Amanpreet Chhina

ਬੱਚਿਆਂ ਵਿੱਚ ਵਧਦੇ ਨਸ਼ਿਆਂ ਦੇ ਰੁਝਾਨ ਖਤਰੇ ਦਾ ਸੰਕੇਤ

ਅਮਨਪ੍ਰੀਤ ਸਿੰਘ ਛੀਨਾ
ਭਾਰਤ ਵਿੱਚ ਬੱਚਿਆਂ ਦਾ ਨਸ਼ਿਆਂ ਪ੍ਰਤੀ ਵਧਦਾ ਰੁਝਾਨ ਵੇਖਕੇ ਦਿਲ ਕੰਬ ਉੱਠਦਾ ਹੈ | 2012 ਵਿੱਚ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਕੀਤੇ ਸਰਵੇਖਣ ਮੁਤਾਬਕ ਅੱਜ ਪੂਰੇ ਭਾਰਤ ਵਿੱਚ 15-19 ਸਾਲ ਦੀ ਉਮਰ ਦੇ ਮੁੰਡਿਆਂ ਵਿਚੋਂ ਤਕਰੀਬਨ 28.6 ਫੀਸਦੀ ਤੰਬਾਕੂ ਅਤੇ 15 ਫੀਸਦੀ ਸ਼ਰਾਬ ਦੇ ਨਸ਼ੇ ਵਿੱਚ ਨਸ਼ਈ ਹੋ ਚੁੱਕੇ ਹਨ | 15-19 ਸਾਲ ਦੀਆਂ ਕੁੜੀਆਂ ਵਿਚੋਂ ਤਕਰੀਬਨ 5.5 ਫੀਸਦੀ ਕੁੜੀਆਂ ਤੰਬਾਕੂ ਅਤੇ 4 ਫੀਸਦੀ ਸ਼ਰਾਬ ਦੇ ਘੇਰੇ ਵਿੱਚ ਆ ਚੁੱਕੀਆਂ ਹਨ | ਕਰਨਾਟਕਾ, ਆਂਧਰਾ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸ਼ਰਾਬ ਦਾ ਸੇਵਣ ਕਰਨ ਵਾਲੇ ਬੱਚਿਆਂ ਦੀ ਗਿਣਤੀ 80 ਫੀਸਦੀ ਤੋਂ ਉੱਤੇ ਹੈ | ਪੰਜਾਬ ਵਿੱਚ ਤਕਰੀਬਨ 19.3 ਫੀਸਦੀ ਬੱਚੇ ਹੈਰੋਇਨ ਵਰਗੇ ਮਹਿੰਗੇ ਨਸ਼ੇ ਦੇ ਸ਼ਿਕਾਰ ਹੋ ਚੁੱਕੇ ਹਨ | ਰਾਜਸਥਾਨ ਦੇ 25 ਫੀਸਦੀ, ਮਹਾਂਰਾਸ਼ਟਰ ਦੇ 23.5 ਫੀਸਦੀ ਅਤੇ ਪੰਜਾਬ ਦੇ 13 ਫੀਸਦੀ ਬੱਚੇ ਟੀਕਿਆਂ ਅਤੇ ਦਵਾਈਆਂ ਆਦਿ ਰਾਹੀਂ ਆਪਣੇ ਨਸ਼ੇ ਪੂਰੇ ਕਰਦੇ ਹਨ | ਇੱਕ ਸਰਵੇਖਣ ਮੁਤਾਬਕ ਪੰਜਾਬ ਵਿੱਚ 16-35 ਸਾਲ ਦੀ ਉਮਰ ਵਿੱਚ ਕਿਸੇ-ਨ-ਕਿਸੇ ਨਸ਼ੇ ਦਾ ਸੇਵਣ ਕਰਨ ਵਾਲਿਆਂ ਦੀ ਗਿਣਤੀ 70-73 ਫੀਸਦੀ ਤੱਕ ਪਹੁੰਚ ਚੁੱਕੀ ਹੈ |

ਬੱਚਿਆਂ ਦਾ ਭੰਗ, ਹੈਰੋਇਨ, ਟੀਕਿਆਂ, ਦਵਾਈਆਂ ਅਤੇ ਸਾਹ ਨਾਲ ਅੰਦਰ ਖਿੱਚਣ ਵਾਲੇ ਨਸ਼ਿਆਂ ਆਦਿ ਦੇ ਨਸ਼ਈ ਹੋਣਾ ਸਮਾਜ ਵਿੱਚ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ | ਪਹਿਲਾ, ਨਸ਼ਿਆਂ ਦੇ ਸੇਵਣ ਲਈ ਕਿ ਬੱਚੇ ਖੁਦ ਆਪ ਜਿੰਮੇਵਾਰ ਹਨ ? ਦੂਸਰਾ, ਕਿ ਬੱਚਿਆਂ ਦੇ ਮਾਂ-ਬਾਪ, ਦੋਸਤ-ਮਿਤਰ ਜਾਂ ਹੋਰ ਪਰਿਵਾਰਕ ਮੈਂਬਰ ਜਿੰਮੇਵਾਰ ਹਨ ? ਤੀਸਰਾ ਕਿ ਪਰਸ਼ਾਸਨ – ਪੁਲਿਸ, ਅਫਸਰ, ਸਿਆਸਤਦਾਨ ਅਤੇ ਸਮਾਜ-ਸੇਵਕ – ਜਿੰਮੇਵਾਰ ਹਨ ? ਹੈਰਾਨੀ ਵਾਲੀ ਗਲ ਇਹ ਹੈ ਕਿ ਸਭ ਤੋਂ ਪਹਿਲਾਂ ਨਸ਼ੇ ਬੱਚੇ ਨੂੰ ਘਰ ਦੀ ਚਾਰ ਦਿਵਾਰੀ ਵਿਚੋਂ ਉਪਲਬਧ ਹੁੰਦੇ ਹਨ, ਫਿਰ ਮਾੜੀ ਸੰਗਤ (ਦੋਸਤ-ਮਿੱਤਰ) ਤੋਂ ਅਤੇ ਆਖਿਰ ਵਿੱਚ ਇਹ ਬੱਚਾ ਬਾਹਰਲੀ ਦੁਨੀਆਂ ਵਿਚੋਂ ਨਸ਼ੇ ਖਰੀਦ ਕੇ ਆਪਣੀ ਜਿੰਦਗੀ ਬਰਬਾਦ ਕਰਦਾ ਹੈ | ਅਸੀਂ ਇਸ ਲੇਖ ਨੂੰ ਤਿਨ ਹਿੱਸਿਆਂ – ਪਰਿਵਾਰ, ਸਰਕਾਰ ਅਤੇ ਸਮਾਜ – ਵਿੱਚ ਵੰਡ ਕੇ ਆਪਣੀਆਂ ਪਿਛਲੀਆਂ ਗਲਤੀਆਂ ਉੱਤੇ ਰੌਸ਼ਨੀ ਪਾਉਂਦਿਆਂ ਬੱਚਿਆਂ ਨੂੰ ਇਸ ਜਹਿਰੀਲੀ ਦਲਦਲ ਵਿਚੋਂ ਕੱਢਣ ਦਾ ਇੱਕ ਉਪਰਾਲਾ ਕਰਾਂਗੇ |

15-19 ਸਾਲ ਦੀ ਉਮਰ ਦੇ ਬੱਚੇ ਦਾ ਨਸ਼ਿਆਂ ਵਿੱਚ ਡੁੱਬ ਜਾਣ ਦਾ ਮੁੱਖ ਕਾਰਨ ਕਈ ਵਾਰ ਉਸ ਦਾ ਆਪ ਦਾ ਹੀ ਪਰਿਵਾਰ ਬਣ ਜਾਂਦਾ ਹੈ | ਇਸ ਉਮਰ ਵਿੱਚ ਬੱਚਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣਾ ਆਦਰਸ਼ ਮੰਦਾ ਹੈ ਅਤੇ ਜੇਕਰ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਨਸ਼ੇ ਵਿੱਚ ਨਸਾਈ ਹੁੰਦਾ ਹੈ ਤਾਂ ਉਸ ਪਰਿਵਾਰ ਦਾ ਬੱਚਾ ਉਸ ਮਾੜੀ ਆਦਤ ਨੂੰ ਬਹੁਤ ਛੇਤੀ ਅਪਣਾਉਂਦਾ ਹੈ | ਇੱਥੇ ਮੈਂ ਆਪ ਸਭ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਪਿਤਾ ਆਪਣੇ ਘਰ ਵਿੱਚ ਸ਼ਰਾਬ ਕੱਢਦਾ ਹੈ ਅਤੇ ਉਸ ਦਾ ਰੋਜ਼ਾਨਾ ਸੇਵਣ ਕਰਦਾ ਹੈ, ਕਿ ਉਹ ਪਿਤਾ ਆਪਣੇ ਬੱਚਿਆਂ ਦਾ ਆਦਰਸ਼ ਪਿਤਾ ਬਣ ਸਕਦਾ ਹੈ ? ਦੂਸਰੇ ਪਾਸੇ ਆਮ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਘਰਾਂ ਵਿੱਚ ਬਹੁਤ ਮਹਿੰਗੇ ਬਾਰ-ਰੂਮ ਬਣੇ ਹੋਏ ਹਨ, ਜਿਨ੍ਹਾਂ ਵਿੱਚ ਦੇਸ਼-ਵਿਦੇਸ਼ ਦੀ ਮਹਿੰਗੀ ਸ਼ਰਾਬ ਰੱਖੀ ਮਿਲਦੀ ਹੈ | ਬੱਚੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਚੋਰੀ ਛੁਪੇ ਇਸ ਸ਼ਰਾਬ ਦਾ ਸੇਵਣ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਹੋਲੀ ਹੋਲੀ ਇਹ ਲੁਕਾ-ਛੁਪੀ ਦਾ ਖੇਡ ਵੱਖ-ਵੱਖ ਨਸ਼ਿਆਂ ਦਾ ਰੂਪ ਅਖਤਿਆਰ ਕਰ ਜਾਂਦਾ ਹੈ |

ਕਹਿੰਦੇ ਹਨ ਕਿ ਬੱਚਾ ਮਾਂ-ਬਾਪ ਨੂੰ ਸੁਣਨ ਵਿੱਚ ਘਟ ਅਤੇ ਉਹਨਾਂ ਨੂੰ ਕਾਪੀ ਕਰਨ ਵਿੱਚ ਜਿਆਦਾ ਵਿਸ਼ਵਾਸ ਕਰਦਾ ਹੈ | ਪੰਜਾਬ ਦੇ ਇੱਕ ਸਕੂਲ ਦੇ 656 ਬੱਚਿਆਂ ਉੱਤੇ ਜਿਮ ਯਾਰਦਲੇਰੀ, ਦਾ ਨਿਊਯਾਰਕ ਟਾਇਮਸ ਦੇ ਲੇਖਕ ਨੇ ਸਰਵੇਖਣ ਕੀਤਾ ਅਤੇ ਪਤਾ ਲਗਾ ਕਿ 70 ਫੀਸਦੀ ਇਹਨਾਂ ਬੱਚਿਆਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਨਸ਼ਿਆਂ ਕਾਰਨ ਮੌਤ ਨੂੰ ਪਿਆਰਾ ਹੋ ਚੁੱਕਾ ਹੈ | ਇਸ ਸਰਵੇਖਣ ਦੌਰਾਨ ਪੰਜਵੀਂ ਜਮਾਤ ਦੀ ਇੱਕ ਕੁੜੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਪੰਜ ਨਜਦੀਕੀ ਰਿਸ਼ਤੇਦਾਰ ਅਤੇ ਉਸ ਦੇ ਪਿਤਾ ਨਸ਼ਿਆਂ ਕਾਰਨ ਆਪਣੀ ਜਿੰਦਗੀ ਗੁਆਵਾਂ ਚੁੱਕੇ ਹਨ | ਇਸ ਨਾਜੁਕ ਸਥਿਤੀ ਵਿੱਚ ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਚੰਗੇ ਆਦਰਸ਼ ਵਾਦੀ ਬਣਨ ਦੀ ਭਾਰੀ ਲੋੜ ਹੈ ਤਾਂ ਜੋ ਉਹਨਾਂ ਦੇ ਬੱਚੇ ਆਪਣੇ ਮਾਂ-ਬਾਪ ਵਾਂਗ ਸਮਾਜ ਵਿੱਚ ਸਿਰ ਉੱਚਾ ਕਰਕੇ ਆਪਣਾ ਜੀਵਨ ਮਿਹਨਤ ਅਤੇ ਇਮਾਨਦਾਰੀ ਨਾਲ ਬਸਰ ਕਰ ਸਕਣ |

ਪੰਜਾਬ ਸਰਕਾਰ ਨੇ ਸ਼ਰਾਬ ਨੂੰ ਵੇਚਣ ਸਬੰਧੀ 2014-15 ਦੀ ਨੀਤੀ ਬਣਾਈ ਸੀ | ਜਿਸ ਰਾਹੀਂ ਸਰਕਾਰ ਨੇ ਤਕਰੀਬਨ 500 ਵਪਾਰੀਆਂ ਨੂੰ 8 ਹਜਾਰ ਸ਼ਰਾਬ ਵੇਚਣ ਵਾਲੇ ਠੇਕਿਆਂ ਰਾਹੀਂ ਪੰਜਾਬ ਵਿੱਚ ਵੱਸੇ 1.95 ਕਰੋੜ (18 ਸਾਲ ਦੀ ਉਮਰ ਤੋਂ ਉੱਤੇ) ਪੰਜਾਬੀਆਂ ਨੂੰ 33.63 ਕਰੋੜ ਸ਼ਰਾਬ ਦੀਆਂ ਬੋਤਲਾਂ ਵੇਚਦਿਆਂ ਟੈਕਸਾਂ ਰਾਹੀਂ 4000 ਕਰੋੜ ਕਮਾਉਣ ਦਾ ਟੀਚਾ ਮਿਥਿਆ ਸੀ | ਜਿਸਦਾ ਭਾਵ ਇਹ ਸੀ ਕਿ ਪੰਜਾਬ ਦੇ ਪਿੰਡਾਂ (12673), ਕਸਬਿਆਂ ਅਤੇ ਸ਼ਹਿਰਾਂ ਵਿੱਚ 18 ਸਾਲ ਤੋਂ ਉੱਪਰ ਦੀ ਉਮਰ ਦੇ ਹਰ ਵਸਨੀਕ ਨੂੰ ਤਕਰੀਬਨ 17 ਬੋਤਲਾਂ ਸ਼ਰਾਬ ਸਲਾਨਾ ਹਿੱਸੇ ਆਉਂਦੀਆਂ ਹਨ | ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਹਾਲਤ ਇਹ ਹੈ ਕਿ ਹਰ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਰਕਾਰ ਵਲੋਂ ਉਪਲਬਧ ਬੁਨਿਆਦੀ ਸਹੂਲਤਾਂ ਮਿਲਨ ਜਾਂ ਨਾ ਇਸ ਦੀ ਕੋਈ ਗਰੰਟੀ ਨਹੀਂ ਪਰ ਜਗਮਗਾਉਂਦਾ ਸ਼ਰਾਬ ਦਾ ਠੇਕਾ ਜਰੂਰ ਮਿਲ ਜਾਂਦਾ ਹੈ | ਸੋਚਣ ਵਾਲੀ ਗਲ ਇਹ ਹੈ ਕਿ ਕੀ ਸਾਨੂੰ ਪੰਜਾਬ ਦੇ ਹਰ ਪਿੰਡ ਅਤੇ ਮੁੱਖ ਸੜਕ ਉੱਤੇ ਸ਼ਰਾਬ ਦਾ ਠੇਕਾ ਚਾਹੀਦਾ ਹੈ ਕਿ ਨਹੀਂ ? ਨਸ਼ਿਆਂ ਦੀ ਮੁਸ਼ਕਿਲ ਨੂੰ ਸਮਝਦਿਆਂ ਪੰਜਾਬ ਸਰਕਾਰ ਨੇ 2014-15 ਬਜਟ ਵਿੱਚ ਨਸ਼ਾ ਛਡਾਉਣ ਲਈ ਹਰ ਜਿੱਲ੍ਹੇ ਵਿੱਚ ਹਸਪਤਾਲ ਖੋਲ੍ਹਣ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਹਨ ਅਤੇ ਭਾਰਤ ਸਰਕਾਰ ਨੇ ਵੀ ਹਾਲ ਹੀ ਵਿੱਚ 50 ਕਰੋੜ ਦੀ ਗ੍ਰਾਂਟ ਦਿੱਤੀ ਹੈ | ਪਰ ਵੇਖਣਾ ਇਹ ਹੈ ਕਿ ਕੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਕੋਹੜ ਨੂੰ ਪੰਜਾਬ ਦੇ ਗੱਲੋਂ ਲਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਇਸ ਤੋਂ ਹੋ ਰਹੀ ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਕਮਾਈ ਨੂੰ ਵੇਖਦਿਆਂ ਕਬੂਤਰ ਵਾਂਗ ਆਪਣੀਆਂ ਅੱਖਾਂ ਬੰਦ ਕਰਕੇ ਪੰਜਾਬ ਦੀ ਬਰਬਾਦੀ ਦਾ ਮੰਜ਼ਰ ਵੇਖਦੀ ਰਹਿੰਦੀ ਹੈ |

ਬੱਚੇ ਦੀ ਪਰਵਰਿਸ਼ ਵਿੱਚ ਪਰਿਵਾਰ ਤੋਂ ਬਾਅਦ ਸਮਾਜ ਬਹੁਤ ਵੱਡਾ ਪਹਿਲੂ ਬਣਦਾ ਹੈ | ਸਮਾਜ ਦੇ ਪਹਿਰੇਦਾਰ ਸਮਾਜ ਨੂੰ ਚੰਗਾ ਅਤੇ ਮਾੜਾ ਬਣਾਉਣ ਵਿੱਚ ਬਹੁਤ ਮੁੱਖ ਭੂਮਿਕਾ ਨਿਭਾਉਂਦੇ ਹਨ | ਵੇਖਣਾ ਇਹ ਹੈ ਕਿ ਕੀ ਸਾਡੇ ਸਮਾਜ ਦੇ ਪਹਿਰੇਦਾਰ – ਪੁਲਿਸ, ਅਫਸਰ, ਸਿਆਸਤਦਾਨ ਅਤੇ ਸਮਾਜ-ਸੇਵਕ – ਆਪਣੀ ਜਿੰਮੇਵਾਰੀ ਠੀਕ ਤਰੀਕੇ ਨਾਲ ਨਿਭਾ ਰਹੇ ਹਨ ਕਿ ਨਹੀਂ ? ਇਹ ਠੀਕ ਹੈ ਕਿ ਸਾਡੇ ਸਮਾਜ ਨੂੰ ਅੰਦਰੂਨੀ – ਰਿਸ਼ਵਤਖੋਰੀ, ਕੁਰੱਪਸ਼ਨ, ਬੇਰੁਜਗਾਰੀ, ਨਸ਼ਾਖੋਰੀ ਆਦਿ – ਲੜਾਈ ਦੇ ਨਾਲ-ਨਾਲ ਬਾਹਰਲੀਆਂ ਵਿਦੇਸ਼ੀ ਤਾਕਤਾਂ ਨਾਲ ਵੀ ਰੋਜਾਨਾ ਲੜਨਾ ਪੈ ਰਿਹਾ ਹੈ | ਪਰ ਇਹ ਵੀ ਸੱਚ ਹੈ ਕਿ ਬਾਹਰਲੀਆਂ ਵਿਦੇਸ਼ੀ ਤਾਕਤਾਂ ਅੰਦਰੂਨੀ ਢਾਂਚੇ ਨਾਲ ਮਿਲੀ-ਭੁਗਤ ਤੋਂ ਬਗੈਰ ਸਾਡੇ ਸਮਾਜ ਨੂੰ ਨਸ਼ਿਆਂ ਨਾਲ ਜਹਿਰੀਲਾ ਨਹੀਂ ਕਰ ਸਕਦੀਆਂ | ਅੱਜ ਸਾਡੇ ਲੋਕਤੰਤਰੀ ਢਾਂਚੇ ਦੀਆਂ ਜੜਾਂ ਨੂੰ ਕੱਟਦਿਆਂ ਸਿਆਸਤਦਾਨ ਆਪਣੀਆਂ ਚੋਣਾਂ ਦੌਰਾਨ ਕਰੋੜਾਂ ਰੁਪਏ ਦੇ ਨਸ਼ੇ ਵੋਟਰਾਂ ਵਿੱਚ ਵੰਡਦੇ ਹਨ ਅਤੇ ਬਹੁਤ ਸਾਰੇ ਬੱਚੇ ਚੋਣਾਂ ਦੌਰਾਨ ਮਿਲ ਰਿਹਾ ਮੁਫਤ ਨਸ਼ਾ ਹਥਿਆਉਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ | ਅੱਜ ਸਿਆਸਤਦਾਨਾਂ ਦੀ ਵੋਟ ਬੈਂਕ ਨੂੰ ਬਚਾਉਣ ਜਾਂ ਵਧਾਉਣ ਪ੍ਰਤੀ ਸੋਚ ਕਾਰਨ ਪ੍ਰਸ਼ਾਸਨ ਦੇ ਕੰਮ ਕਾਜ ਵਿੱਚ ਸਿੱਧੀ ਦਖਲ ਅੰਦਾਜ਼ੀ ਸਮਾਜ ਦੀਆਂ ਬੁਨਿਆਦੀ ਨੀਂਹਾਂ ਨੂੰ ਖੋਖਲਾ ਕਰ ਰਹੀ ਹੈ | ਸਾਡੇ ਸਮਾਜ ਵਿੱਚ ਹੈਰੋਇਨ, ਟੀਕਿਆਂ, ਦਵਾਈਆਂ ਅਤੇ ਸਾਹ ਨਾਲ ਅੰਦਰ ਖਿੱਚਣ ਵਾਲੇ ਨਸ਼ਿਆਂ ਆਦਿ ਦਾ ਸਮਾਜ ਵਿੱਚ ਖੁੱਲ੍ਹੇ ਰੂਪ ਵਿੱਚ ਮਿਲਨਾ ਬਹੁਤ ਭਾਰੀ ਖਤਰੇ ਵਲ ਇਸ਼ਾਰਾ ਕਰ ਰਿਹਾ ਹੈ | ਇੱਥੇ ਇਹ ਕਹਿਣਾ ਠੀਕ ਹੋਵੇਗਾ ਕਿ ਬੱਚਿਆਂ ਨੂੰ ਨਸ਼ਈ ਬਣਾਉਣ ਵਿੱਚ ਸਾਡੇ ਕੁਰੱਪਟ ਅਧਿਕਾਰੀਆਂ ਦੇ ਨਾਲ-ਨਾਲ ਸਮਾਜ ਦੇ ਬਹੁਤ ਸਾਰੇ ਮੁਹਤਬਰ ਲੀਡਰਾਂ ਅਤੇ ਸਮਾਜ-ਸੇਵਕਾਂ ਦਾ ਵੀ ਬਹੁਤ ਵੱਡਾ ਹੱਥ ਹੈ |

ਅੱਜ ਭਾਰਤ ਵਿੱਚ 10-19 ਸਾਲ ਦੇ ਬੱਚਿਆਂ ਦੀ ਗਿਣਤੀ 243 ਕਰੋੜ ਦੇ ਲਗਭਗ ਹੈ ਜੋਕਿ ਦੁਨੀਆਂ ਦੀ ਅਬਾਦੀ ਦਾ ਤਕਰੀਬਨ 20 ਫੀਸਦੀ ਹਿੰਸਾ ਬਣ ਜਾਂਦਾ ਹੈ | ਲੋੜ ਹੈ ਇਹਨਾਂ ਅਨਮੋਲ ਹੀਰਿਆਂ ਨੂੰ ਨਸ਼ੇ ਵਰਗੀਆਂ ਇਲਾਮਤਾਂ ਤੋਂ ਦੂਰ ਰੱਖਣ ਦੀ ਤਾਂ ਜੋ ਇਹ ਆਪਣੇ ਪਰਿਵਾਰ ਵਿੱਚ ਹੱਸ ਖੇਡ ਕੇ ਆਪਣੀ ਖੁਸ਼ਹਾਲ ਜਿਦੇਂਗੀ ਬਸਰ ਕਰ ਸਕਣ | ਇਸ ਲੜਾਈ ਨੂੰ ਜਿੱਤਣ ਲਈ ਸਾਨੂੰ ਪੰਜ ਮੁੱਖ ਕਦਮ ਚੁੱਕਣੇ ਹੋਣਗੇ | ਪਹਿਲਾਂ, ਹਰ ਪਿੰਡ ਦੀ ਪੰਚਾਇਤ ਨੂੰ ਪੰਚਾਇਤ ਐਕਟ ਅਧੀਨ ਸੈਕਸ਼ਨ 40 ਹੇਠਾਂ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ ਸਰਬਸੰਮਤੀ ਨਾਲ ਆਪਣੇ ਪਿੰਡ ਦੀ ਹੱਦਬੰਦੀ ਅੰਦਰ ਸ਼ਰਾਬ ਦੇ ਖੁੱਲ੍ਹੇ ਠੇਕਿਆਂ ਨੂੰ ਬੰਦ ਕਰਵਾਉਣ ਸਬੰਧੀ ਮਤਾ ਪਾਸ ਕਰਨਾ ਹੋਵੇਗਾ | ਦੂਸਰਾ, ਪਰਿਵਾਰਕ ਅਤੇ ਸਮਾਜਿਕ ਖੁਸ਼ੀਆਂ ਦੌਰਾਨ ਸ਼ਰਾਬ ਦਾ ਸੇਵਣ ਬੰਦ ਕਰਨਾ ਹੋਵੇਗਾ | ਤੀਸਰਾ, ਖਾਸ ਕਰਕੇ ਘਰ ਦੇ ਮੁਖੀ ਅਤੇ ਬਾਕੀ ਵੱਡਿਆਂ ਨੂੰ ਨਸ਼ਿਆਂ ਦਾ ਤਿਆਗ ਕਰਨਾ ਹੋਵੇਗਾ ਤਾਂ ਜੋ ਉਹਨਾਂ ਦੇ ਬੱਚੇ ਵੀ ਇਸ ਚਿੱਕੜ ਵਿੱਚ ਨਾ ਧੁੱਸ ਜਾਣ | ਚੌਥਾ, ਸਰਕਾਰ ਆਪਣੀ ਆਮਦਨ ਸਿਗਰਟ ਅਤੇ ਸ਼ਰਾਬ ਆਦਿ ਦੀ ਥਾਂ ਰਿਸ਼ਵਤ-ਮੁਕਤ ਸਮਾਜ ਦੀ ਸਿਰਜਣਾ ਕਰਦਿਆਂ ਕਾਰੋਬਾਰਾਂ ਤੋਂ ਵਧਾਉਣ ਨੂੰ ਤਰਜੀਹ ਦੇਵੇ ਅਤੇ ਪਰਸ਼ਾਸਨ ਬਗੈਰ ਕਿਸੇ ਸਿਆਸੀ ਦਬਦਬਾ ਦੇ ਖੁੱਲ੍ਹੇ ਵਿੱਚ ਮਿਲ ਰਹੇ ਨਸ਼ੇ ਉੱਤੇ ਨਕੇਲ ਪਾਵੇ | ਪੰਜਵਾਂ, ਸਿਆਸਤਦਾਨ ਆਪਣੇ ਵੋਟਰ ਦੇ ਗੈਰ ਕਨੂੰਨੀ ਕੰਮਾਂ ਲਈ ਸਰਕਾਰੀ ਕੰਮਕਾਜ ਵਿੱਚ ਦਖਲ ਅੰਦਾਜ਼ੀ ਬੰਦ ਕਰਨ ਅਤੇ ਚੋਣਾਂ ਨਸ਼ਿਆਂ ਤੋਂ ਬਗੈਰ ਲੜਨ | ਜੇਕਰ ਇਸ ਤਰਾਂ ਦੇ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੱਖਾਂ ਅਰਦਾਸਾਂ ਕਰਕੇ ਪਰਮਾਤਮਾ ਤੋਂ ਲਏ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਆਪਣਾ ਜੀਵਨ ਨਰਕ ਬਣਾ ਲੈਣਗੇ |

ਅਮਨਪ੍ਰੀਤ ਸਿੰਘ ਛੀਨਾ
M:0044 788 622 9063
www.amanpreetchhina.com