ਵਿਅੰਗ-ਅੱਸੀ ਕੁ ਸਾਲ ਦੇ ਕਾਕੇ ਲਈ ਵਿਆਹ ਦੀ ਐਪਲੀਕੇਸ਼ਨ ….ਪਰਸ਼ੋਤਮ ਲਾਲ ਸਰੋਏ,

ਬੀਬੀਓ, ਭੈਣੋਂ ਤੇ ਭਰਾਵੋ ਤੁਸੀਂ ਚਾਹੇ ਚਾਹਵੋਂ ਜਾਂ ਨਾ ਚਾਹਵੋ ਪਰ ਜਿਹੜੀ ਅੱਸੀ ਸਾਲ ਦੇ ਕਾਕੇ ਦੇ ਵਿਆਹ ਦੀ ਐਪਲੀਕੇਸ਼ਨ ਅਸੀਂ ਪਾ ਰਹੇ ਹਾਂ ਭਾਈ ਉਹਦਾ ਤਾਂ ਮੁੱਲ ਪਾਵੋ ਕਿਉਂਕਿ ਤੁਸੀਂ ਸਾਰੇ ਈ ਭਲੀ-ਭਾਂਤ ਇਸ ਗੱਲ ਤੋਂ ਵਾਕਿਫ਼ ਹੋ ਕਿ ਵਿਆਹ ਜਿੰਦਗੀ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ।  ਵੈਸੇ ਵਿਆਹ ਇਕ ਐਸਾ ਲੱਡੂ ਵੀ ਹੈ ਜਿਹੜਾ ਖਾਵੇ ਉਹ ਪਛਤਾਉਂਦਾ ਹੈ ਤੇ ਜਿਹੜਾ ਨਾ ਖਾਵੇ ਉਹ ਵੀ।  ਚਲੋ ਕੋਈ ਗੱਲ ਨਹੀਂ ਜੇਕਰ ਉੱਖਲੀ ‘ਚ ਸਿਰ ਦੇ ਵੀ ਦੇਈਏ ਤਾਂ ਮੌਲ੍ਹਿਆਂ ਦਾ ਕੀ ਡਰ ਹੈ ਭਲਾ?

ਵੈਸੇ ਸਾਡੇ ਅੱਸੀ ਸਾਲ ਦੇ ਕਾਕੇ ਦਾ ਇਹ ਪਹਿਲਾ ਵਿਆਹ ਨਹੀਂ ਹੈ ਕਈ ਹੋਰ ਵਿਆਹ ਵੀ ਦੁਨੀਆਂ ਤੋਂ ਚੋਰੀ ਹੋ ਚੁੱਕੇ ਹਨ। ਇਕ ਦੁਨੀਆਂ ਦੇ ਸਾਹਮਣੇ ਹੋਇਆ ਸੀ ਉਸ ਨੂੰ ਕਾਕੇ ਦੀ ਅਸਲੀਅਤ ਪਤਾ ਚੱਲ ਗਈ ਉਹ ਅੱਜ ਕਮਲੀ ਹੋ ਕੋ ਦਰਖ਼ਤ ‘ਤੇ ਚੜ੍ਹ ਕੇ ਲੋਕਾਂ ਦੇ ਇੱਟਾਂ-ਪੱਥਰ ਮਾਰਦੀ ਹੈ।  ਵੈਸੇ ਕਾਕੇ ਦੇ ਇਸ ਗੁਣ ਬਾਰੇ ਜਾਣ ਕੇ ਘਬਰਾ ਈ ਨਾ ਜਾਣਾ।  ਜੇਕਰ ਕਾਕੇ ਵਰਗੀ ਕਾਕੀ ਹੈ ਉਹਦੀ ਰਾਸ ਇਹਦੇ ਨਾਲ ਰਲ ਜਾਣੀ ਏ। ਚਲੋ ਇਨ੍ਹਾਂ ਦਾ ਭਲਾ ਹੋ ਜਾਊ।  ਵੈਸੇ ਵੀ ਦੋ ਸਿਰ ਜੋੜਨਾ ਬੜਾ ਈ ਪੁੰਨ ਦਾ ਕੰਮ ਐ ਭਾਈ!

