ਦ੍ਰਿਸ਼ਟੀਕੋਣ (98)-ਜਤਿੰਦਰ ਪਨੂੰ

a1ਦੁਪਾਸੀਂ ਤਣੀ ਤਾਣੀ ਦੀ ਇੱਕ ਹੋਰ ਕਹਾਣੀ ਹੈ ਹੈਲੀਕਾਪਟਰ ਸੌਦੇ ਦੇ ਸਕੈਂਡਲ ਦਾ ਸੱਚ

ਅਗਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ, ਜਾਂ ਫਿਰ ਪਾਰਲੀਮੈਂਟ ਦੇ ਇੱਕ ਹੋਰ ਬੱਜਟ ਸਮਾਗਮ ਤੋਂ ਪਹਿਲਾਂ, ਭਾਰਤ ਦੀ ਰਾਜਨੀਤੀ ਇੱਕ ਨਵੇਂ ਘੋਟਾਲੇ ਦੀ ਲਪੇਟ ਵਿੱਚ ਆ ਗਈ ਹੈ। ਇਸ ਵਿੱਚ ਇੱਕ ਦੂਸਰੇ ਵਿਰੁੱਧ ਜਿਸ ਤਰ੍ਹਾਂ ਦੂਸ਼ਣਬਾਜ਼ੀ ਸ਼ੁਰੂ ਹੋਈ ਹੈ, ਹਮੇਸ਼ਾ ਵਾਂਗ ਮੁੱਖ ਤੌਰ ਉੱਤੇ ਰਾਜ ਕਰਦੀ ਧਿਰ ਕਟਹਿਰੇ ਵਿੱਚ ਵੱਧ ਖੜੀ ਨਜ਼ਰ ਆਈ ਹੈ, ਤੇ ਆਉਣੀ ਵੀ ਚਾਹੀਦੀ ਹੈ, ਪਰ ਇੱਕ ਵਾਰ ਫਿਰ ਮੁੱਖ ਵਿਰੋਧੀ ਧਿਰ ਵੀ ਨਾਲ ਸ਼ੱਕ ਦੇ ਸ਼ੀਸ਼ੇ ਹੇਠ ਆ ਗਈ ਹੈ।
ਜਿਸ ਹੈਲੀਕਾਪਟਰ ਦੀ ਖਰੀਦ ਦਾ ਰੌਲਾ ਪਿਆ ਹੈ, ਤੇ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਸੌਦੇ ਦੌਰਾਨ ਮੁਲਕ ਦੀ ਸੁਰੱਖਿਆ ਖਤਰੇ ਵਿੱਚ ਪਾਈ ਗਈ, ਉਸ ਸੌਦੇ ਦਾ ਇਸ ਦੇਸ਼ ਦੀ ਸੁਰੱਖਿਆ ਨਾਲ ਬਹੁਤਾ ਸੰਬੰਧ ਮੁੱਢਲੇ ਦਿਨੋਂ ਹੀ ਨਹੀਂ ਸੀ। ਇਹ ਸੌਦਾ ਕਰਨ ਬਾਰੇ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਕਤ ਇਹ ਸੋਚ ਕੇ ਗੱਲ ਤੋਰੀ ਗਈ ਸੀ ਕਿ ਸਾਡੇ ਦੇਸ਼ ਦੇ ਅਤੀ ਮਹੱਤਵ ਪੂਰਨ ਵਿਅਕਤੀਆਂ, ਵੀ ਵੀ ਆਈ ਪੀਜ਼, ਵਾਸਤੇ ਵਧੀਆ ਤੇ ਆਰਾਮ-ਦੇਹ ਹੈਲੀਕਾਪਟਰ ਚਾਹੀਦੇ ਹਨ। ਫੌਜੀ ਲੋੜਾਂ ਦੀ ਤਾਂ ਕੋਈ ਸੋਚ ਹੀ ਨਹੀਂ ਸੀ ਸੋਚੀ ਗਈ। ਜਦੋਂ ਅਤੀ ਮਹੱਤਵ ਪੂਰਨ ਵਿਅਕਤੀਆਂ ਲਈ ਚਾਹੀਦੇ ਸਨ ਤਾਂ ਨਾਲ ਇਹ ਵੀ ਸੋਚ ਲਿਆ ਗਿਆ ਕਿ ਕਦੇ-ਕਦਾਈਂ ਇਨ੍ਹਾਂ ਮਹੱਤਵ ਪੂਰਨ ਵਿਅਕਤੀਆਂ ਨੂੰ ਕਾਰਗਿਲ ਦੇ ਨੇੜੇ ਦੀਆਂ ਚੋਟੀਆਂ ਉੱਤੇ ਗੇੜਾ ਮਾਰਨਾ ਪੈ ਸਕਦਾ ਹੈ, ਇਸ ਲਈ ਇਹੋ ਜਿਹੇ ਹੈਲੀਕਾਪਟਰ ਦੀ ਖਰੀਦ ਕੀਤੀ ਜਾਵੇ, ਜਿਹੜਾ ਘੱਟੋ-ਘੱਟ ਅਠਾਰਾਂ ਹਜ਼ਾਰ ਫੁੱਟ ਉੱਚਾ ਉੱਡ ਸਕਦਾ ਹੋਵੇ। ਉਸ ਸਰਕਾਰ ਦੇ ਜਿਹੜੇ ਲੋਕ ‘ਇੰਡੀਆ ਸ਼ਾਈਨਿੰਗ’ ਅਤੇ ‘ਭਾਰਤ ਉਦੈ’ ਦੇ ਨਾਹਰਿਆਂ ਨਾਲ ਖੁਦ ਹੀ ਇਸ ਤੋਂ ਉੱਚੇ ਉੱਡਦੇ ਪਏ ਸਨ, ਉਨ੍ਹਾਂ ਨੇ ਇਸ ਸੌਦੇ ਦਾ ਮੁੱਢ ਬੰਨ੍ਹਿਆ। ਮੁਕਾਬਲੇ ਵਿੱਚ ਜਿਹੜੀਆਂ ਧਿਰਾਂ ਸ਼ਾਮਲ ਹੋਈਆਂ, ਉਨ੍ਹਾਂ ਵਿੱਚ ਇਟਲੀ ਦੀ ਉਹ ਕੰਪਨੀ ਮੋਹਰੀ ਨਹੀਂ ਸੀ, ਜਿਹੜੀ ਹੁਣ ਚਰਚਾ ਵਿੱਚ ਹੈ ਕਿ ਉਸ ਨੇ ਕਿਸੇ ਭਾਰਤੀ ਆਗੂ ਨੂੰ ਰਿਸ਼ਵਤ ਦੇ ਕੇ ਸੌਦਾ ਸਿਰੇ ਚੜ੍ਹਾਇਆ ਹੈ। ਪਹਿਲੀ ਪਰਖ ਵਿੱਚ ਉਹ ਦੂਜੀਆਂ ਦੋਂਹ ਕੰਪਨੀਆਂ ਤੋਂ ਇਸ ਲਈ ਪੱਛੜ ਗਈ ਕਿ ਜਿੰਨੀ ਉਚਾਈ ਤੱਕ ਉਡਾਰੀ ਦੀ ਮੰਗ ਹੋਈ ਸੀ, ਉਸ ਦਾ ਹੈਲੀਕਾਪਟਰ ਓਨਾ ਉੱਚਾ ਨਹੀਂ ਸੀ ਉੱਡ ਸਕਦਾ। ਉਸ ਕੰਪਨੀ ਦੀ ਪਹੁੰਚ ਦਾ ਕਮਾਲ ਜਾਂ ਕਿਸੇ ਹੋਰ ਗਿਣਤੀ-ਮਿਣਤੀ ਕਾਰਨ ਫਿਰ ਨਵੇਂ ਸਿਰਿਓਂ ਉਸ ਦੀ ਉਡਾਰੀ ਦੀ ਹੱਦ ਅਠਾਰਾਂ ਹਜ਼ਾਰ ਫੁੱਟ ਤੋਂ ਘਟਾ ਕੇ ਪੰਦਰਾਂ ਹਜ਼ਾਰ ਫੁੱਟ ਕਰ ਦਿੱਤੀ ਗਈ ਤੇ ਨਵੀਂ ਮੰਗ ਦੇ ਮੁਤਾਬਕ ਉਹ ਇਟੈਲੀਅਨ ਕੰਪਨੀ ਵੀ ਮੁਕਾਬਲੇਬਾਜ਼ਾਂ ਵਿੱਚ ਸ਼ਾਮਲ ਹੋ ਗਈ ਸੀ।
ਇਹ ਸਾਰਾ ਕੰਮ ਓਦੋਂ ਹੋਇਆ ਸੀ, ਜਦੋਂ ਭਾਰਤ ਵਿੱਚ ਉਹ ਸਰਕਾਰ ਨਹੀਂ ਸੀ, ਜਿਸ ਦਾ ਰਿਮੋਟ ਇਟਲੀ ਤੋਂ ਆਈ ਇੱਕ ਬੀਬੀ ਦੇ ਹੱਥਾਂ ਵਿੱਚ ਹੋਣ ਦਾ ਦੋਸ਼ ਲਾਇਆ ਜਾਂਦਾ ਹੈ, ਸਗੋਂ ਉਨ੍ਹਾਂ ਲੋਕਾਂ ਦੀ ਸਰਕਾਰ ਸੀ, ਜਿਹੜੇ ਇਹ ਨਾਹਰਾ ਲਾ ਕੇ ਅੱਗੇ ਆਏ ਸਨ ਕਿ ਦੇਸ਼ ਦੀ ਅਗਵਾਈ ਇੱਕ ਵਿਦੇਸ਼ੀ ਮੂਲ ਦੀ ਔਰਤ ਦੇ ਹੱਥ ਨਹੀਂ ਜਾਣ ਦੇਣੀ। ਅੱਜ ਜਦੋਂ ਉਹ ਇਹ ਕਹਿੰਦੇ ਹਨ ਕਿ ਸਕੈਂਡਲ ਦੀ ਜਾਂਚ ਇਸ ਲਈ ਅੱਗੇ ਨਹੀਂ ਵਧਾਈ ਜਾਂਦੀ ਕਿ ਇਸ ਦਾ ਸੰਬੰਧ ਇਟਲੀ ਨਾਲ ਜੁੜਦਾ ਹੈ, ਬਹਾਨੇ ਨਾਲ ਸੋਨੀਆ ਗਾਂਧੀ ਵੱਲ ਇਸ਼ਾਰਾ ਕਰਦੇ ਹਨ, ਤਾਂ ਇਹ ਵੀ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦ ਅਠਾਰਾਂ ਹਜ਼ਾਰ ਫੁੱਟ ਤੋਂ ਵੱਧ ਉਚਾਈ ਦਾ ਪ੍ਰਧਾਨ ਮੰਤਰੀ ਵਾਜਪਾਈ ਗੇੜਾ ਮਾਰ ਚੁੱਕੇ ਸਨ ਤਾਂ ਇਟਲੀ ਦੀ ਕੰਪਨੀ ਨੂੰ ਰਾਹ ਦੇਣ ਲਈ ਉਨ੍ਹਾਂ ਨੇ ਉਡਾਰੀ ਦੀ ਹੱਦ ਅਠਾਰਾਂ ਹਜ਼ਾਰ ਤੋਂ ਘਟਾ ਕੇ ਪੰਦਰਾਂ ਹਜ਼ਾਰ ਫੁੱਟ ਆਪ ਕਿਉਂ ਕਰ ਦਿੱਤੀ ਸੀ?
