ਸਾਬਣ, ਸਿੱਖ ਤੇ ਸੁਰਜੀਤ ਸਿੰਹੁ ਦਾ ਸੱਚ!

-ਤਰਲੋਚਨ ਸਿੰਘ ‘ਦੁਪਾਲ ਪੁਰ’ 
ਪੰਜਾਬ ਪੁਲੀਸ ਦੇ ਸੁਰਜੀਤ ਸਿੰਹੁ ਦਾ ਸਿੱਖ ਜ਼ਖਮਾਂ ਨੂੰ ਉਚੇੜਨ ਵਾਲਾ ਇਕਬਾਲੀਆ ਬਿਆਨ,”ਮੈਂ 83 ਸਿੱਖ ਗਭਰੂਆਂ ਨੁੰ ਮੁਕਾਬਲੇ ‘ਬਣਾ ਬਣਾ’ ਕੇ ਮਾਰ ਮੁਕਾਇਆ ਸੀ।”—-ਸਰਕਾਰੀ ਪੱਧਰ ‘ਤੇ ਇਸ ਦਾ ਕੋਈ ਪ੍ਰਤੀਕਰਮ?—-‘ਨਿੱਲ ਵਟਾ ਨਿੱਲ!’—ਦਿੱਲੀ ਤੱਕ ਮਾਰ ਕਰਨ ਵਾਲੇ ਬਾਦਲ ਦਲ ਦੀ ਰਾਜ ਸਰਕਾਰ ਵਲੋਂ ਕੋਈ ਟੀਕਾ-ਟਿਪਣੀ?—‘ਸੁਸਰੀ ਦੀ ਨੀਂਦ!!’—ਇਸੇ ਹੀ ‘ਦਲ’ ਦੀਆਂ ਨਿਵਾਜੀਆਂ ਹੋਈਆਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਾਲਿਆਂ ਦਾ ਕੋਈ ‘ਮੰਗ ਕਰਨ’ ਵਾਲਾ ਬਿਆਨ-ਸ਼ਿਆਨ?—‘ਗਹਿਰੀ ਖਾਮੋਸ਼ੀ!!!’—ਸੰਤ-ਯੂਨੀਅਨ ਵੀ ਚੁੱਪ-ਗੜੁੱਪ—ਇਕ ਜਿੰਮੇਵਾਰ ਤੇ ਜਿਊਂਦੇ-ਜਾਗਦੇ ਪੁਲਸੀਏ ਅਫਸਰ ਵਲੋਂ ਸਿੱਖ ਮੁੰਡਿਆਂ ਦੇ ਖੂਨ ਦੀ ਹੋਲੀ ਖੇਡਣ ਵਾਲੀ ਕਹਿਰ ਭਰੀ ਜਾਣਕਾਰੀ ਸੁਣ ਕੇ ਮੁਰਦੇ-ਹਾਣੀ ਵਰਗੀ ਚੁੱਪ?
ਸੁਰਤਿ ਸੰਭਾਲਣ ਤੋਂ ਹੀ ਅਖਬਾਰਾਂ,ਮੈਗਜੀਨਾਂ ਅਤੇ ਸਾਹਿਤ ਨਾਲ ਜੁੜਿਆ ਹੋਇਆ ਹੋਣ ਕਰਕੇ, ਕਿਤੇ ਕਿਸੇ ਰਸਾਲੇ ਵਿੱਚ ‘ਕੀ ਤੁਸੀਂ ਜਾਣਦੇ ਹੋ?’ ਵਾਲ਼ੇ ਸਿਰਲੇਖ ਥੱਲੇ ਛਪੀ ਇਕ ਅਦਭੁਤ ਜਾਣਕਾਰੀ ਚੇਤੇ ਆਉਂਦੀ ਹੈ। ਕਹਿੰਦੇ ਦੱਖਣੀ ਅਫਰੀਕਾ ਦੇ ਕਿਸੇ ਖਿੱਤੇ ਵਿਚ ਇਕ ਐਸਾ ਖੂਹ ਹੁੰਦਾ ਸੀ, ਜਿਸ ਵਿਚ ਜੇ ਕੋਈ ਭਾਰੇ ਤੋਂ ਭਾਰਾ ਪੱਥਰ ਵੀ ਸੁੱਟਦਾ ਸੀ ਤਾਂ ਉਸਦਾ ਪਾਣੀ ਐਵੇਂ ਮਾਮੂਲੀ ਜਿਹਾ ਹੀ ਹਿੱਲਦਾ ਸੀ। ਲੇਕਿਨ ਜੇ ਉਸੇ ਖੂਹ ਵਿਚ ਰੀਣ ਕੁ ਜਿੰਨਾ ਸਾਬਣ ਦਾ ਟੁਕੜਾ ਵੀ ਸੁੱਟਿਆ ਜਾਂਦਾ, ਤਦ ਖੂਹ ਦਾ ਪਾਣੀ ਮੌਣ ਤੱਕ ਉਛਾਲ਼ੇ ਮਾਰਦਾ ਸੀ! ਮਾਨੋ ਖੂਹ ਵਿੱਚ ਤੂਫਾਨ ਹੀ ਉਠ ਖੜ੍ਹਦਾ ਸੀ। ਅਜਿਹਾ ਕਿਸੇ ਰਸਾਇਣਕ ਕ੍ਰਿਆ ਸਦਕਾ ਵਾਪਰਦਾ ਹੋਵੇਗਾ, ਕਿਸੇ ‘ਕਰਾਮਾਤ’ ਕਰਕੇ ਨਹੀਂ। ਪਰ ਇਥੇ ਮੈਂ ਇਸ ਬਹਿਸ ‘ਚ ਨਹੀਂ ਪੈਣਾ।
