ਸੱਚੋ ਸੱਚ- ਇਉਂ ਹੁੰਦੈ…..ਪੰਜਾਬ ਰੋਡਵੇਜ਼ ‘ਚ ਨਾਮਕਰਨ।…ਮਨਦੀਪ ਖੁਰਮੀ ਹਿੰਮਤਪੁਰਾ

ਹਰ ਮਹਿਕਮੇ ਦੇ ਆਪੋ-ਆਪਣੇ ‘ਅੰਦਰੂਨੀ’ ਕਿੱਸੇ ਹੁੰਦੇ ਹਨ। ਜੇਕਰ ਕਦੇ ਵਾਹ ਪਵੇ ਤਾਂ ਪਤਾ ਲੱਗ ਜਾਵੇਗਾ ਕਿ ਟਰਾਂਸਪੋਰਟ ਮਹਿਕਮਾ (ਪੰਜਾਬ ਰੋਡਵੇਜ) ਤਰ੍ਹਾਂ ਤਰ੍ਹਾਂ ਦੇ ਮਨਮੋਹਕ ਤੇ ਤਬੀਅਤ ਖੁਸ਼ ਰੱਖਣ ਵਾਲੇ ਅਸੀਮ ਕਿੱਸਿਆਂ ਨਾਲ ਭਰਿਆ ਪਿਆ ਹੈ। ਕਿਧਰੇ ਕੋਈ ਲਿਫਾਫੇਬਾਜੀ ਨਹੀਂ, ਕਿਧਰੇ ਕੋਈ ਨਕਲੀਪੁਣਾ ਨਹੀਂ। ਦਿਲ ਦੀ ਭੜਾਸ ਝੱਟ ਬਾਹਰ ਕੱਢ ਕੇ ਸੁਨਣ ਵਾਲੇ ਦੇ ਹੱਥ ਤੇ ਧਰ ਦਿੰਦੇ ਹਨ। ਇਸ ਮਹਿਕਮੇ ਦੀ ਖਾਸੀਅਤ ਇਹ ਹੈ ਕਿ ਕਿਸੇ ਕਰਮਚਾਰੀ ਦੀ ਸਰੀਰਕ ਦਿੱਖ, ਮਾਨਸਿਕ ਚਿੰਨ੍ਹ ਜਾਂ ਉਸਦੇ ਵਿਵਹਾਰ ਦਾ ਕੋਈ ਉੱਘੜਵਾਂ ਲੱਛਣ ਨਜ਼ਰ ਆਇਆ ਨਹੀਂ ਤੇ ਉਸਦਾ ਨਵਾਂ ‘ਨਾਮਕਰਨ’ ਹੋਇਆ ਨਹੀਂ। ਭਾਵ ਕਿ ਲਗਭਗ ਹਰ ਕਰਮਚਾਰੀ ਦਾ ਕੋਈ ਨਾ ਕੋਈ ਪੁੱਠਾ-ਸਿੱਧਾ ਨਾਮ ਜਰੂਰ ਰੱਖਿਆ ਹੋਵੇਗਾ। ਜਿਵੇਂ ਜੇ ਕਿਸੇ ਨੇ ਜਵਾਨੀ ਪਹਿਰੇ ਨੈਣਾਂ ‘ਚ ਸੁਰਮਾ ਪਾ ਕੇ ਮਟਕਾ ਲਿਆ ਤਾਂ ਨਾਂ ਰੱਖ ਦਿੱਤਾ “ਸੁੱਖਾ ਸੁਰਮੇ ਵਾਲਾ”, ਜੇ ਕੋਈ ਜਰਦਾ ਲਾ ਕੇ ਥਾਂ ਥਾਂ ਪਿਚਕਾਰੀਆਂ ਜਿਹੀਆਂ ਮਾਰਦਾ ਫਿਰੇ ਤਾਂ ਨਾਂ ਰੱਖ ਦਿੱਤਾ “ਚੰਨਾ ਪਿਚਕਾਰੀ ਵਾਲਾ”, ਜਵਾਨੀ ਦੇ ਜੋਸ਼ ‘ਚ ਵਧੇਰੇ ਫੁਰਤੀ ਨਾਲ ਤੁਰਨ ਵਾਲੇ ਦਾ ਨਾਂ “ਭੋਲਾ ਹਨੇਰੀ” ਵਗੈਰਾ ਵਗੈਰਾ। ਇਸੇ ਤਰ੍ਹਾਂ ਦੇ ਹੀ ਨਾਮਕਰਨ ਦੇ ਕਿੱਸੇ ਦੇ ਪਿਛੋਕੜ ਬਾਰੇ ਸੁਣਿਆ ਤਾਂ ਉਕਤ ਸਤਰਾਂ ਲਿਖੇ ਬਿਨਾਂ ਨਾ ਰਹਿ ਸਕਿਆ।
