ਮੁਹੱਬਤ ਦੀ ਪ੍ਰਵਾਜ਼……-ਸ਼ਿਵਚਰਨ ਜੱਗੀ ਕੁੱਸਾ

ਜਦ ਵੀ ਲੈਂਦਾ ਹਾਂ ਆਪਣੇ ਦਿਮਾਗ ਦੀ ਤਲਾਸ਼ੀ,
ਤਾਂ ਮਹਿਸੂਸ ਕਰਦਾ ਹਾਂ ਕਿ,
ਕਲਪਨਾ ‘ਚ ਵਾਪਰਨ ਵਾਲੀ ਘਟਨਾ ਦਾ ਅਸਰ,
ਹਕੀਕਤ ‘ਚ ਵਾਪਰਨ ਵਾਲੀ ਦੁਰਘਟਨਾ ਨਾਲੋਂ
ਕਿਤੇ ਜ਼ਿਆਦਾ ਹੁੰਦਾ ਹੈ!
ਸ਼ਾਇਦ ਇਸੇ ਦੌਰ ਵਿਚੋਂ ਹੀ ਗੁਜ਼ਰ ਰਿਹਾ ਹਾਂ ਮੈਂ?
ਆਦੀ ਹੀ ਇਤਨਾ ਹੋ ਗਿਆ ਸੀ ਤੇਰੀ ਮੁਹੱਬਤ ਦਾ,
ਕਿ ਮੇਰੀ ਸੋਚਣ ਸ਼ਕਤੀ ਪੈ ਗਈ ਸੀ ਕਮਜ਼ੋਰ,
ਹੁਣ ਕਰਿਆ ਕਰੂੰਗਾ ਨਿੱਤ, ਆਪਣੇ ਆਪ ਨੂੰ ਤਿਆਰ,
ਗਿਲਾ-ਸ਼ਿਕਵਾ ਵੀ ਘਟਾਊਂਗਾ,
ਕਿਉਂਕਿ ਬਦਲਾਓ ਆਉਣ ਵੇਲ਼ੇ
‘ਖੜਕਾ’ ਤਾਂ ਹੁੰਦਾ ਹੀ ਹੈ ਨ੍ਹਾਂ?
…ਤੇ ਫ਼ਿਰ ਸਭ-ਕੁਛ ‘ਆਮ’ ਹੀ ਤਾਂ ਹੋ ਜਾਂਦੈ!
ਕਿਤੇ ਪੜ੍ਹਿਆ ਸੀ,
ਕਿ ਜੇ ਮੁਹੱਬਤ ਕਰਨੀ ਹੈ,
ਤਾਂ ‘ਜ਼ਖ਼ਮੀ’ ਹੋਣ ਤੇ ਪੀੜ ਸਹਿਣ ਲਈ ਵੀ ਮਨ ਤਿਆਰ ਕਰੋ!
ਪਰ ਜ਼ਖ਼ਮੀ ਹੋਣ ਲਈ ਮਨ ਤਿਆਰ ਕਰਨ ਨਾਲ਼,
ਮੁਹੱਬਤ ਘਟ ਤਾਂ ਨਹੀਂ ਜਾਂਦੀ?
ਤੂੰ ਮੁਹੱਬਤ ਦੀ ਪ੍ਰਵਾਜ਼ ਹੀ ਇਤਨੀ ਭਰਵਾ ਦਿੱਤੀ,
ਕਿ ਮੈਨੂੰ ਧਰਤੀ ਹੀ ਵਿਸਰ ਗਈ!
…ਤੇ ਜਦ ਮਜਬੂਰਨ ਅਚਾਨਕ ਮੇਰਾ,
ਧਰਤੀ ਵੱਲ ਨੂੰ ਰੁੱਖ ਹੋਇਆ
ਤਾਂ ਡਿੱਗ ਕੇ ਸੱਟ ਵੱਜਣ ਦੇ ਅਹਿਸਾਸ ਨੇ
ਮੈਨੂੰ ਆਪਣੀ ‘ਪੀੜ’ ਯਾਦ ਕਰਵਾਈ!
ਰੀਂਗਦਾ-ਰੀਂਗਦਾ ਮੁੜ ਫ਼ਿਰ ਤੋਂ
ਫ਼ੜ ਲਵਾਂਗਾ ਆਪਣੀ ਚਾਲ,
ਤੇ ਸਮਾਂ ਸਭ-ਕੁਛ ਸਿਖਾ ਦੇਵੇਗਾ!
ਕਿਉਂਕਿ ਹਰ ਗੱਲ ਵਾਪਰਨ ਦਾ
ਕੋਈ ‘ਕਾਰਨ’ ਤਾਂ ਹੁੰਦਾ ਹੈ!!