18622245_1446250868824623_7245057055844426067_n

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਸਾਲਾਨਾ ਸਮਾਗਮ ‘ਚ ਵਗਿਆ ਪੰਜਾਬੀਅਤ ਦਾ ਦਰਿਆ

ਨਵੀਂ ਪੀੜ੍ਹੀ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੀ ਸਫ਼ਲ ਕੋਸ਼ਿਸ਼- ਦਿਲਬਰ25 May 2017 KhurmiUK 01

ਲੰਡਨ (ਮਨਦੀਪ ਖੁਰਮੀ) ਹੇਰਵਾ ਇੱਕ ਅਜਿਹਾ ਸ਼ਬਦ ਹੈ, ਜਿਸਦੇ ਅਰਥਾਂ ਦਾ ਥਹੁ ਨਹੀਂ ਪਾਇਆ ਜਾ ਸਕਦਾ। ਜਨਮਭੂਮੀ ਤੋਂ ਦੂਰ ਆ ਕੇ ਰੋਜ਼ੀ ਰੋਟੀ ਦੇ ਚੱਕਰ ‘ਚ ਵਿਦੇਸ਼ੀ ਵਸੇ ਹਰ ਭਾਈਚਾਰੇ ਵੱਲੋਂ ਕੀਤੇ ਜਾਂਦੇ ਸਮਾਗਮ ਇਸੇ ਹੇਰਵੇ ਦਾ ਇੱਕ ਰੂਪ ਹੁੰਦੇ ਹਨ। ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਵਿਸਾਖੀ ਦੇ ਸੰਦਰਭ ਵਿੱਚ ਗਲਾਸਗੋ ਦੇ ਵੁੱਡਸਾਇਡ ਹਾਲ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ। 151512
ਜਿਸ ਵਿੱਚ ਗਲਾਸਗੋ ਵਸਦੇ ਪੰਜਾਬੀ ਭਾਈਚਾਰੇ ਨੇ ਬਹੁਗਿਣਤੀ ਵਿੱਚ ਸਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਪੰਜਾਬੀ ਸਕੂਲ ਦੇ ਬੱਚਿਆ ਵੱਲੋਂ ‘ਦੇਹਿ ਸ਼ਿਵਾ ਵਰ ਮੋਹਿ ਏਹਿ’ ਸ਼ਬਦ ਗਾਇਨ ਨਾਲ ਕੀਤੀ। ਸਭਾ ਦੇ ਸਕੱਤਰ ਦਿਲਜੀਤ ਦਿਲਬਰ ਨੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਈਚਾਰੇ ਦੇ ਸਹਿਯੋਗ ਅਤੇ ਹੱਲਾਸ਼ੇਰੀ ਨਾਲ ਹੀ ਅਸੀਂ ਨਿਰੰਤਰ ਨਵੀਂ ਪੀੜ੍ਹੀ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਯਤਨਸ਼ੀਲ ਹਾਂ। ਮਾਣ ਵਾਲੀ ਗੱਲ ਇਹ ਹੈ ਕਿ ਇਸ ਕੋਸ਼ਿਸ਼ ਵਿੱਚ ਬੇਹੱਦ ਸਫ਼ਲ ਵੀ ਹੋਏ ਹਾਂ। ਸੱਭਿਆਚਾਰਕ ਸਮਾਗਮ ਦੌਰਾਨ ਨਿੱਕੇ ਨਿੱਕੇ ਬਾਲਾਂ ਵੱਲੋਂ ਕੋਰਿਓਗ੍ਰਾਫ਼ੀ “ਪੰਜਾਬ” ਰਾਹੀਂ ਪੁਰਾਣੇ ਪੰਜਾਬ ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਦੀ ਕਹਾਣੀ ਪੇਸ਼ ਕਰਕੇ ਵਾਹ ਵਾਹ ਖੱਟੀ ਗਈ। ਜਿੱਥੇ ਇਸ ਸਮੇਂ ਨਾਮੀ ਗਰੁੱਪਾਂ ਬੌਲੀਫੀਟ, ਲਿਟਲ ਸਟਾਰ, ਸੀਮਾ ਜੋਤੀ ਗਰੁੱਪ, ਦੇਸੀ ਬਰੇਵਹਾਰਟ, ਭੰਗੜਾ, ਨ੍ਰਿਤ ਪੇਸ਼ ਕੀਤੇ ਗਏ, ਉੱਥੇ ਆਪਣੇ ਘਰੇਲੂ ਕੰਮਾਂਕਾਰਾਂ ਦੇ ਨਾਲ ਨਾਲ ਵਿਰਸੇ ਦੀ ਮਹਿਕ ਸੰਭਾਲੀ ਬੈਠੀਆਂ ਮਾਣਮੱਤੀਆਂ ਪੰਜਾਬਣਾਂ ਦੇ ਗਿੱਧਾ ਗਰੁੱਪ ਮਹਿਕ ਪੰਜਾਬ ਦੀ ਵੱਲੋਂ ਸਮਾਗਮ ਨੂੰ ਚਾਰ ਚੰਨ ਲਾਏ। ਵਿਸ਼ੇਸ਼ ਸੱਦੇ ‘ਤੇ ਸਮਾਗਮ ਦਾ ਹਿੱਸਾ ਬਣਨ ਪਹੁੰਚੇ ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ ਨੇ ਆਪਣੇ ਸ਼ੇਅਰਾਂ, ਇੱਕ ਚਿੰਤਕ ਵਜੋਂ ਕੀਤੀਆਂ ਗੱਲਾਂ ਅਤੇ ਪਰਿਵਾਰਕ ਗੀਤਾਂ ਨਾਲ ਹਾਜਰੀਨ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ। ਗਲਾਸਗੋ ਦੇ ਸਥਾਨਕ ਕਲਾਕਾਰਾਂ ਕਰਮਜੀਤ ਭੱਲਾ ਮੀਨੀਆ, ਮੁਲਕ ਰਾਜ ਦੇ ਨਾਲ ਨਾਲ ਇੰਗਲੈਡ ਤੋਂ ਪਹੁੰਚੇ ਉੱਭਰਦੇ ਕਲਾਕਾਰ ਹੈਰੀ ਸੰਧੂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਨੇ ਆਏ ਹੋਏ ਕਲਾਕਾਰਾਂ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਅਗਲੇ ਸਮਾਗਮ ‘ਤੇ ਮਿਲਣ ਦਾ ਵਾਅਦਾ ਕੀਤਾ। ਇਸ ਸਮੇਂ ਸਭਾ ਦੇ ਮੈਂਬਰ ਤਰਲੋਚਨ ਮੁਠੱਡਾ, ਹਰਜੀਤ ਦੁਸਾਂਝ, ਚਰਨਜੀਤ ਸੰਘਾ, ਕਮਲਜੀਤ ਕੌਰ, ਜਗਦੀਸ਼ ਸਿੰਘ, ਸੁਖਰਾਜ ਸਿੰਘ, ਸੁਖਦੇਵ ਰਾਹੀ ਮੌਜੂਦ ਸਨ। ਮੰਚ ਸੰਚਾਲਕ ਦੀ ਜਿੰਮੇਵਾਰੀ ਰੂਪਾ ਦਿਲਬਰ ਨੇ ਬਾਖੂਬੀ ਨਿਭਾਈ।