ਵਿਸਰਦਾ ਵਿਰਸਾ- "ਸੁਹਾਗਾ ਤੇ ਕਰੰਡੀ"

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਸੁਹਾਗਾ
ਸੁਹਾਗਾ ਪੰਜਾਬੀ ਕਿਸਾਨੀ ਵਿੱਚ ਆਪਣੀ ਇੱਕ ਵੱਖਰੀ ਅਤੇ ਬੇਮਿਸਾਲ ਪਛਾਣ ਰੱਖਦਾ ਹੈ । ਸੁਹਾਗਾ ਬੜਾ ਸਿੱਧਾ ਜਿਹਾ ਲਫਜ਼ ਹੈ ਅਤੇ ਇਸਦਾ ਕੰਮ ਵੀ ਬੜਾ ਸਿੱਧਾ ਹੁੰਦਾ ਹੈ । ਇਸ ਤੇ ਖੜਾ ਹੋ ਜੱਟ
ਜਦੋਂ ਆਪਣੇ ਖੇਤਾਂ ਵਿੱਚ ਸੁਹਾਗਾ ਫੇਰਦਾ ਸੀ ਤਾਂ ਕਿਸੇ ਦੇ ਮਾਣ ਨਹੀਂ ਸੀ ਹੁੰਦਾ ਇਸੇ ਕਰਕੇ ਤਾਂ ਇਹ ਕਹਾਵਤ ਬੜੀ ਪ੍ਰਚਲਿਤ ਹੁੰਦੀ ਸੀ ਕਿ
ਜੱਟ ਸੁਹਾਗੇ ਤੇ ਖੜਾ ਕਿਸੇ ਦੇ ਲਈਦਾ ਨੀ
ਸੁਹਾਗਾ ਫੇਰਦੇ ਸਮੇਂ ਕਿਸਾਨ ਅਡੋਲ ਖੜਾ ਹੋ ਕੇ ਸੁਹਾਗਾ ਫੇਰਿਆ ਕਰਦਾ ਸੀ ਅਤੇ ਇਸ ਤਰਾਂ ਖੜੇ ਹੋ ਕੇ ਇੱਕੋ ਵਾਰ ਵਿੱਚ ਕਿੱਲੇ ਦੋ ਕਿੱਲੇ ਨੁੰ ਸੁਹਾਗਾ ਮਾਰਨਾ ਆਮ ਹੁੰਦਾ ਸੀ । ਤੇ ਜਦੋਂ ਸੁਹਾਗਾ ਮਾਰਨ ਤੋਂ ਬਾਅਦ ਕਿਸਾਨ ਘਰ ਨੁੰ ਮੁੜਦਾ ਸੀ ਤਾਂ ਸੁਹਾਗੇ ਦੇ ਇੱਕ ਕੰਨ ਨਾਲੋਂ ਰੱਸਾ ਖੋਲ ਕੇ ਬਲਦਾਂ ਨੂੰ ਹੱਕ ਦੇਣਾ ਤੇ ਇਸ ਕੱਚਿਆਂ ਰਾਹਾਂ ਵਿੱਚ ਸੁਹਾਗੇ ਨੂੰ ਬਲਦਾਂ ਦੁਆਰਾ ਧੂਹ ਕੇ ਕਿਸਾਨ ਵਾਪਸ ਪਰਤਿਆ ਕਰਦੇ ਸਨ । ਖੇਤ ਨੂੰ ਜਦੋਂ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਸੁਹਾਗੇ ਦੀ ਜ਼ਰੂਰਤ ਪੈਂਦੀ ਹੈ । ਇਸ ਕਰਕੇ ਇਸ ਦਾ ਖੇਤ ਬੀਜਣ ਦੀ ਤਿਆਰੀ ਵਿੱਚ ਬਹੁਤ ਮਹੱਤਵ ਹੁੰਦਾ ਹੈ । ਹਰ ਕਿਸਾਨ ਕੋਲ ਸੁਹਾਗਾ ਲਾਜ਼ਮੀ ਹੁੰਦਾ ਹੈ । ਅੱਜ ਸਹਾਗੇ ਲੋਹੇ ਦੇ ਆ ਗਏ ਹਨ ਅਤੇ ਟਰੈਕਟਰਾਂ ਦੁਆਰਾ ਵਰਤੇ ਜਾਂਦੇ ਹਨ ਪਰ ਕਿਸੇ ਵੇਲੇ ਸੁਹਾਗਾ ਲੱਕੜ ਦਾ ਹੁੰਦਾ ਸੀ ਅਤੇ ਬਲਦ ਇਸਨੂੰ ਖਿੱਚਦੇ ਸਨ । ਸੁਹਾਗਾ ਇੱਕ ਸਿੱਧੀ ਅਤੇ ਪੱਧਰੀ ਲੱਕੜ ਦੇ ਸ਼ਤੀਰ ਦਾ ਬਣਾਇਆ ਹੁੰਦਾ ਸੀ । ਜਿਸ ਦੇ ਦੋਵਾਂ ਸਿਰਿਆਂ ਤੇ ਦੋ ਲੱਕੜ ਦੇ ਕੰਨ ਲਾਏ ਜਾਦੇ ਸਨ ਜਿਨਾਂ ਨਾਲ ਰੱਸਾ ਬੰਨ ਕੇ ਸੁਹਾਗਾ ਪੰਜਾਲੀ ਨਾਲ ਜੋੜਿਆ ਜਾਂਦਾ ਸੀ । ਸੁਹਾਗੇ ਦਾ ਕੰਮ ਜਿੱਥੇ ਜ਼ਮੀਨ ਪੱਧਰੀ ਕਰਨਾ ਹੁੰਦਾ ਹੈ ਉੱਥੇ ਜ਼ਮੀਨ ਵਿੱਚ ਮਿੱਟੀ ਦੇ ਬਣੇ ਢੇਲਿਆਂ ਭਾਵ ਢੀਮਾਂ ਨੁੰ ਭੰਨਣ ਦਾ ਕੰਮ ਵੀ ਕਰਦਾ ਹੈ । ਇਸ ਨੂੰ ਲੱਕੜ ਖਾਸ ਕਰਕੇ ਟਾਹਲੀ ਜਾਂ ਕਿੱਕਰ ਦੀ ਲਾਈ ਜਾਂਦੀ ਸੀ ਤਾਂ ਕਿ ਇਸ ਦੀ ਘਸਾਈ ਘੱਟ ਹੋ ਸਕੇ । ਸੁਹਾਗੇ ਤੇ ਪੰਜਾਬੀ ਲੋਕ ਗੀਤ ਤਾਂ ਕਿਤੇ ਮਿਲਦੇ ਨਹੀਂ ਪਰ ਬੁਝਾਰਤਾਂ ਜ਼ਰੂਰ ਮਿਲ ਜਾਂਦੀਆਂ ਹਨ ।

