ ਪਾਕਿਸਤਾਨ ਵਿੱਚ ਸੁੰਨੀ ਅਤੇ ਸ਼ੀਆ ਵਿਚਾਲੇ ਟੱਕਰਾਂ ਦੇ ਨਤੀਜੇ ਵਜੋਂ ਹੁਣ ਆਏ ਦਿਨ ਲੋਕ ਮਰ ਰਹੇ ਹਨ, ਉਨ੍ਹਾਂ ਵੱਲੋਂ ਧਿਆਨ ਹਟਾ ਕੇ ਜਨੂੰਨੀ ਤੱਤਾਂ ਨੂੰ ਭਾਰਤ ਦੇ ਵਿਰੋਧ ਦੇ ਪਾਸੇ ਵੀ ਲਾਇਆ ਜਾ ਸਕਦਾ ਹੈ। ਤਾਲਿਬਾਨ ਦਾ ਪਿਛਲੇ ਹਫਤੇ ਜਾਰੀ ਕੀਤਾ ਬਿਆਨ ਵੀ ਭੁਲਾ ਦੇਣ ਵਾਲਾ ਨਹੀਂ, ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੀ ਫੌਜ ਤੇ ਸਰਕਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਦੇ ਵਿਰੁੱਧ ਇੱਕ ਹੋਰ ਜੰਗ ਲੜਨ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਤਾਲਿਬਾਨ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦੇਣ ਨੂੰ ਤਿਆਰ ਹਨ।
ਸਾਡੇ ਆਪਣੇ ਘਰ ਵਿੱਚ ਹਾਲਾਤ ਹੋਰ ਹਨ। ਅਸੀਂ ਇੱਕ ਜ਼ਿੰਮੇਵਾਰ ਪ੍ਰਬੰਧ ਵਾਲਾ ਦੇਸ਼ ਹਾਂ। ਪਾਕਿਸਤਾਨ ਦੀ ਭਰੋਸੇਯੋਗਤਾ ਤਾਂ ਉਨ੍ਹਾਂ ਦੇਸ਼ਾਂ ਵਿੱਚ ਵੀ ਜ਼ੀਰੋ ਹੈ, ਜਿਹੜੇ ਉਸ ਨੂੰ ਵੇਲੇ-ਕੁਵੇਲੇ ਮਦਦ ਦੇ ਕੇ ਉਸ ਤੋਂ ਇੱਕ ਕਾਰਿੰਦੇ ਵਾਂਗ ਕੰਮ ਲੈਂਦੇ ਹਨ। ਭਾਰਤ ਦਾ ਇਹ ਹਾਲ ਨਹੀਂ। ਪਾਕਿਸਤਾਨ ਦੀ ਕੋਸ਼ਿਸ਼ ਹੋਵੇਗੀ ਕਿ ਇਹੋ ਜਿਹੇ ਕਿਸੇ ਵੀ ਮੁੱਦੇ ਨੂੰ ਚੁੱਕ ਕੇ ਸੰਸਾਰ ਦੀ ਸੱਥ ਵਿੱਚ ਏਨੀ ਖੇਹ ਉਡਾਈ ਜਾਵੇ ਕਿ ਸੰਸਾਰ ਵਾਲੇ ਅੱਕ ਕੇ ਕਹਿਣ ਕਿ ਦੋਵੇਂ ਧਿਰਾਂ ਇੱਕੋ ਜਿਹੀਆਂ ਹਨ। ਕੀ ਅਸੀਂ ਇਸ ਗੱਲ ਨਾਲ ਖੁਸ਼ ਹੋ ਜਾਵਾਂਗੇ? ਜਦੋਂ ਇਹ ਸਵਾਲ ਸਿਰ ਚੁੱਕ ਲੈਂਦਾ ਹੈ ਤਾਂ ਸਾਨੂੰ ਬਹੁਤ ਸਾਰੇ ਹੋਰਨਾਂ ਸਵਾਲਾਂ ਬਾਰੇ ਵੀ ਠੰਢੇ ਸਿਰ ਨਾਲ ਸੋਚਣ ਦੀ ਲੋੜ ਪੈਂਦੀ ਹੈ।
