ਵਿਸਰਦਾ ਵਿਰਸਾ- "ਦਾਤੀ ਰੰਬਾ ਤੇ ਕਹੀ"

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ਅੱਜ ਮੈਂ ਕਿਸਾਨ ਦੇ ਉਹਨਾਂ ਸੰਦਾਂ ਬਾਰੇ ਗੱਲ ਕਰਾਂਗਾ ਜੋ ਕਿ ਬੇਸ਼ੱਕ ਨਿੱਕੇ ਨਿੱਕੇ ਹਨ ਪਰ ਆਪਣੀ ਬਹੁਤ ਅਹਿਮੀਅਤ ਰਖਵਾਉਂਦੇ ਹਨ । ਇਨਾਂ ਸੰਦਾਂ ਦੇ ਨਾਲ ਕਿਸਾਨ ਆਪਣੀ ਖੇਤੀ ਨੂੰ ਜਿੱਥੇ ਪ੍ਰਫੁਲਤ ਕਰਦਾ ਸੀ ਉੱਥੇ ਹੋਰ ਵੀ ਕਈ ਕੰਮ ਲੈਂਦਾ ਸੀ । ਜਿਵੇਂ ਕਿ ਦਾਤੀ ਨਾਲ ਸਿਰਫ਼ ਪੱਠੇ ਹੀ ਨਹੀਂ ਵੱਡੇ ਜਾਦੇ ਸਨ ਸਗੋਂ ਦਾਤੀ ਨਾਲ ਹੋਰ ਵੀ ਕਈ ਕੰਮ ਕੀਤੇ ਜਾਂਦੇ ਸਨ । ਜਿਵੇਂ ਕਮਾਦ ਦੀ ਵਢਾਈ ਸਮੇਂ ਇੱਕ ਖਾਸ ਕਿਸਮ ਦੀ ਦਾਤੀ ਵਰਤੀ ਜਾਂਦੀ ਸੀ ਜੋ ਗੰਨੇ ਨਾਲੋਂ ਖੋਰੀ ਲਾਉਂਣ ਦੇ ਨਾਲ ਨਾਲ ਕਮਾਦ ਦੇ ਆਗ (ਗੰਨੇ ਦੇ ਹਰੇ ਪੱਤੇ ਜੋ ਕਿ ਉੱਪਰ ਨੂੰ ਨਿਕਲੇ ਹੁੰਦੇ ਹਨ) ਲਾਉਣ ਦੇ ਵੀ ਕੰਮ ਆਉਂਦੀ ਹੈ । ਅੱਜ ਵਾਢੀ ਲਈ ਬੇਸ਼ੱਕ ਕੰਬਾਈਨਾਂ,ਰੀਪਰ ਆਦਿ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪਹਿਲਾਂ ਕਣਕ (ਜੋ ਕਿ ਪੰਜਾਬ ਦੀ ਮੁੱਖ ਫਸਲ ਹੈ) ਦੀ ਵਢਾਈ ਵਾਢੇ ਦਾਤੀਆਂ ਨਾਲ ਕਰਦੇ ਹੁੰਦੇ ਸਨ । ਕਣਕ ਦੀ ਵਢਾਈ ਲਈ ਸਾਰੇ ਪਿੰਡ ਵਿੱਚੋਂ ਵਾਢੇ ਇਕੱਠੇ ਕਰਕੇ ਵਾਢੀ ਕੀਤੀ ਜਾਦੀ ਸੀ, ਜਿਸ ਨੂੰ ਮੰਗ ਪਾਉਣੀ ਜਾਂ ਆਵਤ ਦਾ ਨਾਂ ਦਿੱਤਾ ਜਾਂਦਾ ਸੀ । ਸਾਰੇ ਪਿੰਡ ਵਿੱਚ ਤੇਜ ਵਾਢੀ ਕਰਨ ਵਾਲੇ ਦੇ ਚਰਚੇ ਹੋਇਆ ਕਰਦੇ ਸਨ । ਹਰ ਕੋਈ ਆਪਣੀ ਦਾਤੀ ਸਿਫ਼ਤ ਕਰਿਆ ਕਰਦਾ ਸੀ ਤੇ ਤੇ ਕੋਈ ਕੋਈ ਤਾਂ ਆਪਣੀ ਘਰਵਾਲੀ ਦਾ ਨਾਂ ਲੈ ਕੇ ਕਿਹਾ ਕਰਦਾ ਸੀ ਕਿ ਫਲਾਣੀ ਸਾਰਾ ਸਾਲ ਇਸ ਦਾਤੀ ਨੂੰ ਤੇਲ ਲਾਉਂਦੀ ਰਹੀ ਹੈ ਹੁਣ ਦੇਖਿਉ ਕਿੱਦਾਂ ਵਢਾਂਗਾ ਕਰਦੀ ਆ । ਲੁਹਾਰ ਵੀ ਦੰਦੇ ਕੱਢਣ ਲਈ ਖੇਤਾਂ ਵਿੱਚ ਗੇੜੀ ਰੱਖਦੇ ਸਨ ਤਾਂ ਜੋ ਉਹ ਵੀ ਵਾਢੀ ਤੋਂ ਬਾਅਦ ਆਪਣੀ ਸੇਪੀ ਲੈ ਸਕਣ । ਦਾਤੀ ਨਾਲ ਪੱਠੇ ਤਾਂ ਅੱਜ ਵੀ ਵੱਢੇ ਜਾਦੇ ਹਨ । ਦਾਤੀ ਦੇ ਨਾਲ ਸਬੰਧਤ ਕਈ ਪ੍ਰਕਾਰ ਦੀ ਬਾਤਾਂ ਵੀ ਪ੍ਰਸਿੱਧ ਸਨ ਜਿਵੇਂ:-
ਐਨੀ ਕੁ ਹਰਨੀ
ਸਾਰਾ ਖੇਤ ਚਰਨੀ
ਮੀਂਗਣ ਇੱਕ ਨਾ ਕਰਨੀ
(ਦਾਤੀ)
ਐਨੀ ਕੁ ਕੁੜੀ,ਉਹਦੇ ਜਰੀ ਜਰੀ ਦੰਦ
ਖਾਂਦੀ ਪੀਂਦੀ ਰੱਜੇ ਨਾਹੀਂ,ਬੰਨ ਚੁਕਾਵੇ ਪੰਡ
(ਦਾਤੀ)
ਪਾਲੋ ਪਾਲ ਵੱਛੇ ਬੰਨੇ, ਇੱਕ ਵੱਛਾ ਪਲਾਹਾ
ਜਿਹੜਾ ਮੇਰੀ ਬਾਤ ਨਾ ਬੁੱਝੂ, ਉਹਦਾ ਪਿਉ ਜੁਲਾਹਾ
(ਟੁੱਟੇ ਦੰਦੇ ਵਾਲੀ ਦਾਤੀ)
ਇਹ ਅਖਾਣ ਵੀ ਦਾਤੀ ਤੇ ਪੂਰਾ ਢੁੱਕਦਾ ਸੀ ਜਿਵੇਂ
“ਮੰਗਲ ਦਾਤੀ,ਬੁਧ ਬਿਆਈ”
ਤੇ
ਖੇਤੀ ਜੱਟਾ ਕੱਟ ਲੈ,ਜਦ ਜਾਣੇਂ ਪੱਕ ਜਾਏ
ਜੇ ਤੂੰ ਰਿਹਾਂ ਸੋਚਦਾ, ਚਿੜੀ ਜਾਨਵਰ ਖਾਈ