ਜਦੋਂ ਇਹੋ ਜਿਹੇ ਕਿਸੇ ਵੀ ਸੌਦੇ ਦੀ ਗੱਲ ਹੁੰਦੀ ਹੈ ਤਾਂ ਏਥੋਂ ਸ਼ੁਰੂ ਨਹੀਂ ਕਰਨਾ ਚਾਹੀਦਾ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ। ਸੁਰੱਖਿਆ ਤਾਂ ਓਦੋਂ ਹੀ ਖਤਰੇ ਵਿੱਚ ਪੈ ਜਾਂਦੀ ਹੈ, ਜਦੋਂ ਅਸੀਂ ਕਿਸੇ ਤੀਸਰੇ ਦੇਸ਼ ਤੋਂ ਮਾਲ ਦੀ ਖਰੀਦਦੇ ਹਾਂ ਤੇ ਉਸ ਨੂੰ ਉਸ ਮਾਲ ਦੇ ਗੁਣਾਂ ਦੇ ਨਾਲ ਔਗੁਣਾਂ ਦਾ ਵੀ ਪਤਾ ਹੁੰਦਾ ਹੈ। ਸਾਨੂੰ ਮਾਲ ਵੇਚਣ ਵਾਲੇ ਸਾਡੇ ਨਾਲ ਵਪਾਰਕ ਸਾਂਝ ਪਾਉਂਦੇ ਹਨ, ਵਫਾਦਾਰੀ ਦੀ ਸਾਂਝ ਨਹੀਂ ਪਾ ਰਹੇ ਹੁੰਦੇ। ਉਹ ਵਪਾਰੀ ਹਨ ਤੇ ਜੇ ਕਿਸੇ ਹੋਰ ਪਾਸੇ ਤੋਂ ਉਸ ਮਾਲ ਦੇ ਔਗੁਣਾਂ ਬਾਰੇ ਪੁੱਛਿਆ ਜਾਵੇ ਤਾਂ ਮੁਨਾਸਬ ਮੁੱਲ ਵੱਟ ਕੇ ਇਹ ਜਾਣਕਾਰੀ ਉਸ ਨੂੰ ਵੀ ਵੇਚ ਸਕਦੇ ਹਨ। ਗੱਲ ਮਾਲ ਦੇ ਗੁਣਾਂ ਦੀ ਵੱਖਰੀ ਕਰਨੀ ਚਾਹੀਦੀ ਹੈ ਤੇ ਕਾਲੀ ਕਮਾਈ ਦੀ ਵੱਖਰੀ।
ਸਵੀਡਨ ਦੀ ਬੋਫੋਰਜ਼ ਕੰਪਨੀ ਦੀ ਹਾਵਿਟਜ਼ਰ ਤੋਪ ਜਦੋਂ ਖਰੀਦੀ ਗਈ ਤਾਂ ਕਿਹਾ ਗਿਆ ਕਿ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਰੱਦੀ ਤੋਪ ਖਰੀਦ ਲਈ ਹੈ, ਪਰ ਕਾਰਗਿਲ ਦੀ ਜੰਗ ਵਿੱਚ ਸਿਰਫ ਉਹੋ ਇੱਕ ਤੋਪ ਕੰਮ ਆਈ ਸੀ, ਜਿਸ ਦੇ ਗੋਲੇ ਨੂੰ ਦਾਗਣ ਵੇਲੇ ਫੌਜ ਦੇ ਜਵਾਨ ‘ਰਾਜੀਵ ਗਾਂਧੀ ਜ਼ਿੰਦਾਬਾਦ’ ਦਾ ਨਾਹਰਾ ਲਾਉਂਦੇ ਟੀ ਵੀ ਚੈਨਲਾਂ ਉੱਤੇ ਲੋਕਾਂ ਨੂੰ ਸੁਣਨ ਨੂੰ ਮਿਲੇ ਸਨ। ਬਾਅਦ ਵਿੱਚ ਬੋਫੋਰਜ਼ ਤੋਪ ਦੇ ਵਿਰੋਧੀਆਂ ਦੀ ਸਰਕਾਰ ਨੂੰ ਉਸੇ ਤੋਪ ਦੇ ਗੋਲੇ ਖਰੀਦਣ ਦਾ ਕੰਮ ਖੜੇ ਪੈਰ ਕਰਨਾ ਪਿਆ ਸੀ, ਜਿਹੜੇ ਕਈ ਸਾਲਾਂ ਤੋਂ ਇਨ੍ਹਾਂ ਵਿਵਾਦਾਂ ਦੇ ਕਾਰਨ ਖਰੀਦੇ ਨਹੀਂ ਸਨ ਜਾ ਰਹੇ। ਪਿਛਲੇ ਸਾਲ ਟਾਟਰਾ ਟਰੱਕਾਂ ਦੀ ਖਰੀਦ ਦਾ ਰੌਲਾ ਪੈ ਗਿਆ। ਅੱਜ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਟਰੱਕ ਵਰਗੇ ਟਰੱਕ ਲੱਭਣੇ ਔਖੇ ਹਨ, ਪਰ ਦਲਾਲੀ ਦੇ ਰੌਲੇ ਨੇ ਉਹ ਸੌਦਾ ਵੀ ਰੋਕ ਦਿੱਤਾ। ਦਲਾਲਾਂ ਦੇ ਗਲ਼ ਪੈਣਾ ਹੋਰ ਗੱਲ ਸੀ, ਪਰ ਟਰੱਕ ਨੂੰ ਖਰੀਦਣ ਦਾ ਫੈਸਲਾ ਗੁਣ-ਦੋਸ਼ ਦੇ ਆਧਾਰ ਉੱਤੇ ਹੋਣਾ ਚਾਹੀਦਾ ਸੀ। ਜਦੋਂ ਇਸ ਤਰ੍ਹਾਂ ਦੇ ਦੋਸ਼ਾਂ ਦੇ ਕਾਰਨ ਇਹ ਸੌਦੇ ਰੁਕੀ ਜਾਂਦੇ ਹਨ ਤਾਂ ਦੇਸ਼ ਦੀ ਸੁਰੱਖਿਆ ਇਸ ਨਾਲ ਵੀ ਖਤਰੇ ਵਿੱਚ ਪੈਂਦੀ ਹੈ।
ਰਹੀ ਗੱਲ ਹੁਣ ਵਾਲੇ ਹੈਲੀਕਾਪਟਰ ਸੌਦੇ ਦੀ, ਇਸ ਵਿੱਚ ਮੌਜੂਦਾ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਕਲੀਨ-ਚਿੱਟ ਦੇਣ ਦੀ ਗੱਲ ਜਿਹੜਾ ਵੀ ਕਰੇਗਾ, ਉਹ ਗਲਤ ਕਰ ਰਿਹਾ ਹੋਵੇਗਾ। ਜਦੋਂ ਪਿਛਲੇਰੇ ਸਾਲ ਇਸ ਸੌਦੇ ਬਾਰੇ ਰੌਲਾ ਪੈ ਗਿਆ ਸੀ ਕਿ ਇਸ ਵਿੱਚ ਲੈਣ-ਦੇਣ ਕੀਤਾ ਗਿਆ ਹੈ ਤਾਂ ਜਿਹੜੀ ਸਪਲਾਈ ਹੁਣ ਰੋਕੀ ਗਈ ਹੈ, ਉਹ ਓਦੋਂ ਹੀ ਰੋਕ ਦੇਣੀ ਚਾਹੀਦੀ ਸੀ। ਭਾਰਤ ਦੀ ਸਰਕਾਰ ਦਾ ਇਨ੍ਹਾਂ ਹੈਲੀਕਾਪਟਰਾਂ ਤੋਂ ਬਿਨਾਂ ਕੰਮ ਰੁਕਦਾ ਨਹੀਂ ਸੀ ਪਿਆ। ਸੌਦੇ ਦੀ ਸਾਰੀ ਜਾਂਚ ਤੋਂ ਬਾਅਦ ਬਾਕੀ ਦੇ ਹੈਲੀਕਾਪਟਰ ਮੰਗਵਾਏ ਜਾ ਸਕਦੇ ਸਨ, ਪਰ ਸਰਕਾਰ ਇਹ ਕਹਿ ਕੇ ਟਾਲਦੀ ਰਹੀ ਕਿ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਹੈ, ਜਦ ਕਿ ਜਾਂਚ ਕੋਈ ਕਰਵਾਈ ਹੀ ਨਹੀਂ ਸੀ। ਗੱਲ ਮਸਾਂ ਇਹ ਕੀਤੀ ਸੀ ਕਿ ਵਿਦੇਸ਼ ਦੇ ਕੁਝ ਆਪਣੇ ਹਾਈ ਕਮਿਸ਼ਨਾਂ ਤੇ ਦੂਤ-ਘਰਾਂ ਨੂੰ ਚਿੱਠੀਆਂ ਲਿਖ ਕੇ ਇਹ ਕਹਿ ਦਿੱਤਾ ਗਿਆ ਕਿ ਉਹ ਇਸ ਸੌਦੇ ਦੀ ਜਾਂਚ ਬਾਰੇ ਓਥੇ ਜੋ ਕੁਝ ਹੋ ਰਿਹਾ ਹੈ, ਉਸ ਦੀ ਜਾਣਕਾਰੀ ਹਾਸਲ ਕਰ ਕੇ ਭੇਜ ਦੇਣ। ਇਸ ਤੋਂ ਬਾਅਦ ਇੱਕ ਚਿੱਠੀ ਉਸ ਹੈਲੀਕਾਪਟਰ ਵੇਚਣ ਵਾਲੀ ਕੰਪਨੀ ਨੂੰ ਲਿਖ ਦਿੱਤੀ ਕਿ ਸਾਨੂੰ ਪਤਾ ਲੱਗਾ ਹੈ ਕਿ ਸੌਦੇ ਦੇ ਦੌਰਾਨ ਕੁਝ ਲੋਕਾਂ ਨਾਲ ਸ਼ੱਕੀ ਕਿਸਮ ਦਾ ਲੈਣ-ਦੇਣ ਹੋਇਆ ਹੈ, ਜੇ ਕੋਈ ਗੱਲ ਇਹੋ ਜਿਹੀ ਹੋਈ ਹੈ ਤਾਂ ਸਾਨੂੰ ਉਹ ਦੱਸ ਦਿੱਤੀ ਜਾਵੇ। ਕੰਪਨੀ ਨੇ ਇਹ ਗੱਲ ਨਾ ਦੱਸਣੀ ਸੀ ਤੇ ਨਾ ਦੱਸੀ, ਸਗੋਂ ਇਹ ਆਖ ਦਿੱਤਾ ਕਿ ਦੋਸ਼ ਫਾਲਤੂ ਜਿਹੇ ਹਨ, ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ। ਇਸ ਨੂੰ ਜਾਂਚ ਕਰਨਾ ਨਹੀਂ, ਘੱਟੇ-ਕੌਡੀਆਂ ਰੋਲਣਾ ਕਿਹਾ ਜਾਂਦਾ ਹੈ।
ਹੁਣ ਜਦੋਂ ਉਸ ਕੰਪਨੀ ਵੱਲੋਂ ਮਾਲ ਵੇਚਣ ਦੇ ਸਮੇਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਓਥੋਂ ਦੀ ਪੁਲਸ ਨੇ ਜਾ ਨੱਪਿਆ ਹੈ, ਸਵਿਟਜ਼ਰਲੈਂਡ ਵਿੱਚ ਲੁਕੇ ਹੋਏ ਉਸ ਦੇ ਦੋ ਇਟਾਲੀਅਨ ਸਾਥੀਆਂ ਦੇ ਵਾਰੰਟ ਲੈ ਲਏ ਹਨ ਤੇ ਇੰਗਲੈਂਡ ਦੇ ਇੱਕ ਨਾਗਰਿਕ ਨੂੰ ਫੜਨ ਦਾ ਐਲਾਨ ਕਰ ਦਿੱਤਾ ਹੈ ਤਾਂ ਭਾਰਤ ਸਰਕਾਰ ਵੀ ਜਾਂਚ ਸ਼ੁਰੂ ਕਰ ਬੈਠੀ ਹੈ। ਇਸ ਦੀ ਜਾਂਚ ਕਿਸੇ ਸਿੱਟੇ ਉੱਤੇ ਪਹੁੰਚੇਗੀ, ਇਸ ਦਾ ਕਿਸੇ ਨੂੰ ਭਰੋਸਾ ਨਹੀਂ। ਸੀ ਬੀ ਆਈ ਜਾਂਚ ਕਰ ਲਵੇ ਜਾਂ ਪਾਰਲੀਮੈਂਟਰੀ ਕਮੇਟੀ ਜਾਂਚ ਕਰੇ, ਸਿੱਟਾ ਕੋਈ ਕੱਢਣਾ ਹੁੰਦਾ ਤਾਂ ਇਨ੍ਹਾਂ ਦੋਵਾਂ ਦੀ ਜਾਂਚ ਨਾਲ ਬੋਫੋਰਜ਼ ਤੋਪ ਸੌਦੇ ਵਾਲਾ ਵੀ ਨਿਕਲ ਸਕਦਾ ਸੀ, ਪਰ ਅੱਜ ਤੱਕ ਨਹੀਂ ਨਿਕਲਿਆ। ਸਰਕਾਰਾਂ ਬਦਲ ਜਾਂਦੀਆਂ ਹਨ ਤੇ ਜਿਹੜੇ ਆਗੂ ਇਹ ਕਹਿ ਕੇ ਰਾਜ ਸੰਭਾਲਦੇ ਹਨ ਕਿ ਇੱਕ ਮਹੀਨੇ ਦੇ ਅੰਦਰ ਸਾਰਾ ਸੱਚ ਸਾਹਮਣੇ ਲਿਆ ਦਿਆਂਗੇ, ਉਹ ਗੱਦੀ ਦਾ ਨਿੱਘ ਮਾਣ ਕੇ ਸਾਰਾ ਸੱਚ ਢਕਿਆ ਹੀ ਛੱਡ ਕੇ ਤੁਰ ਜਾਂਦੇ ਹਨ, ਕਿਸੇ ਨੇ ਕਦੀ ਬਾਹਰ ਨਹੀਂ ਲਿਆਂਦਾ। ਇਸ ਦਾ ਕਾਰਨ ਹੀ ਇਹ ਸੀ ਕਿ ਭਾਰਤ ਵਿੱਚ ਇੱਕ ਵੀ ਘੋਟਾਲਾ ਇਹੋ ਜਿਹਾ ਨਹੀਂ ਵਾਪਰਿਆ, ਜਿਸ ਵਿੱਚ ਸਿਰਫ ਇੱਕ ਧਿਰ ਵਾਲੇ ਸ਼ਾਮਲ ਹੋਣ, ਹਰ ਮਾਮਲੇ ਵਾਂਗ ਇਸ ਹੈਲੀਕਾਪਟਰ ਘੋਟਾਲੇ ਵਿੱਚ ਵੀ ਦੋਵੇਂ ਪਾਸਿਆਂ ਵਾਲੇ ਸ਼ਾਮਲ ਲੱਭਦੇ ਹਨ।
