ਨੇਤਾ ਜੀ ਚਲਦੀ ਗੱਡੀ ‘ਚ ਸਵਾਰ…..ਵੋਟਰ ਦੀ ਹਾਲਤ ਮਿੰਨੀ ਬੱਸ ਮਗਰ ਉੱਡਦੇ ਲਿਫਾਫੇ ਵਰਗੀ।

mkਕਦੋਂ ਕੁ ਤੱਕ ਹੁੰਦਾ ਰਹੇਗਾ ਲੋਕਾਂ ਨਾਲ ਰਾਜਨੀਤੀ ਦੇ ਨਾਂ ‘ਤੇ ਵਿਸ਼ਵਾਸ਼ਘਾਤ?
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਰਾਜਨੀਤੀ ਸੇਵਾ ਤੋਂ ਕਦੋਂ ਦੂਰ ਹੋ ਗਈ? ਸ਼ਾਇਦ ਇਹ ਕਿਸੇ ਨੂੰ ਵੀ ਪੱਕਾ ਪਤਾ ਨਹੀਂ ਹੋਣਾ, ਪਰ ਰਾਜਨੀਤੀ ਦੇ ਨਾਂ ‘ਤੇ ‘ਲੋਕਾਂ ਦੀ ਸੇਵਾ’ ਕਦੋਂ ਤੋਂ ਹੋ ਰਹੀ ਹੈ ਇਸ ਬਾਰੇ ਉਹ ਲੋਕ ਜਰੂਰ ਬਾਂਹ ਉੱਚੀ ਕਰਕੇ ‘ਹਾਜ਼ਰ ਜੀ’ ਕਹਿਣਗੇ ਜਿਹਨਾਂ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ‘ਸੇਵਾ’ ਹੋ ਚੁੱਕੀ ਹੋਵੇਗੀ। ਬਹੁਤ ਛੋਟੇ ਹੁੰਦਿਆਂ ਲੋਕਾਂ ਦੇ ਆਪਣੇ ਗਾਇਕ ਜਗਸੀਰ ਜੀਦਾ ਦੀਆਂ ਬੋਲੀਆਂ ਅਕਸਰ ਹੀ ਤਰਕਸ਼ੀਲ ਮੇਲਿਆਂ ‘ਤੇ ਸੁਣਿਆ ਕਰਦੇ ਸਾਂ ਕਿ
“ਚੱਟੇ ਰੁੱਖ ਨਾ ਹਰੇ ਸਾਡੇ ਹੋਏ,
ਕਿ ਅਸੀਂ ਜੰਗਲਾਤ ਮੰਤਰੀ।”
“ਅਸੀਂ ਉਂਗਲਾਂ ‘ਤੇ ਸਿੱਖ ਗਏ ਖਿਡਾਉਣਾ,
ਜਦੋਂ ਦੇ ਬਣੇ ਖੇਡ ਮੰਤਰੀ।”
ਜਦੋਂ ਧਿਆਨ ਨਵੰਬਰ 2011 ਤੋਂ ਬਾਦ ਹੁਣ ਦਸੰਬਰ 2012 ਦੇ ਵਕਫੇ ਵਿੱਚ ਪੰਜਾਬ ‘ਚ ਵਾਪਰੀਆਂ ਦੋ ਰਾਜਨੀਤਕ ‘ਇਤਿਹਾਸਕ’ ਘਟਨਾਵਾਂ ਵੱਲ ਮਾਰੀਦੈ ਤਾਂ ਜਗਸੀਰ ਜੀਦਾ ਦੇ ਬੋਲੀਆਂ ‘ਚ ਗੁੰਦੇ ਹੋਏ ਕਟਾਕਸ਼ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ ਕਿ ਕਿੰਨੀ ਦੇਰ ਹੋਰ ਰਾਜਨੀਤੀ ਵਿੱਚ ਸੇਵਾ ਕਰਨ ਦੇ ਨਾਅਰੇ ਮਾਰ ਕੇ ਆਏ ਲੋਕ ਆਪਣੇ ‘ਮੱਤਦਾਤਾਵਾਂ’ ਦੀ ਜ਼ਮੀਰ ਨੂੰ ਮੱਝਾਂ ਗਾਵਾਂ ਸਮਝ ਕੇ ਬੋਲੀ ਲਗਾ ਕੇ ਵੇਚਦੇ ਰਹਿਣਗੇ? ਰਾਜਨੀਤੀ ਸੇਵਾ ਦਾ ਸੋਮਾ ਨਾ ਰਹਿ ਕੇ ਜੁਗਾੜ ਲਾਉਣ ਦਾ ਸਾਧਨ ਅਤੇ ਲਾਹੇਵੰਦ ਧੰਦਾ ਬਣੀ ਹੋਈ ਹੈ। ਪਹਿਲੀ ਘਟਨਾ ਨਵੰਬਰ 2011 ਵਿੱਚ ਇਹ ਘਟੀ ਸੀ ਕਿ ਸ੍ਰੋਮਣੀ ਅਕਾਲੀ ਦਲ (ਬ) ਨੂੰ ਆਪਣਾ ਪ੍ਰਮੁੱਖ ਵਿਰੋਧੀ ਮੰਨਣ ਵਾਲੀ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਜੀ ਨੇ ਆਪਣੀ ਪਾਰਟੀ (ਸਮੇਤ ਵਰਕਰ) ਦਾ ਅਕਾਲੀ ਦਲ (ਬ) ਵਿੱਚ ਰਲੇਵਾਂ ਪ੍ਰਵਾਨ ਕਰ ਲਿਆ ਸੀ। ਉਹਨਾਂ ਵਰਕਰਾਂ ਬਾਰੇ ਸੋਚ ਕੇ ਤੁਸੀਂ ਵੀ ਤਰਸ ਜਿਹਾ ਮਹਿਸੂਸ ਕਰੋਗੇ ਕਿ ਜਿਹੜੇ ਆਮ ਵੋਟਰਾਂ ਨੂੰ ਮਿੰਨੀ ਬੱਸ ਮਗਰ ਉੱਡਦੇ ਲਿਫਾਫਿਆਂ ਵਾਂਗ ਭਟਕਦੇ ਰਹਿਣ ਅਤੇ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਨ ਲਈ ਛੱਡ ਕੇ ਨੇਤਾ ਜੀ ਖੁਦ ਚਲਦੀ ਗੱਡੀ ‘ਚ ਸਵਾਰ ਹੋ ਗਏ ਹੋਣ, ਉੱਥੇ ਲੋਕ ਮਨਾਂ ਵਿੱਚ ਰਾਜਨੀਤੀ ਦੀ ਕੀ ਤਸਵੀਰ ਹੋ ਸਕਦੀ ਹੈ? ਉਹ ਦਿਨ ਯਾਦ ਹਨ ਜਦੋਂ ਤਖਤੂਪੁਰਾ ਸਾਹਿਬ (ਮੋਗਾ) ਦੇ ਮਾਘੀ ਮੇਲੇ ‘ਤੇ ਹੁੰਦੀਆਂ ਕਾਨਫਰੰਸਾਂ ‘ਚ ਦੂਜੀਆਂ ਰਾਜਨੀਤਕ ਪਾਰਟੀਆਂ ਨਾਲੋਂ ਉਸ ਸਮੇਂ ਸਭ ਤੋਂ ਵੱਧ ਇਕੱਠ ਹੁੰਦਾ ਸੀ ਜਦੋਂ ਖੁਦ ਕੌਮੀ ਪ੍ਰਧਾਨ ਸਾਹਿਬ ਲੋਕਾਂ ਨੂੰ ਟੋਟਕਿਆਂ ਨਾਲ ਨਿਹਾਲ ਅਤੇ ਬਾਦਲਾਂ ਦੀ ਇੱਜ਼ਤ ਦੀ ਪਾਟੋਧਾੜ੍ਹ ਕਰਦੇ ਹੁੰਦੇ ਸੀ। ਲੋਕਾਂ ਨੇ ਉਹ ਟੋਟਕੇ ਵੀ ਸੁਣੇ ਹੋਣਗੇ ਜਦ ਸ੍ਰੀਮਾਨ ਜੀ ਅਕਾਲੀਆਂ ਦੀਆਂ ਸਟੇਜਾਂ ਵੱਲ ਹੱਥ ਕਰ ਕਰਕੇ ਕਹਿੰਦੇ ਹੁੰਦੇ ਸੀ ਕਿ “ਹੁਣ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਨਾਲ ਲਈ ਫਿਰਦੇ ਆ। ਮੈਂ ਉਹਨਾਂ ਨੂੰ ਕਹਿੰਨੈਂ ਕਿ ਸਾਡੀ ਕਾਨਫਰੰਸ ਦਾ ਇਕੱਠ ਦੇਖਕੇ ਤਾਂ ਪਿਓ ਪੁੱਤ ਈ ਕੋਲੇ ਹੋਏ ਫਿਰਦੇ ਆ। ਇਹਨਾਂ Ḕਤੇ ਛਿੜਕਾਅ ਕਰੋ ਪਹਿਲਾਂ।” ਲੁਧਿਆਣੇ ਦੀ ਰੈਲੀ ਵਿੱਚ ਪਾਰਟੀ ਦਾ ਭੋਗ ਪਾਉਣ ਵੇਲੇ ਸ੍ਰੀਮਾਨ ਜੀ ਅਸਮਾਨ ਵੱਲ ਨੂੰ ਮੂੰਹ ਕਰ ਕੇ ਬਾਪੂ ਪਾਰਸ ਨੂੰ ਆਵਾਜ਼ਾ ਮਾਰਨ ਅਤੇ ਬਾਦਲ ਸਾਹਿਬ ਨੂੰ ਬਾਪੂ ਆਖਣ ਵੇਲੇ ਇਹ ਵੀ ਭੁੱਲ ਗਏ ਸਨ ਕਿ ਉਹ ਆਪਣੀਆਂ ਸਟੇਜਾਂ ਤੋਂ ਇਹ ਵੀ ਹਿੰਦੇ ਹੁੰਦੇ ਸੀ ਕਿ “ਵੱਡਾ ਬਾਦਲ ਜਾਣ ਕੇ ਲੋਕਾਂ ਨੂੰ ਭੋਲਾ ਬਣ ਕੇ ਦਿਖਾਉਂਦੈ, ਪੱਗ ਤਾਂ ਟੂਟੀ ਵਾਲੀ ਬੰਨ੍ਹ ਲੈਂਦੈ ਪਰ ਜਾਣ ਕੇ ਦੇਸੀ ਜਿਹਾ ਦਿਖਣ ਲਈ ਮੂਹਰੇ ਹੁੱਡੂ ਮਾਰ ਲੈਂਦੈ।” ਪ੍ਰਧਾਨ ਸਾਹਿਬ ਲੋਕਾਂ ਨੂੰ ਮੱਤਾਂ ਦਿੰਦੇ ਹੁੰਦੇ ਸਨ ਕਿ “ਨੂੰਹਾਂ ਤਾਂ ਆਵਦਾ ਜਵਾਕ ਵੀ ਬੁੱਢੇ ਸਹੁਰੇ ਨੂੰ ਇਸ ਕਰਕੇ ਨਹੀਂ ਫੜਾਉਂਦੀਆਂ ਕਿ ਆਪ ਨਾ ਅੜ੍ਹਕ ਕੇ ਡਿੱਗ ਪਵੇ…ਜਵਾਕ ਦਾ ਵੀ ਕੂੰਡਾ ਕਰਦੂ, ਪਰ ਤੁਸੀਂ ਬੁੜ੍ਹੇ ਬੰਦੇ ਦੀ ਗੋਦੀ ‘ਚ ਪੂਰਾ ਪੰਜਾਬ ਫੜਾਈ ਬੈਠੇ ਹੋ?” ਦਲਬਦਲੀ ਕਰਨ ਅਤੇ ਆਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਦ ਬੇਸ਼ੱਕ ਰਾਮੂਵਾਲੀਆ ਮੋਹਾਲੀ ਤੋਂ ਅਕਾਲੀ ਦਲ (ਬ) ਦਾ ਵਿਧਾਨ ਸਭਾ ਉਮੀਦਵਾਰ ਬਣਨ ਲਈ ‘ਕਾਮਯਾਬ’ ਹੋ ਗਏ ਪਰ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੂੰ ਹਾਰ ਕੇ ਮੁੜ ਘੁੜ ਬੋਤੀ ਫੇਰ ਉਸੇ ਬੋਹੜ ਹੇਠਾਂ ਆ ਕੇ ਬਹਿਣ ਵਾਲੇ ਹਾਲਾਤਾਂ ‘ਚੋਂ ਗੁਜ਼ਰ ਰਹੇ ਹਨ। ਇਹਨਾਂ ਗੱਲਾਂ ਕਰਕੇ ਈ ਧੁੜਕੂ ਜਿਹਾ ਲੱਗ ਜਾਂਦੈ ਕਿ ਸਚਮੁੱਚ ਹੀ ਨੇਤਾ ਬਣ ਕੇ ਬੰਦਾ ਬੰਦਾ ਨਹੀਂ ਰਹਿੰਦਾ? ਆਪਣਾ ਰਾਹ ਮੋਕਲਾ ਕਰਨ ਲਈ ਕਿਵੇਂ ਲੋਕਾਂ ਦੀਆਂ ਜ਼ਮੀਰਾਂ ਦਾਅ ‘ਤੇ ਲਾ ਦਿੱਤੀਆਂ ਜਾਂਦੀਆਂ ਹਨ?
ਸ਼ਾਇਦ ਇਹਨਾਂ ਗੱਲਾਂ ਦੀ ਚਰਚਾ ਨਾ ਹੁੰਦੀ ਜੇ ਮੋਗਾ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਵੱਲੋਂ 2007 ਅਤੇ 2012 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਵਿਧਾਇਕ ਬਣੇ ਜੋਗਿੰਦਰਪਾਲ ਜੈਨ ਟਪੂਸੀ ਮਾਰ ਕੇ ਅਕਾਲੀ ਦਲ ਦੀ ਤੱਕੜੀ ਵਿੱਚ ਨਾ ਬੈਠ ਜਾਂਦੇ। ਅੱਜ ਉਹ 62200 ਲੋਕ ਵੀ ਖੁਦ ਨੂੰ ਠੱਗੇ ਠੱਗੇ ਜਿਹੇ ਮਹਿਸੂਸ ਕਰਦੇ ਹੋਣਗੇ ਜੋ ਕਾਂਗਰਸ ਦੇ ਪੰਜੇ ਨਾਲ ਮੋਹ ਨਿਭਾਉਣ ਲਈ ਜੈਨ ਸਾਹਿਬ ਦੀਆਂ ਪੀਪੀਆਂ ਨੱਕੋ ਨੱਕ ਭਰ ਕੇ ਆਏ ਸਨ। ਰਾਜਨੀਤੀ ਦੀ ਇਸ ਖੇਡ ‘ਚ ਭਾਵਨਾਵਾਂ ਦੇ ਹੜ੍ਹ ‘ਚ ਵਹਿਕੇ ਪਤਾ ਨਹੀਂ ਕਿੰਨਿਆਂ ਕੁ ਦੇ ਅਕਾਲੀ-ਕਾਂਗਰਸੀ ਹੋਣ ਦੀਆਂ ਲੜਾਈਆਂ ਕਾਰਨ ਸਿੰਗ ਫਸੇ ਹੋਣਗੇ। ਪਤਾ ਨਹੀਂ ਕਿੰਨਿਆਂ ਕੁ ਨੇ ਇੱਕ ਵਪਾਰੀ ਬੰਦੇ ਨੂੰ ਜਿਤਾਉਣ ਲਈ ਆਪਣੇ ਹਰ ਪਲ ਦੇ ਦੁੱਖ ਸੁੱਖ ਦੇ ਸਾਥੀ ਗੁਆਂਢੀਆਂ ਨਾਲ ਵੀ ਵੈਰ ਸਹੇੜ ਲਏ ਹੋਣਗੇ। ਅੱਜ ਉਹਨਾਂ ਨੂੰ ਵੀ ਆਪਣੇ ਆਪ ‘ਤੇ ਸ਼ਰਮ ਮਹਿਸੂਸ ਹੋ ਰਹੀ ਹੋਵੇਗੀ ਅਤੇ ਕੋਸ ਰਹੇ ਹੋਣਗੇ ਕਿ ਕਿਹੋ ਜਿਹੀ ਖੇਡ ‘ਚ ਫਸ ਕੇ ਆਪਣੀ ਦੁਰਗਤੀ ਕਰਵਾ ਬੈਠੇ? ਬੇਸ਼ੱਕ ਮੋਗਾ ਜ਼ਿਮਨੀ ਚੋਣ ਹੋਣ ਤੋਂ ਕੁਝ ਕੁ ਦਿਨ ਬਾਦ ਲੋਕ ਫਿਰ ਭੁੱਲ-ਭੁਲਾ ਜਾਣ ਕਿ ਕੁਝ ਹੋਇਆ ਵੀ ਸੀ? ਪਰ ਅੱਜ ਦੀ ਘੜੀ ਇਹ ਗੱਲਾਂ ਹਰ ਇੱਕ ਦੀ ਚੁੰਝ ‘ਤੇ ਹਨ ਕਿ ਕਾਗਰਸੀ ਵਿਧਾਇਕ ਦਾ ਵਪਾਰੀ ਹੋਣ ਕਾਰਨ ਤੱਕੜੀ ਪ੍ਰੇਮ ਇੱਕਦਮ ਹੀ ਕਿਉਂ ਜਾਗ ਪਿਆ? ਚਰਚਾਵਾਂ ਇਹ ਵੀ ਹਨ ਕਿ ਸੱਤਾਧਾਰੀ ਪਾਰਟੀ ਵੱਲੋਂ ਸਿੱਧੇ ਅਸਿੱਧੇ ਢੰਗ ਨਾਲ ਪੈਦਾ ਕੀਤੀਆਂ ਜਾਂਦੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਪਾਉਣ ਅਤੇ ਆਪਣੇ ‘ਕਾਰੋਬਾਰਾਂ’ ਨੂੰ ਗਤੀਸ਼ੀਲ ਰੱਖਣ ਲਈ ਹੀ ਜੈਨ ਵੱਲੋਂ ‘ਛੜੇ ਜੇਠ ਨਾਲ ਲਾਉਣੀਆਂ ਪਈਆਂ ਤੇ ਅੱਕ ਚੱਬਣਾ ਪਿਐ’। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ 62200 ਲੋਕਾਂ ਨਾਲ ਮੋਗਾ ‘ਚ ਵਿਸ਼ਵਾਸ਼ਘਾਤ ਹੋਇਆ ਹੈ ਕੀ ਉਹ ਮੁੜ ਆਪਣੀ ਵੋਟ ਦਾ ਮੁੱਲ ਦਿਖਾਉਣਗੇ ਜਾਂ ਮਰੀ ਜ਼ਮੀਰ ਦਾ ਸਬੂਤ ਦੇਣਗੇ? ਨਿੱਜੀ ਮੁਫਾਦਾਂ ਲਈ ਲੋਕਾਂ ਦੇ ਪੈਸੇ (ਸਰਕਾਰੀ ਖਜਾਨੇ) ਦੀ ਬਰਬਾਦੀ ਰੂਪੀ ਉਕਤ ਜ਼ਿਮਨੀ ਚੋਣਾਂ ਕਿੱਥੋਂ ਕੁ ਤੱਕ ਲੋਕਾਂ ਦਾ ਭਲਾ ਕਰ ਸਕਦੀਆਂ ਹਨ? ਇਹ ਗੱਲ ਉਹਨਾਂ ਚੌਧਰੀਆਂ ਨੂੰ ਵੀ ਸਮਝਣ ਦੀ ਲੋੜ ਹੈ ਜਿਹੜੇ ਹੁੱਬ ਹੁੱਬ ਕੇ ਇੱਕ ਦੂਜੇ ਨੂੰ ਹਰਾਉਣ ਅਤੇ ਆਪਣੀ ਜਿੱਤ ਦਾ ਝੰਡਾ ਗੱਡਣ ਦੇ ਦਮਗੱਜੇ ਮਾਰਦੇ ਨਹੀਂ ਥੱਕਦੇ। ਜਗਸੀਰ ਜੀਦਾ ਦੀ ਹੀ ਬੋਲੀ ਸਾਂਝੀ ਕਰਨੀ ਚਾਹਾਂਗਾ ਕਿ
“ਭੇਡ ਵਿਕਗੀ ਸਤਾਰਾਂ ਸੌ ਤੇ ਸੱਠ ਦੀ,
ਪੰਜ ਸੌ ਨੂੰ ਵੋਟ ਵਿਕਗੀ।”
ਜੇ ਵੋਟ ਪਾ ਕੇ ਆਪਣੀ ਮੱਤ ਦਾ ਦਾਨ ਕਰਨ ਵਾਲਾ ਮਤਦਾਤਾ ਇਸੇ ਤਰ੍ਹਾਂ ਹੀ ਵੋਟਾਂ ਤੇ ਜ਼ਮੀਰਾਂ ਵੇਚਣ ਦੇ ਰਾਹ ਤੁਰਿਆ ਰਿਹਾ ਤਾਂ ਜਿੱਤ ਵੇਲੇ ਲੀਡਰ ਹੀ ਜਿੱਤੇਗਾ ਪਰ ਹਾਰ ਹਰ ਵੋਟਰ ਦੀ ਹੋਵੇਗੀ। ਜੇ ਅਸੀਂ ਅਜੇ ਵੀ ਸਿਆਣਪ ਤੋਂ ਕੰਮ ਨਾ ਲਿਆ ਤਾਂ ਲੀਡਰ ਉਸੇ ਤਰ੍ਹਾਂ ਹੀ ਸਾਡੀਆਂ ਜ਼ਮੀਰਾਂ ਦਾ ਸੌਦਾ ਕਰਕੇ ਚਲਦੀਆਂ ਗੱਡੀਆਂ ‘ਚ ਸਵਾਰ ਹੁੰਦੇ ਰਹਿਣਗੇ ਅਤੇ ਅਸੀਂ (ਸਿਰਫ ਕਹਿਣ ਨੂੰ ਹੀ ਮਤਦਾਤਾ) ਠੇਠਰ ਬਣ ਕੇ ਦੇਖਣ ਜੋਕਰੇ ਹੀ ਰਹਿ ਜਾਇਆ ਕਰਾਂਗੇ।