ਵਿਸਰਦਾ ਵਿਰਸਾ- "ਗੇੜੀ (ਟੋਕਾ)"

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਪੰਜਾਬੀ ਕਿਸਾਨੀ ਵਿੱਚ ਟੋਕੇ ਦਾ ਵੀ ਬਹੁਤ ਮਹੱਤਵਪੂਰਨ ਸਥਾਨ ਹੈ । ਕਿਉਂਕਿ ਪੰਜਾਬ ਦਾ ਹਰ ਜ਼ਿਮੀਦਾਰ ਵਾਹੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰਦਾ ਹੈ ਅਤੇ ਕਰਦਾ
ਆਇਆ ਹੈ । ਬਹੁਤੇ ਜ਼ਿਮੀਦਾਰ ਘਰ ਦੇ ਗੁਜ਼ਾਰੇ ਲਈ ਤਾਂ ਪਸ਼ੂ ਪਾਲਦੇ ਹੀ ਹਨ ਅਤੇ ਨਾਲ ਦੀ ਨਾਲ ਦੀ ਖਰਚੇ ਆਦਿ ਜਾਂ ਘਰ ਦੇ ਸੌਦੇ ਪੱਤੇ ਲਈ ਦੋ ਚਾਰ ਲਵੇਰੀਆਂ ਵੱਧ ਪਾਲ ਲੈਂਦੇ ਸਨ । ਜਿਸ ਨਾਲ ਟੱਬਰ ਲਈ ਦੁੱਧ ਦਹੀਂ ਦੇ ਇਲਾਵਾ ਘਰ ਦੀਆਂ ਹੋਰ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਦੁੱਧ ਨੂੰ ਵੇਚਿਆ ਵੀ ਜਾ ਸਕਦਾ ਹੈ । ਹੋਰ ਵਾਹੀ ਕਰਨ ਲਈ ਬਲਦ ਵੀ ਪਾਲੇ ਜਾਂਦੇ ਸਨ ਜਿਨਾਂ ਵਾਸਤੇ ਪੱਠੇ ਆਦਿ ਜਰੂਰੀ ਹੁੰਦੇ ਹਨ । ਪੱਠੇ ਕੁਤਰਨ ਲਈ ਟੋਕਾ ਵਰਤਿਆ ਜਾਂਦਾ ਹੈ । ਟੋਕਾ ਅੱਜ ਬੇਸ਼ੱਕ ਅ ਬਿਜਲੀ ਵਾਲੀਆਂ ਮੋਟਰਾਂ ਨਾਲ ਚਲਾਇਆ ਜਾਂਦਾ ਹੈ ਪਰ ਕਿਸੇ ਵੇਲੇ ਇਸ ਨੂੰ ਗੇੜੀ ਦੁਆਰਾ ਚਲਾਇਆ ਜਾਂਦਾ ਸੀ । ਗੇੜੀ ਜੋ ਕਿ ਬਲਦ ਗੇੜਦੇ ਸਨ ਅਤੇ ਟੋਕੇ ਨੂੰ ਘੁਮਾਉਂਦੇ ਸਨ । ਇਸ ਤਰਾਂ ਹਰਾ ਚਾਰਾ,ਬਾਜਰਾ,ਚਰੀ,ਮੱਕੀ ਜਾਂ ਹੋਰ ਹਰ ਪ੍ਰਕਾਰ ਦਾ ਪੱਠਾ ਡੱਕਾ ਟੋਕੇ ਨਾਲ ਕੁਤਰਿਆ ਜਾਂਦਾ ਹੈ । ਕਿਉਂਕਿ ਬਿਨਾਂ ਕੁਤਰੇ ਪੱਠੇ ਦੀ ਬੇਕਦਰੀ ਬਹੁਤ ਹੁੰਦੀ ਹੈ । ਅਤੇ ਪਸ਼ੂ ਵੀ ਕੁਤਰੇ ਹੋਏ ਪੱਠੇ ਹੀ ਆਸਾਨੀ ਨਾਲ ਖਾਂਦੇ ਹਨ । ਅੱਜ ਗੇੜੀਆਂ ਤਾਂ ਕਿਤੇ ਕਿਤੇ ਕਿਸੇ ਵਿਰਲੇ ਕੋਲ ਵੀ ਲੱਭਣੀਆਂ ਮੁਸ਼ਕਲ ਹਨ । ਕਿਉਂਕਿ ਗੇੜੀ ਦੇ ਨਾਲ ਨਾਲ ਬਲਦਾਂ ਦਾ ਹੋਣਾ ਵੀ ਜ਼ਰੂਰੀ ਹੈ । ਪਰ ਜਿਸ ਵੇਲੇ ਮੋਟਰਾਂ ਜਾਂ ਇੰਜਣ ਆਦਿ ਨਹੀਂ ਸਨ ਜਾਂ ਅਜੇ ਪੂਰੇ ਵਿਕਸਤ ਨਹੀਂ ਹੋਏ ਸਨ ਉਦੋਂ ਗੇੜੀ ਨਾਲ ਪੱਠੇ ਕੁਤਰਨਾ ਆਮ ਹੀ ਸੀ । ਗੇੜੀ ਜਾਂ ਟੋਕਾ ਕਿਸੇ ਵੇਲੇ ਬਹਿਰਾਮ ਦਾ “ਸ਼ੰਕਰ ਟੋਕਾ” ਬਹੁਤ ਮਸ਼ਹੂਰ ਸੀ । ਗੇੜੀ ਦੀ ਬਣਤਰ ਬੇਸ਼ੱਕ ਕੁਝ ਹੱਦ ਤੱਕ ਗੁੜ ਵਾਲੇ ਵੇਲਣੇ ਨਾਲ ਮਿਲਦੀ ਹੈ ਪਰ ਕੰਮ ਬਿਲਕੁਲ ਉਲਟ ਹੈ । ਬਣਤਰ ਵੀ ਸਿਰਫ਼ ਗਾਧੀ ਜਾਂ ਬਲਦਾਂ ਦੀ ਪੈੜ ਕਰਕੇ ਹੀ ਮਿਲਦੀ ਹੈ । ਗੇੜੀ ਨੂੰ ਘੁਮਾਉਣ ਲਈ ਬਲਦ ਖੂਹ ਵਾਂਗ ਜਾਂ ਵੇਲਣੇ ਵਾਂਗ ਹੀ ਜੋੜੇ ਜਾਂਦੇ ਹਨ ਅਤੇ ਗਾਧੀ (ਗਾਟੀ) ਵੀ ਇੱਕੋ ਜਿਹੀ ਹੁੰਦੀ ਹੈ । ਗਾਧੀ ਨੂੰ ਇੱਕ ਖਾਸ ਕਿਸਮ ਦੇ ਬੁੱਗ(ਟੋਪੀ) ਦੁਆਰਾ ਗੇੜੀ ਨਾਲ ਜੋੜਿਆ ਜਾਂਦਾ ਹੈ । ਇਹ ਬੁੱਗ ਇੱਕ ਮੋਟੀ ਸਾਰੀ ਸ਼ਾਫਟ(ਰਾਡ)ਤੇ ਪਾਇਆ ਜਾਂਦਾ ਹੈ । ਜੋ ਕਿ ਗੇੜੀ ਦੇ ਥੱਲਿਉਂ ਧੱਕੜ ਨੂੰ ਘੁਮਾAਣ ਲਈ ਬੁੱਗ ਨਾਲ ਜੋੜੀ ਜਾਂਦੀ ਸੀ । ਇਹ ਧੱਕੜ ਦੇ ਥੱਲੇ ਮੋਟੇ ਮੋਟੇ ਦੰਦੇ ਪਾਏ ਹੁੰਦੇ ਸਨ ਜੋ ਕਿ ਥੱਲੇ ਵਾਲੀਆਂ ਗਰਾਰੀਆਂ ਨੂੰ ਘੁਮਾਉਂਦੇ ਸੀ ਅਤੇ ਇਹ ਗਰਾਰੀਆਂ ਟੋਕੇ ਵੱਲ ਨੂੰ ਜਾਂਦੀ ਲੱਠ ਨੂੰ ਘੁਮਾਉਂਦੀਆਂ ਸਨ ਅਤੇ ਇਹ ਲੱਠ ਟੋਕੇ ਨਾਲ ਗੁਟਕੇ (ਕਰਾਸ) ਪਾਕੇ ਜੋੜੀ ਜਾਂਦੀ ਸੀ । ਜੋ ਕਿ ਬੜੀ ਸਿੱਧੀ ਸਾਧੀ ਤਕਨੀਕ ਹੈ । ਜਿੰਨੀ ਬਲਦਾਂ ਦੀ ਪੈੜ ਦੀ ਚੌੜਾਈ ਹੁੰਦੀ ਹੈ ਉੱਥੋਂ ਤੱਕ ਇੱਕ ਲੰਬੀ ਲੱਠ ਅਤੇ ਫਿਰ ਗੁਟਕਾ ਜੋੜ ਕੇ ਇੱਕ ਛੋਟੀ ਲੱਠ ਅਤੇ ਇਸ ਲੱਠ ਨੂੰ ਫਿਰ ਗੁਟਕਾ ਪਾਕੇ ਟੋਕੇ ਨਾਲ ਜੋੜਿਆ ਜਾਂਦਾ ਸੀ । ਗੁਟਕੇ ਤਾਂ ਪਾਏ ਜਾਂਦੇ ਸਨ ਤਾਂ ਕਿ ਲੱਠ ਨੂੰ ਉੱਪਰ ਥੱਲੇ ਜਾਂ ਆਸੇ ਪਾਸੇ ਨੂੰ ਆਸਾਨੀ ਨਾਲ ਘੁਮਾਇਆ ਜਾ ਸਕੇ । ਗੇੜੀ ਦੇ ਧੱਕੜ ਦਾ ਸੰਤੁਲਨ ਬਣਾਈ ਰੱਖਣ ਲਈ ਇਸ ਦੇ ਉੱਪਰਲੇ ਹਿੱਸੇ ਤੇ ਦੋਨੋਂ ਪਾਸੇ ਦੋ ਰੇੜੂ (ਰੂਲਰ) ਲਾਏ ਜਾਂਦੇ ਸਨ ਜੋ ਕਿ ਧੱਕੜ ਨੂੰ ਡਾਂਵਾ ਡੋਲ ਹੋਣ ਤੋਂ ਰੋਕ ਕੇ ਰੱਖਦੇ ਸਨ । ਕਿਸਾਨ ਬਲਦਾਂ ਨੂੰ ਇੱਕ ਪੰਜਾਲੀ ਵਿੱਚ ਜੋੜ ਕੇ ਗੇੜੀ ਦੀ ਗਾਧੀ ਨਾਲ ਲੰਬੇ ਸਾਰੇ ਰੱਸੇ ਦੁਆਰਾ (ਜਿਸ ਨੂੰ ਬੇਲਾ ਕਹਿੰਦੇ ਸਨ) ਬੰਨ ਕੇ ਖਿੱਚਿਆ ਜਾਂਦਾ ਸੀ ਅਤੇ ਪੰਜਾਲੀ ਤੋਂ ਬੁੱਗ ਨਾਲ ਵੀ ਇੱਕ ਰੱਸਾ ਬੰਨਿਆ ਜਾਦਾ ਸੀ ਜਿਸ ਨੂੰ ਕੰਬਲਾ ਕਿਹਾ ਜਾਂਦਾ ਹੈ ਇਹ ਇਸ ਕਰਕੇ ਪਾਇਆ ਜਾਂਦਾ ਸੀ ਤਾਂ ਕਿ ਬਲਦ ਆਪਣੀ ਪੈੜ ਤੋਂ ਬਾਹਰ ਨਾ ਜਾਣ । ਬਲਦਾਂ ਨੂੰ ਕਈ ਕਿਸਾਨ ਜੋੜਨ ਵੇਲੇ ਅੱਖਾਂ ਤੇ ਖੋਪੇ ਵੀ ਚਾੜ ਦਿੰਦੇ ਸਨ ਤਾਂ ਕਿ ਬਲਦ ਆਪ ਹੀ ਬਿਨਾ ਹੱਕਿਆਂ ਤੁਰੇ ਜਾਂਦੇ ਸਨ । ਮਾਲਵੇ ਦੇ ਇਲਾਕੇ ਵਿੱਚ ਬਹੁਤੇ ਲੋਕ ਬੋਤੇ ਵੀ ਪਾਲਦੇ ਸਨ ਅਤੇ ਖੂਹ ਜਾਂ ਗੇੜੀ ਲਈ ਵੀ ਬੋਤਾ ਜੋੜ ਲੈਂਦੇ ਸਨ ।
ਗੇੜੀ ਹੱਕਦੇ ਬਿਸ਼ਨੀਏ ਮੇਰੀ,
ਕੁਵੇਲ ਹੋਗੀ ਪੱਠਿਆਂ ਨੂੰ।

ਟੋਕਾ (ਪੱਠੇ ਕੁਤਰਨ ਵਾਲੀ ਮਸ਼ੀਨ)