ਪੰਜਾਬੀ ਬੋਲੀ ਵਿੱਚ ਸੁਹਾਗਾ ਫੇਰਨ ਨੂੰ ਸੁਹਾਗਾ ਦੇਣਾ ਕਿਹਾ ਜਾਂਦਾ ਹੈ ਅਤੇ ਇਸੇ ਕਰਕੇ ਹੇਠਲੀ ਬੁਝਾਰਤ ਪਾਈ ਜਾਂਦੀ ਸੀ ਜੋ ਅੱਜ ਦੇ ਬੱਚਿਆਂ ਤਾਂ ਕੀ ਨੌਜਵਾਨਾਂ ਲਈ ਬੁੱਝਣੀ ਵੀ ਬੜੀ ਮੁਸ਼ਕਲ ਹੈ …!

ਜੋ ਚੀਜ਼ ਮੈਂ ਲੈਣ ਗਿਆ, ਉਹ ਦਿੰਦੇ ਸੀ ।
ਜੇ ਉਹ ਨਾ ਦਿੰਦੇ ਹੁੰਦੇ, ਤਾਂ ਮੈਂ ਲੈ ਆAੁਂਦਾ ।

ਚਾਰ ਘੋੜੇ,ਦੋ ਅਸਵਾਰ
ਬੱਘੀ ਚੱਲੇ ਮਾਰੋ ਮਾਰ

ਅੰਨਾ ਝੋਟਾ ਵੱਟਾਂ ਢਾਉਂਦਾ ਜਾਦਾ
ਜਾਂ
ਇੱਕ ਕਾਨੀ ਚਾਰ ਘੋੜੇ ਦੋ ਸਵਾਰ
ਜਿੱਧਰ ਨੂੰ ਜਾਂਦੇ ਕਰਦੇ ਮਾਰੋ ਮਾਰ