ਪਿੰਡ ਕਾਸਾ ਪੁਰ ਦੀ ਬਣੀਆਂ ਦਾਤੀਆਂ ਸਾਰੇ ਪੰਜਾਬ ਵਿੱਚ ਆਪਣੀ ਨਿਵੇਕਲੀ ਪਛਾਣ ਰੱਖਦੀਆਂ ਹਨ ਜਿਸਦਾ ਜ਼ਿਕਰ ਲੋਕ ਬੋਲੀਆਂ ਵਿੱਚ ਵੀ ਆਉਂਦਾ ਹੈ ।

ਰੰਬਾ
ਅੱਜ ਹਰ ਪ੍ਰਕਾਰ ਦੇ ਘਾਹ ਫੂਸ,ਡੀਲੇ ਆਦਿ ਦਾ ਅੰਤ ਕਰਨ ਲਈ ਕਈ ਪ੍ਰਕਾਰ ਦੀਆਂ ਦਵਾਈਆਂ ਸਪਰੇਆਂ ਆਦਿ ਦੀ ਵਰਤੋਂ ਕੀਤੀ ਹੈ ਪਰ ਪਹਿਲੇ ਸਮਿਆਂ ਵਿੱਚ ਇਹ ਕੰਮ ਰੰਬੇ ਨਾਲ ਕੀਤੇ ਜਾਦੇ ਸਨ, ਜਿਸ ਨਾਲ ਕਿਸਾਨ ਆਪਣੀ ਖੇਤੀ ਨੂੰ ਗੁੱਡ ਕੇ ਫਸਲ ਦਾ ਝਾੜ ਦੁੱਗਣਾ ਕਰਦਾ ਸੀ । ਰੰਬੇ ਨੂੰ ਚੰਡ ਕੇ ਰਖਿਆ ਜਾਦਾ ਸੀ ਜਿਸ ਬਾਰੇ ਪੰਜਾਬੀ ਦੀ ਇੱਕ ਕਹਾਵਤ ਵੀ ਬਹੁਤ ਮਸ਼ਹੂਰ ਹੈ
“ਮੁੰਡਾ ਤੇ ਰੰਬਾ ਜਿੰਨਾ ਚੰਡਿਆ ਉਨਾ ਹੀ ਥੋੜਾ”
ਭਾਵ ਕਿ ਤਿੱਖੇ ਕੀਤੇ ਬਗੈਰ ਇਹ ਦੋਵੇਂ ਹੀ ਕੰਮ ਦੇ ਨਹੀਂ ਇਸ ਕਰਕੇ ਇਨਾ ਦੀ ਚੰਡਾਈ ਬਹੁਤ ਜ਼ਰੂਰੀ ਹੈ । ਬੇਸ਼ੱਕ ਅੱਜ ਰੰਬਾ ਤਾਂ ਚੰਡਿਆ ਜਾ ਸਕਦਾ ਹੈ ਪਰ ਮੁੰਡਾ ਚੰਡਣ ਵਾਲੀ ਗੱਲ ਤਾਂ ਦੂਰ ਹੈ । ਸੋ ਰੰਬੇ ਦੀ ਗੋਡੀ ਬਾਰੇ ਵੀ ਕਈ ਪ੍ਰਕਾਰ ਦੇ ਅਖਾਣ, ਬਾਤਾ ਆਦਿ ਪ੍ਰਚਲਿਤ ਹੁੰਦੀਆਂ ਸਨ ਜਿਵੇਂ

ਜਿਸ ਖੇਤੀ ਵਿੱਚ ਫਿਰ ਜਾਵੇ ਰੰਬਾ,
ਉੱਥੇ ਦਾਣਾ ਹੁੰਦਾ ਚੰਗਾ

ਜਿੰਨੀ ਗੋਡੀ, ਉਂਨੀ ਡੋਡੀ

ਬਨਵਾੜ, ਮਕਈ ਕਮਾਦ ਨੂੰ ਗੋਡੀਆਂ ਦੇ ਸੰਵਾਰ
ਤਮਾਖੂ ਗੋਡੀਆਂ ਬਹੁਤ ਦੇਹ ਪਿੱਛੋਂ ਗੁੱਡ ਜਵਾਰ

ਜੇਕਰ ਕੋਈ ਖੇਤ ਗੋਡੀ ਨਾ ਕਰਨ ਜਾਵੇ ਪਰ ਚੰਗੀ ਫਸਲ ਦੀ ਆਸ ਰੱਖਦਾ ਹੋਵੇ ਉਸ ਬਾਰੇ ਇੰਝ ਕਿਹਾ ਗਿਆ ਹੈ
ਕਪਾਹ ਨਾ ਗੁੱਡੀ ਦੋ ਪੱਤੀ
ਤੂੰ ਚੁਗਣ ਕੀ ਆਈ ਕਪੱਤੀ
ਰੰਬੇ ਬਾਰੇ ਇਹ ਬਾਤ ਵੀ ਇੰਝ ਪਾਈ ਜਾਂਦੀ ਸੀ
ਭੁੱਬਲ ਵਿੱਚ ਦੰਦਈਆ ਨੱਚੇ
ਪੂਛ ਮੇਰੇ ਹੱਥ