ਅੱਜ ਦੀ ਘੜੀ ਜੇ ਕੋਈ ਇਹ ਕਹੇ ਕਿ ਭਾਰਤ ਦੀ ਸਰਕਾਰ ਕਮਜ਼ੋਰ ਹੈ ਤਾਂ ਅਸੀਂ ਉਸ ਦੀ ਗੱਲ ਕੱਟਣ ਦੀ ਲੋੜ ਨਹੀਂ ਸਮਝਦੇ, ਕਿਉਂਕਿ ਸਰਕਾਰ ਕਿਤੇ ਨਜ਼ਰ ਵੀ ਨਹੀਂ ਆਉਂਦੀ ਤੇ ਮੁਲਕ ਵਿੱਚ ਹਨੇਰ-ਖਾਤਾ ਹਰ ਪਾਸੇ ਹੀ ਪਿਆ ਲੱਭਦਾ ਹੈ, ਪਰ ਇਸ ਦੀ ਮਜ਼ਬੂਤੀ ਦੀ ਪਰਖ ਗਵਾਂਢ ਨਾਲ ਜੰਗ ਵਿੱਚ ਨਹੀਂ ਕੀਤੀ ਜਾ ਸਕਦੀ। ਜਿਹੜੇ ਲੋਕ ਅੱਜ ਕਿਸੇ ਵੀ ਪਲ ਦੀ ਦੇਰੀ ਤੋਂ ਬਿਨਾਂ ਜੰਗ ਲਾ ਦੇਣ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਵਿੱਚ ਸਭ ਤੋਂ ਅੱਗੇ ਵਿਰੋਧ ਦੀ ਮੁੱਖ ਪਾਰਟੀ ਭਾਜਪਾ ਵਾਲੇ ਹਨ। ਇਸ ਵੇਲੇ ਉਹ ਸਾਡੇ ਇੱਕ ਫੌਜੀ ਜਵਾਨ ਦਾ ਸਿਰ ਲਾਹੇ ਜਾਣ ਦੀ ਘਟਨਾ ਦਾ ਗੁੱਸਾ ਕੱਢਣ ਵੇਲੇ ਜਦੋਂ ਬਾਕੀ ਲੋਕਾਂ ਜਿੰਨਾ ਉੱਬਲਦੇ ਹਨ ਤਾਂ ਗਲਤ ਨਹੀਂ, ਪਰ ਉਨ੍ਹਾਂ ਨੇ ਇਹ ਗੁੱਸਾ ਓਦੋਂ ਵਿਖਾਇਆ ਹੀ ਨਹੀਂ ਸੀ, ਜਦੋਂ ਕੈਪਟਨ ਸੌਰਭ ਕਾਲੀਆ ਦੀਆਂ ਅੱਖਾਂ ਕੱਢੀ ਹੋਈ ਲਾਸ਼ ਪਾਕਿਸਤਾਨ ਤੋਂ ਆਈ ਸੀ। ਉਨ੍ਹਾਂ ਕੋਲ ਇਹ ਇੱਕ ਵੱਡਾ ਕੇਸ ਸੀ, ਜਦੋਂ ਉਹ ਸੰਸਾਰ ਦੀ ਅਦਾਲਤ ਵਿੱਚ ਕੈਦੀ ਫੌਜੀਆਂ ਨਾਲ ਜ਼ਿਆਦਤੀ ਦੇ ਵਿਰੋਧ ਵਾਲੀ ਜਨੇਵਾ ਕਨਵੈਨਸ਼ਨ ਦਾ ਹਵਾਲਾ ਦੇ ਕੇ ਪਾਕਿਸਤਾਨ ਨੂੰ ਕਟਹਿਰੇ ਵਿੱਚ ਖੜਾ ਕਰ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਸੀ ਕੀਤਾ। ਆਖਰ ਇਹ ਕੰਮ ਓਦੋਂ ਕਿਉਂ ਨਾ ਕੀਤਾ ਗਿਆ? ਭਾਰਤ ਦੀ ਪਾਰਲੀਮੈਂਟ ਉੱਤੇ ਹਮਲਾ ਹੋਣ ਪਿੱਛੋਂ ਵੀ ਸਾਰਾ ਦੇਸ਼ ਹੁਣ ਵਾਂਗ ਉੱਬਲ ਰਿਹਾ ਸੀ, ਤੇ ਮੌਕੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਫੌਜ ਨੂੰ ਸਰਹੱਦਾਂ ਵੱਲ ਵੀ ਤੋਰ ਦਿੱਤਾ ਸੀ। ਉਹ ਜੰਮੂ-ਕਸ਼ਮੀਰ ਵਿੱਚ ਜਾ ਕੇ ਬੋਲੇ ਸਨ ਕਿ ਬੱਦਲ ਜਦੋਂ ਗਰਜਦੇ ਹਨ, ਬਿਜਲੀ ਜਦੋਂ ਕੜਕਦੀ ਹੈ ਤਾਂ ਬਰਸਾਤ ਵੀ ਹੁੰਦੀ ਹੈ। ਚੌਵੀ ਘੰਟੇ ਮਸਾਂ ਲੰਘੇ ਸਨ ਕਿ ਉਹ ਇਹ ਕਹਿਣ ਲੱਗ ਪਏ ਕਿ ਕਈ ਵਾਰੀ ਬੱਦਲ ਵੀ ਗਰਜਦੇ ਹਨ, ਬਿਜਲੀ ਵੀ ਕੜਕਦੀ ਹੈ, ਪਰ ਬਰਸਾਤ ਨਹੀਂ ਹੁੰਦੀ। ਇਹ ਮੋੜਾ ਉਨ੍ਹਾਂ ਨੇ ਓਦੋਂ ਕਿਉਂ ਕੱਟਿਆ ਸੀ ਤੇ ਹੁਣ ਕੜਕਣ ਵਾਲੇ ਭਾਜਪਾ ਆਗੂ ਓਦੋਂ ਕਿਉਂ ਨਹੀ ਸਨ ਬੋਲੇ? ਅੱਜ ਉਹ ਵਕਤ ਦੀ ਸਰਕਾਰ ਨੂੰ ਨਿਕੰਮੀ ਤੇ ਕਮਜ਼ੋਰ ਆਖ ਰਹੇ ਹਨ, ਓਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਨੇਤਾ ਅਤੇ ਉਨ੍ਹਾਂ ਦੇ ਪੁਰਾਣੇ ਸਾਥੀ ਨੇ ਵਾਜਪਾਈ ਸਰਕਾਰ ਨੂੰ ‘ਹਿਜੜਿਆਂ ਦਾ ਟੋਲਾ’ ਆਖਿਆ ਸੀ ਤੇ ਇਹ ਸਾਰੇ ਚੁੱਪ ਕੀਤੇ ਰਹੇ ਸਨ।
ਇਹ ਸਾਰੀਆਂ ਗੱਲਾਂ ਏਦਾਂ ਦੀਆਂ ਹਨ, ਜਿਨ੍ਹਾਂ ਵਿੱਚ ਉਲਝਣ ਲਈ ਇਹ ਮੌਕਾ ਠੀਕ ਨਹੀਂ, ਸਗੋਂ ਇਹ ਮੌਕਾ ਦੇਸ਼ ਦੇ ਲੋਕਾਂ ਦੇ ਜਜ਼ਬਾਤ ਦੇ ਬਾਵਜੂਦ ਵਾਹਵਾ ਠਰ੍ਹੰਮੇ ਨਾਲ ਅਗਲਾ ਕਦਮ ਪੁੱਟਣ ਦਾ ਹੈ। ਸਰਕਾਰਾਂ ਨੂੰ ਕਈ ਪੱਖ ਵਿਚਾਰ ਕੇ ਚੱਲਣਾ ਪੈਂਦਾ ਹੈ, ਉਹ ਭਾਰਤੀ ਜਨਤਾ ਪਾਰਟੀ ਦੇ ਉਸ ਫੁਕਰੇ ਆਗੂ ਵਾਂਗ ਵਿਹਾਰ ਨਹੀਂ ਕਰ ਸਕਦੀਆਂ, ਜਿਸ ਨੇ ਅਬੋਹਰ ਨੇੜੇ ਭਾਸ਼ਣ ਦੇਣ ਵੇਲੇ ਸਪੀਕਰਾਂ ਦਾ ਮੂੰਹ ਉਚੇਚ ਨਾਲ ਪਾਕਿਸਤਾਨ ਵੱਲ ਕਰਵਾ ਕੇ ਕਿਹਾ ਸੀ ਕਿ ਪਾਕਿਸਤਾਨ ਦੇ ਲੋਕ ਵੀ ਮੈਨੂੰ ਸੁਣਨਾ ਚਾਹੁੰਦੇ ਹਨ ਤੇ ਦੋ ਹਫਤੇ ਬਾਅਦ ਵਾਹਗਾ ਸਰਹੱਦ ਦੇ ਗੇਟਾਂ ਅੱਗੇ ਜਾ ਕੇ ਪਾਕਿਸਤਾਨ ਵਿਰੁੱਧ ਇਹ ਭੜਕਾਊ ਨਾਹਰੇ ਲਾ ਰਹੀ ਭੀੜ ਦੀ ਅਗਵਾਈ ਕਰ ਰਿਹਾ ਸੀ: ‘ਦੂਧ ਮਾਂਗੋ ਤੋ ਖੀਰ ਦੇਂਗੇ, ਕਸ਼ਮੀਰ ਮਾਂਗੋ ਤੋ ਚੀਰ ਦੇਂਗੇ।’ ਭਾਜਪਾ ਨਾਲ ਜੁੜੇ ਹੋਏ ਇੱਕ ਸਿੱਖ ਆਗੂ ਨੇ ਦਿੱਲੀ ਦੇ ਪਾਕਿਸਤਾਨ ਵਿਰੋਧੀ ਰੋਸ ਮੁਜ਼ਾਹਰੇ ਵਿੱਚ ਭਾਸ਼ਣ ਕਰਦਿਆਂ ਇਸ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਬਦ ਬੋਲ ਦਿੱਤੇ ਹਨ ਕਿ ‘ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ’। ਉਹ ਇਹ ਕਹਿ ਰਿਹਾ ਸੀ ਕਿ ਗੁਰੂ ਸਾਹਿਬ ਸਾਨੂੰ ਦੱਸ ਗਏ ਸਨ ਕਿ ਜਦੋਂ ਸਾਰੇ ਹੀਲੇ ਮੁੱਕ ਜਾਣ ਤਾਂ ਸ਼ਮਸ਼ੀਰ, ਅਰਥਾਤ ਤਲਵਾਰ, ਨੂੰ ਚੁੱਕ ਲੈਣਾ ਜਾਇਜ਼ ਹੁੰਦਾ ਹੈ ਤੇ ਹੁਣ ਮੌਕਾ ਆ ਗਿਆ ਹੈ ਕਿ ਪਾਕਿਸਤਾਨ ਦੇ ਵਿਰੁੱਧ ਖੰਡਾ ਖੜਕਾਇਆ ਜਾਵੇ। ਭਾਸ਼ਣ ਕਰਨਾ ਹੋਰ ਗੱਲ ਹੈ, ਪਰ ਭਲਾ ਇਹ ਸੋਚੀਏ ਤਾਂ ਸਹੀ ਕਿ ਕੀ ਸਾਰੇ ਹੋਰ ਹੀਲੇ ਸਚਮੁੱਚ ਪਰਖੇ ਜਾ ਚੁੱਕੇ ਹਨ?