ਚੇਤਿਆਂ ‘ਚ ਪਈ ਇਹ ਗੱਲ ਯਾਦ ਆਉਣ ਦਾ ਸਬੱਬ ਬਣਿਆ ਸੁਰਜੀਤ ਸਿੰਹੁ ਪੁਲਸੀਏ ਵਲੋਂ ਬੋਲਿਆ ਗਿਆ ਲਹੂ ਲਿੱਬੜਿਆ ਜ਼ੁਲਮੀ ਸੱਚ, ਜੋ ਕਿ ਉਕਤ ਖੂਹ ਵਿਚ ਸੁੱਟੇ ਗਏ ਪੱਥਰ ਦੀ ਨਿਆਈਂ ਹੀ ਹੋ ਨਿਬੜਿਆ। ਜ਼ਰਾ ਕਿਆਸ ਕਰੋ ਕਿ ਜੇ ਇਸਦੀ ਬਨਿਸਬਤ ਕੋਈ ਵਿਅਕਤੀ ਏਨਾ ਕੁ ਹੀ ਬਿਆਨ ਦੇ ਦੇਵੇ ਕਿ ਮੈਂ ਖਾੜਕੂਵਾਦ ਵੇਲੇ ਇੱਕ ਹੀ ਫਿਰਕੇ ਦੇ ਲੋਕਾਂ ਨੂੰ ਬੱਸਾਂ ‘ਚੋਂ ਕੱਢ ਕੱਢ ਕੇ ਮਾਰਨ ਵਾਲ਼ੇ ਸਿਰਫਿਰੇ ਗਰੁੱਪਾਂ ਵਿੱਚ ਸ਼ਾਮਲ ਰਿਹਾ ਹਾਂ, ਤਾਂ ਫਿਰ ਦੇਖਣਾ ਕਿ ਕਿਵੇਂ ‘ਹੇਠਲੀ ਉਤੇ’ ਲਿਆ ਦਿਤੀ ਜਾਂਦੀ ਹੈ! ਸਾਰੇ ਟੀ.ਵੀ. ਚੈਨਲਾਂ ਦੇ ਕੈਮਰੇ ਉਸ ‘ਅੱਤਵਾਦੀ’ ‘ਤੇ ਹੀ ਫੋਕਸ ਹੋ ਜਾਣੇ ਸਨ। ਉਨਾਂ੍ਹ ਦਿਨਾਂ ਵਿੱਚ ਹੋਈਆਂ ਅਜਿਹੀਆਂ ਵਾਰਦਾਤਾਂ ਦੀਆਂ ਮਿੰਟੋ-ਮਿੰਟੀ ਲਿਸਟਾਂ ਬਣ ਜਾਣੀਆਂ ਸਨ। ਪਲਾਂ ਵਿਚ ਹੀ ਅਜਿਹੇ ‘ਦੋਸ਼ੀ’ ਦਾ ਛੁੱਟੀ ਗਏ ਜੱਜ ਦੇ ਘਰੇ ਪਹੁੰਚ ਕੇ ਰਿਮਾਂਡ ਲੈ ਲਿਆ ਜਾਣਾ ਸੀ। ਉਹਦੇ ਮੂੰਹੋਂ ਹੋਰ ਪਤਾ ਨਹੀਂ ਕੀ ਕੀ ਕੁਝ ‘ਬਕਾ’ ਲਿਆ ਜਾਂਦਾ। ਦੂਸਰੇ ਸਟੇਟਾਂ ਦੇ ਵੱਡੇ ਪੁਲੀਸ ਅਧਿਕਾਰੀਆਂ ਨੇ ਵੀ ਉਸ ਵਿਅਕਤੀ ਦੀ ‘ਛਾਣ ਬੀਣ’ ਕਰਨ ਲਈ ਅਣਸੱਦਿਆਂ ਹੀ ਆ ਬਹੁੜਨਾ ਸੀ। ਸਾਰੇ ਸਰਕਾਰੀ ਤੰਤਰ ਵਿਚ ਤਰਥੱਲ੍ਹੀ ਮੱਚ ਜਾਣੀ ਸੀ। ਗੱਲ ਕੀ, ਐਨ੍ਹ ਦੱਖਣੀ ਅਫਰੀਕਾ ਵਾਲ਼ੇ ਖੂਹ ‘ਚ ਸਾਬਣ ਦਾ ਟੁਕੜਾ ਡਿਗਣ ਵਾਲਾ ਭਾਣਾ ਵਾਪਰਨਾ ਸੀ!