ਹੈਲੀਕਾਪਟਰ ਖਰੀਦਣ ਦਾ ਫੈਸਲਾ ਬਿਨਾਂ ਬਹੁਤੀ ਲੋੜ ਤੋਂ ਵਾਜਪਾਈ ਸਰਕਾਰ ਦੇ ਵਕਤ ਕੀਤਾ ਗਿਆ ਸੀ ਤੇ ਇਸ ਦੀ ਉਡਾਰੀ ਦੀ ਉਚਾਈ ਘਟਾ ਕੇ ਇਟਲੀ ਦੀ ਕੰਪਨੀ ਨੂੰ ਰਾਹ ਵੀ ਉਸ ਸਰਕਾਰ ਦੇ ਵਕਤ ਦਿੱਤਾ ਹੋਣ ਕਰ ਕੇ ਇਸ਼ਾਰਾ ਉਨ੍ਹਾਂ ਵੱਲ ਵੀ ਜਾਂਦਾ ਹੈ। ਬਣ ਚੁੱਕੀ ਫਾਈਲ ਨੂੰ ਅੱਗੇ ਤੋਰ ਕੇ ਅੰਤਮ ਫੈਸਲਾ ਹੁਣ ਵਾਲੀ ਸਰਕਾਰ ਨੇ ਕੀਤਾ ਤੇ ਇਸ ਵਿੱਚ ਹੋਇਆ ਲੈਣ-ਦੇਣ ਇਸ ਦੇ ਵਕਤ ਵੀ ਹੋਇਆ ਹੋਵੇਗਾ। ਹਵਾਈ ਫੌਜ ਦੇ ਇਸ ਦੌਰਾਨ ਤਿੰਨ ਮੁਖੀ ਲੱਗੇ ਤੇ ਉਨ੍ਹਾਂ ਵਿੱਚੋਂ ਘੱਟੋ-ਘੱਟ ਦੋਂਹ ਵੱਲ ਉਂਗਲਾਂ ਉੱਠਣ ਤੋਂ ਪਿੱਛੋਂ ਬਹੁਤਾ ਬੋਝ ਪਿਛਲੇ ਏਅਰ ਚੀਫ ਮਾਰਸ਼ਲ ਐੱਸ ਪੀ ਤਿਆਗੀ ਉੱਤੇ ਪੈਂਦਾ ਜਾਪਦਾ ਹੈ। ਤਿਆਗੀ ਦੇ ਤਿੰਨ ਚਚੇਰੇ ਭਰਾ ਇਸ ਸੌਦੇ ਵਿੱਚ ਦਲਾਲ ਦਾ ਕੰਮ ਕਰਦੇ ਰਹੇ ਸਨ। ਉਹ ਪਹਿਲਾਂ ਉਨ੍ਹਾਂ ਨਾਲ ਸੰਬੰਧਾਂ ਤੋਂ ਮੁੱਕਰਿਆ, ਫਿਰ ਮਿਲਣੀ ਦੀ ਗੱਲ ਮੰਨਿਆ, ਪਰ ਜਦੋਂ ਇਹ ਸਾਰਾ ਕੁਝ ਸਾਹਮਣੇ ਆ ਗਿਆ ਲੱਗਦਾ ਸੀ, ਉਸ ਦੇ ਬਚਾਅ ਉੱਤੇ ਕੋਈ ਕਾਂਗਰਸੀ ਨਹੀਂ, ਭਾਜਪਾ ਆਗੂ ਤੇ ਵਾਜਪਾਈ ਸਰਕਾਰ ਦੇ ਸਮੇਂ ਦਾ ਵਿਦੇਸ਼ ਮੰਤਰੀ ਜਸਵੰਤ ਸਿੰਘ ਆ ਗਿਆ। ਉਸ ਨੇ ਕਿਹਾ ਕਿ ਹਾਲੇ ਤਾਂ ਇਸ ਨੂੰ ਘੋਟਾਲਾ ਵੀ ਕਹਿਣ ਦਾ ਵਕਤ ਨਹੀਂ ਆਇਆ, ਕਿਉਂਕਿ ਇਸ ਦੀ ਜਾਂਚ ਨਹੀਂ ਹੋਈ ਤੇ ਹਵਾਈ ਫੌਜ ਦੇ ਮੁਖੀ ਨੂੰ ਐਵੇਂ ਬਦਨਾਮ ਨਹੀਂ ਕਰਦੇ ਜਾਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਵਿੱਚ ਜਸਵੰਤ ਸਿੰਘ ਦੇ ਬਿਆਨ ਨਾਲ ਹਲਚਲ ਮਚ ਗਈ। ਬਿਨਾਂ ਦੇਰੀ ਕੀਤੇ ਤੋਂ ਪਾਰਟੀ ਨੇ ਬਿਆਨ ਜਾਰੀ ਕੀਤਾ ਕਿ ਜਸਵੰਤ ਸਿੰਘ ਦੇ ਵਿਚਾਰ ਨਿੱਜੀ ਹਨ, ਪਾਰਟੀ ਇਸ ਨਾਲ ਸਹਿਮਤ ਨਹੀਂ,  ਪਰ ਜਸਵੰਤ ਸਿੰਘ ਦੇ ਬਿਆਨ ਦੇ ਪਿੱਛੇ ਲੁਕਿਆ ਨਵਾਂ ਸੱਚ ਓਨੀ ਦੇਰ ਨੂੰ ਸਿਰ ਚੁੱਕ ਚੁੱਕਾ ਸੀ।
