gadha

ਸਾਊਥਾਲ ਦੇ ਵਿਸਾਖੀ ਮੇਲੇ ‘ਚ ਮੇਲੀ ਪਰਿਵਾਰਾਂ ਸਮੇਤ ਪਹੁੰਚੇ

-ਪ੍ਰੇਮੀ ਜੌਹਲ, ਰਾਜ ਸੇਖੋਂ, ਪਾਲੀ ਜੀ, ਦਲਜੀਤ ਅਟਵਾਲ, ਜੈਜ ਤੁਲੀ, ਹੈਪੀ ਰਤਨ, ਰਾਣਾ ਜਗਤਪੁਰੀ ਨੇ ਲਾਈਆਂ ਰੌਣਕਾਂ
ਲੰਡਨ (ਮਨਦੀਪ ਖੁਰਮੀ) ਵਿਸਾਖੀ ਦੇ ਜਸ਼ਨ ਮਨਾਉਣ ਹਿਤ ਇੰਗਲੈਂਡ ਵਿੱਚ “ਲਿਟਲ ਇੰਡੀਆ” ਦੇ ਨਾਂ ਨਾਲ ਜਾਣੇ ਜਾਂਦੇ ਸਾਊਥਾਲ ਵਿਖੇ ਵਿਸ਼ਾਲ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ਕੰਮਾਂ-ਕਾਰਾਂ ਦੀ ਭੱਜਦੌੜ ਵਿੱਚ ਵਿਦੇਸ਼ੀਂ ਵਸਦਿਆਂ ਲਈ ਅਜਿਹੇ ਮੇਲੇ-ਮੁਸਾਹਬੇ ਹੀ ਦਿਲ-ਪ੍ਰਚਾਵੇ ਦਾ ਸਾਧਨ ਹੋ ਨਿੱਬੜਦੇ ਹਨ। 27 April 2017 KhurmiUK 01ਏ ਈ ਐੱਮ ਦੀ ਪ੍ਰਬੰਧਕੀ ਕਮੇਟੀ ਦੀ ਨਿਗਰਾਨੀ ਹੇਠ ਹੋਏ ਨਾਰਵੁੱਡ ਗਰੀਨ ਵਿਸਾਖੀ ਮੇਲੇ ਵਿੱਚ ਜਿੱਥੇ ਕੁਦਰਤ ਕਦੇ ਧੁੱਪ, ਕਦੇ ਮੀਂਹ ਦੀ ਲੁਕਣਮੀਟੀ ਖੇਡਦੀ ਰਹੀ ਉੱਥੇ ਮੇਲਾ ਦੇਖਣ ਮੇਲੀ ਪਰਿਵਾਰਾਂ ਸਮੇਤ ਹੁੰਮ ਹੁਮਾ ਕੇ ਪਹੁੰਚੇ। ਦੁਪਹਿਰ ਤੋਂ ਲੈ ਕੇ ਮੂੰਹ ਹਨੇਰੇ ਤੱਕ ਚੱਲੇ ਇਸ ਮੇਲੇ ਦੌਰਾਨ ਨੌਜਵਾਨ ਸੁਰੀਲੇ ਗਾਇਕ ਰਾਜ ਸੇਖੋਂ, ਸਟੇਜ ਕਿੰਗ ਵਜੋਂ ਜਾਣੇ ਜਾਂਦੇ ਗਾਇਕ ਪਰੇਮੀ ਜੌਹਲ, ਗਾਇਕ ਪਾਲੀ ਜੀ, ਦਲਜੀਤ ਅਟਵਾਲ, ਜੈਜ ਤੁਲੀ, ਹੈਪੀ ਰਤਨ, ਰਾਣਾ ਜਗਤਪੁਰੀ ਸਮੇਤ ਢੋਲੀ ਰਿੱਕੀ ਫਲੋਰਾ ਵੱਲੋਂ ਆਪੋ ਆਪਣੀ ਕਲਾ ਰਾਹੀਂ ਮੇਲੀਆਂ ਦਾ ਮਨੋਰੰਜਨ ਕੀਤਾ ਗਿਆ। ਮੰਝੇ ਹੋਏ ਰੰਗਮੰਚ ਅਤੇ ਫਿਲਮ ਕਲਾਕਾਰ ਚਰਨਜੀਤ ਸੰਧੂ ਨੇ ਆਪਣੇ ਚਰਚਿਤ ਸੰਵਾਦ ਸੁਣਾ ਕੇ ਵਾਹ ਵਾਹ ਖੱਟੀ। ਜਿਕਰਯੋਗ ਹੈ ਕਿ ਜਿੱਥੇ ਅਕਸਰ ਹੀ ਟਿਕਟਾਂ ਵੇਚਕੇ ਮੇਲੇ ਕਰਵਾਏ ਜਾਂਦੇ ਹਨ, ਉੱਥੇ ਇਸ ਮੇਲੇ ਦੌਰਾਨ ਦਾਖਲਾ ਮੁਫ਼ਤ ਸੀ। ਪਰਿਵਾਰਕ ਮਿਲਣੀ ਵਰਗੇ ਇਸ ਮੇਲੇ ਦੌਰਾਨ ਫੈਸਨ ਨਾਲ ਸੰਬੰਧਤ ਸਮੱਗਰੀ, ਭੋਜਨ ਸਟਾਲ, ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਮੇਲੇ ਦੌਰਾਨ ਇਹ ਗੱਲ ਵੀ ਦਰਸ਼ਕਾਂ ਵੱਲੋਂ ਸਰਾਹੀ ਗਈ ਕਿ ਇਸ ਮੇਲੇ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਾਇਆ ਗਿਆ। ਅਕਸਰ ਹੀ ਮੇਲਿਆਂ ਵਿੱਚ ਸੰਬੰਧਤ ਇਲਾਕਿਆਂ ਦੇ ਰਾਜਨੀਤਕ ਆਗੂ ਆਪਣੇ ਭਾਸ਼ਣਾਂ ਰਾਹੀਂ ਹਾਜ਼ਰੀ ਲਗਵਾਉਂਦੇ ਦੇਖੇ ਜਾਂਦੇ ਹਨ ਪਰ ਇਸ ਮੇਲੇ ਵਿੱਚ ਸਿਰਫ ਤੇ ਸਿਰਫ ਗੀਤਾਂ ਦਾ ਹੀ ਪ੍ਰਵਾਹ ਚੱਲਿਆ।