31870659_1922068381139443_7308646298851213312_n

“ਪੰਜਾਬੀ ਯੂਥ ਸਵੀਡਨ“ ਦੇ ਗੱਭਰੂ ਤੇ ਮੁਟਿਆਰਾਂ ਨੇ ਨਚਾਏ ਗੋਰੇ।

ਲੰਡਨ (ਮਨਦੀਪ ਖੁਰਮੀ) ਢੋਲ ਦੀ ਤਾਲ ਵੱਜਦੀ ਹੋਵੇ ਤਾਂ ਪੈਰਾਂ ਦਾ ਥਿਰਕਣਾ ਲਾਜ਼ਮੀ ਹੈ। ਚਾਹੇ ਓਹ ਪੈਰ ਕਿਸੇ ਵੀ ਖਿੱਤੇ ‘ਚ ਵਸਦੇ ਇਨਸਾਨ ਦੇ ਹੋਣ। ਸੰਗੀਤ ਦੀ ਇੱਕ ਵੱਖਰੀ ਭਾਸ਼ਾ ਹੁੰਦੀ ਹੈ, ਜੋ ਹਰ ਕਿਸੇ ਨੂੰ ਸਮਝ ਆ ਹੀ ਜਾਂਦੀ ਹੈ। ਇਹੋ ਜਿਹਾ ਨਜ਼ਾਰਾ ਹੀ ਸਟਾਕਹੋਮ ਵਿਖੇ ਸਵੀਡਨ ਦੀ ਸਿਰਮੌਰ ਸੰਸਥਾ ‘ਪੰਜਾਬੀ ਯੂਥ ਸਵੀਡਨ’ ਵੱਲੋਂ ਕਰਵਾਏ ਗਏ ਮੇਲੇ ਦੌਰਾਨ ਦੇਖਣ ਨੂੰ ਮਿਲਿਆ ਜਦੋਂ ਢੋਲ ਦੀ ਤਾਲ ਅਤੇ ਮਲਵਈ ਬੋਲੀਆਂ ਦੇ ਸੁਮੇਲ ਦਾ ਆਨੰਦ ਲੈਂਦੇ ਗੋਰੇ ਵੀ ਨੱਚਣ ਲੱਗੇ। ਇਸ ਮੇਲੇ ਵਿੱਚ ਸਵੀਡਨ ਵਸਦੇ ਪੰਜਾਬੀ ਕਲਾਕਾਰਾਂ ਨੇ ਆਪਣੀ ਆਪਣੀ ਕਲਾ ਦਾ ਤਹਿ ਦਿਲੋਂ ਪ੍ਰਦਰਸ਼ਨ ਕੀਤਾ। ਮੇਲੇ ਦੌਰਾਨ ਤਿੰਨ ਮੰਚ ਸੰਚਾਲਕਾਂ ਨੇ ਆਪੋ ਆਪਣੇ ਅੰਦਾਜ਼ ‘ਚ ਹਜ਼ਾਰਾਂ ਦਰਸ਼ਕਾਂ ਦੇ ਇਕੱਠ ਦਾ ਬਾਖੂਬੀ ਮਨੋਰੰਜਨ ਕੀਤਾ। ‘ਪੰਜਾਬੀ ਯੂਥ ਸਵੀਡਨ’ ਦੇ ਗਰੁੱਪ ਵੱਲੋਂ ਮਲਵਈ ਗਿੱਧੇ ਤੇ ਝੂਮਰ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਦਿਲੋਂ ਮਾਣਿਆ ਤੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਵਿੱਚ ਤਾੜੀਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਛੋਟੀਆਂ ਬੱਚੀਆਂ ਵੱਲੋਂ ਪੇਸ਼ ਕੀਤਾ ਭੰਗੜਾ ਵੀ ਖਿੱਚ ਦਾ ਕੇਂਦਰ ਰਿਹਾ। “ਸ਼ਾਨ ਪੰਜਾਬਣ ਦੀ ਗਰੁੱਪ“ ਵੱਲੋਂ ਵੀ ਇੱਕ ਲਘੂ ਨਾਟਕ ਦੀ ਪੇਸ਼ਕਾਰੀ ਵੀ ਚਰਚਾ ਦਾ ਵਿਸ਼ਾ ਰਹੀ। ਦੂਰੋਂ ਨੇੜਿਉਂ ਚੱਲ ਕੇ ਆਏ ਦਰਸ਼ਕਾਂ ਦਾ ਭਾਰੀ ਇੱਕਠ ਇਸ ਮੇਲੇ ਦੀ ਕਾਮਯਾਬੀ ਦਾ ਸਬੂਤ ਬਣਿਆ।