ਇਹ ਗੱਲ ਜਾਣ ਕੇ ਵੀ ਕਿਤੇ ਇਨਕਾਰ ਨਾ ਕਰ ਦੇਣਾ ਕਿ ਕਾਕਾ ਪਹਿਲਾਂ ਵੀ ਕਈ ਵਿਆਹ ਕਰਾ ਚੁੱਕਾ ਹੈ। ਭਾਈ ਆਪਣੇ ਲਾਦੇਨ ਨੇ ਵੀ ਤਾਂ ਬਹੁਤ ਸਾਰੇ ਵਿਆਹ ਕਰਾ ਕੇ ਕਿੰਨੀਆਂ ਔਲਾਦਾ ਪੈਦਾ ਕਰ ਕੇ ਇਕ ਸੂਬਾ ਈ ਤਿਆਰ ਕਰ ਦਿੱਤਾ ਸੀ। ਫਿਰ ਭਾਈ ਸਾਡਾ ਕਾਕਾ ਕਿਸ ਨੂੰਹ-ਧੀ ਤੋਂ ਘੱਟ ਐ।  ਏਨਾ ਵੀ ਨਾ ਡਰੋ ਭਾਈ ਕਾਕੇ ਦਾ ਇਕ ਹੋਰ ਗੁਣ ਤੁਹਾਨੂੰ ਦੱਸ ਦਿੰਦੇ ਹਾਂ। ਉਹ ਇਹ ਹੈ ਕਿ ਕਾਕਾ ਸਾਡਾ ਇਕ ਨੇਤਾ ਵੀ ਹੈ ਤੇ ਤੁਹਾਨੂੰ ਪਤਾ ਈ ਐ ਕਿ ਨੇਤਾ ਦੀ ਝੱਡੀ ਕਿੰਨੀ ਉੱਚੀ ਹੁੰਦੀ ਹੈ।  ਡਰਿਓ ਨਾ ਗਊ ਐ ਬੇਚਾਰਾ ਹਰ ਇਕ ਆਈ ਗਈ ਨੂੰ ਇੱਚਰਾਂ ਕਰ ਲੈਂਦਾ ਏ ਕਦੇ ਸੂਤ ਲੱਗੇ ‘ਤੇ ਹੱਥ-ਪੱਲਾ ਵੀ ਮਾਰ ਲੈਂਦਾ ਏ

ਹੋਰ ਤਾਂ ਹੋਰ ਸਾਡੇ ਇਕ ਕਲਾਕਾਰ ਨੇ ਗੀਤ ਗਾਇਆ ਹੈ ਕਿ ”ਜੇ ਕੋਈ ਮੇਰੇ ਬਾਰੇ ਪੁੱਛੇ ਕਹਿ ਦੇਣਾ ਕੋਈ ਖ਼ਾਸ ਨਹੀਂ।” ਇਹ ਗੀਤ ਵੀ ਕਾਕੇ ਨੇ ਸੁਣਿਆ ਹੋਇਆ ਏ। ਬਹੁਤੀ ਬੋ-ਮਜ਼ਾਜ਼ੀ ਵੀ ਨਹੀਂ ਕਰਦਾ ਤੁਹਾਡੇ ਸਾਰੇ ਕੰਮ ਮਿੰਟਾਂ ਸਕਿੰਟਾਂ ‘ਚ ਹੋ ਜਾਇਆ ਕਰਨਗੇ।  ਕਿਤੇ ਕਿਤੇ ਹੋਟਲਾਂ ‘ਚ ਜਾ ਕੇ ਥੋੜੀ ਮੌਜ਼ ਮਸਤੀ ਵੀ ਕਰ ਲੈਦਾ ਤਾਂ ਕੀ ਹੋਇਆ ਨਾਚ-ਗਾਣਾ ਸੁਣਨਾ ਤੇ ਕੰਜ਼ਰੀਆਂ ਦਾ ਨਾਚ ਦੇਖਣਾ ਆਦਿ ਜਿਹਾ ਸ਼ੌਕ ਤਾਂ ਰਾਜੇ-ਮਹਾਰਾਜੇ ਵੀ ਰੱਖਦੇ ਸਨ। ਭਲੇ ਈ ਅੱਜ ਰਾਜੇ-ਮਹਾਰਾਜਿਆਂ ਦਾ ਜ਼ਮਾਨਾ ਲੱਦ ਗਿਆ ਪਰ ਫਿਰ ਵੀ ਸਾਡਾ ਕਾਕਾ ਕਿਸੇ ਰਾਜੇ ਮਹਾਰਾਜੇ ਨਾਲੋਂ ਘੱਟ ਥੋੜਾ ਏ ਨਾ?  ਇਕ ਵਾਰੀ ਜਿੰਮੇਵਾਰੀ ਸਿਰ ‘ਤੇ ਪੈ ਗਈ ਤਾਂ ਆਪਣੇ ਆਪ ਸੁਧਰ ਜਾਊ।

ਵੈਸੇ ਕਾਕੇ ਦਾ ਰਿਸ਼ਤਾ ਕਰਾਉਣ ਲਈ ਆਪਾਂ ਮੀਡੀਆ ਵਾਲਿਆਂ ਨੂੰ ਵੀ ਦੱਸ ਪਾਈ ਸੀ ਕਾਕੇ ਦੀ ਨੇਤਾ ਗਿਰੀ ਤੋਂ ਡਰਦੇ ਹੋਏ ਕਿਸੇ ਨੇ ਵੀ ਕਾਕੀ ਲੱਭ ਕੇ ਨਹੀਂ ਦਿੱਤੀ।  ਕਾਕੇ ਦੇ ਏਨੇ ਗੁਣ ਜਿੰਨੇ ਅਸੀਂ ਬਿਆਨ ਕੀਤੇ ਹਨ ਹੋਣ ਦੇ ਬਾਵਜ਼ੂਦ ਵੀ ਕੋਈ ਕਾਕੀ ਨਹੀਂ ਆਈ।  ਚਲੋ ਸਾਡੇ ਏਨਾ ਸਮਝਾਉਣ ਦੇ ਬਾਵਜ਼ੂਦ ਵੀ ਕੋਈ ਨਾ ਮੰਨੇ ਤਾਂ ਇਸ ਵਿੱਚ ਕੀ ਦੋਸ਼ ਹੋਇਆ ਬੇਚਾਰੇ ਦਾ।  ਉਫ਼ ਬੇਚਾਰਾ—-!

ਅਸੀਂ ਕਾਕੇ ਦੇ ਰਿਸ਼ਤੇ ਬਾਰੇ ਇਕ ਸੂਝਵਾਨ ਮਿੱਤਰ ਨਾਲ ਸਲਾਹ-ਮਸ਼ਵਰਾ ਕੀਤਾ ਸਾਡੇ ਉਸ ਮਿੱਤਰ ਨੇ ਕਿਹਾ ਜੀ ਤੁਸੀਂ ਤਾਂ ਮੈਟਰੀਮੋਨੀ ਵਾਲੇ ਲੱਭੋ। ਮੋਟਰੀਮੋਨੀ ਕੀ ਹੁੰਦੀ ਐ ਸਾਨੂੰ ਇਸ ਬਾਰੇ ਕੋਈ ਬਹੁਤਾ ਗਿਆਨ ਨਹੀਂ ਸੀ ਫਿਰ ਅਸੀਂ ਇਹ ਸਭ ਕੁਝ ਜਾਣਨ ਲਈ ਥਾਂ-ਥਾਂ ਖ਼ੱਜਲ-ਖ਼ੁਆਰ ਹੋਏ। ਤਦ ਜਾ ਕੇ ਪਤਾ ਲੱਗਾ ਕਿ ਮੈਟਰੀਮੋਨੀ ਕੁਝ ਇਕ ਮੈਂਬਰਾਂ ਦੀ ਉਹ ਸੰਸਥਾ ਹੁੰਦੀ ਹੈ ਜਿੱਥੇ ਕੁਝ ਕੁ ਰੁਪਏ ਜਮ੍ਹਾਂ ਕਰਾ ਕੇ ਕੁੜੀ ਜਾਂ ਮੁੰਡਾ ਲੱਭਣ ਦੀ ਜ਼ਿੰਮੇਵਾਰੀ ਮੈਟਰੀਮੋਨੀ ਦੇ ਉਨ੍ਹਾਂ ਮੈਂਬਰਾਂ ਨੂੰ ਈ ਸੌਂਪ ਦਿੱਤੀ ਜਾਂਦੀ ਹੈ। ਤਦ ਜਾ ਕੇ ਥੋੜਾ ਸਾਹ ਵਿੱਚ ਸਾਹ ਆਇਆ।

