ਲੋਕ ਬੋਲੀਆਂ ‘ਚ ਜ਼ਿਕਰ

ਪਿੰਡ ਹਿੰਮਤਪੁਰਾ ਨੂੰ ਮਾਣ ਹੈ ਕਿ ਇਸ ਦੇ ਕਾਰੀਗਰਾਂ ਦੀ ਮਿਹਨਤ ਕਾਰਨ ਪਿੰਡ ਦਾ ਨਾਂ ਵਿਸ਼ਵ ਪੱਧਰ ‘ਤੇ ਖੇਤੀਬਾੜੀ ਦਾ ਸੰਦ “ਕਹੀਆਂ” ਬਣਾਉਣ ‘ਚ ਪ੍ਰਸਿੱਧ ਹੈ। ਲੋਕ ਹਿੰਮਤਪੁਰੇ ਦੀ ‘ਕਹੀ’ ਨੂੰ ਆਪਣੇ ਘਰੇਲੂ ਖੇਤੀਬਾੜੀ ਦੇ ਸੰਦਾਂ ਵਿੱਚ ਸ਼ਾਮਿਲ ਕਰਕੇ ਮਾਣ ਮਹਿਸੂਸ ਕਰਦੇ ਹਨ। ਬੇਸ਼ੱਕ ਹੋਰਨਾਂ ਪਿੰਡਾਂ ਦੇ ਕਾਰੀਗਰਾਂ ਨੇ ਵੀ ‘ਕਹੀਆਂ’ ਬਣਾਉਣ ਵਿੱਚ ਮੁਹਾਰਤ ਹਾਸਲ ਕੀਤੀ ਹੋਵੇਗੀ ਪਰ ਹਿੰਮਤਪੁਰਾ ਦੀ ‘ਕਹੀ’ ਦਾ ਇੰਨਾ ਕੁ ਨਾਂ ਬਣਿਆ ਹੋਇਆ ਹੈ ਕਿ ਪਿੰਡ ਪਿੰਡ ਕਹੀਆਂ ਵੇਚਣ ਵਾਲੇ ਵੀ ਪਿੰਡ ਦੇ ਕਾਰੀਗਰਾਂ ਤੋਂ ‘ਸਾਈ’ ‘ਤੇ ਕਹੀਆਂ ਬਣਵਾ ਕੇ ਲਿਜਾਂਦੇ ਹਨ। ਕਈ ਅਜਿਹੇ ਵੀ ਹਨ ਜੋ ਆਸੇ ਪਾਸੇ ਤੋਂ ਖਰੀਦ ਕੇ ਹਿੰਮਤਪੁਰਾ ਦਾ ਨਾਂ ਲੈ ਕੇ ਵੀ ਵੇਚ ਦਿੰਦੇ ਹਨ ਪਰ ਪਾਰਖੂ ਕਿਰਸਾਨ ਨੂੰ ਪਤਾ ਹੁੰਦੈ ਕਿ ਕਿਹੜੀ ਕਹੀ ਹਿੰਮਤਪੁਰੇ ਦੀ ਹੈ ਤੇ ਕਿਹੜੀ ਨਹੀਂ। ਹਿੰਮਤਪੁਰੇ ਨੂੰ ਮਾਣ ਹੈ ਕਿ ਪਿੰਡ ਦਾ ਨਾਂ ਪੰਜਾਬ ਦੀਆਂ ਲੋਕ ਬੋਲੀਆਂ ਵਿੱਚ ਵੀ ਸ਼ੁਮਾਰ ਹੈ ਤੇ ਉਹ ਵੀ ਵੱਖ ਵੱਖ ਬੋਲੀਆਂ ‘ਚ।
ਪਹਿਲੀ ਬੋਲੀ:-

ਬੀਕਾਨੇਰ ਤੋਂ ਊਠ ਲਿਆਂਦਾ,
ਦੇ ਕੇ ਨੋਟ ਪਚਾਸੀ,
ਸਹਿਣੇ ਦੇ ਵਿੱਚ ਝਾਂਜਰ ਬਣਦੀ,
ਸ਼ਹਿਰ ਭਦੌੜ ਦੀ ਚਾਟੀ।
ਰੌਂਤੇ ਦੇ ਵਿੱਚ ਬਣਦੇ ਕੂੰਡੇ,
ਜੋਗੇ ਰੱਲੇ ਗੰਡਾਸੀ।
ਭਾਈ ਬਖਤੌਰੇ ਬਣਦੇ ਟਕੂਏ,
ਕਾਸਾਪੁਰ ਦੀ ਦਾਤੀ।
