ਸ਼ਿਕਾਰੀ …… ਡਾ. ਅਮਰੀਕ ਸਿੰਘ ਕੰਡਾ

ਇਕ ਬਹੁਤ ਹੀ ਆਲੀਸ਼ਾਨ ਕੋਠੀ ਮੈਨੂੰ ਗਿਫਟ ਚ ਮਿਲੀ ਹੈ । ਗੇਟ ਤੇ ਦੋ ਸਿਪਾਹੀ ਖੜ੍ਹੇ ਹਨ । ਬਹੁਤ ਹੀ ਆਲੀਸ਼ਾਨ ਤੇ ਸੁੰਦਰ ਪਾਰਕ ਮੇਰੀ ਕੋਠੀ ਚ ਬਣਿਆ ਹੈ । ਸਾਰੇ ਪਾਸੇ ਹਰਿਆਲੀ ਹੈ । ਫੁੱਲਾਂ ਦੀ ਮਹਿਕ ਹੈ । ਮੇਰੇ ਘਰ ਪ੍ਰਾਈਮ ਮਨਿਸਟਰ ਨੇ ਆਉਣਾ ਹੈ । ਵੱਡੇ ਵੱਡੇ ਅਫਸਰ ਬਾਹਰ ਖੜੇ ਮੇਰਾ ਇੰਤਜ਼ਾਰ ਕਰ ਰਹੇ ਨੇ । ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਹੈ । ਮਾਣ ਹੋਵੇ ਵੀ ਕਿਉਂ ਨਾ ? ਮੇਰੀਆਂ ਕੋਈ ਪੈਂਤੀ ਦੇ ਕਰੀਬ ਕਿਤਾਬਾਂ ਆ ਚੁੱਕੀਆਂ ਹਨ । ਮੇਰੀ ਹਰ ਲਿਖਤ ਦਾ ਨੋਟਿਸ ਲਿਆ ਜਾ ਰਿਹਾ ਹੈ । ਮੇਰੇ ਨਾਵਲ “ਰਸ ਬਿਨਾਂ ਗਨੇਰੀਆਂ” ਨੂੰ ਗਿਆਨਪੀਠ ਐਵਾਰਡ ਮਿਲਿਆ ਹੈ । ਮੇਰੀ ਇਹ ਬਹੁਤ ਵੱਡੀ ਪ੍ਰਾਪਤੀ ਹੈ । ਮੈਂ ਬਹੁਤ ਖੁਸ਼ ਹਾਂ । ਮੈਨੂੰ ਇਉਂ ਮਹਿਸੂਸ ਹੋ ਰਿਹਾ ਹੈ ਕਿ ਪੈਸਾ ਸਭ ਨਾਲੋਂ ਸ਼ਕਤੀ ਸ਼ਾਲੀ ਚੀਜ਼ ਹੈ । ਮੈਨੂੰ ਹੁਣ ਸਾਰੇ ਦੋਸਤ ਟੈਲੀਫੋਨ ਤੇ ਵਧਾਈਆਂ ਦੇ ਰਹੇ ਹਨ । ਕਈ ਮੇਰੇ ਟੈਲੀਫੋਨ ਤੇ ਨਵੇਂ ਦੋਸਤ ਬਣੇ ਨੇ । ਮੈਂ ਵਿਸਕੀ ਪੀ ਰਿਹਾ ਹਾਂ । ਮੈਂ ਜ਼ੋਰ ਨਾਲ ਹੱਥ ਮਾਰਦਾਂ ਹਾਂ । ਮੈਂ ਤ੍ਰਭਕ ਕੇ ਉਠਦਾਂ ਹਾਂ । ਉਹ ਇਹ ਤਾਂ ਸੁਪਨਾ ਸੀ । ਤਦੇ ਹੀ ਟੈਲੀਫੋਨ ਦੀ ਘੰਟੀ ਵੱਜਦੀ ਹੈ ।
ਮੈਂ ਚੋਂਗਾ ਉਠਾਉਂਦਾਂ ਹਾਂ । ਅੱਗੋਂ ਮੈਨੂੰ ਕਿਸੇ ਸਮਾਗਮ ਦਾ ਨਿਯੋਤਾ ਹੈ । ਕਿਸੇ ਕੁੜੀ ਦੀ ਕਿਤਾਬ ਤੇ ਗੋਸ਼ਟੀ ਹੈ । ਮੈਂ ਮਹਾਨ ਸਾਹਿਤਕਾਰ ਹੋਣ
 ਦੇ ਬਾਵਜੂਦ ਵੀ ਗੋਸ਼ਟੀਆਂ ਤੇ ਜਾਣ ਤੋਂ ਡਰਦਾਂ ਹਾਂ । ਪਰ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ । ਬੱਸ ਫੜ੍ਹਦਾਂ ਹਾਂ । ਪੰਦਰਾਂ ਵੀਹਾਂ ਮਿੰਟਾਂ ਚ ਪਹੁੰਚ ਜਾਂਦਾ ਹਾਂ । ਅਖੀਰ ਮੈਂ ਗੋਸ਼ਟੀ ਚ ਸ਼ਾਮਿਲ ਹੁੰਦਾ ਹਾਂ । ਮੈਂ ਪ੍ਰਧਾਨਗੀ ਮੰਡਲ ਚ ਬੈਠਦਾਂ ਹਾਂ । ਉਸ ਕੁੜੀ ਨੂੰ ਕਹਿੰਦਾਂ ਹਾਂ
“ਤੁਸੀਂ ਤਾਂ ਕਮਾਲ ਹੀ ਕਰ ਦਿੱਤਾ,ਐਤਕੀ ਬਾਜ਼ੀ ਲੈ ਹੀ ਗਏ ।”ਮੈਂ ਉਸ ਨੂੰ ਕਿਹਾ
“ਥੈਂਕ ਯੂ ।”
“ਤੁਹਾਡੀ ਕਹਾਣੀ ਛੂ ਮੰਤਰ ਬਹੁਤ ਚੰਗੀ ਲੱਗੀ ।”
“ਥੈਂਕ ਯੂ ।” ਉਸ ਨੇ ਫਿਰ ਕਿਹਾ ।
ਹਮੇਸ਼ਾ ਵਾਂਗ ਮੇਰੀ ਉਡਦੀ ਨਜ਼ਰ ਉਸ ਕੁੜੀ ਤੋਂ ਹਟ ਕੇ ਉਸਦੇ ਮਿੱਤਰ ਪ੍ਰੇਮ ਪ੍ਰਸੰਗੀ ਤੇ ਪਈ । ਜਿਹੜਾ ਇਕ ਸਾਹਤਿਕ ਮੈਗਜ਼ੀਨ ਦਾ ਐਡੀਟਰ ਵੀ ਹੈ । ਹਰ ਵਾਰ ਇਹ ਕੁੜੀ ਦੀ ਕਹਾਣੀ ਇਸ ਚ ਜਰੂਰ ਲੱਗੀ ਹੁੰਦੀ ਹੈ । ਇਹ ਦੋਨੋ ਪਤੀ ਪਤਨੀ ਵਾਂਗ ਰਹਿੰਦੇ ਨੇ । ਇਸ ਕਿਤਾਬ ਤੇ ਤਕਰੀਬਨ ਕੋਈ ਅੱਠ ਗੋਸ਼ਟੀਆਂ ਹੋ ਗਈਆਂ ਨੇ । ਇਹ ਨੌਂਵੀ ਗੋਸ਼ਟੀ ਹੈ । ਅਜੇ ਇਸ ਕੁੜੀ ਦੀਆਂ ਦੋ ਕਿਤਾਬਾਂ ਹੀ ਆਈਆਂ ਨੇ । ਇਸ ਕੁੜੀ ਦੀ ਕਿਤਾਬ “ਸੰਭੋਗ ਹੀ ਸੰਭੋਗ” ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਦੇ ਮਿਲਦੇ ਰਹਿ ਗਿਆ । ਲੁਹਾਰ ਸਿੰਘ ਘਣ ਨਾਂ ਦਾ ਲੇਖਕ ਸਾਹਿਤ ਅਕਾਦਮੀ ਦਾ ਇਨਾਮ ਲੈ ਗਿਆ । ਬਹੁਤ ਸਾਰੇ ਲੇਖਕ ਗੱਲਾਂ ਕਰ ਰਹੇ ਸਨ । ਇਕ ਲੇਖਕ ਕਹਿ ਰਿਹਾ ਸੀ
“ਪਹਿਲਾਂ ਪਹਿਲਾਂ ਹੁੰਦਾ ਸੀ ਕਿ ਇਨਾਮ ਕਿਸ ਲੇਖਕ ਨੂੰ ਮਿਲੂਗਾ ? ਪਰ ਹੁਣ ਇਹ ਹੈ ਕਿ ਵੇਖੋ ਕੌਣ ਲੈ ਕੇ ਜਾਊਗਾ ?”
“ਉਹ ਯਾਰ ਮੈਂ ਵੀ ਕਿਤੇ ਕੁੜੀ ਲੇਖਕ ਹੁੰਦਾ ਤਾਂ ਇਨਾਮ ਤਾਂ ਵੱਟ ਤੇ ਪਿਆ ਸੀ ।”ਦੂਜਾ ਬੋਲਿਆ
“ਯਾਰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਹ ਕੁੜੀਆਂ ਇਕ ਜਾਂ ਦੋ ਕਿਤਾਬਾਂ ਲਿਖਣ ਤੋਂ ਬਾਅਦ ਲਿਖਣਾ ਕਿਉਂ ਛੱਡ ਜਾਂਦੀਆਂ ?” ਤੀਜਾ ਬੋਲਿਆ
“ਇਹ ਤੈਨੂੰ ਮੈਂ ਦੱਸਦਾਂ,ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀਆਂ ਕੁੜੀਆਂ ਲਿਖਦੀਆਂ ਨੇ ਉਹਨਾਂ ਦੀ ਚਾਲੀ ਸਾਲ ਦੀ ਉਮਰ ਤੱਕ ਸੁਣਵਾਈ ਹੁੰਦੀ ਆ,ਪ੍ਰੇਮ ਪ੍ਰਸੰਗੀ ਵਰਗੇ ਆਪਣੇ ਮੈਗਜ਼ੀਨ ਚ ਛਾਪਦੇ ਨੇ । ਉਸ ਤੋਂ ਬਾਅਦ ਤਾਂ…..।”ਸਾਰੇ ਹੱਸ ਪੈਂਦੇ ਨੇ
“ਉਹ ਭਾਈ ਕਿਤਾਬ ਦਾ ਨਾਂ ਵੀ ਪ੍ਰੇਮ ਪ੍ਰਸੰਗੀ ਨੇ ਰੱਖਿਆ”ਸੰਭੋਗ ਹੀ ਸੰਭੋਗ” । ਇਕ ਹੋਰ ਬੋਲਿਆ ਸੀ ।
ਮੈਨੂੰ ਪਤਾ ਲੱਗਾ ਅੱਜ ਮੇਰਾ ਵੀ ਸਨਮਾਨ ਹੋ ਰਿਹਾ ਹੈ । ਇਕ ਦੋ ਨਵੇਂ ਲੇਖਕਾਂ ਦੀਆਂ ਕਿਤਾਬਾਂ ਵੀ ਰਲੀਜ਼ ਕਰਨੀਆਂ ਨੇ । ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਸਰਮਾਏ ਦਾਰੀ ਤੇ ਲੇਖਣੀ ਦੋਨੋਂ ਰਲ ਗਏ ਹੋਣ । ਆਲੋਚਕ ਤੇ ਲੇਖਕ ਆਪਣੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ । ਤਕਰੀਬਨ ਸਾਰੇ ਹੀ “ਸੰਭੋਗ ਹੀ ਸੰਭੋਗ” ਦੇ ਹੱਕ ਚ ਬੋਲੇ । ਫੇਰ ਪੰਦਰਾਂ ਮਿੰਟ ਲਈ ਚਾਹ ਦੀ ਬਰੇਕ ਹੋਈ ਤਾਂ ਮੈਂ ਬਾਹਰ ਵੇਖਿਆ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ । ਬਾਹਰ ਮੇਰਾ ਪਬਲਿਸ਼ਰ ਕਿਤਾਬਾਂ ਦੀ ਸਟਾਲ ਲਾਈ ਬੈਠਾ ਸੀ । ਮੈਂ ਉਠ ਕੇ ਉਸ ਕੋਲ ਗਿਆ । ਮੇਰੀਆਂ ਕਿਤਾਬਾਂ ਤੇ ਨਾਵਲ ਲਾਈਨਾਂ ਚ ਸਜਾਏ ਪਏ ਸਨ । ਮੈਂ ਉਸ ਨੂੰ ਪੁੱਛਿਆ ਕਿ
“ਭਾਈ ਕਿੰਨੇ ਨਾਵਲ ਵਿਕ ਗਏ ?”
 “ਆਉ ਜੀ ,ਬੈਠੋ । ਉਹ ਕੁਰਸੀ ਛੱਡ ਖੜ੍ਹਾ ਹੋ ਗਿਆ ।
“ਕੀ ਪੀਉਂਗੇ ਠੰਡਾ ਕਿ ਗਰਮ ?”ਉਸਨੇ ਮੈਨੂੰ ਬਿਠਾ ਕੇ ਪੰਪ ਮਾਰਦੇ ਹੋਏ ਕਿਹਾ ।
“ਕਿਵੇਂ ਆ ਨਾਵਲ ……?”ਅਜੇ ਮੈਂ ਗੱਲ ਪੂਰੀ ਨਹੀਂ ਸੀ ਕੀਤੀ ਕਿ ਮੇਰੀ ਗੱਲ ਵਿੱਚੇ ਕੱਟ ਕੇ ਉਹ ਬੋਲਿਆ ।
“ਅਜੇ ਕਿੱਥੇ ਜੀ ਅਜੇ ਤਾਂ ਉਵੇਂ ਹੀ ਪਏ ਨੇ,ਵੈਸੇ ਮੈਂ ਤੁਹਾਡਾ ਅਗਲਾ ਅਡੀਸ਼ਨ ਛਾਪ ਲਿਆ ਹੈ ।”
ਮੇਰੇ ਖੜ੍ਹੇ ਖੜ੍ਹੇ ਮੇਰੀਆਂ ਦੋ ਤਿੰਨ ਕਿਤਾਬਾਂ ਵਿਕੀਆਂ । ਮੈਨੂੰ ਇਹ ਪਬਲਿਸ਼ਰ ਘਰਵਾਲੇ ਦੀ ਜੇਬ ਚੋਂ ਚੋਰੀ ਪੈਸੇ ਕੱਢਣ ਵਾਲੀ ਘਰਵਾਲੀ ਲੱਗਿਆ । ਦੋ ਤਿੰਨ ਕੁੜੀਆਂ ਨੇ ਮੇਰੇ ਬਾਰੇ ਪੁੱਛਿਆ । ਪਬਲਿਸ਼ਰ ਨੇ ਫੇਰ ਮੇਰੇ ਬਾਰੇ ਪੰਪ ਮਾਰਦੇ ਹੋਏ ਉਹਨਾਂ ਕੁੜੀਆਂ ਕੋਲ ਮੇਰੀ ਤਾਰੀਫ ਕੀਤੀ ।
ਉਹਨਾਂ ਨੇ ਮੇਰੇ ਪਬਲਿਸ਼ਰ ਕੋਲੋਂ ਮੇਰੀਆਂ ਕਿਤਾਬਾਂ ਲੈ ਕੇ ਉਹਨਾਂ ਤੇ ਆਟੋ ਗਰਾਫ ਲੈ ਕੇ ਧੰਨਵਾਦ ਕਹਿ ਕੇ ਉਹ ਚਲੀਆਂ ਗਈਆਂ । ਮੈਨੂੰ ਖੁਸ਼ੀ ਹੋਈ  । ਚਾਰ ਪੰਜ ਨਵੇਂ ਲੇਖਕ ਮੁੰਡੇ ਕੁੜੀਆਂ ਮੇਰੇ ਕੋਲ ਆਏ ਤੇ ਕਈਆਂ ਨੇ ਨਮਸਤੇ ਤੇ ਕਿਸੇ ਨੇ ਪੈਂਰੀ ਹੱਥ ਲਗਾਏ । ਇਕ ਕੁੜੀ ਬੋਲੀ
“ਸਰ ਥੋਡਾ ਨਵਾਂ ਨਾਵਲ ਪੜ੍ਹਿਆ ਬਹੁਤ ਚੰਗਾ ਲਗਿਆ ।”
“ਸਰ ਥੋਡੀ ਕੋਠੀ ਕਿੱਥੇ ਆ ?” ਇਕ ਪੱਤਰਕਾਰ ਮੁੰਡੇ ਨੇ ਪੁੱਛਿਆ
“ਉਹ ਭਾਈ ਮੈਂ ਤਾਂ ਇਕ ਲੇਖਕ ਆਂ,ਮੈਂ ਕਿਹੜਾ ਪਬਲਿਸ਼ਰ ਆਂ ?”ਮੈਂ ਗੱਲ ਜਾਣਬੁਝ ਕੇ ਕਹੀ ਸੀ ।
ਪਬਲਿਸ਼ਰ ਮੇਰੇ ਵੱਲ ਵੇਖ ਕੇ ਹੱਸਿਆ । ਉਹ ਮੁੰਡਾ ਮੇਰੇ ਵੱਲ ਵੇਖਦਾ ਰਿਹਾ ਕੁਝ ਬੋਲਿਆ ਨਹੀਂ । ਉਹ ਕੀ ਸੋਚਦਾ ਹੋਵੇਗਾ ? ਕਿੱਥੇ ਉਹ ਮੈਨੂੰ ਇਕ ਮਹਾਨ ਲੇਖਕ ਸਮਝ ਕੇ ਮਿਲਣ ਆਇਆ ਸੀ । ਇਕ ਮਹਾਨ ਲੇਖਕ ਦੀ ਦਿਲ ਦੀ ਗੱਲ ਸੁਣ ਸੁੰਨ ਹੋ ਗਿਆ । ਹੁਣ ਮੇਰੀ ਮਹਾਨਤਾ ਨਿਸਚਿਤ ਰੂਪ ਚ ਸ਼ਕ ਦੇ ਘੇਰੇ ਚ ਆ ਗਈ ਸੀ । ਮੈਂ ਅੰਦਰ ਹੀ ਅੰਦਰ ਬੇਚੈਨ ਹੋ ਗਿਆ ਸੀ । ਇੱਧਰ ਹੋ ਰਹੀ ਗੋਸ਼ਟੀ ਦੀ ਜਵਾਨੀ ਬੁਢਾਪੇ ਵੱਲ ਨੂੰ ਜਾਣ ਲੱਗੀ ਸੀ । ਔਰਤ ਲੇਖਕਾਂ ਦੀਆਂ ਲਿਪਸਟਿਕਾਂ ਦਾ ਰੰਗ ਘੁਲਣ ਲੱਗਾ ਸੀ । ਹੌਲੀ ਹੌਲੀ ਲੋਕ ਖਿਸਕਨ ਲੱਗੇ ਸਨ । ਮੇਰਾ ਸਨਮਾਨ ਕੀਤਾ ਗਿਆ । ਮਮੰਟੋ ਤੇ ਲੋਈ ਦਿੱਤੀ ਗਈ । ਪ੍ਰਧਾਨਗੀ ਭਾਸ਼ਨ ਹੋਇਆ ਤੇ ਸਭ ਸਮਾਪਤੀ ਹੋ ਗਈ । ਮੈਂ ਜਦੋਂ ਵੀ ਮਮੰਟੋ ਲੈ ਕੇ ਜਾਂਦਾਂ ਹਾਂ ਤਾਂ ਮੇਰੀ ਬਿਰਧ ਮਾਂ ਮੈਨੂੰ ਕਹਿੰਦੀ ਹੈ
“ਪੁੱਤ ਆ ਗਿਆ ਲੱਕੜ ਜਿਹੀ ਲੈ ਕੇ ? ਸਵੇਰ ਦਾ ਗਿਆ ਹੁਣ ਆਇਆਂ ,ਰੋਟੀ ਰੂਟੀ ਖਾਧੀ ਆ ਕਿ ਲੈਚਕਰ ਸੁਣ ਕੇ ਹੀ ਆਇਆਂ ?”