ਸਾਡੀ ਸਮਝ ਮੁਤਾਬਕ ਅਜੇ ਇਹ ਮੌਕਾ ਨਹੀਂ ਆਇਆ। ਅਜੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਸਾਡੇ ਫੌਜੀਆਂ ਨਾਲ ਵਾਪਰੇ ਕਹਿਰ ਦਾ ਸਾਨੂੰ ਵੀ ਦੁੱਖ ਹੈ, ਪਰ ਇਸ ਦੁੱਖ ਦੇ ਬਾਅਦ ਵੀ ਉਸ ਪਾਕਿਸਤਾਨ ਦੇ ਨਾਲ ਜੰਗ ਵਿੱਚ ਸਿਰ ਫਸਾਉਣ ਨੂੰ ਅਸੀਂ ਠੀਕ ਨਹੀਂ ਸਮਝਦੇ, ਜਿਸ ਦਾ ਆਪਣਾ ਕੁਝ ਰਿਹਾ ਨਹੀਂ ਤੇ ਹੋਰ ਕਿਸੇ ਦਾ ਰਹੇਗਾ ਜਾਂ ਨਹੀਂ, ਇਸ ਦੀ ਉਸ ਨੂੰ ਪ੍ਰਵਾਹ ਨਹੀਂ ਹੋਣੀ। ਇਹ ਜੰਗ ਸਿਰਫ਼ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਤਬਾਹੀ ਲੈ ਕੇ ਆਵੇਗੀ। ਅੱਜ ਦਾ ਪਾਕਿਸਤਾਨ ਤਾਂ ਲੇਬਨਾਨ ਵਾਲੇ ਹਾਲ ਨੂੰ ਪਹੁੰਚ ਚੁੱਕਾ ਹੈ। ਉਸ ਦੇ ਸੰਬੰਧ ਵਿੱਚ ‘ਨਾਂਗਾ ਮਾਰੇ ਚਾਂਗਾਂ, ਬੇੜੀ ਡੋਬਣ ਨੂੰ’ ਵਾਲਾ ਮੁਹਾਵਰਾ ਫਿੱਟ ਬੈਠਦਾ ਹੈ, ਕੀ ਭਾਰਤ ਵੀ ਇਸ ਹਾਲ ਵਿੱਚ ਪਹੁੰਚ ਚੁੱਕਾ ਹੈ ਕਿ ਹੁਣ ਓਸੇ ਵਾਂਗ ਮਰਨ-ਮਾਰਨ ਲਈ ਤਿਆਰ ਹੋ ਜਾਵੇ? ਹਾਲੇ ਉਹ ਘੜੀ ਨਹੀਂ ਆਈ। ਜਦੋਂ ਤੱਕ ਇਹੋ ਜਿਹੀ ਨੌਬਤ ਆ ਨਾ ਜਾਵੇ, ਓਦੋਂ ਤੱਕ ਦੇਸ਼ ਖਾਤਰ ਫੌਜ ਦੀ ਵਰਦੀ ਪਾਉਣ ਵਾਲੇ ਬੇਗਾਨੇ ਪੁੱਤਰਾਂ ਨੂੰ ਮੌਤ ਨਾਲ ਮੱਥਾ ਲਾਉਣ ਦੇ ਰਾਹ ਤੋਰਨ ਦੀਆਂ ਉਕਸਾਹਟਾਂ ਨੂੰ ਅਸੀਂ ਅਕਲਮੰਦੀ ਨਹੀਂ ਕਹਿ ਸਕਦੇ।