ਦ੍ਰਿਸ਼ਟੀਕੋਣ (97)-ਜਤਿੰਦਰ ਪਨੂੰ

a1ਜੇ ਦੇਸ਼ ਦੀ ਵਾਗ ਸੌਂਪਣ ਦਾ ਫੈਸਲਾ ਸਾਧਾਂ-ਸੰਤਾਂ ਦੇ ਹੱਥੀਂ ਹੋਣਾ ਹੈ ਤਾਂ ਰਾਜਸੀ ਆਗੂਆਂ ਦੀ ਕੀ ਲੋੜ ਹੈ?
ਭਾਰਤ ਦੇਸ਼ ਇਸ ਦੁਨੀਆ ਦਾ ਸਭ ਤੋਂ ਵੱਡਾ ਲੋਕ-ਰਾਜ ਹੈ, ਸਭ ਤੋਂ ਵਧੀਆ ਭਾਵੇਂ ਨਹੀਂ ਬਣ ਸਕਿਆ। ਏਥੇ ਅਗਲੇ ਸਾਲ ਲੋਕ-ਤੰਤਰ ਦਾ ਮਹਾਂ-ਕੁੰਭ ਹੋਣਾ ਹੈ, ਜਿਸ ਵਿੱਚ ਸਾਰੇ ਦੇਸ਼ ਦੇ ਲੋਕਾਂ ਨੇ ਮੁਲਕ ਦੀ ਵਾਗਡੋਰ ਅਗਲੇ ਪੰਜ ਸਾਲਾਂ ਲਈ ਕਿਸੇ ਧਿਰ ਨੂੰ ਸੌਂਪਣ ਦਾ ਫਤਵਾ ਦੇਣਾ ਹੈ। ਫਤਵਾ ਦੇਣ ਸਮੇਂ ਕੁਝ ਲੋਕ ਇਹ ਸੋਚਣਗੇ ਕਿ ਉਹ ਇਸ ਮੁਲਕ ਦੀ ਦਿਸ਼ਾ ਤੈਅ ਕਰਨ ਚੱਲੇ ਹਨ, ਕੁਝ ਇਹ ਸੋਚਣਗੇ ਕਿ ਉਨ੍ਹਾਂ ਨੂੰ ਦਿਸ਼ਾ ਦੇ ਨਾਲ ਮਤਲਬ ਨਹੀਂ ਅਤੇ ਉਹ ਤਾਂ ਸਿਰਫ ਇੱਕ ਜਾਂ ਦੂਸਰੀ ਪਾਰਟੀ ਨਾਲ ਵਫਾ ਨਿਭਾਉਣ ਚੱਲੇ ਹਨ ਤੇ ਕੁਝਨਾਂ ਨੂੰ ਸਿਰਫ ਇਹ ਚੇਤਾ ਹੋਵੇਗਾ ਕਿ ਖੜੇ ਹੋਏ ਉਮੀਦਵਾਰਾਂ ਵਿੱਚੋਂ ਸਾਡੇ ਲਈ ਨਿੱਜੀ ਤੌਰ ਉੱਤੇ ਫਲਾਣਾ ਚੰਗਾ ਰਹੇਗਾ। ਜਿਹੜੇ ਲੋਕ ਚਾਰ ਨੋਟਾਂ ਪਿੱਛੇ ਵੋਟਾਂ ਵੇਚਣ ਵਾਲੇ ਜਾਂ ਨਸ਼ੇ ਦੇ ਲੋਰ ਵਿੱਚ ਖੂਹ ਵਿੱਚ ਵੀ ਡਿੱਗਣ ਨੂੰ ਤਿਆਰ ਹੋ ਜਾਂਦੇ ਹਨ, ਉਨ੍ਹਾਂ ਨੂੰ ਅਸੀਂ ਕਿਸੇ ਵੀ ਖਾਤੇ ਵਿੱਚ ਨਹੀਂ ਗਿਣ ਰਹੇ। ਥਾਲੀ ਦਾ ਬਤਾਊਂ ਜਿੱਧਰ ਨੀਵਾਣ ਹੋਈ, ਉਧਰ ਨੂੰ ਰਿੜ੍ਹ ਜਾਣਾ ਹੁੰਦਾ ਹੈ।
ਹੁਣ ਜਦੋਂ ਉਸ ਚੋਣ ਵਾਲੇ ਮਹਾਂ-ਕੁੰਭ ਵਿੱਚ ਸਿਰਫ ਪੰਦਰਾਂ ਮਹੀਨੇ ਰਹਿੰਦੇ ਹਨ, ਦੇਸ਼ ਉੱਤੇ ਕਬਜ਼ੇ ਦੀ ਦੌੜ ਵਿੱਚ ਲੱਗੀਆਂ ਧਿਰਾਂ ਆਪੋ ਆਪਣੇ ਦਾਅ ਲੜਾਉਣ ਲਈ ਤਿੱਖਾ ਵਗਣ ਲੱਗੀਆਂ ਹਨ। ਸਭ ਤੋਂ ਤਿੱਖੀ ਭਾਰਤੀ ਜਨਤਾ ਪਾਰਟੀ ਵਗਦੀ ਜਾਪਦੀ ਹੈ, ਪਰ ਉਸ ਇੱਕ ਪਾਰਟੀ ਦੇ ਅੰਦਰ ਕਈ ਪਾਰਟੀਆਂ ਹਨ, ਜਿਨ੍ਹਾਂ ਵਿੱਚ ਇੱਕ ਦੂਸਰੇ ਦੀ ਲੱਤ ਖਿੱਚਣ ਦਾ ਕੰਮ ਹੋ ਰਿਹਾ ਹੈ। ਜੇ ਸਿਆਸੀ ਪਾਰਟੀਆਂ ਵਿੱਚੋਂ ਸਭ ਤੋਂ ਤਿੱਖੀ ਭਾਜਪਾ ਵਗਦੀ ਜਾਪਦੀ ਹੈ ਤਾਂ ਇਸ ਦੇ ਅੰਦਰਲੇ ਧੜਿਆਂ ਤੇ ਧਿਰਾਂ ਵਿੱਚੋਂ ਨਰਿੰਦਰ ਮੋਦੀ ਦਾ ਪੱਖ ਸਭ ਤੋਂ ਵੱਧ ਸਰਗਰਮ ਹੈ। ਪਾਰਟੀ ਦਾ ਕੌਮੀ ਪ੍ਰਧਾਨ ਰਾਜਨਾਥ ਸਿੰਘ ਦੋ ਵਾਰੀ ਇਹ ਗੱਲ ਕਹਿ ਚੁੱਕਾ ਹੈ ਕਿ ‘ਮੈਂ ਆਖਰੀ ਵਾਰ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਿਸੇ ਵੀ ਉਮੀਦਵਾਰ ਦੇ ਪੱਖ ਜਾਂ ਵਿਰੋਧ ਵਿੱਚ ਕੋਈ ਗੱਲ ਕੋਈ ਆਗੂ ਨਹੀਂ ਕਰੇਗਾ’, ਇਸ ਦੇ ਬਾਵਜੂਦ ਜਿਸ ਕੋਲ ਮੀਡੀਏ ਵਾਲੇ ਪੁੱਛਣ ਚਲੇ ਜਾਂਦੇ ਹਨ, ਉਹ ਆਪਣੇ ਮਨ ਦੀ ਗੱਲ ਕਹਿ ਦੇਂਦਾ ਹੈ। ਬਹੁਤਾ ਕਰ ਕੇ ਨਰਿੰਦਰ ਮੋਦੀ ਦੀ ਟੋਲੀ ਇਹ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਪਾਰਟੀ ਦਾ ਉਸ ਇੱਕੋ ਬੰਦੇ ਦੇ ਸਾਹਮਣੇ ਬੌਣੀ ਸਾਬਤ ਹੋਣ ਵਾਲਾ ਅਮਲ ਉਸ ਨੂੰ ਭਾਈਬੰਦ ਪਾਰਟੀਆਂ ਦੇ ਆਗੂਆਂ ਉੱਤੇ ਭਾਰੂ ਕਰਨ ਵੱਲ ਵਧ ਰਿਹਾ ਜਾਪਦਾ ਹੈ।
ਬੀਤੇ ਹਫਤੇ ਇਸ ਵਿੱਚ ਦੋ ਮੋੜ ਆਏ ਹਨ, ਜਿਨ੍ਹਾਂ ਵਿੱਚ ਨਰਿੰਦਰ ਮੋਦੀ ਨੂੰ ਉਭਾਰ ਕੇ ਪੇਸ਼ ਕਰਨ ਦਾ ਕੰਮ ਮੀਡੀਏ ਦੇ ਇੱਕ ਖਾਸ ਹਿੱਸੇ ਨੇ ਬੜੀ ਤੇਜ਼ ਸਰਗਰਮੀ ਨਾਲ ਕੀਤਾ ਹੈ। ਮੀਡੀਆ ਇਸ ਹਫਤੇ ਸਿਰਫ ਮੀਡੀਆ ਨਹੀਂ ਰਿਹਾ। ਇਸ ਦਾ ਕਾਰਨ ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਸ਼ਰਦ ਯਾਦਵ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ। ਸ਼ਰਦ ਯਾਦਵ ਨੇ ਸਾਫ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੁਹਿੰਮ ਦੇ ਪਿੱਛੇ ਭਾਰਤ ਦੇ ਕਾਰਪੋਰੇਟ ਸੈਕਟਰ ਦੀ ਇੱਕ ਖਾਸ ਧਿਰ ਕੰਮ ਕਰ ਰਹੀ ਹੈ। ਮੀਡੀਏ ਦਾ ਜਿਹੜਾ ਹਿੱਸਾ ਇਸ ਵਕਤ ਮੋਦੀ-ਚਾਲੀਸਾ ਪੜ੍ਹ ਰਿਹਾ ਹੈ, ਉਹ ਉਸ ਕਾਰਪੋਰੇਟ ਸੈਕਟਰ ਦੀ ਕ੍ਰਿਪਾ ਨਾਲ ਆਪਣਾ ਹਲਵਾ-ਮੰਡਾ ਵੀ ਕਰ ਰਿਹਾ ਸੁਣੀਂਦਾ ਹੈ।
