12038343_676291789139399_3467066994832071627_n

ਰੁੱਖ ਤੇ ਧੀ……ਪਾਲੀ ਢਿੱਲੋਂ ਕਾਹਨੇਕੇ

ਮਿੱਤਰੋ ਨਾ ਕਰੋ ਕੁਵੇਲਾ,
ਬੀਤਦਾ ਜਾਂਦਾ ਵੇਲਾ,
ਸਿਰ ਤੋਂ ਜੇ ਲੰਘ ਗਿਆ ਪਾਣੀ
ਫਿਰ ਤਾਂ ਡੁੱਬ ਜਾਵੋਂਗੇ
ਰੁੱਖ ਤੇ ਧੀ ਨਾ ਖਤਮ ਕਰੋ,
ਨਹੀਂ ਤਾਂ ਪਛਤਾਉਂਗੇ।

ਬਹੁਤਾ ਕੁਝ ਖੋ ਜਾਊਗਾ
ਰੁੱਖ ਨਾ ਜੇ ਲਾਉਣੇ ਨੇ,
ਧੀਆਂ ਜੇ ਖਤਮ ਕਰਤੀਆਂ
ਪੁੱਤ ਕਿੱਥੇ ਵਿਆਹੁਣੇ ਨੇ?
ਠੰਡੀ ਨਹੀਂ ਛਾਂ ਮਿਲਣੀ ਫਿਰ
ਤਪਦੇ ਰਹਿ ਜਾਉਗੇ।
ਰੁੱਖ ਤੇ ਧੀ ਨਾ ਖਤਮ ਕਰੋ,
ਨਹੀਂ ਤਾਂ ਪਛਤਾਉਂਗੇ।

ਪੰਛੀ ਸਭ ਮਰ ਜਾਣੇ ਨੇ
ਹੋ ਜਾਓਗੇ ਖਾਲੀ ਬਈ,
ਕਿੱਕਰ ਤੇ ਨਿੰਮ ਸੁੱਕ ਗਏ
ਸੁੱਕ ਚੱਲੀ ਟਾਹਲੀ ਬਈ,
ਪਿੱਪਲ ਤੇ ਬੋਹੜ ਦਾ ਕਰਜਾ
ਕਿਸ ਜਨਮੇ ਲਾਹੋਗੇ?
ਰੁੱਖ ਤੇ ਧੀ ਨਾ ਖਤਮ ਕਰੋ,
ਨਹੀਂ ਤਾਂ ਪਛਤਾਉਂਗੇ।

ਧਰਤੀ ਇਹ ਪੰਜ ਆਬ ਦੀ
ਬੰਜਰ ਨਾ ਕਰਕੇ ਧਰ ਦਿਓ।
ਕੁਦਰਤ ਨਾਲ ਛੇੜਖਾਨੀਆਂ
“ਪਾਲੀ” ਕਹੇ ਬੰਦ ਕਰ ਦਿਓ
ਢਿੱਲੋਂ ਦੀ ਗੱਲ ਲਿਖੀ ਜੇ
ਖਾਨੇ ਵਿੱਚ ਪਾਵੋਗੇ।
ਰੁੱਖ ਤੇ ਧੀ ਸਾਂਭ ਗਏ ਜੇ
ਚੰਗੇ ਰਹਿ ਜਾਉਗੇ ।