ਨਵਾਂ ਸੱਚ ਇਹ ਸਿਰ ਚੁੱਕ ਖੜੋਤਾ ਕਿ ਇਸ ਹੈਲੀਕਾਪਟਰ ਸੌਦੇ ਦੀ ਪੈੜ ਅਟਲ ਬਿਹਾਰੀ ਵਾਜਪਾਈ ਦੇ ਘਰ ਤੱਕ ਪਹੁੰਚ ਰਹੀ ਸੀ। ਹਵਾਈ ਫੌਜ ਦੇ ਸਾਬਕਾ ਮੁਖੀ ਐੱਸ ਪੀ ਤਿਆਗੀ ਦੇ ਜਿਹੜੇ ਤਿੰਨ ਚਚੇਰੇ ਭਰਾਵਾਂ ਦਾ ਨਾਂਅ ਦਲਾਲਾਂ ਵਜੋਂ ਸਾਹਮਣੇ ਆਇਆ ਸੀ, ਉਨ੍ਹਾਂ ਵਿੱਚੋਂ ਇੱਕ ਜਣਾ ਰਾਜੀਵ ਤਿਆਗੀ ਤਾਂ ਵਾਜਪਾਈ ਸਰਕਾਰ ਦੇ ਸਮੇਂ ਵਾਜਪਾਈ ਜੀ ਦੇ ਆਪਣੇ ਚੋਣ ਹਲਕੇ ਦਾ ਇੰਚਾਰਜ ਹੁੰਦਾ ਸੀ ਤੇ ਉਸ ਦਾ ਲਾਲਜੀ ਟੰਡਨ ਤੇ ਰੰਜਨ ਭੱਟਾਚਾਰੀਆ ਨਾਲ ਨੇੜ ਸੀ। ਇਹ ਦੋਵੇਂ ਜਣੇ ਕੌਣ ਸਨ, ਇਹ ਵੀ ਜਾਣ ਲੈਣਾ ਚਾਹੀਦਾ ਹੈ। ਲਾਲਜੀ ਟੰਡਨ ਉੱਤਰ ਪ੍ਰਦੇਸ਼ ਵਿੱਚ ਭਾਜਪਾ ਵਿੱਚ ਵਾਜਪਾਈ ਧੜੇ ਦਾ ਉਹ ਪ੍ਰਤੀਨਿਧ ਸੀ, ਜਿਸ ਦੇ ਰਾਹੀਂ ਭਾਜਪਾ ਨਾਲ ਛੇ-ਛੇ ਮਹੀਨੇ ਰਾਜ ਕਰਨ ਦਾ ਸੌਦਾ ਮਾਰ ਕੇ ਬਸਪਾ ਦੀ ਮੁਖੀ ਮਾਇਆਵਤੀ ਨੇ ਓਥੋਂ ਦੀ ਗੱਦੀ ਸੰਭਾਲੀ ਅਤੇ ਇਸ ਨੂੰ ਰੱਖੜੀ ਬੰਨ੍ਹ ਕੇ ਭਰਾ ਬਣਾਇਆ ਸੀ, ਪਰ ਸਰਕਾਰ ਟੁੱਟ ਜਾਣ ਪਿੱਛੋਂ ਇਸ ਨੂੰ ‘ਲਾਲਜੀ ਟੰਡਨ’ ਦੀ ਬਜਾਏ ‘ਲਾਲਚੀ ਟੰਡਨ’ ਆਖ ਕੇ ਭੰਡਿਆ ਸੀ। ਦੂਸਰੇ ਬੰਦੇ ਬਾਰੇ ਹੋਰ ਵੀ ਖਾਸ ਗੱਲ ਇਹ ਹੈ ਕਿ ਵਾਜਪਾਈ ਜੀ ਕੁਆਰੇ ਹਨ ਤੇ ਉਨ੍ਹਾ ਨੇ ਇੱਕ ਭਾਣਜੀ ਨੂੰ ਆਪਣੀ ਮੁਤਬੰਨੀ ਧੀ ਬਣਾਇਆ ਹੋਇਆ ਹੈ, ਜਿਸ ਦੇ ਪਤੀ ਦਾ ਨਾਂਅ ਰੰਜਨ ਭੱਟਾਚਾਰੀਆ ਹੈ। ਚਰਚਾ ਛਿੜਨ ਤੋਂ ਬਾਅਦ ਭੱਟਚਾਰੀਆ ਮੰਨ ਗਿਆ ਹੈ ਕਿ ਵਾਜਪਾਈ ਦੇ ਚੋਣ ਹਲਕੇ ਦੇ ਇੰਚਾਰਜ ਵਜੋਂ ਰਾਜੀਵ ਤਿਆਗੀ ਉਸ ਨਾਲ ਮਿਲਦਾ ਰਿਹਾ ਹੈ। ਜਸਵੰਤ ਸਿੰਘ ਵੀ ਵਾਜਪਾਈ ਧੜੇ ਦਾ ਹੋਣ ਕਰ ਕੇ ਉਸ ਨੂੰ ਐੱਸ ਪੀ ਤਿਆਗੀ ਦਾ ਬਚਾਅ ਇਸ ਲਈ ਕਰਨਾ ਪਿਆ ਹੈ ਕਿ ਇਸ ਤੋਂ ਬਾਅਦ ਗੱਲ ਰਾਜੀਵ ਤਿਆਗੀ ਤੱਕ ਆਊਗੀ ਤੇ ਜੇ ਉਹਦੇ ਤੱਕ ਆਈ ਤਾਂ ਰੰਜਨ ਭੱਟਾਚਾਰੀਆ ਤੱਕ ਵੀ ਆ ਸਕਦੀ ਹੈ।