ਜਿਹੜੀਆਂ ਦੋ ਖਾਸ ਘਟਨਾਵਾਂ ਇਸ ਹਫਤੇ ਵਿੱਚ ਨਰਿੰਦਰ ਮੋਦੀ ਦੇ ਪੱਖ ਵਿੱਚ ਹਵਾ ਜ਼ਰਾ ਹੋਰ ਤੇਜ਼ ਕਰਨ ਵਾਲੀਆਂ ਬਣ ਗਈਆਂ, ਉਨ੍ਹਾਂ ਵਿੱਚੋਂ ਇੱਕ ਤਾਂ ਖੁਦ ਮੋਦੀ ਦਾ ਦਿੱਲੀ ਦੇ ਸ੍ਰੀਰਾਮ ਕਾਲਜ ਵਿੱਚ ਆਣ ਕੇ ਭਾਸ਼ਣ ਦੇਣਾ ਸੀ। ਮੋਦੀ ਦਾ ਸਾਰਾ ਭਾਸ਼ਣ ਮੀਡੀਏ ਨੇ ਨਾਲੋ-ਨਾਲ ਵਿਖਾਇਆ, ਜਿਹੜੀ ਆਮ ਗੱਲ ਮੰਨੀ ਜਾ ਸਕਦੀ ਹੈ। ਉਸ ਨੇ ਇੱਕ ਤੋਂ ਵੱਧ ਵਾਰੀ ਇਹੋ ਜਿਹੇ ਭਾਸ਼ਣ ਰਾਹੁਲ ਗਾਂਧੀ ਦੇ ਵੀ ਸੁਣਾਏ ਤੇ ਵਿਖਾਏ ਹੋਏ ਹਨ। ਜਦੋਂ ਮੋਦੀ ਭਾਸ਼ਣ ਦੇਂਦਾ ਪਿਆ ਸੀ ਤਾਂ ਉਸ ਦੇ ਬਾਹਰ ਹੋ ਰਹੇ ਰੋਸ-ਵਿਖਾਵੇ ਵੀ ਮੀਡੀਏ ਨੇ ਵਿਖਾ ਦਿੱਤੇ, ਤਾਂ ਕਿ ਨਿਰਪੱਖਤਾ ਦਾ ਪ੍ਰਭਾਵ ਕਾਇਮ ਰਹੇ, ਪਰ ਇਹ ਕਾਫੀ ਨਹੀਂ ਸੀ। ਭਾਰਤ ਦਾ ਮੀਡੀਆ ਹਰ ਗੱਲ ਵਿੱਚ ਵਾਲ਼ ਦੀ ਖੱਲ ਲਾਹੁਣ ਤੱਕ ਜਾਂਦਾ ਹੈ, ਪਰ ਨਰਿੰਦਰ ਮੋਦੀ ਦੇ ਭਾਸ਼ਣ ਦੇ ਸਵਾਲ ਉੱਤੇ ਉਸ ਨੇ ਇਹ ਜਾਣਨ ਦੇ ਬਾਵਜੂਦ ਕਿ ਉਹ ਸਿਰਫ ਝੂਠ ਨੂੰ ਪਰਾਤ ਵਿੱਚ ਪਾ ਕੇ ਗੁੰਨ੍ਹਣ ਲੱਗਾ ਰਿਹਾ ਹੈ, ਮੀਡੀਏ ਨੇ ਬਹੁਤੀ ਚੀਰ-ਪਾੜ ਨਹੀਂ ਕੀਤੀ।
ਮੋਦੀ ਦਾ ਝੂਠ ਕੀ ਸੀ, ਇਸ ਬਾਰੇ ਤੱਥ ਮੂੰਹੋਂ ਬੋਲਦੇ ਹਨ। ਉਸ ਨੇ ਇੱਕ ਗੱਲ ਇਹ ਕਹੀ ਕਿ ਦਿੱਲੀ ਮੈਟਰੋ ਦੇ ਰੇਲ ਡੱਬੇ ਹੁਣ ਗੁਜਰਾਤ ਵਿੱਚੋਂ ਬਣ ਕੇ ਆਉਂਦੇ ਹਨ। ਇਹ ਗੱਲ ਗਲਤ ਨਹੀਂ, ਪਰ ਖਾਸ ਵੀ ਨਹੀਂ। ਪੰਜਾਬ ਵਿੱਚ ਰੇਲ ਕੋਚ ਫੈਕਟਰੀ ਲੱਗੀ ਹੋਈ ਹੈ, ਉਸ ਦੇ ਬਣਾਏ ਡੱਬੇ ਇੱਕ ਦਿੱਲੀ ਸ਼ਹਿਰ ਦੀ ਮੈਟਰੋ ਨਾਲੋਂ ਵੱਧ ਸਾਰੇ ਭਾਰਤ ਦੀ ਰੇਲਵੇ ਵਰਤ ਰਹੀ ਹੈ ਤੇ ਜਦੋਂ ਇਹ ਰੇਲ ਕੋਚ ਫੈਕਟਰੀ ਨਹੀਂ ਸੀ ਲੱਗੀ, ਓਦੋਂ ਕਿਸੇ ਹੋਰ ਥਾਂ ਬਣੇ ਡੱਬੇ ਵਰਤੇ ਜਾਂਦੇ ਸਨ, ਗੱਡੀਆਂ ਡੱਬਿਆਂ ਤੋਂ ਬਗੈਰ ਨਹੀਂ ਸਨ ਚੱਲਦੀਆਂ। ਜੇ ਗੁਜਰਾਤ ਵਿੱਚ ਮੈਟਰੋ ਰੇਲ ਦੇ ਡੱਬਿਆਂ ਦਾ ਕਾਰਖਾਨਾ ਲੱਗਾ ਹੈ ਤਾਂ ਕਿਸੇ ਹੋਰ ਰਾਜ ਵਿੱਚ ਕੋਈ ਹੋਰ ਕਾਰਖਾਨਾ ਵੀ ਲੱਗਾ ਹੋਵੇਗਾ। ਇਸ ਤੋਂ ਸਿਵਾ ਸਾਰੀਆਂ ਗੱਲਾਂ ਮੋਦੀ ਨੇ ਗਲਤ ਕਹੀਆਂ। ਮਿਸਾਲ ਵਜੋਂ ਉਸ ਨੇ ਇਹ ਕਹਿ ਦਿੱਤਾ ਕਿ ਅੱਜ ਦਿੱਲੀ ਸ਼ਹਿਰ ਨੂੰ ਦੁੱਧ ਦੀ ਸਪਲਾਈ ਗੁਜਰਾਤ ਤੋਂ ਹੋ ਰਹੀ ਹੈ, ਪਰ ਇਸ ਸਪਲਾਈ ਵਿੱਚ ਨਰਿੰਦਰ ਮੋਦੀ ਦਾ ਕੀ ਯੋਗਦਾਨ ਹੈ? ਦੁੱਧ ਦੀ ਸਪਲਾਈ ਤਾਂ ਸਾਰੇ ਦੇਸ਼ ਵਿੱਚ ਦੁੱਧ ਇਨਕਲਾਬ ਦੀ ਮੋਹਰੀ ਮੰਨੀ ਜਾਂਦੀ ਸੰਸਥਾ ‘ਅਮੁਲ’ ਵੱਲੋਂ ਕੀਤੀ ਜਾਂਦੀ ਹੈ, ਜਿਹੜੀ ਗੁਜਰਾਤ ਦੇ ਆਨੰਦ ਸ਼ਹਿਰ ਵਿੱਚ ਆਨੰਦ ਮਿਲਕ ਯੂਨੀਅਨ ਨਾਲ ਸੰਬੰਧਤ ਹੈ, ਜਿਸ ਦੇ ਪਹਿਲੇ ਅੱਖਰਾਂ ਤੋਂ ‘ਅਮੁਲ’ ਬਣਿਆ ਹੈ ਤੇ ਉਹ 1946 ਵਿੱਚ ਬਣੀ ਸੀ, ਜਦ ਕਿ ਨਰਿੰਦਰ ਮੋਦੀ ਦਾ ਆਪਣਾ ਜਨਮ 1950 ਵਿੱਚ ਹੋਇਆ ਸੀ। ਇਹ ਮਿਸਾਲ ਸਿਰਫ ਨਰਿੰਦਰ ਮੋਦੀ ਦੀ ਹੈ ਕਿ ਉਹ ਆਪਣੇ ਜਨਮ ਤੋਂ ਪਹਿਲਾਂ ਬਣੀ ਸੰਸਥਾ ਦੇ ਕੰਮ ਦਾ ਸਿਹਰਾ ਵੀ ਆਪਣੇ ਉਸ ਰਾਜ ਦੇ ਨਾਂਅ ਲੈ ਰਿਹਾ ਹੈ, ਜਿਸ ਨੂੰ ਹਾਲੇ ਇੱਕ ਦਹਾਕਾ ਹੋਇਆ ਹੈ। ਨਰਿੰਦਰ ਮੋਦੀ ਨੇ ਇਹ ਕਹਿ ਦਿੱਤਾ ਕਿ ਗੁਜਰਾਤ ਤੋਂ ਭਿੰਡੀ ਯੂਰਪ ਤੇ ਹੋਰ ਪੱਛਮੀ ਦੇਸ਼ਾਂ ਵੱਲ ਸਪਲਾਈ ਕੀਤੀ ਜਾਂਦੀ ਹੈ, ਪਰ ਇਹ ਗੱਲ ਸੱਚ ਹੁੰਦੇ ਹੋਏ ਵੀ ਉਸ ਦੇ ਬਹੁਤੀ ਪੱਖ ਵਿੱਚ ਨਹੀਂ ਜਾਂਦੀ। ਸਾਡੇ ਕੋਲ ਭਾਰਤ ਵਿੱਚ ਭਿੰਡੀ ਦੀ ਪੈਦਾਵਾਰ ਦੇ ਅੰਕੜੇ ਪਏ ਹਨ। ਪਿਛਲੇਰੇ ਸਾਲ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਵਿੱਚ 839 ਮੀਟਰਿਕ ਟਨ ਭਿੰਡੀ ਹੋਈ, ਬਿਹਾਰ ਵਿੱਚ 754 ਮੀਟਰਿਕ ਟਨ, ਉੜੀਸਾ ਵਿੱਚ 651 ਮੀਟਰਿਕ ਟਨ ਤੇ ਗੁਜਰਾਤ ਵਿੱਚ 466 ਮੀਟਰਿਕ ਟਨ ਭਿੰਡੀ ਹੋਈ ਸੀ। ਪੱਛਮੀ ਬੰਗਾਲ ਵਿੱਚੋਂ ਭਾਰਤ ਦੀ 18.48 ਫੀਸਦੀ ਭਿੰਡੀ ਨਿਕਲੀ, ਬਿਹਾਰ ਵਿੱਚੋਂ 16.60 ਫੀਸਦੀ, ਉੜੀਸਾ ਵਿੱਚੋਂ 14.33 ਫੀਸਦੀ, ਜਦ ਕਿ ਗੁਜਰਾਤ ਵਿੱਚੋਂ ਸਿਰਫ 10.26 ਫੀਸਦੀ ਪੈਦਾ ਹੋਈ ਸੀ। ਇਹ ਗੱਲ ਮੀਡੀਆ ਸਾਹਮਣੇ ਨਹੀਂ ਲਿਆਇਆ।
ਸਿਰਫ ਝੂਠ ਗੁੰਨ੍ਹਣ ਦੀ ਗੱਲ ਤਾਂ ਅਸੀਂ ਕਹਿ ਦਿੱਤੀ, ਉਂਜ ਮੁਹਾਵਰਾ ‘ਨਿਰਾ ਲੂਣ’ ਗੁੰਨ੍ਹਣ ਦਾ ਹੈ ਅਤੇ ਮੋਦੀ  ਨੇ ਦਿੱਲੀ ਵਿੱਚ ਲੂਣ ਵੀ ਗੁੰਨ੍ਹ ਦਿੱਤਾ। ਉਸ ਨੇ ਕਹਿ ਦਿੱਤਾ ਕਿ ਸਾਰਾ ਭਾਰਤ ਗੁਜਰਾਤ ਦਾ ਲੂਣ ਖਾਂਦਾ ਹੈ। ਬਹੁਤ ਬਦਤਮੀਜ਼ੀ ਵਾਲੀ ਇਹ ਗੱਲ ਕਹਿਣ ਸਮੇਂ ਉਸ ਨੂੰ ਇਹ ਵੀ ਚੇਤਾ ਨਾ ਰਿਹਾ ਤੇ ਮੀਡੀਆ ਵੀ ਇਸ ਗੱਲ ਦੀ ਚਰਚਾ ਕਰਨ ਤੋਂ ਪਰਹੇਜ਼ ਕਰ ਗਿਆ ਕਿ ਮਹਾਤਮਾ ਗਾਂਧੀ ਦਾ ਇੱਕ ਸੱਤਿਆਗ੍ਰਹਿ ਸਿਰਫ ਲੂਣ ਦੀ ਪੈਦਾਵਾਰ ਬਾਰੇ ਸੀ ਤੇ ਭਾਰਤ ਦੇ ਲੋਕ ਗੁਜਰਾਤ ਦਾ ਲੂਣ ਓਦੋਂ ਤੋਂ ਖਾਂਦੇ ਹਨ, ਨਰਿੰਦਰ ਮੋਦੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਨਹੀਂ ਖਾਣ ਲੱਗੇ। ਉਸ ਦੇ ਇਸ ਹਕੀਕਤ ਨੂੰ ਮਿਹਣੇ ਵਾਂਗ ਵਰਤਣ ਪਿੱਛੋਂ ਕੁਝ ਦੂਸਰੇ ਰਾਜਾਂ ਦੇ ਲੋਕ ਵੀ ਇਹੋ ਜਿਹੇ ਕਈ ਮਿਹਣੇ ਦੇ ਸਕਦੇ ਹਨ। ਜੇ ਗੁਜਰਾਤ ਵਿੱਚ ਲੂਣ ਪੈਦਾ ਹੁੰਦਾ ਹੈ ਤਾਂ ਓਥੇ ਕੁਝ ਚੀਜ਼ਾਂ ਘੱਟ ਵੀ ਹੁੰਦੀਆਂ ਹਨ। ਮਿਸਾਲ ਵਜੋਂ ਪੰਜਾਬ ਵਿੱਚ ਚਾਵਲ 92,73,000 ਮੀਟਰਿਕ ਟਨ ਪੈਦਾ ਹੋਏ, ਆਂਧਰਾ ਪ੍ਰਦੇਸ਼ ਵਿੱਚ 