ਹੋਰ ਤਾਂ ਹੋਰ ਸਾਡੇ ਘਰ ਚ ਸਫਾਈਆਂ ਕਰਦੀ ਗਿਆਨੋ ਮੇਰੀ ਸ਼੍ਰੀਮਤੀ ਨੂੰ ਕਹਿੰਦੀ ਕਿ
“ਸਰਦਾਰ ਜੀ ਕੋਈ ਕੰਮ ਨਹੀਂ ਕਰਦੇ ?”
“ਨਹੀਂ ਇਹ ਤਾਂ ਰਿਟਾਇਰ ਨੇ ।”
“ਫੇਰ ਕੀ ਹੋਇਆ ਮੇਰਾ ਘਰਵਾਲਾ ਵੀ ਕਮੇਟੀ ਚੋਂ ਰਿਟਾਇਰ ਹੋਇਆ ਉਹ ਤਾਂ ਕੰਮ ਕਰਦਾ ।”ਉਹ ਬੋਲੀ ।
ਹੁਣ ਉਸਨੂੰ ਕੀ ਪਤਾ ਬਈ ਅਸੀਂ ਸਾਹਿਤ ਲਈ ਕਿੰਨਾ ਕੰਮ ਕਰਦੇ ਆ । ਇਹ ਕਿਰੀਏਟਿਵ ਵਰਕ ਆ । ਪਰ ਇਹ ਅਨਪੜ ਲੋਕ ਕੀ ਜਾਨਣ । ਜਦੋਂ ਮੈਂ ਬਾਹਰ ਜਾਂਦਾ ਆਂ ਤਾ ਕਿੰਨੇ ਲੋਕ ਸਨਮਾਨ ਕਰਦੇ ਨੇ । ਵੱਡੇ ਵੱਡੇ ਅਖ਼ਬਾਰਾਂ ਚ ਨਾਂ ਆਉਂਦਾਂ । ਇਕ ਦਿਨ ਮੇਰੀ ਟੀ.ਵੀ.ਤੇ ਇੰਟਰਵਿਊ ਸੀ । ਸਾਡੇ ਸਫਾਈਆਂ ਕਰਨ ਵਾਲੀ ਨੇ ਵੀ ਵੇਖੀ । ਉਹ ਵੀ ਬਹੁਤ ਖੁਸ਼ ਹੋਈ । ਉਹ ਮੇਰੀ ਸ਼੍ਰੀਮਤੀ ਨੂੰ ਪੁੱਛਦੀ ਹੈ
 “ਸਰਦਾਰ ਜੀ ਟੀ.ਵੀ ਚ ਆਏ ਸੀ ਤਾਂ ਉਹਨਾਂ ਨੇ ਟੀ.ਵੀ. ਤੇ ਆਉਣ ਦੇ ਕਿੰਨੇ ਪੈਸੇ ਦਿੱਤੇ ?”
“ਕਮਲੀਏ ਇਹਨਾਂ ਨੂੰ ਤਾਂ ਮਿਲੇ ਆ ਪੈਸੇ ।”
“ਅੱਛਾ ਸਾਡੇ ਸਰੀਕੇ ਚ ਮੇਰੇ ਜੇਠ ਦਾ ਮੁੰਡਾ ਗਾਣੇ ਗਾਉਂਦਾਂ,ਉਹ ਤਾਂ ਵੀਹ ਹਜਾਰ ਦੇ ਕੇ ਆਇਆ ਸੀ ।”
ਉਹ ਵਿਚਾਰੀ ਅਨਪੜ ਕੰਮ ਵਾਲੀ ਸਹੀ ਕਹਿ ਰਹੀ ਸੀ । ਦੂਰਦਰਸ਼ਨ ਦਾ ਵੀ ਬਹੁਤ ਮਾੜਾ ਹਾਲ ਆ । ਪਰ ਇਹ ਗਾਉਣ ਵਾਲੇ ਸਾਡੇ ਲਿਖਣ ਵਾਲਿਆਂ ਨਾਲੋਂ ਤਾਂ ਚੰਗੇ ਨੇ । ਇਕ ਰੀਲ ਹਿੱਟ ਹੋ ਗਈ ਸਾਰੀ ਉਮਰ ਦੀਆਂ ਰੋਟੀਆਂ ਆ ਗਈਆਂ ਟੌਹਰ ਵੱਖਰੀ ।
ਸਮਾਗਮ ਖਤਮ ਹੋਣ ਤੇ ਇਕ ਕਿਸੇ ਵੱਡੇ ਅੰਗਰੇਜੀ ਅਖ਼ਬਾਰ ਦਾ ਪੱਤ੍ਰਰਕਾਰ ਮੇਰੇ ਕੋਲ ਆਇਆ ਤੇ ਬੋਲਿਆ
“ਸਰ ਥੋਡੀ ਇੰਟਰਵਿਊ ਕਰਨੀ ਹੈ ।”
“ਦੱਸੋ ਕਦੋਂ ਕਰਨੀ ਆ ?” ਮੈਂ ਉਸ ਨੂੰ ਪੁੱਛਿਆ
“ਸਰ ਇਹ ਦੱਸੋ ,ਤੁਹਾਡਾ ਨਾਵਲ “ਅਸਲ ਵੇਸ਼ਿਆ ਕੌਣ ?” ਪੰਜਵੀਂ ਵਾਰ ਛਪ ਰਿਹਾ ਹੈ । ਇਸ ਨੂੰ ਆਲੋਚਕ ਪੰਜਾਬੀ ਦਾ ਸਭ ਨਾਲੋਂ ਜਿਆਦਾ ਵਿਕਣ ਵਾਲਾ ਨਾਵਲ ਕਹਿੰਦੇ ਨੇ । ਇਸ ਬਾਰੇ ਤੁਸੀਂ ਕੀ ਕਹੋਂਗੇ ?
“ਪਹਿਲੀ ਗੱਲ ਤਾਂ ਇਹ ਛੇਂਵੀ ਵਾਰ ਛਪ ਰਿਹਾ ਹੈ । ਦੂਜੀ ਗੱਲ ਮੈਂ ਤਾਂ ਇਕ ਲੇਖਕ ਹਾਂ,ਜੋ ਮੈਂ ਕਹਿਣਾ ਸੀ ਨਾਵਲ ਚ ਕਿਹਾ ਹੈ,ਲੋਕ ਇਸ ਬਾਰੇ ਕੀ ਕੀ ਕਹਿੰਦੇ ਕੀ ਕੀ ਕਰਦੇ ਨੇ ਮੈਂ ਸੁਣ ਵੇਖ ਤੇ ਨੋਟ ਕਰ ਰਿਹਾਂ ਹਾਂ ।”
“ਤੁਸੀਂ ਇਹ ਨਾਵਲ ਕਿੰਨੇ ਸਾਲਾਂ ਚ ਲਿਖਿਆ ?”
 “ਮੈਂ ਕੋਈ ਦਸ ਸਾਲ ਦਿੱਲੀ ਰਿਹਾ,ਇਹਨਾਂ ਵੇਸ਼ਵਾਵਾਂ ਦੀ ਜਿੰਦਗੀ ਬਾਰੇ ਅੱਡ ਅੱਡ ਐਂਗਲਾਂ ਤੋਂ ਵੇਖਿਆ ਇਹਨਾਂ ਦੀ ਜਿੰਦਗੀ ਦੀਆਂ ਅਸਲ ਘਟਨਾਵਾਂ ਨੂੰ ਵੇਖ ਕੇ ਨਾਵਲ ਦਾ ਰੂਪ ਦਿੱਤਾ ।”
“ਤੁਹਾਡਾ ਇ੍ਹਨਾਂ ਨਾਂ ਹੈ ,ਤੁਸੀਂ ਹੁਣ ਤੱਕ ਚਾਰ ਦਰਜਨਾਂ ਕਿਤਾਬਾਂ ਲਿਖ ਚੁੱਕੇ ਹੋ,ਸਾਨੂੰ ਪਤਾ ਲੱਗਾ ਹੈ ਕਿ ਤੁਹਾਡਾ ਆਪਣਾ ਘਰ ਵੀ ਨਹੀਂ ਹੈ ,ਕੀ ਇਹ ਸੱਚ ਹੈ ?”
“ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ,ਤੁਸੀਂ ਮੇਰੀ ਤਾਰੀਫ ਕੀਤੀ । ਹਾਂ ਇਹ ਬਿਲਕੁੱਲ ਸੱਚ ਹੈ ਕਿ ਮੇਰਾ ਘਰ ਨਹੀਂ ਹੈ । ਮੈਂ ਕਿਰਾਏ ਤੇ ਰਹਿੰਦਾਂ ਹਾਂ ।”ਮੈਂ ਇਕੋ ਸਾਹ ਹੋਰ ਕਹਿਣਾ ਚਾਹੁੰਦਾਂ ਸਾਂ ਕਿ ਜਿਹੜਾ ਮੇਰਾ ਪ੍ਰਕਾਸ਼ਕ ਹੈ । ਅੱਜ ਤੋਂ ਦਸ ਸਾਲ ਪਹਿਲਾਂ ਉਹ ਮੇਰੇ ਕੋਲ ਸਾਈਕਲ ਤੇ ਆਉਂਦਾ ਸੀ । ਮੇਰੇ ਵਾਂਗ ਕਿਰਾਏ ਤੇ ਰਹਿੰਦਾ ਸੀ । ਪਰ ਹੁਣ ਉਸ ਕੋਲ ਆਪਣੀ ਕਾਰ ਕੋਠੀ ਹੈ । ਜਦੋਂ ਉਹ ਆਪਣੀ ਨਵੀਂ ਨੁੱਕ ਕਾਰ ਮੇਰੇ ਦਰਵਾਜੇ ਦੇ ਮੂਹਰ ਦੀ ਲੰਘਦਾ ਹੈ ਤਾਂ ਮੈਨੂੰ ਇਸ ਤਰਾਂ ਲਗਦਾ ਹੈ ਕਿ ਜਿਵੇਂ ਉਹ ਕਾਰ ਮੇਰੀ ਹੋਵੇ ।
ਮੈਂ ਸਾਹਿਤਕਾਰ ਹੋਇਆ ਤਾਂ ਕੀ ਹੋਇਆ ਆਖਿਰ ਮੈਂ ਵੀ ਤਾ ਇਨਸਾਨ ਹਾਂ । ਮੇਰੀਆਂ ਵੀ ਤਮੰਨਾਵਾਂ ਹਨ । ਇਕ ਦਿਨ ਮੈਂ ਉਸਨੂੰ ਕਿਹਾ ਸੀ । ਉਸ ਦਿਨ ਤੋਂ ਬਾਅਦ ਉਸਨੇ ਮੈਨੂੰ ਕਦੇ ਫੋਨ ਵੀ ਨਹੀਂ ਕੀਤਾ ।
“ਤੁਹਾਡਾ ਪਬਲਿਸ਼ਰ ਤੁਹਾਡੀ ਬਹੁਤ ਤਾਰੀਫ ਕਰਦਾ ਹੈ,ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਂਗੇ ?”
“ਹਾਂ ਜੀ ਉਹਨਾਂ ਦਾ ਵੱਡਪਨ ਹੈ ।”ਮੈਨੂੰ ਪੱਤਰਕਾਰ ਨੇ ਅਤੀਤ ਚੋਂ ਵਰਤਮਾਨ ਚ ਲਿਆਂਦਾਂ ਸੀ । ਮੇਰਾ ਪਬਲਿਸ਼ਰ ਮੇਰੀ ਤਾਰੀਫ ਕਰਦਾ ਹੈ । ਤਾਰੀਫ ਕਰਨੀ ਬਣਦੀ ਵੀ ਹੈ । ਹੋਰ ਮੇਰੇ ਕੋਲ ਇਸ ਤੋਂ ਬਿਨਾਂ ਹੈ ਵੀ ਕੀ ? ਤਾਰੀਫਾਂ,ਹਰ ਪਾਸੇ ਤਾਰੀਫਾਂ,ਫੋਕੀਆਂ ਵਡਿਆਈਆਂ । ਦੂਸਰੇ ਦਿਨ ਇੰਗਲਿਸ਼ ਅਖ਼ਬਾਰ ਚ ਮੇਰੀ ਬਹੁਤ ਵੱਡੀ ਇੰਟਰਵਿਊ ਛਪੀ ਸੀ । ਮੇਰੀਆਂ ਤਾਰੀਫਾਂ ਕੀਤੀਆਂ ਹੋਈਆਂ ਸਨ । ਪੱਤਰਕਾਰਾਂ ਵੀ ਕਮਾਲ ਕਰ ਦਿੰਦੇ ਨੇ ਇਹਨਾਂ ਦੀ ਬਹੁਤ ਟੌਹਰ ਹੈ । ਪਰ ਹੁਣ ਤਾਂ ਮੁੱਹਲੇ ਮੁੱਹਲੇ ਚ ਨਹੀਂ ਗਲੀ ਗਲੀ ਚ ਨਹੀਂ ਘਰ ਘਰ ਪੱਤਰਕਾਰ ਬਣੇ ਬੈਠੇ ਨੇ । ਗਾਣੇ ਗਾਉਣ ਵਾਲਿਆਂ ਵਾਂਗ
ਇਕ ਦਿਨ ਮੈਂ ਤਹਿਸੀਲਦਾਰ ਨੂੰ ਮਿਲਣ ਗਿਆ । ਭਤੀਜੇ ਦਾ ਡੋਮੀਸ਼ਾਈਲ ਦਾ ਸਰਟੀਫਕੇਟ ਬਣਵਾਉਣਾ ਸੀ । ਮੈਨੂੰ ਚਪੜਾਸੀ ਨੇ ਕਿਹਾ ਕਿ ਮੀਟਿੰਗ ਚੱਲ ਰਹੀ ਆ । ਪਰ ਜਦੋਂ ਇਕ ਵੀਕਲੀ ਅਖ਼ਬਾਰ ਦਾ ਪੱਤਰਕਾਰ ਮਿਲਣ ਆਇਆ ਤਾਂ ਉਸ ਨੂੰ ਰੋਕਿਆ ਹੀ ਨਹੀਂ । ਇਕ ਦਿਨ ਮੈਨੂੰ ਮੇਰੇ ਦੋਸਤ ਦਾ ਟੈਲੀਫੋਨ ਆਇਆ । ਇਹ ਮੇਰਾ ਦੋਸਤ ਆਈ.ਏ.ਐਸ ਸੀ । ਅੱਜਕਲ ਐਜੂਕੇਸ਼ਨ ਸੈਕਟਰੀ ਸੀ ।
“ਭਾਈ ਸਾਹਬ ਛਾਏ ਪਏਂ ਉਂ ।”
 “ਬੱਸ ਜੀ ਕੱਲੇ ਛਾਏਂ ਈ ਪਏਂ ਆਂ ।”
ਉਹ ਮੇਰਾ ਲੰਗੋਟੀਆਂ ਆੜੀ ਸੀ । ਉਹ ਮੇਰੀ ਗੱਲ ਸਮਝ ਗਿਆ ਸੀ । ਮੇਰੇ ਪਬਲਿਸ਼ਰ ਦਾ ਫੋਨ ਨੰਬਰ ਲਿਆ । ਦੂਸਰੇ ਦਿਨ ਹੀ ਪਬਲਿਸ਼ਰ ਸਾਹਬ ਦਾ ਫੋਨ ਆ ਗਿਆ ਸੀ ।
“ਹੈਲੋ ,ਸਰ ਤੁਸੀਂ ਤਾਂ ਛਾ ਗਏ ਜੀ ।”
“ਕਿਵੇਂ ਕਦੋਂ ?”
“ਤੁਹਾਡਾ ਵੀਹ ਹਜ਼ਾਰ ਨਾਵਲ ਛਪਵਾਇਆ ਹੈ । ਐਮ ਏ ਚ ਲਗ ਗਿਆ ਹੈ ਤੇ ਹਿੰਦੀ ਚ ਅਨੁਵਾਦ ਕਰਨ ਨੂੰ ਕਿਹਾ ਹੈ ।”
ਮੈਂ ਦੂਸਰੇ ਦਿਨ ਪਬਲਿਸ਼ਰ ਕੋਲ ਗਿਆ ਤੇ ਜਾ ਕੇ ਨਾਵਲ ਬਾਰੇ ਪੁਛਿਆ
“ਉਹ ਅੱਜਕਲ ਕਿਤਾਬਾਂ ਕਿੱਥੇ ਵਿਕਦੀਆਂ ਨੇ,ਇਹ ਤਾਂ ਵੇਚਨੀਆਂ ਪੈਂਦੀਆਂ ਨੇ ।”ਇਹ ਉਸਦਾ ਪੁਰਾਣਾ ਤੇ ਘਟੀਆ ਡਾਇਲਾਗ ਸੀ । ਜਿਹੜਾ ਕਿ ਉਸਨੇ ਹਰ ਨੂੰ ਕਹਿਣਾ ਹੀ ਹੁੰਦਾ ਹੈ । ਉੱਥੇ ਇਕ ਮਸ਼ਹੂਰ ਕਵਿੱਤਰੀ ਤੇ ਕਵੀ ਆ ਗਏ । ਉਹ ਦੋਨੋ ਮੈਨੂੰ ਆਪਣੀਆਂ ਕਵਿਤਾਵਾਂ ਤੇ ਗਜ਼ਲਾਂ ਸੁਣਾ ਕੇ ਆਨੰਦ ਲੈ ਰਹੇ ਸਨ । ਵੈਸੇ ਵੀ ਅਸਲ ਜਿੰਦਗੀ ਚ ਦੋਨੋਂ ਆਨੰਦ ਹੀ ਲੈਂਦੇ ਰਹੇ ਨੇ ਤੇ ਲੈ ਰਹੇ ਹਨ । ਕਵਿੱਤਰੀ ਬਾਈ ਤੇਈ ਸਾਲ ਦੀ ਸੀ । ਕਵੀ ਸਾਹਬ ਸੱਠਾਂ ਨੂੰ ਢੁੱਕੇ ਸਨ ।  ਕਵਿੱਤਰੀ ਦੀ ਗਜ਼ਲਾਂ ਦੀ ਨਵੀਂ ਕਿਤਾਬ ਆ ਰਹੀ ਸੀ । ਉਸਦੀ ਸਿਫਾਰਸ਼ ਕਰਨ ਇਹ ਕਵੀ ਸਾਹਬ ਆਏ ਸਨ । ਪਬਲਿਸ਼ਰ ਨੂੰ ਕਹਿ ਰਹੇ ਸਨ
“ਭਾਈ ਇਸਦੀਆਂ ਗਜ਼ਲਾਂ ਤਾਂ ਧੁੰਮ ਮਚਾ ਦੇਣਗੀਆਂ,ਤੂੰ ਧਿਆਨ ਰੱਖਿਆ ਕਰ,ਇਹਦੇ ਕੋਲੋਂ ਪੈਸੇ ਹਿਸਾਬ ਨਾਲ ਲਈ ।”
“ਪੰਦਰਾਂ ਹਜ਼ਾਰ ਚ ਗੱਲ ਹੋਈ ਆ ਜੀ ਇ੍ਹਨਾਂ ਨਾਲ ।”ਪਬਲਿਸ਼ਰ ਬੋਲਿਆ ।
 “ਉਹ ਨਹੀਂ ਤੈਨੂੰ ਦਸ ਹਜ਼ਾਰ ਹੀ ਦੇਣਾ ਜਿਵੇਂ ਮਰਜੀ ਸਾਰੀਂ,ਨਾਲੇ ਗੱਲ ਸੁਣ ਇਹਦੇ ਕੋਲ ਚਾਰ ਪੰਜ ਕਿਤਾਬਾਂ ਦਾ ਮਸ਼ਾਲਾ ਹੋਰ ਹੈਗਾ ।”ਉਹ ਦੋਨੋ ਕਾਰ ਚ ਬੈਠ ਚਲੇ ਗਏ । ਮੈਨੂੰ ਉਹ ਕਵੀ ਸੌਦਾ ਕਰਵਾਉਣ ਵਾਲਾ ਦਲਾਲ ਲੱਗਾ । ਨਵੇਂ ਲੇਖਕ ਵਿਚਾਰੇ ਕਰਨ ਵੀ ਕੀ ? ਹੋਰ ਕੋਈ ਚਾਰਾ ਵੀ ਨਹੀਂ ? ਪਬਲਿਸ਼ਰ ਮੇਰੇ ਵੱਲ ਵੇਖ ਕੇ ਹੱਸਿਆ ਤੇ ਬੋਲਿਆ
