ਵਿਸਰਦਾ ਵਿਰਸਾ- "ਗੱਡਾ"

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਅੱਜ ਕੱਲ ਬੇਸ਼ੱਕ ਵਿਗਿਆਨ ਨੇ ਤਰੱਕੀ ਕਰ ਲਈ ਹੈ ਅਤੇ ਆਵਾਜਾਈ ਦੇ ਸਾਧਨਾਂ ਦੀ ਕੋਈ ਕਮੀ ਨਹੀਂ ਹੈ । ਪਰ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਆਉਣ ਜਾਣ ਅਤੇ ਢੋਆ ਢੁਆਈ ਲਈ ਪਸ਼ੂ ਡੰਗਰਾਂ ਅਤੇ ਰੇੜਿਆਂ ਗੱਡਿਆਂ ਆਦਿ ਦੀ ਵਰਤ ਕੀਤੀ ਜਾਂਦੀ ਸੀ । ਪੰਜਾਬੀ ਕਿਸਾਨ ਆਪਣੀ ਖੇਤੀ ਲਈ ਜਿੱਥੇ ਬਲਦਾਂ ਦੀ ਵਰਤੋਂ ਕਰਦਾ ਸੀ ਉਂਥੇ ਢੋਆ ਢੁਆਈ ਲਈ ਗੱਡੇ ਦੀ ਵਰਤੋਂ ਕਰਦਾ ਸੀ । ਕਿਸਾਨ ਗੱਡੇ ਦੀ ਵਰਤੋਂ ਫਸਲ ਦੀ ਕਟਾਈ ਵਢਾਈ ਸਮੇਂ ਕਰਦੇ ਸਨ ਅਤੇ ਖੇਤਾਂ ਤੋਂ ਫਸਲ ਘਰ ਲਿਆਉਣ ਅਤੇ ਮੰਡੀ ਲਿਜਾਣ ਲਈ ਵਰਤਦੇ ਸਨ, ਪਸ਼ੂਆਂ ਲਈ ਪੱਠੇ ਆਦਿ ਵੀ ਖੇਤਾਂ ਤੋਂ ਗੱਡੇ ਦੁਆਰਾ ਹੀ ਲਿਆਂਦੇ ਜਾਂਦੇ ਸਨ । ਜਿੱਥੇ ਪਹਿਲਾਂ ਹਰ ਕਿਸਾਨ ਕੋਲ ਗੱਡਾ ਹੋਇਆ ਕਰਦਾ ਸੀ ਉੱਥੇ ਅੱਜ ਹਰ ਕਿਸਾਨ ਕੋਲ ਟਰੈਕਟਰ ਟਰਾਲੀ ਹੈ । ਸੋ ਗੱਡਾ ਵੀ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ ਹੈ ਅਤੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਪੇਂਡੂ ਮਾਹੌਲ ਵਿੱਚ ਗੱਡਾ ਆਪਣੀ ਬਹੁਤ ਅਹਿਮੀਅਤ ਰਖਵਾਉਂਦਾ ਸੀ। ਪੰਜਾਬੀ ਖੇਤੀ ਦੇ ਨਾਲ ਨਾਲ ਗੱਡਾ ਪੰਜਾਬ ਦੇ ਹੋਰ ਦਿਨ ਤਿਉਹਾਰਾਂ,ਮੇਲਿਆਂ ਅਤੇ ਵਿਆਹ ਸ਼ਾਦੀਆਂ ਤੇ ਗੱਡਾ ਬੜਾ ਸ਼ਿੰਗਾਰ ਕੇ ਲਿਜਾਇਆ ਜਾਂਦਾ ਸੀ । ਕਿAੁਂਕਿ ਪਹਿਲਾਂ ਬਰਾਤਾਂ ਵੀ ਗੱਡਿਆਂ ਤੇ ਜਾਂਦੀਆਂ ਸਨ । ਕੁਝ ਕੁ ਖਾਂਦੇ ਪੀਂਦੇ ਲੋਕ ਹੀ ਘੋੜੀਆਂ ਤੇ ਜਾਂਦੇ ਸਨ ।