“ਹਿੰਮਤਪੁਰੇ” ਵਿੱਚ ਬਣਦੀਆਂ ਕਹੀਆਂ,
ਮੁਕਸਰ ਬਣਦੀ ਕਾਠੀ,
ਨੀ ਬਹਿਜਾ ਬੋਤੇ ‘ਤੇ, ਮੰਨਲਾ ਭੌਰ ਦੀ ਆਖੀ…
ਨੀ ਬਹਿਜਾ ਬੋਤੇ ‘ਤੇ…………….।
ਇਹ ਬੋਲੀ ਜਿੱਥੇ ਮਲਵਈ ਗਿੱਧੇ ਦੀ ਪੇਸ਼ਕਾਰੀ ਵੇਲੇ ਦੀਆਂ ਚੋਣਵੀਆਂ ਬੋਲੀਆਂ ‘ਚੋਂ ਇੱਕ ਹੈ ਅਤੇ ਇਸ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਮਰਹੂਮ ਕੁਲਦੀਪ ਮਾਣਕ ਜੀ ਅਤੇ ਗੁਰਦਾਸ ਮਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।


ਦੂਜੀ ਬੋਲੀ:- 
Boli book“ਹਿੰਮਤਪੁਰੇ ਦੇ ਮੁੰਡੇ ਬੰਬਲੇ,
ਸੱਤ ਪੱਤਣਾਂ ਦੇ ਤਾਰੂ।
ਸੂਏ ਕੱਸੀਆਂ ‘ਤੇ ਕਣਕ ਬੀਜਦੇ,
ਛੋਲੇ ਬੀਜਦੇ ਮਾਰੂ।
ਇੱਕ ਮੁੰਡੇ ਦਾ ਨਾਂ ਫ਼ਤਿਹ ਮਹੁੰਮਦ,
ਦੂਜੇ ਦਾ ਸਰਦਾਰੂ।
ਗਾਮਾ, ਬਰਕਤ, ਸੌਣ, ਚਰਨ ਸਿਉਂ,
ਸਭ ਤੋਂ ਉੱਤੋਂ ਦੀ ਬਾਰੂ।
ਸਾਰੇ ਮਿਲਕੇ ਮੇਲੇ ਜਾਦੇ,
ਨਾਲੇ ਜਾਂਦਾ ਨਾਹਰੂ।
ਬਸੰਤੀ ਰੀਝਾਂ ਨੂੰ,
ਗਿੱਧੇ ਦਾ ਚਾਅ ਭਾਰੂ।
ਬਸੰਤੀ ਰੀਝਾਂ ਨੂੰ………….।
ਇਹ ਬੋਲੀ ਲੇਖਕ ਪ੍ਰਿਤਪਾਲ ਸਿੰਘ ਮਹਿਰੋਕ ਦੀ ਪੁਸਤਕ “ਦਿਨ ਚੜ੍ਹਦੇ ਦੀ ਲਾਲੀ” ਵਿੱਚ ਦਰਜ਼ ਹੈ ਜਿਸਨੇ ਪਿੰਡ ਦੇ ਪੁਰਾਣੇ ਵੇਲਿਆਂ ਦੇ ਨੌਜ਼ਵਾਨਾਂ (ਜੋ ਹੁਣ ਨਹੀਂ ਰਹੇ) ਦਾ ਜ਼ਿਕਰ ਕੀਤਾ ਹੈ।
ਤੀਜੀ ਬੋਲੀ:-