“ਐਤਕੀ ਤੁਹਾਡਾ ਸਾਹਿਤ ਅਕਾਦਮੀ ਦਾ ਇਨਾਮ ਤਾਂ ਵੱਟ ਤੇ ਪਿਆ ।”
“ਉਹ ਭਾਈ ਉਹ ਤਾਂ ਵੇਖੀ ਜਾਊ,ਤੂੰ ਮੈਨੂੰ ਫੋਨ ਕੀਤਾ ਸੀ ।”ਮੈਂ ਉਸ ਨੂੰ ਪੁੱਛਿਆ
 “ਬੈਠੋ ਜੀ ਆਪਾਂ ਚਾਹ ਪਾਣੀ ਪੀਂਦੇ ਆਂ,ਤੁਸੀਂ ਤਾਂ ਆਪਣੇ ਆਪ ਨੂੰ ਮਾਮੂਲੀ ਬੰਦਾ ਹੀ ਸਮਝਦੇ ਹੋ ,ਉਏ ਮੁੰਡਿਆ ਵਧੀਆ ਦੋ ਕੱਪ ਦੁਧ ਚ ਪੱਤੀ ਪਾ ਕੇ ਲੈ ਕੇ ਆ ।”ਉਸਨੇ ਮੇਰੀ ਗੱਲ ਟਾਲਦੇ ਹੋਏ ਕਿਹਾ ।
ਮੇਰੇ ਬੈਠਿਆਂ ਬੈਠਿਆਂ ਇਕ ਦੋ ਹੋਰ ਨਵੇਂ ਲੇਖਕ ਆ ਗਏ । ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ । ਤੇ ਉਹਨਾਂ ਚੋਂ ਇਕ ਬੋਲਿਆ
“ਸਰ ਤੁਹਾਡਾ ਨਵਾਂ ਨਾਵਲ “ਅਸਲ ਵੇਸ਼ਿਆ ਕੌਣ ?” ਪੜ੍ਹਿਆ ਬਹੁਤ ਚੰਗਾ ਲੱਗਾ ।”
“ਸਰ ਅਸੀਂ ਸੋਚਿਆ ਕਿ ਤੁਹਾਡਾ ਸਨਮਾਨ ਕੀਤਾ ਜਾਵੇ ।”ਦੂਜੇ ਨੇ ਕਿਹਾ
ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਸੀ । ਮੇਰਾ ਗੁੱਸਾ ਢੈਲਾ ਹੋ ਗਿਆ ਸੀ । ਮੈਂ ਉਹਨਾਂ ਨਾਲ ਸਾਹਤਿਕ ਗੱਲਾਂ ਕਰਨ ਲੱਗਾ । ਉਹ ਮੇਰੀਆਂ ਕਹਾਣੀਆਂ ਤੇ ਨਾਵਲਾਂ ਬਾਰੇ ਮੇਰੇ ਕੋਲੋਂ ਪੁੱਛਣ ਲੱਗੇ । ਇਕ ਮੈਨੂੰ ਆਪਣੀ ਨਵੀਂ ਛਪੀ ਕਹਾਣੀ ਵਿਖਾਉਣ ਲੱਗਾ । ਮੈਨੂੰ ਕਹਿਣ ਲੱਗਾ
“ਸਰ ਮੇਰੀ ਕਹਾਣੀਆਂ ਦੀ ਨਵੀਂ ਕਿਤਾਬ ਆ ਰਹੀ ਹੈ,ਮੈਂ ਤੁਹਾਡੇ ਕੋਲੋਂ ਮੁੱਖ ਬੰਧ ਲਿਖਵਾਉਣ ਤੁਹਾਡੇ ਪਿੰਡ ਆਉਣਾ ਸੀ ਤੁਸੀਂ ਮੇਰਾ ਮੁੱਖ ਬੰਧ ਲਿਖ ਦਿਉਂਗੇ ਸਰ ?”
ਮੈਂ ਤਾਂ ਅਜੇ ਬੋਲਿਆ ਨਹੀਂ ਸੀ ਕਿ ਪਬਲਿਸ਼ਰ ਬੋਲਿਆ
 “ਮੈਂ ਸਿਫਾਰਸ਼ ਕਰ ਦਿੰਦਾਂ ਆਂ,ਇਹਦਾ ਮੁਖ ਬੰਧ ਲਿਖ ਦਿਉ ਜੀ ਬਹੁਤ ਸੋਹਣੀਆਂ ਕਹਾਣੀਆਂ ਲਿਖਦਾ ਇਹ ਮੁੰਡਾ ਚਾਹ ਆ ਗਈ ਸੀ । ਮੈਂ ਉਸ ਨੂੰ ਕਿਹਾ ਜਦੋਂ ਮਰਜੀ ਘਰ ਆ ਜਾਂਵੀ ਆਪਣੀਆਂ ਕਹਾਣੀਆਂ ਦੇ ਜਾਵੀਂ ਮੈਂ ਤੇਰੇ ਬਾਰੇ ਮੁਖ ਬੰਧ ਲਿਖ ਦੇਵਾਂਗਾਂ । ਮੈਂ ਚਾਹ ਪੀਣ ਲੱਗਿਆ । ਪਬਲਿਸ਼ਰ ਕਿਸੇ ਸੇਠ ਵਾਂਗ ਟੈਲੀਫੋਨ ਸੁਣ ਰਿਹਾ ਸੀ । ਉੱਚੀ ਉੱਚੀ ਹੱਸ ਰਿਹਾ ਸੀ । ਮੈਨੂੰ ਉਸਦਾ ਹਾਸਾ ਚੰਗਾ ਨਹੀਂ ਲਗ ਰਿਹਾ ਸੀ । ਮੈਨੂੰ ਆਏਂ ਲਗ ਰਿਹਾ ਸੀ ਜਿਵੇਂ ਉਹ ਮੇਰੇ ਤੇ ਹੱਸ ਰਿਹਾ ਹੋਵੇ । ਟੈਲੀਫੋਨ ਤੇ ਗੱਲ ਕਰਨ ਤੋਂ ਬਾਅਦ ਮੈਂ ਉਸਨੂੰ ਕਿਹਾ
“ਉਹ ਭਾਈ ਤੂੰ ਮੇਰੇ ਬਾਰੇ ਵੀ ਸੋਚਿਆ ਕਰ ?”
