image (57)

ਮਾਲਵੇ ‘ਚ ਮੇਰਾ ਚਾਚਾ ਬਲਬੀਰਾ…….ਓਹ ਡੱਕਰੇ ਨਾ ਕਰਦੂ ਮੈਨੂੰ ਹੱਥ ਲਾਉਣ ਵਾਲੇ ਦੇ???

ਲਘੂ ਪੰਜਾਬੀ ਫਿਲਮ “ਖ਼ੂਨ” ਦੇਖਣ ਤੋਂ ਬਾਅਦ ਜੋ ਮਹਿਸੂਸ ਕੀਤੈ।
ਅੱਜ ਧਾਰ ਕੇ ਬਾਈ ਅਮਰਦੀਪ ਗਿੱਲ ਦੁਆਰਾ ਜਨਾਬ ਗੁਰਬਚਨ ਸਿੰਘ ਭੁੱਲਰ ਜੀ ਦੀ ਕਹਾਣੀ “ਖ਼ੂਨ” ‘ਤੇ ਆਧਾਰਿਤ ਤਿਆਰ ਕੀਤੀ ਗਈ ਫਿਲਮ ਇਹ ਸੋਚ ਕੇ ਦੇਖਣ ਬੈਠਿਆ ਸੀ ਕਿ ਦੇਖਦੇ ਹਾਂ ਕਿ ਕੱਲ੍ਹ ਦੇਖੀ ਇੱਕ ਫਿਲਮ ਦੇ ਮੁਕਾਬਲੇ ਇਸ ਫਿਲਮ ‘ਚ ਕਿੰਨੀਆਂ ਕੁ ਗਲਤੀਆਂ ਹਨ?? ਕਿਉਂਕਿ ਕੱਲ੍ਹ ਦੇਖੀ ਇੱਕ ਫਿਲਮ ‘ਚ ਜਗ੍ਹਾ ਜਗ੍ਹਾ ਕੀਤੀਆਂ ਗਈਆਂ ਗਲਤੀਆਂ ਦੇਖਕੇ ਖਿਝ ਜਿਹੀ ਹੀ ਚੜ੍ਹੀ ਗਈ ਕਿ “ਕਿਹੜਾ ਕਿਸੇ ਨੇ ਧੱਕੇ ਨਾਲ ਬਾਂਕ Ḕਚ ਬਾਂਹ ਫਸਾਈ ਸੀ ਕਿ ਪਹਿਲਾਂ ਫਿਲਮ ਬਣਾਓ, ਫੇਰ ਬਾਂਕ ਢਿੱਲੀ ਕਰੂੰ।”
image (57)
ਪਰ ਫਿਲਮ “ਖੂਨ” ਦੇ ‘ਕੱਲੇ ‘ਕੱਲੇ ਦ੍ਰਿਸ਼, ਸੰਵਾਦ, ਅਦਾਕਾਰੀ, ਸਮਾਂ-ਸਥਾਨ ਦੀ ਸਹੀ ਪੇਸ਼ਕਾਰੀ ਫਿਲਮ ਦੇ ਰੀਵਿਊ ਬਾਰੇ ਬਥੇਰਾ ਕੁਝ ਖੁਦ ਬ ਖੁਦ ਲਿਖਵਾਉਣ ਦੇ ਸਮਰੱਥ ਹੈ। ਲਗਦਾ ਨਹੀਂ ਕਿ ਕਿਸੇ ਆਲੋਚਕ ਨੂੰ ਕਿਸੇ ਪਾਸਿਉਂ ਕਾਣ ਨਜ਼ਰ ਆਵੇਗੀ। ਹਾਂ, ਨਿੱਠ ਕੇ ਦੇਖੀ ਇਸ ਫਿਲਮ ਬਾਰੇ ਵਧੇਰੇ ਕੁੱਝ ਕਹਿਣ ਦੀ ਬਜਾਏ ਝੱਲ ਖਿਲਾਰਦੇ ਅਤੇ ਪੈਸੇ ਖਰਚ ਖਰਚ ਕੇ ਲੋਕਾਂ ਕੋਲੋਂ ਗਾਲ੍ਹਾਂ ਲੈਣ ਵਾਲੇ ਨਿਰਦੇਸ਼ਕਾਂ, ਪ੍ਰੋਡਿਊਸਰਾਂ ਤੇ ਚਿਰੜਘੁੱਗ ਕਲਾਕਾਰਾਂ (ਨਾ ਚਿੜੀਆਂ ਨਾ ਘੁੱਗੀਆਂ ਜਾਣੀਕਿ ਨਾ ਗਾਇਕ ਨਾ ਅਦਾਕਾਰ) ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇੱਕ ਵਾਰ ਇਸ ਫਿਲਮ ਨੂੰ ਸਾਹ ਰੋਕ ਕੇ ਜਰੂਰ ਦੇਖੋ, ਫੇਰ ਖੁਦ ਬ ਖੁਦ ਜਾਣ ਜਾਓਗੇ ਕਿ ਦ੍ਰਿਸ਼ਾਂ ਦੀ ਲਗਾਤਾਰਤਾ ਤੇ ਕਲਾ ਨਾਲ ਇਨਸਾਫ ਕਿਸ ਨੂੰ ਕਹਿੰਦੇ ਹਨ?
ਮੈਂ ਕੋਈ ਸਮੀਖਿਆ ਕਰਨ ਵਾਲਾ ਤਾਂ ਨਹੀਂ ਪਰ ਫਿਲਮ ਨੂੰ ਦੇਖਣ ਤੋਂ ਬਾਦ ਇੰਨਾ ਕੁ ਤੱਤ ਕੱਢਣ ਜੋਕਰਾ ਜਰੂਰ ਹੋਇਆ ਹਾਂ ਕਿ ਦੇਖਣ ਬੈਠਿਆਂ ਤੋਂ ਤੁਹਾਡੇ 34 ਮਿੰਟ 41 ਸੈਕੰਡ ਬੇਕਾਰ ਨਹੀਂ ਜਾਣਗੇ।
-ਮਨਦੀਪ ਖੁਰਮੀ ਹਿੰਮਤਪੁਰਾ