k1

ਸਰਬਜੀਤ ਚੀਮਾ ਤੇ ਭੱਟੀ ਭੜੀਵਾਲੇ ਦੀ ” ਜੋੜੀ ” ਲੈ ਕੇ ਆ ਰਹੀ ਹੈ ਗੀਤ “ਜੋੜੀ”

-ਅਸੀਂ ਪਰਿਵਾਰਕ ਗੀਤਾਂ ਨੂੰ ਲੋਕ ਕਚਿਹਰੀ ‘ਚ ਲਿਆਉਣ ਲਈ ਵਚਨਬੱਧ
-“ਜੋੜੀ” 24 ਮਈ ਨੂੰ ਵਿਸ਼ਵ ਭਰ ਵਿੱਚ ਪਾਵੇਗੀ ਧੁੰਮਾਂ-ਸਰਬਜੀਤ ਚੀਮਾ

ਲੰਡਨ (ਮਨਦੀਪ ਖੁਰਮੀ) “ਅਸਲ ਕਲਮਕਾਰ ਓਹੀ ਹੁੰਦੈ, ਜੋ ਆਪਣੇ ਆਪ ਨੂੰ ਸਮਾਜ ਦਾ ਇੱਕ ਅੰਗ ਸਮਝਦਾ ਹੋਇਆ ਕਲਮ ਦੀ ਵਰਤੋਂ ਸਮਾਜ ਲਈ ਕਰਦਾ ਹੈ। ਸਮਾਜ ਦੀਆਂ ਖੁਸ਼ੀਆਂ ‘ਚ ਸ਼ਰੀਕ ਹੋ ਕੇ ਚਾਅ ਦੁੱਗਣੇ ਚੌਗਣੇ ਕਰਨ ਦਾ ਭਾਈਵਾਲ ਬਣਦੈ ਤੇ ਦੁੱਖ ਦੀ ਘੜੀ ‘ਚ ਆਪਣੀ ਕਲਮ ਰਾਹੀਂ ਦੁੱਖ ਵੀ ਵੰਡਾਉਂਦੈ। ਸਰਬਜੀਤ ਚੀਮਾ ਦੀ ਆਵਾਜ਼ ‘ਚ 24 ਮਈ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਣ ਜਾ ਰਿਹਾ “ਜੋੜੀ” ਗੀਤ ਪੰਜਾਬੀ ਸਮਾਜ ਵਿੱਚ ਵਿਆਹ ਵੇਲੇ ਦੇ ਰੌਣਕ ਮੇਲੇ ਦੀ ਰੰਗਮਈ ਤਸਵੀਰ ਹੋਵੇਗਾ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਨੇ ਵਿਸ਼ੇਸ਼ ਵਾਰਤਾ ਦੌਰਾਨ ਕੀਤਾ। ਜਿਕਰਯੋਗ ਹੈ ਕਿ ਭੱਟੀ ਭੜੀਵਾਲਾ ਦੇ ਗੀਤਾਂ “ਮੇਲਾ ਵੇਖਦੀਏ ਮੁਟਿਆਰੇ”, “ਰੰਗਲਾ ਪੰਜਾਬ” ਤੇ ਸਰਬਜੀਤ ਚੀਮਾ ਦੀ ਆਵਾਜ਼ ਨੇ ਪੰਜਾਬੀ ਸੰਗੀਤ ਜਗਤ ਵਿੱਚ ਤਹਿਲਕਾ ਮਚਾ ਦਿੱਤਾ ਸੀ। ਪਰਿਵਾਰਕ ਸਮਾਗਮਾਂ ਤੋਂ ਲੈ ਕੇ ਸੱਭਿਆਚਾਰਕ, ਵਿਰਾਸਤੀ ਮੇਲਿਆਂ ਤੱਕ ਇਸ ਜੋੜੀ ਦੇ ਗੀਤ ਵੱਜਦੇ ਸੁਣਾਈ ਦਿੰਦੇ ਸਨ। ਲੰਮੀ ਚੁੱਪ ਤੋਂ ਬਾਅਦ ਭੜੀਵਾਲਾ ਤੇ ਚੀਮਾ ਦੋਵੇਂ ਫਿਰ “ਜੋੜੀ” ਗੀਤ ਰਾਹੀਂ ਦਸਤਕ ਦੇਣ ਆ ਰਹੇ ਹਨ। ਇਸ ਸੰਬੰਧੀ ਗਾਇਕ ਸਰਬਜੀਤ ਚੀਮਾ ਦਾ ਕਹਿਣਾ ਹੈ ਕਿ “ਭੱਟੀ ਭੜੀਵਾਲਾ ਪੰਜਾਬੀ ਸੰਗੀਤ ਜਗਤ ਤੇ ਬਾਲੀਵੁੱਡ ਦਾ ਮਾਣਮੱਤਾ ਗੀਤਕਾਰ ਹੈ। ਉਹਨਾਂ ਵੱਲੋਂ ਵਿਲੱਖਣ ਅੰਦਾਜ਼ ‘ਚ ਲਿਖਿਆ ਇਹ ਗੀਤ ਨਵੀਂ ਵਿਆਹੀ ਜੋੜੀ ਦੇ ਆਪਣੇ ਵਿਆਹ ‘ਚ ਨੱਚਣ ਦੇ ਸਮੇਂ ਨੂੰ ਰੂਪਮਾਨ ਕਰਦਾ ਨਜ਼ਰ ਆਵੇਗਾ।” ਜਿਕਰਯੋਗ ਹੈ ਕਿ “ਜੋੜੀ” ਗੀਤ ਨੂੰ ਸੁਰਬੱਧ ਕੀਤਾ ਹੈ ਉੱਘੇ ਸੰਗੀਤਕਾਰ ਭਿੰਦਾ ਔਜਲਾ ਨੇ ਤੇ ਗੀਤ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਨੇ ਕੀਤਾ ਹੈ।