“ਉਹ ਕਾਕੇ ਇਕ ਪੰਜ ਸੌ ਰੁਪਈਆ ਦੇਈਂ ?” ਉਸਨੇ ਉਸ ਨਵੇਂ ਲੇਖਕ ਮੁੰਡੇ ਕੋਲੋਂ ਪੰਜ ਸੌ ਰੁਪਈਆ ਲੈ ਕੇ ਮੈਨੂੰ ਦੇ ਦਿੱਤਾ । ਪਬਲਿਸ਼ਰ ਦੀ ਦੁਕਾਨ ਦੇ ਸਾਹਮਣੇ ਇਕ ਲਿਫਾਫੇ ਚੁੱਕਣ ਵਾਲੀ ਨਿੱਕੀ ਜਿਹੀ ਬੱਚੀ ਖੜੀ ਹੈ । ਉਸਦੇ ਨੱਕ ਚੋਂ ਨਲੀ ਵਗ ਰਹੀ ਹੈ । ਉਹ ਪਬਲਿਸ਼ਰ ਦੀ ਦੁਕਾਨ ਤੇ ਲੱਗੇ ਸ਼ੀਸ਼ੇ ਚ ਆਪਣਾ ਮੂੰਹ ਵੇਖਦੀ ਹੈ । ਨਲੀ ਆਪਣੀ ਕੂਹਨੀ ਨਾਲ ਪੂੰਝ ਲੈਂਦੀ ਹੈ । ਨਲੀ ਨੱਕ ਤੋਂ ਕੂਹਨੀ ਤੇ ਆ ਜਾਂਦੀ ਹੈ । ਮੈਂ ਨਵੇਂ ਲੇਖਕ ਵੱਲ ਅੱਖ ਬਚਾ ਕੇ ਵੇਖਦਾਂ ਹਾਂ । ਤੇ ਪਬਲਿਸ਼ਰ ਨੂੰ ਪੁੱਛਦਾਂ ਹਾਂ ।
“ਪਰ ਨਾਵਲ ਦਾ ਛੇਵਾਂ ਅਡੀਸ਼ਨ ਆ …..?”
“ਉਹ ਗੁਰੂ ਜੀ ਅਜੇ ਤਾਂ ਆਰਡਰ ਆਇਆ,ਜਦੋਂ ਛਪੂਗੀ ਨਾਲ ਦੀ ਨਾਲ  ਥੋਨੂੰ ਮਾਇਆ ਮਿਲੂਗੀ ,ਹੋਰ ਕੀ ਨਵਾਂ ਲਿਖ ਰਹੇ ਹੋ ਜੀ ?”ਉਸ ਨੇ ਮੇਰੀ ਗੱਲ ਕੱਟ ਕੇ ਆਪਣੀ ਫਾਇਦੇ ਵਾਲੀ ਗੱਲ ਕਹੀ ।
ਮੈਂ ਸੋਚਦਾਂ ਹਾਂ ਕਿ ਤੇਰੇ ਤੇ ਹੀ ਲਿਖ ਰਿਹਾ ਹਾਂ । ਪਰ ਉਸਨੂੰ ਕਹਿੰਦਾ ਨਹੀਂ । ਮੈਂ ਪੰਜ ਸੌ ਰੁਪਈਆ ਜੇਬ ਚ ਪਾਉਂਦਾਂ ਹਾਂ । ਇਹ ਤਾਂ ਬਿਜਲੀ ਤੇ ਟੈਲੀਫੋਨ ਦਾ ਬਿੱਲ ਵੀ ਨਹੀਂ ਦਿੱਤਾ ਜਾਣਾ । ਮੈਂ ਆਪਣੇ ਘਰ ਨੂੰ ਪੈਦਲ ਹੀ ਤੁਰ ਪੈਂਦਾਂ ਹਾਂ । ਤਦੇ ਹੀ ਮੇਰੇ ਕੋਲ ਇਕ ਕਾਰ ਰੁਕਦੀ ਹੈ । ਕਾਰ ਚੋਂ ਇਕ ਵੀਹਾਂ ਪੱਚੀਆਂ ਸਾਲਾਂ ਦਾ ਮੁੰਡਾ ਉਤਰਦਾ ਹੈ । ਉਹ ਉਤਰਦੇ ਸਾਰ ਹੀ ਮੇਰੇ ਪੈਰ ਛੂੰਹਦਾ ਹੈ । ਇਹ ਤਾਂ ਨਵਾਂ ਲੇਖਕ ਹੈ ।
“ਹੋਰ ਜੀ ਸਿਹਤ ਠੀਕ ਆ ਤੁਹਾਡੀ ?”
“ਹਾਂ ਭਾਈ ਬਿਲਕੁੱਲ ਠੀਕ ਠਾਕ ਆਂ,ਹੋਰ ਅੱਜ ਕਿੱਧਰ ?”
“ਪਬਲਿਸ਼ਰ ਵੱਲ ਆਇਆ ਸੀ ਕਹਾਣੀਆਂ ਦੀ ਕਿਤਾਬ ਛਪਵਾਉਣ ਲਈ ਖਰੜਾ ਦੇਣ ਆਇਆਂ,ਚਲੋ ਤੁਹਾਡੇ ਨਾਲ ਮੁਲਾਕਾਤ ਹੋ ਗਈ ।”ਮੈਨੂੰ ਉਹ ਪਬਲਿਸ਼ਰ ਦੀ ਦੁਕਾਨ ਪੁੱਛਦਾ ਹੈ । ਮੈਂ ਉਸ ਨੂੰ ਦੱਸਦਾਂ ਹਾਂ । ਇਕ ਆਦਮੀ ਸਾਹਮਣੇ ਕਸਾਈ ਦੀ ਦੁਕਾਨ ਤੇ ਇਕ ਬੱਕਰੇ ਨੂੰ ਕੱਟਣ ਲਈ ਲੈ ਜਾ ਰਿਹਾ ਹੈ । ਨਵਾਂ ਲੇਖਕ ਵੀ ਜਾ ਚੁਕਿਆ ਸੀ । ਹੁਣ ਮੈਂ ਸੋਚ ਲਿਆ । ਹੁਣ ਮੇਰੇ ਸਾਹਮਣੇ ਰਸਤਾ ਸਾਫ਼ ਹੈ । ਮੈਂ ਇਹ ਫੈਸਲਾ ਲੈ ਲਿਆ ਹੈ ਕਿ ਹੁਣ ਮੈਂ ਲੇਖਣੀ ਛੱਡ ਕੇ ਪਬਲਿਸ਼ਰ ਬਣਾਂਗਾ । ਜੇ ਇਸ ਜਨਮ ਚ ਨਹੀਂ ਤਾਂ ਅਗਲੇ ਜਨਮ ਚ ਜਰੂਰ ਬਣਾਂਗਾ । ਮੈਂ ਰੱਬ ਅੱਗੇ ਦੁਆ ਕਰਾਂਗਾ ਕਿ ਇਹ ਸਾਰੇ ਪਬਲਿਸ਼ਰ ਮੇਰੇ ਲੇਖਕ ਹੋਣ ।
—————-0—————-
ਪਤਾ-1764,ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
Mobile No. 985573566