ਬਾਹਰੋਂ ਆਇਆ ਕਰਮੂ,ਆਣ ਬਨਾ੍ਹਏ ਕੰਨ
ਕਰਮੂ ਟੁਰਦਾ ਵੀਂਹੀ ਟੰਗੀ ਛੇ ਮੂੰਹ ਬਾਰਾਂ ਕੰਨ

ਸੁਹਾਗਾ ਬੱਚਿਆਂ ਲਈ ਇੱਕ ਹੋਰ ਗੱਲ ਤੋਂ ਵੀ ਰੌਚਕ ਹੁੰਦਾ ਸੀ ਉਹ ਇਹ ਹੈ ਕਿ ਬੱਚੇ ਸੁਹਾਗੇ ਤੇ ਝੂਟੇ ਲੈਣਾ ਪਸੰਦ ਕਰਿਆ ਕਰਦੇ ਸਨ ਅਤੇ ਬਲਦਾਂ ਦੇ ਪਛਾੜੀ ਸੁਹਾਗੇ ਦੇ ਕੰਨ ਫੜ ਕੇ ਬੈਠ ਜਾਂਦੇ ਸਨ ਅਤੇ ਬਲਦਾਂ ਦੇ ਪੈੜਾਂ ਦੀ ਧੂੜ ਦੀ ਪ੍ਰਵਾਹ ਨਹੀਂ ਕਰਦੇ ਸਨ ,ਅਤੇ ਢੀਮਾਂ ਨਾਲ ਬੇਸ਼ੱਕ ਗਿੱਟੇ ਗੋਡੇ ਭੱਜ ਜਾਣੇ ਪਰ ਝੂਟੇ ਲੈਣ ਦਾ ਚਾਅ ਕਦੇ ਵੀ ਮੱਠਾ ਨਹੀਂ ਸੀ ਪੈਂਦਾ । ਅੱਜ ਦੇ ਬੱਚਿਆਂ ਲਈ ਇਹ ਸਭ ਕੁਝ ਕਾਲਪਨਿਕ ਚੀਜ਼ਾਂ ਬਣਕੇ ਰਹਿ ਗਿਆ ਹੈ ਅਤੇ ਪੰਜਾਬੀ ਸਭਿਆਚਾਰ ਦਾ ਅਮੀਰ ਵਿਰਸਾ ਹੌਲੀ ਹੌਲੀ ਗਰੀਬ ਹੋਣ ਦੇ ਕੰਢੇ ਜਾ ਪੁੱਜਾ ਹੈ ।

ਕਰੰਡੀ

ਕਰੰਡੀ ਇੱਕ ਅਜਿਹਾ ਸੰਦ ਹੈ ਜਿਸ ਨਾਲ ਖੇਤਾਂ ਵਿੱਚੋਂ ਸੁੱਕਾ ਘਾਹ ਆਦਿ ‘ਕੱਠਾ ਕੀਤਾ ਜਾਂਦਾ ਸੀ । ਜਾਂ ਬਰਸੀਮ, ਸੇਂਜੀ ਆਦਿ ਦੀ ਬਿਜਾਈ ਸਮੇਂ ਵੀ ਕਰੰਡੀ ਦੀ ਵਰਤੋਂ ਕੀਤੀ ਹੈ। ਕਈ ਲੋਕ ਕਰੰਡੀ ਦੀ ਜਗ੍ਹਾ ਬਰਸੀਮ ਬੀਜਣ ਸਮੇਂ ਕਿਸੇ ਸੰਘਣੇ ਦਰੱਖਤ ਦੇ ਸੁੱਕੇ ਛਾਪੇ(ਟਾਹਣ) ਦੀ ਵਰਤੋਂ ਵੀ ਕਰ ਲਿਆ ਕਰਦੇ ਸਨ । ਅੱਜ ਕੱਲ੍ਹ ਮਸ਼ੀਨਰੀ ਅਤੇ ਵਿਗਿਆਨਕ ਯੁੱਗ ਹੋਣ ਕਾਰਨ ਕਰੰਡੀ ਦੀ ਵਰਤੋਂ ਬਹੁਤ ਹੀ ਨਹੀਂ ਸਗੋਂ ਬਿਲਕੁਲ ਖਤਮ ਹੋ ਗਈ ਹੈ । ਕਰੰਡੀ ਦੋ ਤਰਾਂ ਦੀ ਹੁੰਦੀ ਸੀ । ਇੱਕ ਹੱਥ ਵਾਲੀ ਅਤੇ ਇੱਕ ਬਲਦਾਂ ਦੁਆਰਾ ਵਰਤੀ ਜਾਂਦੀ ਸੀ, ਜਿਸ ਨੂੰ ਬਲਦ ਖਿੱਚਦੇ ਹੁੰਦੇ ਸਨ । ਪਹਿਲੇ ਸਮਿਆਂ ਵਿੱਚ ਖੇਤਾਂ ਵਿੱਚ ਖੱਭਲ ਘਾਹ ਆਮ ਹੀ ਹੋ ਜਾਂਦਾ ਸੀ ਅਤੇ ਕਿਸਾਨ ਕੋਲ ਇਸ ਨੂੰ ਹੱਥਾਂ ਨਾਲ ਇਕੱਠਾ ਕਰਨ ਦਾ ਸਮਾਂ ਘੱਟ ਹੋਣ ਤੇ ਕਰੰਡੀ ਦੀ ਵਰਤੋਂ ਕੀਤੀ ਜਾਣ ਲੱਗੀ । ਕਰੰਡੀ ਨਾਲ ਮਾਲਵੇ ਦੇ ਇਲਾਕੇ ਵਿੱਚ ਢੀਮਾਂ ਵੀ ਭੰਨੀਆਂ ਜਾਂਦੀਆਂ ਸਨ । ਕਰੰਡੀ ਨਾਲ ਕਣਕ ਦਾ ਕਰੰਡ ਵੀ ਭੰਨਿਆ ਜਾਂਦਾ ਸੀ ਜਿਸ ਦਾ ਭਾਵ ਕਿ ਜਦੋਂ ਤਾਜ਼ੀ ਬੀਜੀ ਕਣਕ ਤੇ ਮੀਂਹ ਪੈ ਜਾਵੇ ਤਾਂ ਜ਼ਮੀਨ ਵਿੱਚ ਕਰੰਡ ਪੈ ਜਾਦਾ ਸੀ ਜਿਸ ਨੂੰ ਕਰੰਡੀ ਮਾਰ ਕੇ ਭੰਨਿਆ ਜਾਂਦਾ ਸੀ । ਇਸ ਨੂੰ ਮਾਲਵੇ ਦੇ ਇਲਾਕੇ ਵਿੱਚ ਕਰੰਡ ਕਿਹਾ ਜਾਂਦਾ ਸੀ । ਇਸ ਦੀ ਬਣਤਰ ਇਸ ਤਰਾਂ ਹੁੰਦੀ ਸੀ ਕਿ ਲੱਕੜ ਦੇ ਸਿੱਧੇ ਬਾਲੇ ਵਿੱਚ ਹੇਠਲੇ ਪਾਸੇ ਨੂੰ ਲੋਹੇ ਦੀਆਂ ਸੀਖਾਂ ਲਾਈਆਂ ਜਾਂਦੀਆਂ ਸਨ ਜੋ ਜ਼ਮੀਨ ਵਿੱਚ ਖੁੱਭ ਕੇ ਚਲਦੀਆਂ ਸਨ ਅਤੇ ਉੱਪਰਲੇ ਪਾਸੇ ਇੱਕ ਹੱਥੀ ਲਾਈ ਜਾਂਦੀ ਸੀ ਜਿਸ ਨਾਲ ਫ਼ੜ ਕੇ ਕਰੰਡੀ ਨੂੰ ਚਲਾਇਆ ਜਾਂਦਾ ਸੀ । ਇਸ ਦੇ ਦੋਵਾਂ ਪਾਸਿਆਂ ਤੇ ਦੋ ਕੁੰਡੇ ਲਾ ਕੇ ਰੱਸੇ ਬੰਨੇ ਜਾਂਦੇ ਸਨ ਜੋ ਪੰਜਾਲੀ ਨਾਲ ਬੱਝੇ ਹੁੰਦੇ ਸਨ । ਕਈ ਵਾਰ ਕਰੰਡੀ ਨੂੰ ਹਲ਼ ਵਾਂਗ ਬੇਲ ਵੀ ਲਾਈ ਜਾਂਦੀ ਸੀ । ਕਿਸਾਨ ਹੱਥ ਵਾਲੀ ਕਰੰਡੀ ਛੋਟੀ ਹੁੰਦੀ ਹੈ ਜੋ ਅੱਜ ਕੱਲ ਵੀ ਕਿਤੇ ਕਿਤੇ ਮਿਲ ਜਾਦੀ ਹੈ ।