ਪਹਿਲੇ ਸਮਿਆਂ ਵਿੱਚ ਗੱਡੇ ਦੇ ਟਾਇਰ ਵੀ ਲੱਕੜ ਦੇ ਹੋਇਆ ਕਰਦੇ ਸਨ ਅਤੇ ਕੱਚਿਆਂ ਰਾਹਾਂ ਵਿੱਚ ਬਲਦ ਵਿਚਾਰੇ ਬੜੇ ਜ਼ੋਰ ਨਾਲ ਖਿੱਚ ਕੇ ਲਿਜਾਇਆ ਕਰਦੇ ਸਨ । ਗੱਡੇ ਦੇ ਮੁੱਖ ਹਿੱਸਿਆਂ ਵਿੱਚ ਇਸਦੇ ਧੁਰੇ ਉੱਪਰ ਦੋ ਬਾਲੇ ਪਾਏ ਜਾਂਦੇ ਹਨ ਤੇ ਬਾਲਿਆਂ ਉੱਪਰ ਦੋ ਤੀਰ ਪਾਏ ਜਾਂਦੇ ਹਨ ਜੋ ਕਿ ਗੱਡੇ ਦੀ ਛੱਤ ਨੂੰ ਦੋ ਲੰਮੀਆਂ ਫੜਾਂ (ਛਤੀਰਾਂ) ਦੇ ਸਹਾਰੇ ਜੋੜਦੀ ਹੈ । ਗੱਡੇ ਦੀ ਛੱਤ ਨੂੰ ਮਜ਼ਬੂਤ ਅਤੇ ਸਫ਼ਾਈ ਦਾਰ ਲੱਕੜ ਦੇ ਫੱਟਿਆਂ ਦੁਆਰਾ ਬਣਾਇਆ ਜਾਂਦਾ ਹੈ । ਛੱਤ ਦੇ ਚਾਰੇ ਖੂੰਜਿਆਂ ਵਿੱਚ ਚੌਰਸ ਮੋਰੀਆ ਕੱਢ ਕੇ ਮੁੰਨੀਆਂ ਲਾਈਆਂ ਜਾਂਦੀਆਂ ਹਨ । ਜੋ ਕਿ ਗੱਡੇ ਤੇ ਲੱਦੇ ਹੋਏ ਸਮਾਨ ਨੂੰ ਡਿੱਗਣ ਤੋਂ ਬਚਾਉਂਦੀਆਂ ਹਨ । ਗੱਡੇ ਦੇ ਮੂਹਰੇ ਜੂਲ਼ਾ ਹੁੰਦਾ ਹੈ ਜਿਸ ਨਾਲ ਬਲਦਾਂ ਨੂੰ ਜੋੜਿਆ ਜਾਂਦਾ ਹੈ । ਇਸ ਨਾਲ ਇੱਕ ਬੈਲਟ ਵਾਂਗੂੰ ਜੋਤ ਪਾਈ ਜਾਂਦੀ ਹੈ ਜੋ ਕਿ ਬਲਦਾਂ ਨੂੰ ਵਿੱਚੋਂ ਨਿਕਲਣ ਤੋਂ ਰੋਕ ਕੇ ਰੱਖਦੀ ਹੈ । ਇਸ ਜੂਲੇ ਨੂੰ ਇੱਕ ਮਜ਼ਬੂਤ ਕੰਬਲੇ ਨਾਲ ਇਸ ਤਰਾਂ ਬੰਨਿਆ ਹੁੰਦਾ ਹੈ ਕਿ ਬਲਦ ਅਸਾਨੀ ਨਾਲ ਮੁੜ ਸਕਦੇ ਹਨ ਤੇ ਇਹ ਟੁੱਟਦਾ ਨਹੀਂ । ਇਸ ਦੇ ਮੂਹਰੇ ਥੱਲੇ ਵਾਲੇ ਹਿੱਸੇ ਨੂੰ ਇੱਕ ਖਾਸ ਕਿਸਮ ਦੀ ਲੱਕੜ ਜੋ ਥੱਲੇ ਨੂੰ ਮੁੜੀ ਹੁੰਦੀ ਹੈ, ਇਸ ਊਠਣਾ ਕਿਹਾ ਜਾਂਦਾ ਹੈ ਜੋ ਗੱਡੇ ਨੂੰ ਅੱਗੇ ਡਿੱਗਣ ਤੋਂ ਬਚਾਉਂਦਾ ਹੈ ਜਿਸ ਨਾਲ ਕਿ ਬਲਦ ਛੱਡਣ ਜਾਂ ਜੋੜਨ ਵੇਲੇ ਅਸਾਨੀ ਰਹੇ । ਇਸ ਦੇ ਉਂਪਰ ਪੈਰ ਰੱਖ ਕੇ ਗਾਡੀ ਗੱਡੇ ਤੇ ਚੜਿਆ ਵੀ ਕਰਦੇ ਸਨ ।ਗੱਡੇ ਦੇ ਥੱਲੇ ਵਾਲੇ ਪਿਛਲੇ ਹਿੱਸੇ ਵਿੱਚ ਗੱਡੇ ਨੂੰ ਉਲਰਨ ਤੋਂ ਬਚਾਉਣ ਲਈ ਲਾਰੀਆ ਲਾਇਆ ਹੁੰਦਾ ਹੈ । ਇਹ ਇਸ ਤਰਾਂ ਬਣਾਇਆ ਹੁੰਦਾ ਹੈ ਕਿ ਜਦੋਂ ਵੀ ਗੱਡਾ ਉੱਲਰਦਾ ਹੈ ਉਦੋਂ ਇਹ ਥੱਲੇ ਲੱਗ ਜਾਂਦਾ ਹੈ ਤੇ ਬਲਦਾਂ ਦੇ ਗਲੇ ਜੋਤਾਂ ਨਾਲ ਘੁੱਟ ਨਹੀਂ ਹੁੰਦੇ ।