44,71,000, ਛੱਤੀਸਗੜ੍ਹ ਵਿੱਚ 30,69,000, ਉੱਤਰ ਪ੍ਰਦੇਸ਼ ਵਿੱਚ 26,23,000 ਤੇ ਹਰਿਆਣੇ ਵਿੱਚ 18,16,000 ਮੀਟਰਿਕ ਟਨ ਹੋਏ ਸਨ ਤੇ ਗੁਜਰਾਤ ਨੇ ਸਿਰਫ ਦੂਸਰੇ ਰਾਜਾਂ ਤੋਂ ਲੈ ਕੇ ਖਾਧੇ ਸਨ। ਪੰਜਾਬ ਵਿੱਚ ਕਣਕ ਵੀ ਉਸੇ ਸਾਲ 1,07,25,000 ਮੀਟਰਿਕ ਟਨ ਹੋਈ ਸੀ, ਉੱਤਰ ਪ੍ਰਦੇਸ਼ ਵਿੱਚ 69,24,000 ਅਤੇ ਹਰਿਆਣੇ ਵਿੱਚ 38,82,000 ਮੀਟਰਿਕ ਟਨ ਹੋਈ ਸੀ। ਕੀ ਕਦੇ ਕਿਸੇ ਨੇ ਇਹ ਕਿਹਾ ਹੈ ਕਿ ਗੁਜਰਾਤ ਅਜੇ ਤੱਕ ਦੂਸਰਿਆਂ ਦਾ ਅੰਨ ਖਾਂਦਾ ਹੈ? ਦੇਸ਼ ਆਪੋ ਵਿੱਚ ਸਾਂਝ ਰੱਖ ਕੇ ਚੱਲਦੇ ਹਨ, ‘ਮੈਂ ਹੀ ਮੈਂ’ ਦੀ ਸੋਚ ਨਾਲ ਦੇਸ਼ ਵਿੱਚ ਨਾ ਇੱਕ-ਸੁਰਤਾ ਰਹਿ ਸਕਦੀ ਹੈ ਤੇ ਨਾ ਇਸ ਦੀ ਅਖੰਡਤਾ ਯਕੀਨੀ ਹੋ ਸਕਦੀ ਹੈ। ਮੋਦੀ ਦੇ ਸਿਰ ਵਾਲਾ ਕੀੜਾ ਕਿਸੇ ਹੋਰ ਦੇ ਸਿਰ ਵਿੱਚ ਵੀ ਭੁੜਕ ਸਕਦਾ ਹੈ।
ਦੂਸਰੀ ਘਟਨਾ ਇਸ ਹਫਤੇ ਕੁੰਭ ਦੇ ਮੇਲੇ ਵਿੱਚ ਲੱਗੀ ਸੰਤਾਂ ਦੀ ਉਹ ਧਰਮ-ਸੰਸਦ ਹੈ, ਜਿਸ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਚੇਚ ਨਾਲ ਕੁਝ ਲੋਕ ਸਰਗਰਮ ਹੋਏ ਰਹੇ ਸਨ। ਓਥੇ ਕੁੰਭ ਦੇ ਮੇਲੇ ਆਏ ਸਾਧਾਂ-ਸੰਤਾਂ ਨੂੰ ਆਪਣੀ ਆਤਮਾ ਦੀ ਮੈਲ ਲਾਹੁਣ ਜਾਂ ਆਪਣੇ ਧਰਮ-ਕਰਮ ਦੇ ਖੇਤਰ ਤੱਕ ਸੀਮਤ ਰਹਿਣਾ ਚਾਹੀਦਾ ਸੀ, ਰਾਜਨੀਤੀ ਦੇ ਅਖਾੜੇ ਵਿੱਚ ਕਬੱਡੀ ਪਾਉਣ ਦੀ ਕੋਸ਼ਿਸ਼ ਨਹੀਂ ਸੀ ਕਰਨੀ ਚਾਹੀਦੀ। ਪਹਿਲਾਂ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਧ-ਸੰਤ ਬਣੇ ਕਿਉਂ ਸਨ? ਇਸ ਲਈ ਕਿ ਉਨ੍ਹਾਂ ਨੂੰ ਦੁਨੀਆ ਜਾਂ ਦੁਨੀਆਦਾਰੀ ਦਾ ਮੋਹ ਨਹੀਂ ਸੀ ਰਹਿ ਗਿਆ। ਉਹ ਆਪਣੇ ਆਪ ਨੂੰ ਈਸ਼ਵਰ ਲਈ ਸਮੱਰਪਤ ਮੰਨਦੇ ਹਨ। ਜੇ ਉਨ੍ਹਾਂ ਦੀਆਂ ਈਸ਼ਵਰ ਨਾਲ ਸਿੱਧੀਆਂ ਤਾਰਾਂ ਵੀ ਜੁੜੀਆਂ ਹੋਣ ਤਾਂ ਅਗਲੇ ਦਿਨ ਉੱਠ ਕੇ ਮਾਲਾ ਫੇਰਨ ਜੋਗੇ ਉਹ ਗ੍ਰਹਿਸਤੀ ਲੋਕਾਂ ਦੀ ਕਿਰਤ ਨਾਲ ਪੈਦਾ ਹੋਇਆ ਅਨਾਜ ਖਾ ਕੇ ਹੁੰਦੇ ਹਨ। ਕਹਿੰਦੇ ਇਹ ਹਨ ਕਿ ਮਾਲਾ ਫੇਰਨ ਨਾਲ ਮੋਕਸ਼ ਪ੍ਰਾਪਤ ਹੋਵੇਗਾ। ਜਦੋਂ ਮੋਕਸ਼ ਪ੍ਰਾਪਤ ਹੋ ਗਿਆ ਤਾਂ ਕਹਿੰਦੇ ਹਨ ਕਿ ਅਸੀਂ ਚਲੇ ਜਾਵਾਂਗੇ ਤੇ ਗ੍ਰਹਿਸਤੀ ਲੋਕ ਏਥੇ ਬੈਠੇ ਰਹਿ ਜਾਣਗੇ। ਜਿਨ੍ਹਾਂ ਗ੍ਰਹਿਸਤੀਆਂ ਦਾ ਦਿੱਤਾ ਖਾਂਦੇ ਹਨ, ਉਨ੍ਹਾਂ ਨੂੰ ਏਥੇ ਛੱਡ ਕੇ ਆਪ ਇਕੱਲੇ ਸਵਰਗ ਧਾਮ ਚਲੇ ਜਾਣ ਵਾਲੇ ਸਾਧ-ਸੰਤ ਇਮਾਨਦਾਰ ਨਹੀਂ ਕਹੇ ਜਾ ਸਕਦੇ। ਅਸਲੀਅਤ ਇਹ ਹੈ ਕਿ ਸਾਧ-ਸੰਤ ਉਹ ਲੋਕ ਬਣਦੇ ਹਨ, ਜਿਹੜੇ ਆਪਣੇ ਹੱਥੀਂ ਕਿਰਤ ਕਰ ਕੇ ਖਾਣ ਨੂੰ ਤਿਆਰ ਨਹੀਂ ਹੁੰਦੇ ਤੇ ਬੇਗਾਨੀ ਕਿਰਤ ਆਸਰੇ ਸਾਰਾ ਜੀਵਨ ਗੁਜ਼ਾਰਨ ਦੇ ਨਾਲ ਮੁਫਤ ਦਾ ਇੱਜ਼ਤ-ਮਾਣ ਵੀ ਹਾਸਲ ਕਰਨ ਦੀ ਝਾਕ ਰੱਖਦੇ ਹਨ। ਜੇ ਉਹ ਆਮ ਲੋਕਾਂ ਵਾਂਗ ਜੀਵਨ ਵਿੱਚ ਰਹਿੰਦੇ ਤੇ ਜੀਵਨ ਦੀਆਂ ਔਕੜਾਂ ਦਾ ਸਾਹਮਣਾ ਕੀਤਾ ਹੁੰਦਾ ਤਾਂ ਇਹ ਜਾਣ ਸਕਦੇ ਸਨ ਕਿ ਇਸ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਫਲਾਣੇ ਆਗੂ ਦੀ ਲੋੜ ਹੈ। ਅਸੀਂ ਏਥੇ ਕਈ ਇਸ ਤਰ੍ਹਾਂ ਦੇ ਸਾਧਾਂ ਨੂੰ ਜਾਣਦੇ ਹਾਂ, ਜਿਹੜੇ ਚਾਰ ਟਕਿਆਂ ਖਾਤਰ ਕਿਸੇ ਬਦਮਾਸ਼ ਨੂੰ ਵੀ ‘ਗੁਰੂ ਮਹਾਰਾਜ ਦੇ ਦਰ-ਘਰ ਦਾ ਸੇਵਕ’ ਆਖ ਕੇ ਅਰਦਾਸ ਕਰ ਦੇਂਦੇ ਹਨ, ਕੁੰਭ ਵਾਲੀ ਧਰਮ-ਸੰਸਦ ਵਿੱਚ ਐਸ਼ ਦੀ ਜ਼ਿੰਦਗੀ ਲਈ ਕਿਸੇ ਪਾਸੇ ਤੋਂ ਉਨ੍ਹਾਂ ਦੇ ਆਸ਼ਰਮ ਨੂੰ ਚਾਰ ਦਮੜੇ ਵੱਧ ਮਿਲ ਜਾਣ ਕਰ ਕੇ ਇਹੋ ਜਿਹੇ ਫੈਸਲੇ ਕੀਤੇ ਜਾ ਰਹੇ ਹੋਣ ਤਾਂ ਹੈਰਾਨੀ ਨਹੀਂ ਹੋ ਸਕਦੀ। ਅਸੀਂ ਤਾਂ ‘ਸਾਧਾਂ ਨੂੰ ਕੀ ਸਵਾਦਾਂ ਨਾਲ’ ਦੀ ਗੱਲ ਸੁਣੀ ਸੀ, ਏਥੇ ਸਾਧ ਆਪਣੇ ਸਵਾਦ ਨੂੰ ਜ਼ਬਾਨ ਤੋਂ ਵਧਾ ਕੇ ਰਾਜ-ਪ੍ਰੋਹਿਤ ਬਣਨ ਦੇ ਸੁਫਨੇ ਤੱਕ ਲਿਜਾਣ ਲੱਗ ਪਏ ਹਨ।
ਉਂਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇਹ ਪੈਂਤੜਾ ਵੀ ਹੈਰਾਨੀ ਵਾਲਾ ਹੈ ਕਿ ਦੇਸ਼ ਦੇ ਸਾਧੂ-ਸੰਤਾਂ ਨੂੰ ਇਹ ਫੈਸਲਾ ਦੇਣ ਦਾ ਹੱਕ ਹੈ ਕਿ ਇਸ ਦੇਸ਼ ਦਾ ਆਗੂ ਕੌਣ ਹੋਵੇ? ਜੇ ਇੱਕ ਧਰਮ ਵਿੱਚ ਆਸਥਾ ਵਾਲੇ ਸਾਧੂ-ਸੰਤਾਂ ਨੂੰ ਇਹ ਹੱਕ ਦੇਣਾ ਹੈ ਤਾਂ ਦੂਸਰੇ ਧਰਮਾਂ ਵਾਲਿਆਂ ਨੂੰ ਕਿਉਂ ਨਹੀਂ ਹੋਵੇਗਾ? ਕੱਲ੍ਹ ਨੂੰ ਹਰ ਕੋਈ ਆਪੋ ਆਪਣੇ ਧਰਮ ਦੇ ਚਾਰ ਜਾਂ ਚੌਤੀ ਸੌ ਸਾਧ ਜੋੜ ਕੇ ਫੁਰਮਾਨ ਜਾਰੀ ਕਰ ਦੇਵੇਗਾ ਕਿ ਫਲਾਣਾ ਨਹੀਂ, ਅਸਲ ਵਿਚ ਫਲਾਣਾ ਆਗੂ ਇਸ ਦੇਸ਼ ਦੀ ਅਗਵਾਈ ਲਈ ਚੁਣਿਆ ਜਾਣਾ ਚਾਹੀਦਾ ਹੈ। ਫਿਰ ਕੀ ਅੰਤਲਾ ਫੈਸਲਾ ਇਨ੍ਹਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ? ਇਹ ਗੱਲ ਇਸ ਦੇਸ਼ ਦੇ ਲੋਕਾਂ ਨੂੰ ਹਰਗਿਜ਼ ਨਹੀਂ ਮੰਨਣੀ ਚਾਹੀਦੀ। ਜਿਹੜੇ ਸਾਧਾਂ-ਸੰਤਾਂ ਨੇ ਆਪਣੇ ਟੱਬਰ ਦੇ ਚਾਰ ਜੀਆਂ ਦੀ ਜ਼ਿੰਮੇਵਾਰੀ ਚੁੱਕਣ ਤੋਂ ਡਰ ਕੇ ਜੰਗਲਾਂ ਵਿੱਚ ਜਾ ਡੇਰਾ ਲਾਇਆ ਜਾਂ ਪਹਾੜਾਂ ਉੱਤੇ ਜਾ ਚੜ੍ਹੇ ਸੀ, ਉਨ੍ਹਾਂ ਨੂੰ ਇਹੋ ਜਿਹਾ ਕੋਈ ਹੱਕ ਕਿੱਦਾਂ ਦਿੱਤਾ ਜਾ ਸਕਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਇਹ ਸੇਧਾਂ ਦੇਣ ਕਿ ਫਲਾਣੇ ਆਗੂ ਨੂੰ ਪ੍ਰਧਾਨ ਮੰਤਰੀ ਬਣਾਓ ਤੇ ਫਲਾਣਾ ਨਾ ਬਣਨ ਦਿਓ। ਜੇ ਭਾਰਤ ਦੇ ਲੋਕ ਇਹੋ ਜਿਹੀਆਂ ਬੇਸੁਰੀਆਂ ਸੁਰਾਂ ਵੱਲ ਧਿਆਨ ਦੇਣ ਤੁਰ ਪਏ ਤਾਂ ਇਹ ਉਨ੍ਹਾਂ ਦੀ ਘੋਰ ਬਦਕਿਸਮਤੀ ਹੋਵੇਗੀ, ਜਿਸ ਨੂੰ ਪੀੜ੍ਹੀਆਂ ਤੱਕ ਭੁਗਤਣਾ ਪਵੇਗਾ।