ਹਿੰਮਤਪੁਰਾ ਵਾਸੀ ਇਸ ਗੱਲੋਂ ਵੀ ਮਾਣ ਕਰ ਸਕਦੇ ਹਨ ਕਿ ਉਹਨਾਂ ਦੇ ਪਿੰਡ ਦੇ ਨਾਂ ‘ਤੇ ਬਣੀ ਵੈੱਬਸਾਈਟ “ਹਿੰਮਤਪੁਰਾ ਡਾਟ ਕਾਮ” ਵਿਸ਼ਵ ਭਰ ਦੀਆਂ ਵੈੱਬਸਾਈਟਾਂ ‘ਚੋਂ ਪਲੇਠੀ ਹੈ ਜੋ ਇੱਕ ਪਿੰਡ ਦੇ ਨਾਂ ‘ਤੇ ਬਣੀ ਹੋਣ ਦੇ ਨਾਲ ਨਾਲ, ਨਾਮਵਾਰ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਕਾਰਨ ਇੱਕ ਸਾਹਿਤਕ ਵੈੱਬਸਾਈਟ ਵਜੋਂ ਵੀ ਚਰਚਿਤ ਹੈ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਦੁਨੀਆ ਦੇ ਕੋਨੇ ਕੋਨੇ ‘ਚ ਬੈਠੇ ਪੰਜਾਬੀ ਇਸ ਵੈੱਬਸਾਈਟ ਨੂੰ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਖ਼ਜ਼ਾਨੇ ਵਜੋਂ ਵੀ ਪਿਆਰਦੇ ਹਨ। ਵੈੱਬਸਾਈਟ ਨਾਲ ਸੰਬੰਧਤ ਮੇਰੀ ਆਪਣੀ ਲਿਖੀ ਬੋਲੀ ‘ਤੇ ਵੀ ਨਜ਼ਰ ਮਾਰਦੇ ਜਾਉ।
“ਨਾਂ ਸੋਚੋ ਅਖ਼ਬਾਰ ਦਾ ਕੇਰਾਂ,
ਤੇ ਛਪੇ ਦੇਸ਼ ਵਿੱਚ ਕਿਹੜੇ?
ਆ ਕੇ ਲੱਭ ਲਓ ਫੇਰ ਦੋਸਤੋ,
ਹਿੰਮਤਪੁਰੇ ਦੇ ਵਿਹੜੇ।
ਇਹ ਐ ਓਹੀ ਹਿੰਮਤਪੁਰਾ,
ਜਿੱਥੇ ਅੱਜ ਵੀ ਬਣਦੀਆਂ ‘ਕਹੀਆਂ’,
ਹੁਣ ਟਾਇਰਾਂ ਵਾਲੇ ਕਰਾਹਾਂ ਕਰਕੇ,
ਜਗ ਵਿੱਚ ਧੁੰਮਾਂ ਪਈਆਂ।
ਹਿੰਮਤਪੁਰਾ ਹੁਣ ਜਾਣਿਆ ਜਾਂਦੈ,
ਅਖ਼ਬਾਰਾਂ ਦਾ ਖ਼ਜ਼ਾਨਾ।
ਇੱਕ ਵਾਰ ਗੂਗਲ ਵਿੱਚ ਭਰ ਕੇ ਦੇਖੀਂ,
ਹਿੰਮਤਪੁਰਾ ਜਵਾਨਾ।
ਫੇਰ ਮਿਲਣਗੀਆਂ ਚੋਟੀ ਚੋਟੀ ਦੇ,
ਲੇਖਕਾਂ ਦੀਆਂ ਰਚਨਾਵਾਂ।
ਹਿੰਮਤਪੁਰੇ ‘ਚੋਂ ਹੁਣ ਮਿਲਦੇ ਨੇ,
ਲੇਖ ਵਿਅੰਗ ਕਵਿਤਾਵਾਂ।
ਆਓ ਮਾਂ ਬੋਲੀ ਦਾ ਮਾਣ ਵਧਾਈਏ,
ਛੱਡ ਕੇ ਝਗੜੇ ਝੇੜੇ।
“ਖੁਰਮੀ” ਦੀ ਨਿਸ਼ਕਾਮ ਸੇਵਾ,
“ਮਨਦੀਪ” ਇਹ ਗੱਲ ਨਿਬੇੜੇ।