ਗੱਡਾ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਕਿਸਾਨੀ ਦੇ ਨੇੜੇ ਹੋਣ ਕਰਕੇ ਲੋਕ ਗੀਤਾਂ,ਕਹਾਣੀਆਂ,ਬਾਤਾਂ, ਟੋਟਕਿਆਂ,ਸ਼ੰਦਾਂ ਤੇ ਬੋਲੀਆਂ ਆਦਿ ਵਿੱਚ ਹਰ ਥਾਂ ਨਜ਼ਰ ਆਉਂਦਾ ਹੈ । ਇਸੇ ਤਰਾਂ ਇੱਕ ਮੁਟਿਆਰ ਜਦੋਂ ਆਪਣੇ ਮਾਹੀ ਨਾਲ ਗੱਡੇ ਤੇ ਬਹਿ ਕੇ ਮੇਲੇ ਜਾਂਦੀ ਸੀ ਤਾਂ ਉਸਦਾ ਮਾਹੀ ਬਲਦਾਂ ਨੂੰ ਹੁਲਾਰਾ ਦੇ ਕੇ ਭੱਜਣ ਲਈ ਹੱਕਦਾ ਹੈ ਤਾਂ ਉਹ ਕੋਮਲ ਦਿਲ ਵਾਲੀ ਮੁਟਿਆਰ ਆਪਣੇ ਮਾਹੀ ਨੁੰ ਇਸ ਤਰਾਂ ਮੁਖਾਤਿਬ ਹੋ ਕੇ ਕਹਿੰਦੀ ਹੈ-
ਗੱਡ ਗਡੀਰੇ ਵਾਲਿਆ ਗੱਡ ਹੌਲੀ ਹੌਲੀ ਤੋਰ
ਮੇਰੇ ਕੰਨਾਂ ਦੀਆਂ ਹਿੱਲਣ ਵਾਲੀਆਂ ਤੇ ਦਿਲ ਨੂੰ ਪੈਂਦੇ ਹੌਲ
ਗੱਡੇ ਤੇ ਬੈਠੀ ਮੁਟਿਆਰ ਨੂੰ ਉਸਦਾ ਸਾਥੀ ਵੀ ਪਿਆਰ ਨਾਲ ਇਸ ਤਰਾਂ ਜੁਆਬ ਦਿੰਦਾ ਹੈ
ਤੇਰੇ ਝੁਮਕੇ ਲੈਣ ਹੁਲਾਰੇ ਨੀ ਗੱਡੇ ਤੇ ਜਾਂਦੀਏ ਮੁਟਿਆਰੇ
ਜੱਟ ਆਪਣੀ ਹਾਨਣ ਨੂੰ ਗੱਡੇ ਤੇ ਚੜਨ ਦੀ ਗੱਲ ਕਰਦੇ ਹੋਏ ਕਹਿੰਦਾ ਹੈ ਅਤੇ ਆਪਣੇ ਖੇਤਾਂ ਦੀ ਤੁਲਨਾ ਸ਼ਿਮਲੇ ਦੀਆਂ ਵਾਦੀਆਂ ਨਾਲ ਕਰਦੇ ਹੋਏ ਇੰਝ ਆਖਦਾ ਹੈ
ਮੇਰੇ ਗੱਡੇ ਉੱਤੇ ਚੜ ਬਚਨੋ ਤੈਨੂੰ ਸ਼ਿਮਲੇ ਦੀ ਸੈਰ ਕਰਾਵਾਂ

ਗੱਡੀ ਜੋੜ ਕੇ ਆਗੇ ਸੌਹਰੇ ਆਣ ਖੜੇ ਦਰਵਾਜ਼ੇ
ਬੈਲਾਂ ਤੇਰਿਆਂ ਨੂੰ ਭੋ ਦੀ ਟੋਕਰੀ ਤੈਨੂੰ ਦੋ ਪਰਸ਼ਾਦੇ
ਨਿੰਮ ਹੇਠਾਂ ਕੱਤਦੀ ਦੀ ਗੂੰਜ ਸੁਣੇ ਦਰਵਾਜੇæ

ਗੱਡੀ ਦਿਆ ਗਡਵਾਣਿਆਂ ਭੂੰਗੇ ਬਲਦ ਨੁੰ ਛੇੜ
ਤੈਨੂੰ ਸਾਡੇ ਤਾਈਂ ਕੀ ਪਈ ਆਪਣੀ ਫਸੀ ਨਬੇੜ
ਜਦੋਂ ਕਿਸੇ ਗਰੀਬ ਜੱਟ ਕੋਲ ਗੱਡਾ ਪੁਰਾਣਾ ਹੋਵੇ ਅਤੇ ਬਲਦ ਵੀ ਬੁੱਢੇ ਹੋਣ ਤਾਂ ਇਸ ਤਰਾਂ ਵਿਅੰਗ ਕੱਸ ਕੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ
ਬੁੱਢਾ ਬੈਲ ਪੁਰਾਣਾ ਗੱਡਾ
ਜਦ ਕਦ ਖਾਏ ਖਸਮ ਦਾ ਹੱਡਾ