ਗੱਲ ਕੀ ਹੋਈ ਇਹ ਜਾਣਕਾਰੀ ਲੈ ਕੇ ਵੀ ਸਾਡੀ ਜਿਹੜੀ ਵੇਲਣੇ ‘ਚ ਬਾਂਹ ਆਈ ਸੀ ਉਹ ਹੋਰ ਕਸੂਤੀ ਫਸ ਗਈ। ਭਾਈ ਜਦ ਪਤਾ ਲੱਗਾ ਕਿ ਇਨ੍ਹਾਂ ਮੈਟਰੀਮੋਨੀ ਵਾਲਿਆਂ ਨੇ ਇੰਟਰਨੈੱਟ ‘ਤੇ ਵੈੱਬ ਸਾਇਟਾਂ ਬਣਾ ਰੱਖੀਆਂ ਨੇ ਕਿ ਜਿਨ੍ਹਾਂ ਉੱਤੇ ਇਕ ਫਾਰਮ ਵੀ ਭਰਨਾ ਹੁੰਦਾ ਹੈ ਤਦ ਜਾ ਕੇ ਫੋਸ ਜਮ੍ਹਾਂ ਕਰਾ ਕੇ ਮੈਂਬਰ ਸਿੱਪ ਮਿਲਦੀ ਹੈ। ਹੋਰ ਪੰਗਾ ਪੈ ਗਿਆ ਕਾਕਾ ਤਾਂ ਅੱਠਵੀਂ ‘ਚੋਂ ਅੱਠ ਵਾਰ ਫ਼ੇਲ ਹੈ। ਇਹਨੂੰ ਭਲਾ ਕੀ ਪਤਾ ਕਿ ਇੰਟਰਨੈੱਟ ਕੀ ਹੁੰਦਾ ਏ।

ਚਲੋ ਭਾਈ ਬਹੁਤਾ ਸਮਾਂ ਨਾ ਬਰਬਾਦ ਕਰਦੇ ਹੋਏ ਤੇ ਜ਼ਿਆਦਾ ਖੱਜ਼ਲ-ਖ਼ੁਆਰੀ ‘ਚ ਨਾ ਪੈਂਦੇ ਹੋਏ ਅਸੀਂ ਕਾਕੇ ਦਾ ਪੂਰਾ ਬਾਇਓਡਾਟਾ ਈ ਦੇ ਦਿੰਦੇ ਹਾਂ-

ਪਹਿਲਾ ਨਾਂਅ ਪੁਛਿਆ ਜਾਣਾ ਹੈ ਤਾਂ ਕਹਿ ਦੇਣਾ -ਨਾਂਅ ‘ਚ ਕੀ ਰੱਖਿਆ ਬੰਦਾ ਈ ਆ! ਕਿਤੇ ਪਸ਼ੂ ਤਾਂ ਨਹੀਂ। ਈਮੇਲ- ਕਾਕੇ ਨੂੰ ਤਾਂ ਇੰਟਰਨੈੱਟ ਦਾ ਈ ਪਤਾ ਨਹੀਂ ਫਿਰ ਈ-ਮੇਲ ਸੁਆਹ ਬਣਾਊ।  ਪ੍ਰੋਫਾਇਲ ਕਿਸ ਲਈ ਹੈ- ਕਿਉਂ ਦੱਸੀਏ ਦੱਸ ਕੇ ਗਲ ਥੋੜਾ ਨਾ ਪੁਆਉਣਾ। ਜਾਂ ਲੱਤ ਥੋੜਾ ਨਾ ਫੜ੍ਹਾਉਣੀ ਏਂ। ਜੈਨਡਰ- ਬਈ ਨਾਂ ਤਾਂ ਬੰਦਿਆਂ ਤੇ ਨਾਂਅ ਜ਼ਨਾਨੀਆਂ ‘ਚ ਸ਼ਾਮਿਲ ਐ। ਬਾਕੀ ਆਪ ਈ ਅੰਦਾਜ਼ਾ ਲਗਾ ਲਓ। ਡੇਟ-ਆਫ ਬਰਥ- ਨਹੀਂ ਦੱਸਣੀ ਕਾਕੇ ਦੀ ਉਮਰ ਲੁਕਾ ਕੇ ਰੱਖਣੀ ਵੀ ਤਾਂ ਜ਼ਰੂਰ ਬਣਦਾ ਐ। ਵੈਸੇ ਅੱਸੀ ਕੁ ਸਾਲ ਤਾਂ ਹੈ।  ਧਰਮ- ਸ਼ੈਤਾਨੀ।  ਮਾਤਰ ਭਾਸ਼ਾ – ਨਹੀਂ ਆਉਂਦੀ।  ਫ਼ੋਨ ਨੰ: ਪੀ ਬੀ ਜ਼ੀਰੋ, ਜ਼ੀਰੋ, ਕਾਕਾ ਕੋਈ ਨਹੀਂ ਜ਼ੀਰੋ ਈ ਆ।