ਕਹੀ

ਕਹੀ ਵੀ ਕਿਸਾਨ ਦਾ ਇੱਕ ਅਜਿਹਾ ਸੰਦ ਹੈ ਜੋ ਖੇਤਾਂ ਵਿੱਚ ਹਰ ਸਮੇਂ ਕਿਸਾਨ ਦੇ ਨਾਲ ਇੱਕ ਹਥਿਆਰ ਵਾਂਗ ਰਹਿੰਦਾ ਹੈ । ਕਹੀ ਦੀ ਵਰਤੋਂ ਅੱਜ ਵੀ ਬਹੁਤ ਕੀਤੀ ਜਾਂਦੀ ਹੈ । ਜਿਵੇਂ ਕਿ ਕਹੀ ਨਾਲ ਵੱਟਾਂ ਬੰਨੇ ਬਣਾਏ ਜਾਦੇ ਹਨ ਨਾਲ ਦੀ ਕਹੀ ਦੀ ਸੱਭ ਤੋਂ ਜਿਆਦਾ ਭੂਮਿਕਾ ਪਾਣੀ ਨੱਕੇ ਮੋੜਨ ਲਈ ਕੀਤੀ ਜਾਦੀ ਹੈ । ਅੱਜ ਬੇਸ਼ੱਕ ਮਿੱਟੀ ਦੀਆਂ ਟਰਾਲੀਆਂ ਲੱਦਣ ਲਈ ਸ਼ਾਵਲ ਮਸ਼ੀਨਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਕੁਝ ਕੁ ਸਾਲ ਪਹਿਲਾਂ ਇਹ ਕੰਮ ਕਹੀਆਂ ਨਾਲ ਕੀਤਾ ਜਾਂਦਾ ਸੀ । ਕਹੀ ਵਾਹੁਣਾ ਕੋਈ ਸੌਖਾ ਕੰਮ ਨਹੀਂ ਹੈ । ਕਿਉਂਕਿ ਕਹੀ ਚਲਾਉਣ ਲਈ ਜਿੱਥੇ ਬਾਹਵਾਂ ਵਿੱਚ ਜਾਨ ਹੋਣੀ ਜ਼ਰੂਰੀ ਹੈ ਉਂਥੇ ਕਹੀ ਆਂਦਰਾਂ ਨੂੰ ਵੀ ਖਿੱਚ ਪਾਉਂਦੀ ਹੈ । ਸੋ ਕਹੀ ਚਲਾਉਣ ਵਾਲਾ ਤੰਦਰੁਸਤ ਤੇ ਚੰਗੀ ਖੁਰਾਕ ਖਾਣ ਵਾਲਾ ਹੋਣਾ ਚਾਹੀਦਾ ਹੈ । ਨਾਲ ਦੀ ਨਾਲ ਕਹੀ ਚਲਾਉਣ ਵਾਲੇ ਦੇ ਹੱਥਾਂ ਵੀ ਮਜ਼ਬੂਤ ਤੇ ਖੁਰਦੁਰੇ ਹੋ ਜਾਂਦੇ ਹਨ । ਕਹੀ ਦੀ ਮਹਤੱਤਾ ਅੱਜ ਵੀ ਖੇਤੀ ਦੇ ਕੰਮ ਵਿੱਚ ਪੂਰੀ ਤਰਾਂ ਬਰਕਰਾਰ ਹੈ । ਕਿਉਂਕਿ ਨੱਕੇ ਮੋੜਨ ਲਈ ਕਹੀ ਦਾ ਹੋਣਾ ਬਹੁਤ ਜ਼ਰੂਰੀ ਹੈ । ਖਾਸ ਕਰਕੇ ਆਲੂਆਂ ਦੀ ਖੇਤੀ ਵਿੱਚ ਕਹੀ ਦਾ ਬਹੁਤ ਯੋਗਦਾਨ ਹੈ ।ਕਿਉਂਕਿ ਆਲੂਆਂ ਦਾ ਨੱਕਾ ਹਰ ਪੰਜ ਮਿੰਟ ਬਾਅਦ ਮੋੜਨਾ ਪੈਂਦਾ ਹੈ । ਪੰਜਾਬੀ ਨੌਜਵਾਨ ਲੇਖਕ ਮਨਦੀਪ ਖੁਰਮੀ ਦੀ ਜੰਮਣ ਭੌਂ ਪੰਜਾਬ ਦੇ ਮਸ਼ਹੂਰ ਪਿੰਡ “ਹਿੰਮਤਪੁਰਾ” ਦੀਆਂ ਬਣੀਆਂ ਕਹੀਆਂ ਸਾਰੇ ਪੰਜਾਬ ਵਿੱਚ ਮਸ਼ਹੂਰ ਹਨ । ਜਿਸ ਤੇ ਇੱਕ ਲੋਕ ਬੋਲੀ ਵੀ ਬਹੁਤ ਮਸ਼ਹੂਰ ਰਹੀ ਹੈ ਜੋ ਇਸ ਤਰਾਂ ਹੈ:-
ਬੀਕਾਨੇਰ ਤੋਂ ਊਠ ਲਿਆਂਦਾ,ਦੇ ਕੇ ਨੋਟ ਪਚਾਸੀ,
ਸਹਿਣੇ ਦੇ ਵਿੱਚ ਝਾਂਜਰ ਬਣਦੀ,ਸ਼ਹਿਰ ਭਦੌੜ ਦੀ ਚਾਟੀ ।
ਰੌਂਤੇ ਦੇ ਵਿੱਚ ਬਣਦੇ ਕੂੰਡੇ,ਜੋਗੇ ਰੱਲੇ ਗੰਡਾਸੀ,
ਭਾਈ ਬਖਤੌਰੇ ਬਣਦੇ ਟਕੂਏ,ਕਾਸਾ ਪੁਰ ਦੀ ਦਾਤੀ।
ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ, ਮੁਕਸਰ ਬਣਦੀ ਕਾਠੀ,
ਨੀ ਬਹਿਜਾ ਬੋਤੇ ‘ਤੇ, ਮੰਨਲਾ ਭੌਰ ਦੀ ਆਖੀ,
ਨੀ ਬਹਿਜਾ ਬੋਤੇ ਤੇ________ ।