ਦ੍ਰਿਸ਼ਟੀਕੋਣ(95) -ਜਤਿੰਦਰ ਪਨੂੰ

a1-ਭਾਰਤ ਦੀ ਰਾਜਨੀਤੀ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਚਿੰਤਨ ਕੈਂਪਾਂ ਦਾ ਪਰਪੰਚ-

ਸਿਰਫ ਸੋਲਾਂ ਮਹੀਨੇ ਜਦੋਂ ਭਾਰਤ ਦੀ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਰਹਿ ਗਏ ਹਨ, ਮੁਲਕ ਦੀ ਵੱਡੀ ਗੱਦੀ ਉੱਤੇ ਕਬਜ਼ੇ ਦੀਆਂ ਚਾਹਵਾਨ ਧਿਰਾਂ ਤੇਜ਼ ਚਾਲੇ ਤੁਰਨ ਲੱਗ ਪਈਆਂ ਹਨ। ਮੁੱਖ ਤੌਰ ਉੱਤੇ ਭਾਵੇਂ ਦੋ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੀ ਇਸ ਖਿੱਚੋਤਾਣ ਵਿੱਚ ਮੋਹਰੀ ਜਾਪਦੀਆਂ ਹਨ, ਪਰ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਕੋਲੋਂ ਵੀ ਕਿਉਂਕਿ ਆਪਣੇ ਸਿਰ ਬਹੁ-ਸੰਮਤੀ ਜੋਗੀਆਂ ਸੀਟਾਂ ਜਿੱਤੀਆਂ ਨਹੀਂ ਜਾ ਸਕਣੀਆਂ, ਇਸ ਲਈ ਨਾਲ ਜੁੜਨ ਦੀ ਸਹਿਮਤੀ ਦੇਣ ਵਾਲਿਆਂ ਜਾਂ ਜਿਨ੍ਹਾਂ ਨੇ ਚੋਣਾਂ ਤੋਂ ਬਾਅਦ ਹਾਲਾਤ ਵੇਖ ਕੇ ਇੱਕ ਜਾਂ ਦੂਸਰੀ ਧਿਰ ਨਾਲ ਜੁੜਨ ਦਾ ਫੈਸਲਾ ਕਰਨਾ ਹੈ, ਉਨ੍ਹਾਂ ਦੇ ਆਗੂ ਵੀ ਹੁਣੇ ਤੋਂ ਇਹ ਸੋਚ ਕੇ ਚੱਲਣ ਲੱਗ ਪਏ ਹਨ ਕਿ ਆਪਣਾ ਭਾਰ ਏਨਾ ਕੁ ਵਧਾ ਲਈਏ ਕਿ ਅੰਤਲੇ ਲੇਖੇ ਵਿੱਚ ਗਿਣੇ ਜਾਣ ਜੋਗੇ ਹੋ ਸਕੀਏ। ਤੀਸਰੀ ਧਿਰ ਦੀ ਕਾਇਮੀ ਲਈ ਵੀ ਜ਼ੋਰ ਲੱਗ ਰਿਹਾ ਹੈ। ਇਸ ਪੱਖ ਤੋਂ ਮੁਲਾਇਮ ਸਿੰਘ ਯਾਦਵ ਨੇ ਸਾਰਿਆਂ ਤੋਂ ਵੱਡਾ ਖਾਹਿਸ਼ਮੰਦ ਹੋਣ ਕਰ ਕੇ ਵੱਧ ਸਰਗਰਮੀ ਫੜ ਲਈ ਹੈ, ਪਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਸੁਫਨੇ ਦਿੱਲੀ ਦੀ ਓਸੇ ਕੁਰਸੀ ਦੇ ਚੋਖੇ ਆਉਂਦੇ ਹਨ। ਉਹ ਏਸੇ ਲਈ ਭਾਜਪਾ ਤੋਂ ਫਾਸਲਾ ਪਾਉਣ ਦੇ ਯਤਨ ਕਰ ਰਿਹਾ ਹੈ ਤੇ ਘੱਟ-ਗਿਣਤੀਆਂ ਅੰਦਰ ਭਾਜਪਾ ਦੇ ਸਭ ਤੋਂ ਬਦਨਾਮ ਚਿਹਰੇ ਨਰਿੰਦਰ ਮੋਦੀ ਨਾਲ ਅੱਖ ਵੀ ਮਿਲਾਉਣ ਨੂੰ ਤਿਆਰ ਨਹੀਂ ਹੁੰਦਾ। ਇਹ ਉਸ ਵੱਲੋਂ ਤੀਸਰੀ ਧਰਮ-ਨਿਰਪੱਖ ਗੈਰ-ਕਾਂਗਰਸੀ ਧਿਰ ਦਾ ਸਰਬ ਪ੍ਰਵਾਨਤ ਲੀਡਰ ਬਣਨ ਲਈ ਕੀਤਾ ਜਾ ਰਿਹਾ ਹੈ।
ਬਾਕੀ ਧਿਰਾਂ ਕੱਲ੍ਹ ਨੂੰ ਕੀ ਪੈਂਤੜਾ ਧਾਰਨ ਕਰਨਗੀਆਂ, ਇਸ ਬਾਰੇ ਹਾਲੇ ਤੱਕ ਸਪੱਸ਼ਟ ਨਹੀਂ, ਪਰ ਭਾਜਪਾ ਤੇ ਕਾਂਗਰਸ ਦੀ ਸਰਗਰਮੀ ਹਰ ਕਿਸੇ ਦਾ ਚੋਖਾ ਧਿਆਨ ਖਿੱਚ ਰਹੀ ਹੈ।
ਕਾਂਗਰਸ ਪਾਰਟੀ ਵੱਲੋਂ ਇਨ੍ਹੀਂ ਦਿਨੀਂ ਜੈਪੁਰ ਵਿੱਚ ਇੱਕ ਚਿੰਤਨ ਕੈਂਪ ਲਾਇਆ ਗਿਆ ਹੈ। ਸਾਡੇ ਵੱਲੋਂ ਇਹ ਲਿਖਤ ਲਿਖਣ ਸਮੇਂ ਉਸ ਕੈਂਪ ਦਾ ਪਹਿਲਾ ਦਿਨ ਲੰਘ ਚੁੱਕਾ ਹੈ ਤੇ ਉਸੇ ਵਿੱਚ ਬਿੱਲੀ ਥੈਲੇ ਤੋਂ ਬਾਹਰ ਨਿਕਲ ਆਈ ਹੈ। ਕੈਂਪ ਵਿੱਚ ਚਿੰਤਨ ਘੱਟ ਕੀਤਾ ਗਿਆ ਤੇ ਚਿੰਤਾ ਵੱਧ ਕੀਤੀ ਗਈ ਕਿ ਪਾਰਟੀ ਦਾ ਵੱਖੋ-ਵੱਖ ਰਾਜਾਂ ਵਿੱਚ ਭੱਠਾ ਬਹਿੰਦਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਨੇ ਆਪਣੀ ਪਾਰਟੀ ਨੂੰ ਆਪ ਭਾਵੇਂ ਨਿਕੰਮੀ ਨਹੀਂ ਕਿਹਾ, ਤੇ ਉਸ ਨੇ ਕਹਿਣਾ ਵੀ ਨਹੀਂ ਸੀ, ਪਰ ਜਿਹੜੇ ਪੰਜ ਨੁਕਤੇ ਚਿੰਤਨ ਲਈ ਗਿਣਾ ਦਿੱਤੇ, ਉਹ ਸਾਰੇ ਦੇ ਸਾਰੇ ਇਹੋ ਸਾਬਤ ਕਰਦੇ ਹਨ ਕਿ ਰਾਜ ਚਲਾਉਣ ਦੇ ਮਾਮਲੇ ਵਿੱਚ ਇਹ ਪਾਰਟੀ ਅਸਲੋਂ ਨਿਕੰਮੀ ਨਿਕਲੀ ਹੈ। ਜਦੋਂ ਮਰੀਜ਼ ਦੀ ਬਿਮਾਰੀ ਦਾ ਸਮੁੱਚਾ ਪਤਾ ਲੱਗ ਜਾਵੇ, ਅਗਲਾ ਕੰਮ ਉਸ ਦਾ ਇਲਾਜ ਕਰਨ ਦਾ ਹੁੰਦਾ ਹੈ ਅਤੇ ਇਲਾਜ ਕਰਨ ਦੇ ਨਾਂਅ ਉੱਤੇ ਕਾਂਗਰਸ ਪਾਰਟੀ ਦੇ ਲਗਭਗ ਹਰ ਬੁਲਾਰੇ ਨੇ ਇਹੋ ਤਵਾ ਵਜਾ ਛੱਡਿਆ ਕਿ ਇਸ ਮਰਨਾਊ ਜਾਪ ਰਹੀ ਪਾਰਟੀ ਨੂੰ ਰਾਹੁਲ ਗਾਂਧੀ ਨਾਂਅ ਦੇ ਡਾਕਟਰ ਦੇ ਹਵਾਲੇ ਕਰ ਦਿੱਤਾ ਜਾਵੇ, ਉਹ ਆਪਣੇ ਆਪ ਇਸ ਵਿੱਚ ਜਾਨ ਪਾ ਦੇਵੇਗਾ। ਅੱਗੇ ਰਾਹੁਲ ਗਾਂਧੀ ਨੂੰ ਉੱਤਰ ਪ੍ਰਦੇਸ਼ ਵਿੱਚ ਇਸੇ ਕੰਮ ਲਾਇਆ ਗਿਆ ਸੀ, ਓਥੇ ਜਿਹੜੀ ਖੱਟੀ ਖੱਟ ਕੇ ਮੁੜਿਆ ਸੀ, ਉਸ ਦਾ ਵੀ ਧਿਆਨ ਨਹੀਂ ਕੀਤਾ ਗਿਆ। ਇੰਦਰਾ ਗਾਂਧੀ ਦੀ ਚੜ੍ਹਤ ਦੇ ਸਮੇਂ ਵੀ ਕੁਝ ਲੋਕ ਪਾਰਟੀ ਦੇ ਅੰਦਰ ਹੁੰਦੇ ਸਨ, ਜਿਹੜੇ ਸੰਜੇ ਗਾਂਧੀ ਦੀ ਅਗਵਾਈ ਬਾਰੇ ਕਿੰਤੂ ਕਰ ਸਕਦੇ ਸਨ, ਪਰ ਹੁਣ ਦੀ ਕਾਂਗਰਸ ਪਾਰਟੀ ਵਿੱਚ ਇਹੋ ਜਿਹਾ ਕੋਈ ਰੜਕਦਾ ਹੀ ਨਹੀਂ ਤੇ ਸਾਰੇ ਦੇ ਸਾਰੇ ‘ਰਾਹੁਲ-ਚਾਲੀਸਾ’ ਜਪਣ ਲੱਗੇ ਹੋਏ ਹਨ। ਇਹ ਇਸ ਪਾਰਟੀ ਦੇ ਨਿਘਾਰ ਦਾ ਪ੍ਰਤੀਕ ਵੀ ਹੈ ਤੇ ਭਵਿੱਖ ਵਿੱਚ ਇਸ ਦੇ ਹੋਰ ਤੋਂ ਹੋਰ ਡੁੱਬਦੀ ਜਾਣ ਦਾ ਸੰਕੇਤ ਵੀ ਮੰਨਿਆ ਜਾ ਸਕਦਾ ਹੈ।
ਦੂਸਰੇ ਪਾਸੇ ਇਸ ਨੂੰ ਟੱਕਰ ਦੇਣ ਦੀ ਤਿਆਰੀ ਭਾਰਤੀ ਜਨਤਾ ਪਾਰਟੀ ਨਹੀਂ ਕਰ ਰਹੀ, ਇਹ ਕੰਮ ਉਸ ਦੇ ਮਾਈ-ਬਾਪ ਮੰਨੇ ਜਾਂਦੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਵਾਲੇ ਕਰ ਰਹੇ ਹਨ। ਉਨ੍ਹਾਂ ਪਿਛਲੇ ਦਿਨੀਂ ਗੁਜਰਾਤ ਦੀਆਂ ਚੋਣਾਂ ਵਿੱਚ ਦੋਗਲੀ ਭੂਮਿਕਾ ਨਿਭਾਈ ਸੀ। ਕੁਝ ਲੀਡਰ ਨਰਿੰਦਰ ਮੋਦੀ ਦੇ ਨਾਲ ਫਿਰਦੇ ਰਹੇ ਤੇ ਕੁਝ ਉਸ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਸਨ, ਪਰ ਨਾਗਪੁਰ ਵਿੱਚ ਉਹ ਸਾਰੇ ਇੱਕ-ਸੁਰ ਸਨ। ਇਸ ਦੋਗਲੇ ਰੋਲ ਪਿੱਛੇ ਕਾਰਨ ਇਹ ਸੀ ਕਿ ਨਰਿੰਦਰ ਮੋਦੀ ਕਿਉਂਕਿ ਆਰ ਐੱਸ ਐੱਸ ਦੀ ਲੀਡਰਸ਼ਿਪ ਨੂੰ ਅੱਖਾਂ ਦਿਖਾਉਣ ਲੱਗ ਪਿਆ ਹੈ, ਇਸ ਲਈ ਜੇ ਡੁੱਬ ਸਕਦਾ ਹੈ ਤਾਂ ਇੱਕ ਧੱਕਾ ਮਾਰ ਕੇ ਇਹ ਕੰਮ ਕਰ ਦਿੱਤਾ ਜਾਵੇ, ਪਰ ਜੇ ਉਹ ਡੁੱਬਦਾ ਨਹੀਂ ਤੇ ਲੋਕ ਹਾਲੇ ਉਸ ਦੇ ਨਾਲ ਹਨ, ਤਾਂ ਅਗਲੀ ਪਾਰਲੀਮੈਂਟ ਚੋਣ ਲਈ ਮੋਹਰਾ ਮੰਨ ਲਿਆ ਜਾਵੇ। ਗੁਜਰਾਤ ਵਿੱਚ ਉਸ ਦੀ ਚੜ੍ਹਤ ਬਰਕਰਾਰ ਰਹਿਣ ਦੇ ਨਤੀਜੇ ਤੋਂ ਬਾਅਦ ਆਰ ਐੱਸ ਐੱਸ ਦੀ ਲੀਡਰਸ਼ਿਪ ਨੇ ਸਮਾਂ ਗੰਵਾਉਣ ਤੋਂ ਬਿਨਾਂ ਭਾਜਪਾ ਲੀਡਰਸ਼ਿਪ ਨੂੰ ਇਹ ਸਾਫ ਸੁਨੇਹਾ ਭੇਜ ਦਿੱਤਾ ਹੈ ਕਿ ਅਗਲੀਆਂ ਚੋਣਾਂ ਲਈ ਕਿਸੇ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਰਾਜਨਾਥ ਸਿੰਘ ਜਾਂ ਕਿਸੇ ਹੋਰ ਲੀਡਰ ਨੂੰ ਤਿਆਰੀ ਕਰਨ ਦੀ ਲੋੜ ਨਹੀਂ, ਹੁਣ ਤਾਂ ਮੋਦੀ ਹੀ ਕਾਫੀ ਹੈ। ਉਹ ਸਾਰੇ ਜਣੇ ਅੰਦਰੋਂ ਭਾਵੇਂ ਕਾਫੀ ਕੌੜ ਖਾਈ ਬੈਠੇ ਹਨ, ਪਰ ਬਾਹਰੀ ਪ੍ਰਭਾਵ ਵਿੱਚ ਆਰ ਐੱਸ ਐੱਸ ਦੀ ਲੀਡਰਸ਼ਿਪ ਦੇ ਕਹਿਣ ਉੱਤੇ ਸੂਈ ਦੇ ਨੱਕੇ ਵਿੱਚੋਂ ਵੀ ਲੰਘਣ ਦਾ ਯਕੀਨ ਦਿਵਾਈ ਜਾ ਰਹੇ ਹਨ।
ਜੇ ਹਾਲਾਤ ਕੱਲ੍ਹ ਨੂੰ ਕਾਂਗਰਸ ਬਨਾਮ ਭਾਜਪਾ ਦੀ ਬਜਾਏ ਰਾਹੁਲ ਬਨਾਮ ਮੋਦੀ ਵਾਲੇ ਬਣ ਗਏ ਤੇ ਭਾਰਤ ਦੀ ਰਾਜਨੀਤੀ ਵਿੱਚ ਇਨ੍ਹਾਂ ਦੋਵਾਂ ਵਿੱਚੋਂ ਇੱਕ ਨੂੰ ਚੁਣਨ ਦਾ ਮੁੱਦਾ ਉੱਭਰ ਪਿਆ, ਇਸ ਦਾ ਨਤੀਜਾ ਕੀ ਨਿਕਲੇਗਾ, ਇਸ ਦੀ ਚਰਚਾ ਭਾਰਤ ਵਿੱਚ ਹੀ ਨਹੀਂ, ਅਮਰੀਕਾ ਦੇ ਕੁਝ ਖਾਸ ਹਲਕਿਆਂ ਵਿੱਚ ਵੀ ਹੁਣੇ ਛਿੜ ਪਈ ਹੈ। ਅਮਰੀਕਾ ਨਾਲ ਸੈਨਤ ਦੀ ਸਾਂਝ ਰੱਖਦਾ ਮੰਨਿਆ ਜਾਂਦਾ ਪਾਕਿਸਤਾਨੀ ਮੂਲ ਦਾ ਕਨੇਡੀਅਨ ਨਾਗਰਿਕ ਤਾਹਿਰ ਉਲ ਕਾਦਰੀ ਆਪਣੇ ਆਪ ਹੀ ਨਰਿੰਦਰ ਮੋਦੀ ਦੀਆਂ ਸਿਫਤਾਂ ਨਹੀਂ ਕਰ ਰਿਹਾ, ਉਸ ਦੇ ਅੰਦਰੋਂ ਕੋਈ ਹੋਰ ਬੋਲਦਾ ਜਾਪਦਾ ਹੈ। ਕਈ ਸਾਲ ਪਹਿਲਾਂ ਜਦੋਂ ਇੰਦਰਾ ਗਾਂਧੀ ਨੂੰ ਜ਼ੁਕਾਮ ਤੱਕ ਨਹੀਂ ਸੀ ਹੋਇਆ, ਓਦੋਂ ਇੱਕ ਏਦਾਂ ਦੀ ਅਮਰੀਕੀ ਰਿਪੋਰਟ ਚਰਚਾ ਦਾ ਵਿਸ਼ਾ ਬਣ ਗਈ ਸੀ, ਜਿਸ ਵਿੱਚ ਇੰਦਰਾ ਗਾਂਧੀ ਤੋਂ ਬਾਅਦ ਦੇ ਹਿੰਦੁਸਤਾਨ ਦੇ ਹਾਲਾਤ ਦੀ ਚੀਰ-ਪਾੜ ਕੀਤੀ ਹੋਈ ਸੀ। ਉਸ ਰਿਪੋਰਟ ਵਿੱਚ ਇਹ ਵੀ ਸ਼ਾਮਲ ਸੀ ਕਿ ਇੰਦਰਾ ਗਾਂਧੀ ਨੂੰ ਚੋਣਾਂ ਤੋਂ ਪਹਿਲਾਂ ਕੁਝ ਹੋ ਜਾਵੇ ਤਾਂ ਕੀ ਬਣੇਗਾ ਤੇ ਜੇ ਚੋਣਾਂ ਦੇ ਦੌਰਾਨ ਕੁਝ ਹੋ ਗਿਆ ਤਾਂ ਕੀ ਹੋਵੇਗਾ, ਤੇ ਕੁਝ ਚਿਰ ਬਾਅਦ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ। ਹੁਣ ਫਿਰ ਭਾਰਤ ਦੀਆਂ ਅਗਲੀਆਂ ਚੋਣਾਂ ਬਾਰੇ ਅਮਰੀਕਾ ਦੇ ਚੋਣ-ਮਾਹਰ ਰਿਪੋਰਟਾਂ ਬਣਾਉਂਦੇ ਫਿਰਦੇ ਹਨ।
ਅਸੀਂ ਇਸ ਹਾਲਤ ਤੋਂ ਪਾਸੇ ਹੋ ਕੇ ਇਹ ਸੋਚਦੇ ਹਾਂ ਕਿ ਇਨ੍ਹਾਂ ਦੋਵਾਂ ਦੀ ਰਾਜਨੀਤੀ ਇਸ ਦੇਸ਼ ਉੱਤੇ ਅਸਰ ਕੀ ਪਾਉਂਦੀ ਹੈ। ਨਰਿੰਦਰ ਮੋਦੀ ਨੂੰ ਬਹੁ-ਗਿਣਤੀ ਦੀ ਫਿਰਕਾਪ੍ਰਸਤੀ ਦੇ ਨੇਜ਼ੇ ਦੀ ਨੋਕ ਮੰਨਿਆ ਜਾ ਸਕਦਾ ਹੈ। ਉਸ ਨੇ ਜੋ ਕੁਝ ਗੁਜਰਾਤ ਵਿੱਚ ਕੀਤਾ ਤੇ ਫਿਰ ਆਪਣੇ ਭਾਸ਼ਣਾਂ ਰਾਹੀਂ ਉਸ ਕੀਤੇ ਨੂੰ ਜਾਇਜ਼ ਠਹਿਰਾਉਣ ਵੀ ਲੱਗਾ ਰਿਹਾ ਸੀ, ਉਸ ਦੇ ਬਾਅਦ ਇਹੋ ਜਿਹਾ ਬੰਦਾ ਦੇਸ਼ ਦੀ ਵਾਗਡੋਰ ਸੰਭਾਲਣ ਦੀ ਗੱਲ ਵੀ ਚੱਲੇ ਤਾਂ ਉਸ ਹਾਲਤ ਵਿੱਚ ਇਸ ਦੇਸ਼ ਵਿੱਚ ਭਵਿੱਖ ਵਿੱਚ ਮੱਚਣ ਵਾਲੇ ਕਹਿਰ ਬਾਰੇ ਸੋਚਣਾ ਔਖਾ ਨਹੀਂ। ਭਾਰਤ ਦੇ ਲੋਕ ਉਸ ਦੇ ਨਾਲ ਖੜੋਣ ਲਈ ਤਿਆਰ ਨਹੀਂ ਹੋਣੇ ਚਾਹੀਦੇ, ਪਰ ਹੋਣੇ ਗੁਜਰਾਤ ਵਾਲੇ ਵੀ ਨਹੀਂ ਸੀ ਚਾਹੀਦੇ ਤੇ ਓਥੇ ਉਸ ਦੀ ਦਹਿਸ਼ਤ ਨੇ ਉਸ ਦੀ ਸੱਟ ਖਾਧੇ ਹੋਏ ਲੋਕ ਵੀ ਉਸ ਦੇ ਨਾਲ ਤੋਰ ਲਏ ਸਨ। ਇਹੋ ਜਿਹੀ ਔਰੰਗਜ਼ੇਬੀਅਤ ਭਾਰਤ ਦੇ ਉੱਤੇ ਲੱਦੀ ਜਾਵੇ ਤਾਂ ਅਸੀਂ ਉਸ ਨੂੰ ਕਦੇ ਵੀ ਸ਼ੁਭ ਸ਼ਗਨ ਨਹੀਂ ਮੰਨ ਸਕਦੇ, ਬਲਕਿ ਆਪਣੇ ਲੋਕਾਂ ਨੂੰ ਉਸ ਬਾਰੇ ਸੁਚੇਤ ਰਹਿਣ ਨੂੰ ਕਹਾਂਗੇ।
ਦੂਸਰਾ ਪਾਸਾ ਇਸ ਦੇ ਵਿਰੋਧ ਦੀ ਸਭ ਤੋਂ ਵੱਡੀ ਧਿਰ, ਅਤੇ ਨਾਲ ਹੀ ਸਭ ਤੋਂ ਵੱਧ ਪਾਪਾਂ ਦੀ ਪੰਡ ਬਣ ਚੁੱਕੀ ਧਿਰ, ਕਾਂਗਰਸ ਪਾਰਟੀ ਦਾ ਹੈ। ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਦੀ ਰਾਏ ਹੈ ਕਿ ਹਜ਼ਾਰ ਪਾਪਾਂ ਦੇ ਬਾਵਜੂਦ ਦੇਸ਼ ਵਿੱਚ ਧਰਮ ਨਿਰਪੱਖਤਾ ਦਾ ਝੰਡਾ ਬੁਲੰਦ ਰੱਖਣ ਲਈ ਇਸ ਪਾਰਟੀ ਦੀ ਅਗਵਾਈ ਦੀ ਲੋੜ ਹੈ। ਇਹ ਉਨ੍ਹਾਂ ਦੀ ਸੋਚ ਹੈ ਤੇ ਉਨ੍ਹਾਂ ਨੂੰ ਮੁਬਾਰਕ ਹੈ, ਪਰ ਜਿਹੜੀ ਭੂਮਿਕਾ ਧਰਮ-ਨਿਰਪੱਖਤਾ ਦੇ ਓਹਲੇ ਹੇਠ ਕਾਂਗਰਸ ਪਾਰਟੀ ਨਿਭਾਅ ਰਹੀ ਹੈ, ਉਸ ਦੇ ਹੁੰਦਿਆਂ ਉਸ ਦੇ ਹੱਥਾਂ ਵਿੱਚ ਇਸ ਦੇਸ਼ ਦਾ ਸੱਤਿਆਨਾਸ ਹੁੰਦਾ ਵੀ ਦੇਸ਼ ਦੇ ਲੋਕਾਂ ਨੂੰ ਹਜ਼ਮ ਹੋਣਾ ਹੁਣ ਔਖਾ ਹੋਈ ਜਾ ਰਿਹਾ ਹੈ। ਜਦੋਂ ਵਾਜਪਾਈ ਸਰਕਾਰ ਹਾਰ ਗਈ ਤੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਵੱਡਾ ਹੋਣ ਕਰ ਕੇ ਖੱਬੇ ਪੱਖੀਆਂ ਦੀ ਮਦਦ ਨਾਲ ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ, ਸਾਰੇ ਲੋਕ ਇਹ ਸੋਚ ਰਹੇ ਸਨ ਕਿ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣੇਗੀ। ਉਸ ਦੀ ਪਾਰਟੀ ਵੱਲੋਂ ਵੀ ਉਸ ਦੇ ਨਾਂਅ ਉੱਤੇ ਮੋਹਰ ਲੱਗ ਗਈ ਅਤੇ ਸਹਿਯੋਗੀ ਵੀ ਮੰਨ ਗਏ, ਪਰ ਦੋ ਭਾਜਪਾਈ ਬੀਬੀਆਂ ਨੇ ਨਵਾਂ ਸਾਂਗ ਸ਼ੁਰੂ ਕਰ ਦਿੱਤਾ ਸੀ। ਇੱਕ ਉਮਾ ਭਾਰਤੀ ਸੀ, ਜਿਸ ਨੇ ਕਿਹਾ ਸੀ ਕਿ ਜੇ ਸੋਨੀਆ ਗਾਂਧੀ ਕਮਾਨ ਸਾਂਭੇਗੀ ਤਾਂ ਰਾਜਨੀਤੀ ਛੱਡ ਕੇ ਮੈਂ ਪਹਾੜਾਂ ਉੱਤੇ ਪਹੁੰਚ ਕੇ ਭਗਤੀ ਕਰਾਂਗੀ ਤੇ ਦੂਸਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਹ ਇਸ ਹਾਲਤ ਵਿੱਚ ਭੁੰਜੇ ਸੌਂਵੇਂਗੀ ਅਤੇ ਛੋਲੇ ਚੱਬ ਕੇ ਗੁਜ਼ਾਰਾ ਕਰੇਗੀ। ਸੋਨੀਆ ਗਾਂਧੀ ਨੇ ਮਿਲੀ ਹੋਈ ਕੁਰਸੀ ਛੱਡ ਕੇ ਇੱਕ ਤਿਆਗ ਦਾ ਸਬੂਤ ਦੇ ਦਿੱਤਾ। ਉਸ ਦੀ ਸੰਸਾਰ ਭਰ ਦੇ ਲੋਕਾਂ ਵਿੱਚ ਸ਼ੋਭਾ ਹੋਣ ਲੱਗ ਪਈ। ਨਾਲ ਉਮਾ ਭਾਰਤੀ ਤੇ ਸੁਸ਼ਮਾ ਸਵਰਾਜ ਨੂੰ ਕਿਹਾ ਜਾਣ ਲੱਗਾ ਕਿ ਤਿਆਗੀ ਬਣਨ ਲਈ ਪਹਾੜੀਂ ਚੜ੍ਹਨ ਜਾਂ ਭੁੰਜੇ ਸੌਣ ਤੇ ਛੋਲੇ ਚੱਬਣ ਦੀ ਲੋੜ ਨਹੀਂ, ਸੋਨੀਆ ਵਾਂਗ ਸੱਤਾ ਦਾ ਮੋਹ ਛੱਡ ਕੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਕੀ ਉਸ ਵੇਲੇ ਦੀ ਸਭ ਤੋਂ ਵੱਡੀ ਤਿਆਗਣ ਮੰਨੀ ਗਈ ਸੋਨੀਆ ਗਾਂਧੀ ਬਾਰੇ ਉਸ ਦੇ ਦਾਮਾਦ ਰਾਬਰਟ ਵਾਡਰਾ ਦੇ ਜ਼ਮੀਨੀ ਸਕੈਂਡਲਾਂ ਦੇ ਸਾਹਮਣੇ ਆਉਣ ਪਿੱਛੋਂ ਅੱਜ ਇਹ ਗੱਲ ਕਹੀ ਜਾ ਸਕਦੀ ਹੈ? ਕੀ ਦੇਸ਼ ਦੇ ਲੋਕ ਹੁਣ ਇਹ ਗੱਲ ਮੰਨ ਲੈਣਗੇ ਕਿ ਜਵਾਈ ਜਾਇਦਾਦ ਜੋੜਦਾ ਰਿਹਾ ਤੇ ਸੱਸ ਸਾਰੇ ਹਾਲਾਤ ਤੋਂ ਅਣਜਾਣ ਸੀ? ਕੀ ਉਹ ਇਹ ਨਹੀਂ ਜਾਣਦੇ ਕਿ ਹਰਿਆਣੇ ਦਾ ਕਾਂਗਰਸੀ ਮੁੱਖ ਮੰਤਰੀ ਰਾਬਰਟ ਵਾਡਰਾ ਦੇ ਮਾਮਲੇ ਵਿੱਚ ਇੱਕ ਕਾਰਿੰਦੇ ਵਾਂਗ ਭੁਗਤਿਆ ਤੇ ਉਸ ਸਕੈਂਡਲ ਉੱਤੇ ਪਰਦਾ ਪਾਉਣ ਲਈ ਇੱਕ ਅੰਤਾਂ ਦੇ ਇਮਾਨਦਾਰ ਅਫਸਰ ਨੂੰ ਖੂੰਜੇ ਲਾਉਣ ਤੋਂ ਵੀ ਨਹੀਂ ਸੀ ਝਿਜਕਿਆ? ਜਿਨ੍ਹਾਂ ਆਮ ਲੋਕਾਂ ਦੇ ਘਰੀਂ ਦੋ ਡੰਗ ਦੀ ਰੋਟੀ ਨਹੀਂ ਪੱਕਦੀ, ਉਹ ਧਰਮ-ਨਿਰਪੱਖਤਾ ਦੇ ਨਾਂਅ ਉੱਤੇ ਸੋਨੀਆ ਗਾਂਧੀ ਦੇ ਟੱਬਰ ਦੇ ਇਨ੍ਹਾਂ ਸਕੈਂਡਲਾਂ ਤੋਂ ਅੱਖਾਂ ਮੀਟ ਕੇ ਵੋਟਾਂ ਕਿਵੇਂ ਪਾ ਦੇਣਗੇ? ਇਸ ਪਾਰਟੀ ਨੂੰ ਇਸ ਪੱਖ ਤੋਂ ਚਿੰਤਾ ਕਰਨ ਦੀ ਲੋੜ ਹੈ ਤੇ ਉਹ ‘ਰਾਹੁਲ ਚਾਲੀਸਾ’ ਪੜ੍ਹਨ ਲਈ ਚਿੰਤਨ ਕੈਂਪ ਲਾਈ ਫਿਰਦੀ ਹੈ।
ਚਿੰਤਨ ਦੇ ਕੈਂਪ ਭਾਰਤੀ ਜਨਤਾ ਪਾਰਟੀ ਵਾਲਿਆਂ ਵੀ ਲਾਏ ਸਨ, ਪੰਜਾਬ ਦੇ ਅਕਾਲੀ ਭਾਈ ਵੀ ਕੈਂਪ ਲਾਉਣ ਸ਼ਿਮਲੇ ਜਾ ਚੜ੍ਹੇ ਸਨ, ਪਰ ਉਨ੍ਹਾਂ ਕੈਂਪਾਂ ਤੋਂ ਗਹਿਰ-ਗੰਭੀਰ ਚਿੰਤਨ ਦੀ ਕੋਈ ਗੱਲ ਬਾਹਰ ਨਹੀਂ ਸੀ ਆਈ। ਲੀਡਰਾਂ ਦੀ ਅੰਦਰ ਮੀਟਿੰਗ ਹੁੰਦੀ ਸੀ ਤੇ ਲਾਗੜ-ਭੂਗੜ ਬਾਹਰ ਬਾਜ਼ਾਰ ਵਿੱਚ ਖੜੋ ਕੇ ਆਪਣੇ ਜ਼ਿਲ੍ਹੇ ਦੇ ਪੁਲਸ ਮੁਖੀ ਨੂੰ ਫੋਨ ਕਰ ਕੇ ਕਹਿੰਦੇ ਸਨ ਕਿ ‘ਮੈਨੂੰ ਬਾਦਲ ਸਾਹਿਬ ਨੇ ਆਪ ਕਿਹਾ ਹੈ ਕਿ ਤੂੰ ਅਜੇ ਵਾਪਸ ਨਾ ਜਾਈਂ’, ਜਦ ਕਿ ਬਾਦਲ ਦੇ ਗੋਡੀਂ ਹੱਥ ਲਾਉਣ ਦਾ ‘ਸੁਭਾਗ’ ਵੀ ਇਹੋ ਜਿਹੇ ਬੰਦਿਆਂ ਨੂੰ ਓਦੋਂ ਤੱਕ ਨਹੀਂ ਸੀ ਮਿਲਿਆ ਹੁੰਦਾ। ਉਹ ਇਨ੍ਹਾਂ ਕੈਂਪਾਂ ਨੂੰ ਅਫਸਰਸ਼ਾਹੀ ਵਿੱਚ ਅਸਰ ਵਧਾਉਣ ਲਈ ਵਰਤਦੇ ਸਨ। ਇਸ ਵਾਰੀ ਕਾਂਗਰਸ ਦੇ ਕਈ ਰਾਜਾਂ ਦੇ ਝੋਲਾ-ਚੁੱਕ ਜੈਪੁਰ ਜਾ ਪਹੁੰਚੇ ਹਨ ਤੇ ਓਥੋਂ ਸਾਰਿਆਂ ਨੂੰ ਫੋਨ ਕਰ ਕੇ ਆਪਣੇ ਰਾਜ ਦੇ ਮੁੱਖ ਮੰਤਰੀ ਵੱਲੋਂ ਆਪਣੀ ਡਿਊਟੀ ਲਾਈ ਹੋਣ ਦੀ ਗੱਲ ਕਹੀ ਜਾਂਦੇ ਹਨ। ਪੰਜਾਬ ਦੇ ਕਈ ਕਾਂਗਰਸੀ ਆਗੂ ਵੀ ਫੋਨ ਕਰ ਰਹੇ ਹਨ ਕਿ ‘ਕੱਲ੍ਹ ਰਾਹੁਲ ਜੀ ਨੇ ਉਚੇਚਾ ਸੱਦ ਕੇ ਕਿਹਾ ਸੀ ਕਿ ਜਦੋਂ ਤੱਕ ਚਿੰਤਨ ਕੈਂਪ ਮੁੱਕ ਨਾ ਜਾਵੇ, ਹੋਰ ਭਾਵੇਂ ਸਾਰੇ ਚਲੇ ਜਾਣ, ਤੂੰ ਬਿਲਕੁਲ ਨਹੀਂ ਜਾਣਾ।’ ਇਹੋ ਜਿਹੇ ਕੈਂਪਾਂ ਵਿੱਚ ਚਿੰਤਨ ਨਹੀਂ ਹੋਇਆ ਕਰਦਾ, ਪਾਰਟੀ ਹਾਈ ਕਮਾਂਡ ਇੱਕ ਇਸ਼ਾਰਾ ਕਰਿਆ ਕਰਦੀ ਹੈ ਕਿ ਅਗਲੇ ਦਿਨਾਂ ਵਿੱਚ ਉਸ ਦੇ ਵਰਕਰਾਂ ਨੇ ਕਿਸ ਆਗੂ ਦੀ ਚਾਪਲੂਸੀ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਨਾ ਹੈ, ਤੇ ਇਹ ਕੰਮ ਹੋਈ ਜਾਂਦਾ ਹੈ।
ਚਿੰਤਨ ਤਾਂ ਮੰਥਨ ਹੁੰਦਾ ਹੈ। ਮਿਥਿਹਾਸ ਵਿੱਚ ਇੱਕ ਵਾਰੀ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਦਾ ਮੰਥਨ ਕਰ ਕੇ ਚੌਦਾਂ ਰਤਨ ਵੱਖੋ-ਵੱਖ ਕੀਤੇ ਸਨ। ਉਨ੍ਹਾਂ ਚੌਦਾਂ ਵਿੱਚ ਘਿਓ ਤੇ ਅੰਮ੍ਰਿਤ ਵੀ ਸਨ, ਜ਼ਹਿਰ ਤੇ ਸ਼ਰਾਬ ਵੀ। ਹੁਣ ਜਿਹੜੇ ਚਿੰਤਨ-ਮੰਥਨ ਕੀਤੇ ਜਾਂਦੇ ਹਨ, ਇਨ੍ਹਾਂ ਵਿੱਚ ਸ਼ਰਾਬ ਤੇ ਜ਼ਹਿਰ ਜਿੰਨਾ ਮਰਜ਼ੀ ਕੱਢ ਕੇ ਕੋਈ ਮੱਖਣ ਦਾ ਭੁਲੇਖਾ ਪਾ ਲਵੇ, ਘਿਓ ਤੇ ਅੰਮ੍ਰਿਤ ਕਿਸੇ ਨੇ ਨਹੀਂ ਕੱਢ ਸਕਣਾ, ਕਿਉਂਕਿ ਉਹ ਭਾਰਤ ਦੀ ਰਾਜਨੀਤੀ ਵਿੱਚ ਹੁਣ ਹੈ ਹੀ ਨਹੀਂ।