ਲਓ ਜੀ ਗੱਲ ਵਿੱਚ ਈ ਰਹਿ ਗਈ ਮੂੰਹ-ਮਹਾਂਦਰਾ ਤਾਂ ਵਿੱਚ ਈ ਰਹਿ ਗਿਆ ਦੱਸ ਈ ਨਹੀਂ ਹੋਇਆ। ਚਲੋ ਕੋਈ ਗੱਲ ਨਹੀਂ ਫੇਰ ਕਿਹੜਾ ਮੱਝ ਚਟਾਲ੍ਹੇ ‘ਚ ਵੜ੍ਹ ਗਈ ਏ। ਹੁਣ ਦੱਸ ਦਿੰਦੇ ਆਂ- ਮੂੰਹ- ਸੂਰ ਵਰਗਾ।  ਅੱਖਾਂ-ਬਾਂਦਰ ਵਰਗੀਆਂ। ਨੱਕ- ਹਲਵਾਈ ਦੇ ਤਲੇ ਹੋਏ ਪਕੌੜੇ ਵਰਗਾ।  ਚਾਲ-ਚਲਣ- ਚਾਲ ਵੈਸੇ ਭੇੜ ਦੀ ਐ। ਚਲਣ ਦਾ ਆਪੇ ਈ ਅੰਦਾਜ਼ਾ ਲਗਾ ਲਓ। ਵੈਸੇ ਕਈ ਵਾਰ ਜ਼ਲੇਬੀ ਵੀ ਬਣ ਜਾਂਦਾ।  ਵੈਸੇ ਜ਼ਲੇਬੀ ਵਿੱਚ ਕੋਈ ਵਲ ਥੋੜਾ ਹੁੰਦਾ ਏ ਨਾ। ਇਹਦੀ ਬੇਚਾਰੀ ਦੀ ਸ਼ਕਲ ਈ ਐਸੀ ਹੁੰਦੀ ਐ।

ਚਲੋ ਅੱਗੇ ਬੇ-ਇੱਜ਼ਤੀ ਇਹ ਕੀਤੀ ਜਾਂਦੀ ਹੈ ਕਿ ਜੇਕਰ ਸਾਡੇ ਇਸ ਅੱਸੀ ਸਾਲ ਦੇ ਕਾਕੇ ਲਈ ਕੋਈ ਕਾਕੀ ਲੱਭੇ ਤਾਂ ਉੱਪਰ ਦਿੱਤੇ ਫ਼ੋਨ ਨੰਬਰ ਪੀ ਬੀ ਜ਼ੀਰੋ, ਜ਼ੀਰੋ, ਕਾਕਾ ਕੋਈ ਨਹੀਂ ਜ਼ੀਰੋ ਈ ਆ।’ ਤੇ ਜ਼ਰੂਰ ਇਤਲਾਹ ਦੇਣਾ।  ਦੱਸਣ ਵਾਲੇ ਜਾਂ ਇਤਲਾਹ ਦੇਣ ਵਾਲੇ ਦੀ ਜ਼ੇਬ ‘ਚ ਜਿੰਨੇ ਵੀ ਪੈਸੇ ਹੋਏ ਉਹ ਪੈਸੇ ਕੱਢ ਕੇ ਕਾਕੇ ਦੀ ਝੋਲੀ ਸ਼ਗ਼ਨ ਵਜੋਂ ਪਾ ਦਿੱਤੇ ਜਾਣਗੇ। ਕਿਉਂਕਿ ਇਹ ਸਾਡਾ ਕੱਲ੍ਹਿਆਂ ਦਾ ਕਾਕਾ ਨਹੀਂ ਤੁਹਾਡੇ ਸਾਰਿਆਂ ਦਾ ਕਾਕਾ। ਹਾਂ ਭਾਈ ਤੁਹਾਡੇ ਸਾਰਿਆਂ ਦਾ ਕਾਕਾ।

ਪਰਸ਼ੋਤਮ ਲਾਲ ਸਰੋਏ,

ਮੋਬਾਇਲ ਨੰ: 92175-44348