www.himmatpura.com jaggi kussa

ਰੂਹ ਲੈ ਗਿਆ ਦਿਲਾਂ ਦਾ ਜਾਨੀ ………. ਡਾ: ਸਰਬਜੀਤ ਕੌਰ ਸੰਧਾਵਾਲੀਆ

ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ

www.himmatpura.com jaggi kussa

www.himmatpura.com jaggi kussa

ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ,
ਸਫ਼ੇ : 216
ਇਹ ਨਾਵਲ ਸਮਾਜ ਦੇ ਕੌੜੇ ਯਥਾਰਥ ਨੂੰ ਪੇਸ਼ ਕਰਕੇ ਸਾਡਾ ਅੰਦਰ ਵਲੂੰਧਰ ਦਿੰਦਾ ਹੈ। ਲੇਖਕ ਦੀ ਲੇਖਣੀ ਵਿਚ ਸਾਡੀ ਚੇਤਨਾ ਨੂੰ ਟੁੰਬਣ ਅਤੇ ਜਾਗਰੂਕ ਕਰਨ ਦੀ ਸ਼ਕਤੀ ਹੈ। ਠੇਠ ਮੁਹਾਵਰੇਦਾਰ ਢੁਕਵੀਂ ਬੋਲੀ ਨਾਵਲ ਦੀ ਰਸਿਕਤਾ ਬਣਾਈ ਰੱਖਦੀ ਹੈ। ਨਾਵਲ ਨੂੰ ਪੜ੍ਹ ਕੇ ਹਰ ਸੂਝਵਾਨ ਮਨੁੱਖ ਧੁਰ ਅੰਦਰ ਤੱਕ ਹਿੱਲ ਜਾਂਦਾ ਹੈ, ਛੁਣਛੁਣਾ ਜਾਂਦਾ ਹੈ। ਅੱਜ ਮਨੁੱਖੀ ਕਦਰਾਂ-ਕੀਮਤਾਂ ਇਸ ਤਰ੍ਹਾਂ ਲਹੂ-ਲੁਹਾਨ ਹਨ ਕਿ ਸਾਡੀ ਸੰਵੇਦਨਾ ਜ਼ਖ਼ਮੀ ਹੋ ਗਈ ਹੈ। ਚੰਗੇ ਭਵਿੱਖ ਅਤੇ ਸੁਖ ਸਹੂਲਤਾਂ ਦੀ ਆਸ ਵਿਚ ਆਪਣੀ ਜੰਮਣ ਭੋਇੰ ਨੂੰ ਛੱਡ ਕੇ ਵਿਦੇਸ਼ਾਂ ਵਿਚ ਵਸਣ ਦੀ ਹੋੜ ਨੇ ਸਾਨੂੰ ਮਾਨਸਿਕ ਤੇ ਆਤਮਿਕ ਧਰਾਤਲ ‘ਤੇ ਕੱਖੋਂ ਹੌਲੇ ਕਰ ਦਿੱਤਾ ਹੈ। ਪੱਬਾਂ, ਬੀਅਰ ਬਾਰਾਂ, ਕੈਸੀਨੋ ਕਲਚਰ ਨੇ ਲੱਚਰ ਅਤੇ ਕਾਮੁਕ ਰੁਚੀਆਂ ਨੂੰ ਪ੍ਰਚੰਡ ਕਰ ਦਿੱਤਾ ਹੈ। ਪਿਉ-ਧੀ, ਨੂੰਹ-ਸਹੁਰੇ, ਭੈਣ-ਭਰਾ ਦੇ ਰਿਸ਼ਤੇ ਵੀ ਕਲੰਕਿਤ ਹੋ ਚੁੱਕੇ ਹਨ। ਪਤ ਦੀ ਰਾਖੀ ਕਰਨ ਵਾਲੇ ਪਤੀ ਹੀ ਬੇਪਤੀ ਕਰਨ ਲੱਗੇ ਹਨ। ਘਰ ਦਾ ਸ਼ਿੰਗਾਰ ਬਣਨ ਵਾਲੀ ਔਰਤ ਮਹਿਫ਼ਲਾਂ ਦਾ ਸ਼ਿੰਗਾਰ ਬਣ ਰਹੀ ਹੈ। ਬਚਪਨ ਦੀ ਮਾਸੂਮੀਅਤ ਵਹਿਸ਼ੀਪੁਣੇ ਦਾ ਸ਼ਿਕਾਰ ਹੋ ਰਹੀ ਹੈ। ਬਜ਼ੁਰਗੀ ਇਕ ਲਾਹਨਤ ਅਤੇ

ਬੋਝ ਬਣ ਗਈ ਹੈ। ਨਾਵਲਕਾਰ ਨੇ ਇਸ ਨਾਵਲ ਵਿਚ ਸੱਚ ਦਾ ਪਹਿਰੇਦਾਰ ਬਣ ਕੇ ਮਨੁੱਖਤਾ ਦੀ ਸੁੱਤੀ ਜ਼ਮੀਰ ਨੂੰ ਹਲੂਣਾ ਦੇਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਅਸਲੇ ਨੂੰ ਪਛਾਣੀਏ ਅਤੇ ਸਦਗੁਣਾਂ ਨੂੰ ਸੁਰਜੀਤ ਕਰੀਏ। ਮਾਇਕੀ ਹਨੇਰੇ ਦੀ ਅੰਨ੍ਹੀ ਦੌੜ ਵਿਚ ਕਿਸੇ ਨੂੰ ਸਕੂਨ ਨਹੀਂ, ਸ਼ਾਂਤੀ ਨਹੀਂ, ਭਟਕਣਾ ਹੀ ਭਟਕਣਾ ਹੈ, ਗਿਰਾਵਟ ਹੀ ਗਿਰਾਵਟ ਹੈ। ਜਿਸਮਾਂ ਤੋਂ ਉੱਪਰ ਉੱਠ ਕੇ ਰੂਹਾਨੀ ਰੌਸ਼ਨੀ ਦੀ ਓਟ ਵਿਚ ਜਾਣਾ ਪਵੇਗਾ, ਨਹੀਂ ਤਾਂ ਪਾਪਾਂ ਦੇ ਧੁੰਦ ਗੁਬਾਰ ਸਭ ਨੂੰ ਵਲ ਲੈਣਗੇ। ਅਜਿਹੇ ਬਿਖੜੇ ਸਵਾਲ ਉਠਾਉਣ ਵਾਲੇ ਅਤੇ ਸੁੱਤੀ ਹੋਈ ਮਾਨਸਿਕਤਾ ਜਗਾਉਣ ਵਾਲੇ ਨਾਵਲਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ। ਸਮੁੱਚੇ ਤੌਰ ‘ਤੇ ਇਹ ਨਾਵਲ ਸਾਰਿਆਂ ਲਈ ਪੜ੍ਹਨਯੋਗ ਅਤੇ ਵਿਚਾਰਨਯੋਗ ਹੈ।