ਹੁਣ ਸੁਰਜੀਤ ਸਿੰਹੁ ਦਾ ਸੱਚ ਸੁਣਕੇ ਉਹੀ ਸਿੱਖ ਜਾਂ ਸਿੱਖ ਜਥੇਬੰਦੀਆਂ ਤੜਫ ਰਹੀਆਂ ਨੇ, ਜਿਨ੍ਹਾਂ ਨੂੰ ਪੰਜਾਬ ਵਾਸੀ ਸਿੱਖ, ਵੋਟਾਂ ਦੀ ਸਿਆਸਤ ਵਿਚ ਮਸਤ ਹੋਏ ਗੌਲ਼ਦੇ ਹੀ ਨਹੀਂ ਜਾਂ ਉਹ ਸਿੱਖ ਤੇ ਜਥੇਬੰਦੀਆਂ ਵੋਟਾਂ ਦੇ ਝੰਜਟ ਤੋਂ ਦੂਰ ਹੀ ਰਹਿੰਦੇ ਹਨ। ਖਾੜਕੂਵਾਦ ਦੇ ਸਮਿਆਂ ‘ਚ ਸ਼ਹੀਦ ਹੋਣ ਵਾਲਿਆਂ ਦੇ ਵਾਰਸਾਂ ਦੀਆਂ ਅੱਖਾਂ ‘ਚੋਂ ਹੀ ਲਹੂ ਦੇ ਹੰਝੂ ਡਿਗਣੇ ਸਨ, ਸੁਰਜੀਤ ਪੁਲਸੀਏ ਦਾ ਬਿਆਨ ਸੁਣਕੇ। ਪ੍ਰੰਤੂ ਉਨ੍ਹਾਂ ਵਿਚ ਉਂਗਲਾਂ ‘ਤੇ ਹੀ ਗਿਣੇ ਜਾਣ ਜੋਗੇ ‘ਖਾਲੜਾ ਮਿਸ਼ਨ’ ਦੇ ਪੈਰੋਕਾਰਾਂ ਜਿਹੇ ਸਿਰੜੀ ਵਾਰਸਾਂ ਨੂੰ ਛੱਡ ਕੇ, ਅੱਜ ਬਹੁਗਿਣਤੀ ਉਨਾਂ੍ਹ ‘ਵਾਰਸਾਂ’ ਦੀ ਹੈ, ਜਿਹੜੇ ‘ਸੁਖਬੀਰ ਬ੍ਰਿਗੇਡ’ ਦੀ ਸ਼ੋਭਾ ਵਧਾਉਂਦੇ ਹੋਏ ‘ਪੰਥ ਤੇਰੇ ਦੀਆਂ ਗੂੰਜਾਂ ਪਾ’ ਰਹੇ ਹਨ! ਕੌਮੀ ਗਿਰਾਵਟ ਦਾ ਅਜਿਹਾ ਦੁਖਦਾਈ ਅਮਲ ਦੇਖਦਿਆਂ ਸਿਰਦਾਰ ਕਪੂਰ ਸਿੰਘ ਦੀ ਹੂਕ ਹੀ ਦੁਹਰਾਈ ਜਾ ਸਕਦੀ ਹੈ—‘ਰਾਖਾ ਅਕਾਲ ਪੁਰਖ ਹੈ ਭਾਈ ਸਿਖੜੇ ਕਾ’!