ਚਾਰਾ ਕੁਤਰਨ ਵਾਲੀ ਮਸ਼ੀਨ ਨੂੰ ਕਈ ਥਾਂ ਟੋਕਾ ਕਿਹਾ ਜਾਦਾ ਹੈ ਅਤੇ ਕਈ ਥਾਂ ਪੱਠੇ ਕੁਤਰਨ ਵਾਲੀ ਮਸ਼ੀਨ ਕਿਹਾ ਜਾਂਦਾ ਹੈ । ਟੋਕਾ ਤਾਂ ਅੱਜ ਕੱਲ ਵੀ ਮਿਲਦਾ ਹੈ ਪਰ ਬਹੁਤੇ ਘਰਾਂ ਦੇ ਬੱਚੇ ਇਸ ਤੋਂ ਅਨਜਾਣ ਹਨ ਕਿਉਂਕਿ ਅੱਜ ਹਰ ਪਰਿਵਾਰ ਨਾ ਤਾਂ ਖੇਤੀ ਕਰਦਾ ਹੈ ਨਾ ਹੀ ਪਸ਼ੂ ਡੰਗਰ ਪਾਲਦਾ ਹੈ । ਜੇਕਰ ਕੋਈ ਪਸ਼ੂ ਡੰਗਰ ਪਾਲਦਾ ਵੀ ਹੈ ਤਾਂ ਉਸਦੇ ਪਸ਼ੂ ਡੰਗਰ ਬਾਹਰ ਖੇਤਾਂ ਵਿੱਚ ਜਾਂ ਡੇਰੇ ਆਦਿ ਤੇ ਹੁੰਦੇ ਹਨ ਅਤੇ ਬੱਚੇ ਸਾਰਾ ਦਿਨ ਸਕੂਲ ਤੇ ਸਕੂਲ ਤੋਂ ਬਾਅਦ ਘਰ ਰੋਟੀ ਪਾਣੀ ਖਾਧਾ ਤੇ ਚੱਲ ਟਿਊਸ਼ਨ । ਇੰਨੇ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਬੱਚਿਆਂ ਵਿਚਾਰਿਆਂ ਕੋਲ ਕਿੱਥੇ ਵਕਤ ਹੈ ਖੇਤੀ ਬਾੜੀ ਜਾਂ ਹੋਰ ਸੰਦਾਂ ਬਾਰੇ ਜਾਨਣ ਸਮਝਣ ਦਾ । ਸਾਰਾ ਦਿਨ ਮੱਤ ਮਾਰੀ ਰੱਖਣੀ ਭਾਰੇ ਬਸਤੇ ਨੇ ਜਾਂ ਫਿਰ ਟਿਊਸ਼ਨਾਂ ਨੇ ਅਤੇ ਬਾਕੀ ਦਾ ਵਕਤ ਮਾਂ ਪਿਉ ਨਾਲ ਗੁਜ਼ਾਰਨ ਦੀ ਬਜਾਏ ਟੈਲੀਵਿਜ਼ਨ ਦੇ ਮੂਹਰੇ ਗੁਜ਼ਰ ਜਾਂਦਾ ਹੈ । ਇਨਾਂ ਗੱਲਾਂ ਕਰਕੇ ਹੀ ਅੱਜ ਪੰਜਾਬੀ ਵਿਰਸਾ ਜੋ ਕਦੇ ਬਹੁਤ ਅਮੀਰ ਹੁੰਦਾ ਸੀ ਅੱਜ ਗਰੀਬਾਂ ਵਾਂਗ ਕਿਸੇ ਕਿਸੇ ਅਜਾਇਬ ਘਰ ਦੀ ਕੰਧ ਉੱਤੇ ਲਟਕਦਾ ਨਜ਼ਰ ਆਉਂਦਾ ਹੈ । ਮੈਂ ਟੋਕੇ ਬਾਰੇ ਗੱਲ ਕਰਦਾ ਕਰਦਾ ਭਾਵੁਕ ਜਿਹਾ ਹੋ ਗਿਆ ਸੀ ਅਤੇ ਆਪਣੇ ਵਿਸ਼ੇ ਤੋਂ ਬਾਹਰ ਹੋ ਗਿਆ ਹਾਂ ਪਰ ਜੋ ਲਿਖਿਆ ਹੈ ਬਿਲਕੁਲ ਸਚਾਈ ਹੈ । ਸੋ ਟੋਕੇ ਵਿੱਚ ਮੁੱਖ ਭਾਗ ਹਨ ਟੋਕੇ ਦਾ ਚੱਕਰ ਜਿਸ ਨੂੰ ਕਿ ਗੰਡਾਸੇ (ਟੋਕੇ) ਫਿੱਟ ਕੀਤੇ ਹੁੰਦੇ ਹਨ । ਸਪੈਸ਼ਲ ਕਿਸਮ ਦੇ ਮਕੈਨੀਕਲ ਸਿਸਟਮ ਦੁਆਰਾ ਇਸ ਦੀਆਂ ਗਰਾਰੀਆਂ ਚਾਰੇ ਨੂੰ ਅੱਗੇ ਲਿਆਉਂਦੀਆਂ ਹਨ ਅਤੇ ਗੰਡਾਸੇ ਘੁੰਮਦੇ ਹੋਏ ਚਾਰੇ (ਪੱਠਿਆਂ) ਦੇ ਟੋਟੇ ਟੋਟੇ ਕਰ ਕੇ ਅੱਗੇ ਸੁੱਟੀ ਜਾਂਦੇ ਹਨ । ਪਿੱਛੋਂ ਰੁੱਗ (ਗਾਲਾ) ਲਾਉਣ ਵਾਲਾ ਆਪਣੇ ਹਿਸਾਬ ਨਾਲ ਲੋੜ ਮੁਤਾਬਿਕ ਚਾਰੇ ਦੇ ਰੁੱਗ ਪਾਰਸ਼ੇ ਵਿੱਚ ਅੱਗੇ ਧੱਕੀ ਜਾਂਦਾ ਹੈ ਅਤੇ ਚਾਰਾ ਕੁਤਰ ਹੋਈ ਜਾਦਾ ਹੈ । ਪਾਰਸ਼ਾ ਇੱਕ ਲੋਹੇ ਦੀ ਚਾਦਰ ਨੂੰ ਮੋੜ ਕੇ ਬਣਾਇਆ ਹੁੰਦਾ ਹੈ । ਟੋਕੇ ਨੂੰ ਚਾਰ ਲੋਹੇ ਦੀਆਂ ਲੱਤਾਂ ਤੇ ਫਿੱਟ ਕਰਕੇ ਜ਼ਮੀਨ ਵਿੱਚ ਗੱਡਿਆ ਜਾਂਦਾ ਹੈ । ਗੱਡਣ ਲਈ ਕਈ ਲੋਕ ਥੱਲੇ ਜੰæਮੀਨ ਵਿੱਚ ਲੱਕੜ ਦੀਆਂ ਦੋ ਛੋਟੇ ਛੋਟੇ ਬਾਲਿਆਂ ਤੇ ਮਸ਼ੀਨ ਦੀਆਂ ਲੱਤਾਂ ਫਿੱਟ ਕਰਦੇ ਹਨ ਕਈ ਜ਼ਮੀਨ ਵਿੱਚ ਇੱਟਾਂ ਦਾ ਸੀਮੈਂਟ ਦੁਆਰਾ ਫੰਡੀਸ਼ਨ(ਫਾਊਂਡੇਸ਼ਨ) ਤਿਆਰ ਕਰਕੇ ਵੀ ਟੋਕਾ ਫਿੱਟ ਕਰ ਲੈਂਦੇ ਹਨ । ਪਹਿਲਾਂ ਪਹਿਲਾਂ ਜਦੋਂ ਜੱਟਾਂ ਜ਼ਿਮੀਦਾਰਾਂ ਦੇ ਬੱਚੇ ਆਮ ਹੀ ਖੇਤਾਂ ਵਿੱਚ ਚਲੇ ਜਾਦੇ ਸਨ ਤਾਂ ਕਈ ਵਾਰ ਅਨਜਾਣ ਪੁਣੇ ਵਿੱਚ ਜਾ ਕੇ ਟੋਕੇ ਨਾਲ ਪੰਗੇ ਲੈਂਦਿਆਂ ਲੈਂਦਿਆਂ ਆਪਣੀਆਂ ਉਂਗਲਾਂ ਜਾਂ ਹੱਥ ਕਟਵਾ ਲੈਂਦੇ ਸਨ । ਇਹ ਘਟਨਾਵਾਂ ਕਈ ਪਰਿਵਾਰਾਂ ਨਾਲ ਆਮ ਹੀ ਵਾਪਰ ਜਾਂਦੀਆਂ ਸਨ । ਅੱਜ ਇਨਾਂ ਘਟਨਾਵਾਂ ਦਾ ਡਰ ਘੱਟ ਹੈ ।
ਪੱਠੇ ਕੁਤਰ ਵਾਲੀ ਮਸ਼ੀਨ ‘ਤੇ ਇਹ ਬਾਤ ਬਹੁਤ ਢੁੱਕਦੀ ਹੈ……
ਦੋ ਸਿਪਾਹੀ ਲੜਦੇ ਗਏ
ਬੇਰੀ ਦੇ ਪੱਤੇ ਝੜਦੇ ਗਏ