kh

ਵਾਹ ਉਏ ਰੱਬਾ……….ਦਰਸ਼ਨ ਘੁੰਮਣ

ਪਤਾ ਨਹੀਂ ਸਰਦਾਰੀ ਐ, ਕਿ ਜਾਂ ਖੇਹਖੁਆਰੀ ਐ,
ਵਾਹ ਉਏ ਰੱਬਾ, ਤੇਰੀ ਕੈਸੇ ਲੋਕਾਂ ਨਾਲ ਯਾਰੀ ਐ !

ਠੱਗਾਂ ਦੇ ਜੋ ਠੱਗ ਹੁੰਦੇ, ਚੋਰਾਂ ਦੇ ਜੋ ਚੋਰ ਹੁੰਦੇ,
ਸਭ ਤੋਂ ਜਿਆਦਾ ਜਹਿੜੇ, ਉੱਚੇ ਵੱਢੀਖੋਰ ਹੁੰਦੇ !
ਤੂੰ ਅਫਸਰ ਉਹਨਾਂ ਨੂੰ ਬਨਾਇਆ ਸਰਕਾਰੀ ਐ ,
ਵਾਹ ਉਏ ਰੱਬਾ, ਤੇਰੀ ਕੈਸੇ ਲੋਕਾਂ ਨਾਲ ਯਾਰੀ ਐ !

ਜਹਿੜੇ ਬੰਦੇ ਖੁਦ ਘਰੋਂ.. ਲੜਕੇ ਨੇ ਭੱਜੇ ਹੁੰਦੇ,
ਜਾਂ ਵਿੱਚੋਂ ਕਈ, ਘਰੋਂ ਕੁੱਟਕੇ ਨੇ ਕੱਢੇ ਹੁੰਦੇ !
ਉਹ ਹਰ ਇੱਕ ਤੇਰਾ ਬਣ ਬੈਠਦਾ ਪੁਜਾਰੀ ਐ,
ਵਾਹ ਉਏ ਰੱਬਾ,ਤੇਰੀ ਕੈਸੇ ਲੋਕਾਂ ਨਾਲ ਯਾਰੀ ਐ !

ਸਾਰਾ ਸੁਥਰਾ ਜਹਾਨ, ਕੂੜ ਨਾਲ ਭਰ ਗਿਆ ਏ,
ਤੂੰ ਕਾਹਤੋਂ ਖੋਰ ਖੱਪਾ ਐਨਾ ਕੱਠਾ ਕਰ ਲਿਆ ਏ !
ਜੋ ਤੇਰੇ ਹੀ ਸਾਹਾਂ ਦਾ ਬਣ ਬੈਠਾ ਅਧਿਕਾਰੀ ਐ ,
ਵਾਹ ਉਏ ਰੱਬਾ, ਤੇਰੀ ਕੈਸੇ ਲੋਕਾਂ ਨਾਲ ਯਾਰੀ ਐ !
…. ਦਰਸ਼ਨ ਘੁੰਮਣ….