ਦੂਸਰਾ ਪਾਸਾ ਇਹ ਹੈ ਕਿ ਭਾਰਤ ਦਾ ਵਿਦੇਸ਼ ਸਕੱਤਰ ਰਹਿ ਚੁੱਕੇ ਐੱਸ ਕੇ ਸਿੰਘ ਦੇ ਪੁੱਤਰ ਕਨਿਸ਼ਕ ਸਿੰਘ ਦਾ ਨਾਂਅ ਵੀ ਇਸ ਲੈਣ-ਦੇਣ ਵਿੱਚ ਆ ਗਿਆ ਹੈ। ਕਨਿਸ਼ਕ ਸਿੰਘ ਨੂੰ ਰਾਹੁਲ ਗਾਂਧੀ ਦੀ ਟੀਮ ਵਿੱਚ ਗਿਣਿਆ ਜਾਂਦਾ ਹੈ। ਭਾਜਪਾ ਆਗੂ ਕਿਰੀਟ ਸੋਮਈਆ ਨੇ ਚਿੱਠੀ ਲਿਖ ਕੇ ਉਸ ਦੇ ਖਿਲਾਫ ਜਾਂਚ ਦੀ ਮੰਗ ਕਰਦਿਆਂ ਦੱਸ ਦਿੱਤਾ ਹੈ ਕਿ ਚੰਡੀਗੜ੍ਹ ਵਿੱਚ ਜਿਹੜੀ ਕੰਪਨੀ ਬਣਾ ਕੇ ਲੈਣ-ਦੇਣ ਹੋਇਆ, ਰਾਹੁਲ ਗਾਂਧੀ ਦਾ ਨੇੜੂ ਕਨਿਸ਼ਕ ਸਿੰਘ ਉਸ ਨਾਲ ਜੁੜਿਆ ਰਿਹਾ ਹੈ। ਕਨਿਸ਼ਕ ਸਿੰਘ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਇਸ ਚਿੱਠੀ ਨੇ ਰਾਹੁਲ ਗਾਂਧੀ ਦੀ ਮੁਸ਼ਕਲ ਜਿੰਨੀ ਵੀ ਵਧਾ ਦਿੱਤੀ ਹੋਵੇ, ਉਸ ਤੋਂ ਵੱਧ ਸੌਖ ਆਮ ਲੋਕਾਂ ਲਈ ਇਹ ਸਮਝਣ ਦੇ ਪੱਖ ਤੋਂ ਪੈਦਾ ਕਰ ਦਿੱਤੀ ਹੈ ਕਿ ਇਹ ਕੇਸ ਦੂਸਰਾ ‘ਬੋਫੋਰਜ਼ ਕੇਸ’ ਹੈ। ਬੋਫੋਰਜ਼ ਕੇਸ ਵਿੱਚ ਇੱਕ ਓਤਾਵੀਓ ਕੁਆਤਰੋਚੀ ਦਾ ਨਾਂਅ ਆਇਆ ਸੀ, ਜਿਹੜਾ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦਾ ਪਰਵਾਰਕ ਮਿੱਤਰ ਸੀ, ਪਰ ਉਸੇ ਸੌਦੇ ਵਿੱਚ ਉਸ ਦੇ ਸਾਥੀ ਤਿੰਨ ਹਿੰਦੂਜਾ ਭਰਾ ਬਣੇ ਸਨ, ਜਿਹੜੇ ਅਟਲ ਬਿਹਾਰੀ ਵਾਜਪਾਈ ਦੇ ਮਿੱਤਰ ਸਨ। ਵਾਜਪਾਈ ਜੀ ਦੀ ਸਰਕਾਰ ਦੇ ਵਕਤ ਜਦੋਂ ਕੁਆਤਰੋਚੀ ਦੇ ਪਿੱਛੇ ਸੀ ਬੀ ਆਈ ਲੱਗੀ ਹੋਈ ਸੀ, ਓਦੋਂ ਹਿੰਦੂਜਾ ਭਰਾਵਾਂ ਦੇ ਖਿਲਾਫ ਕੇਸ ਦਿੱਲੀ ਵਿੱਚ ਖਾਰਜ ਹੋਣ ਦਿੱਤਾ ਗਿਆ ਸੀ। ਇਹ ਮਿਲੀਭੁਗਤ ਤੋਂ ਬਿਨਾਂ ਨਹੀਂ ਸੀ ਹੋ ਸਕਦਾ।
ਜਿਵੇਂ ਓਦੋਂ ਤੋਪ ਸੌਦੇ ਦੀ ਮਲਾਈ ਚੱਟਣ ਵਿੱਚ ਦੋਵਾਂ ਮੁੱਖ ਰਾਜਸੀ ਧਿਰਾਂ ਦੇ ਕੁਝ ਲੋਕ ਸ਼ਾਮਲ ਨਿਕਲਦੇ ਸਨ, ਉਵੇਂ ਹੀ ਹੁਣ ਵੀ ਦੇਸ਼ ਦੀ ਰਾਜ ਕਰਦੀ ਅਤੇ ਰਾਜ ਕਰਨ ਲਈ ਤਾਂਘ ਰਹੀ ਦੋਵਾਂ ਧਿਰਾਂ ਵਿੱਚ ਉਹ ਲੋਕ ਬੈਠੇ ਦਿਖਾਈ ਦੇਂਦੇ ਹਨ, ਜਿਨ੍ਹਾਂ ਨੇ ਹੈਲੀਕਾਪਟਰ ਸੌਦੇ ਵਿੱਚ ਇੱਕ ਵਿਦੇਸ਼ੀ ਕੰਪਨੀ ਦੇ ਕਾਰਿੰਦੇ ਦੀ ਭੂਮਿਕਾ ਨਿਭਾਈ ਤੇ ਮਾਲ ਕਮਾਇਆ ਹੋਇਆ ਹੈ।