ਗੱਲਾਂ ‘ਚੋਂ ਗੱਲ ਨਿਕਲੀ ਕਿ 6459 ਗੱਡੀ ਦਾ ਡਰਾਈਵਰ ਸੁੱਖ ਨਾਲ ਰੰਗ ਦਾ ਵੀ ਥੋੜ੍ਹਾ ‘ਘਸਮੈਲਾ’ ਜਿਹਾ ਹੀ ਸੀ। ਅੱਖਾਂ ‘ਚ ਪਾਇਆ ਧਾਰੀਦਾਰ ਸੁਰਮਾ ਉਹਨੂੰ ਹੋਰ ‘ਰੂਪ’ ਬਖਸ਼ਦਾ। ਸਰੀਰਕ ਦਿੱਖ ਇਸ ਤਰ੍ਹਾਂ ਕਿ ਮੁੱਛਾਂ ਚਰਖੇ ਦੇ ਤੱਕਲੇ ਵਾਂਗ ਤਿੱਖੀਆਂ ਅੱਖਾਂ ਵੱਲ ਨੂੰ ਸਿੱਧੀਆਂ ਰੱਖਦਾ ਸੀ। ਦੇਖਣ ਵਾਲਾ ਉਹਦੀਆਂ ਮੁੱਛਾਂ ਦੇਖਕੇ ਇੱਕ ਵਾਰ ਤਾਂ ਮਨ ਹੀ ਮਨ ਜਰੂਰ ਸੋਚਦਾ ਕਿ “ਭਲਿਆ ਮਾਣਸਾ ਅੱਖਾਂ ‘ਚ ਆਪਣੀਆਂ ਮੁੱਛਾਂ ‘ਮਾਰ’ ਕੇ ਹੀ ਅੰਨਾ੍ਹ ਨਾ ਹੋਜੀਂ, ਕਿਸੇ ਨੇ ਸੱਚ ਵੀ ਨੀਂ ਮੰਨਣਾ।” ਖੈਰ ਗੱਲ ਨਾਮਕਰਨ ਦੀ ਹੋ ਰਹੀ ਸੀ। ਇੱਕ ਵਾਰ ਇੱਕ ਤੀਵੀਂ ਆਪਣੇ ਪੰਜ ਕੁ ਸਾਲ ਦੇ ਜੁਆਕ ਨੂੰ ਬੁੱਕਲ ‘ਚ ਲੈ ਕੇ ਡਰਾਈਵਰ ਸੀਟ ਤੋਂ ਪਿਛਲੀ ਸੀਟ ਤੇ ਬੈਠ ਗਈ। ਬੱਸ ਤੁਰੀ ਹੀ ਸੀ ਕਿ ਜੁਆਕ ਨੇ ਉੱਚੀ ਉੱਚੀ ਰੋਂਦਿਆਂ ਬੱਸ ਸਿਰ ਤੇ ਚੁੱਕ ਲਈ। ਸਵਾਰੀਆਂ ਚੀਕ ਚਿਹਾੜੇ ਤੋਂ ਪ੍ਰੇਸ਼ਾਨ ਤੇ ਬੱਚੇ ਦੀ ਮਾਂ ਹੈਰਾਨ ਕਿ ਹੁਣੇ ਤਾਂ ਮੇਰਾ ਭੋਲੂ ਚੰਗਾ ਭਲਾ ਸੀ ਹੁਣੇ ਹੁਣੇ ਹੀ ਕੀ ਗੱਲ ਹੋਗੀ? ਪੁਚਕਾਰ ਕੇ ਜੁਆਕ ਨੂੰ ਪੁੱਿਛਆ ਤਾਂ ਉਹ ਥੋੜ੍ਹਾ ਚੁੱਪ ਹੋ ਕੇ “ਬੀਬੀ—ਹਾਏ ਬਿੱਲਾ ਵੱਢੂਗਾ।” ਕਹਿ ਕੇ ਫਿਰ ਸਿਰਤੋੜ ਰੋਣ ਲੱਗ ਪਿਆ। ਇੰਨੇ ਨੂੰ ਕੰਡਕਟਰ ਨੰ: 21 ਵੀ ਕੋਲ ਆ ਗਿਆ। ਬੱਚੇ ਨੂੰ ਫਿਰ ਪੁੱਿਛਆ ਤਾਂ ਉਸਨੇ ਡਰਦੇ ਡਰਦੇ ਨੇ ਡਰਾਈਵਰ ਦੇ ਸਿਰ ਉੱਪਰਲੇ ਸ਼ੀਸ਼ੇ ਵੱਲ ਉਂਗਲ ਕਰਦਿਆਂ ਇਸ਼ਾਰਾ ਕੀਤਾ ਤਾਂ ਕੰਡਕਟਰ ਦੇ ਕਹਾਣੀ ਸਮਝ ਆ ਗਈ। ਜਦੋਂ ਕੰਡਕਟਰ ਨੇ ਡਿਪੂ ਆ ਕੇ ਸਾਰੀ ਗੱਲ ਸੁਣਾਈ ਤਾਂ ਹਰ ਸੁਨਣ ਵਾਲੇ ਤੋਂ ਹਾਸਾ ਨਾ ਰੋਕਿਆ ਜਾਵੇ। ਉਸੇ ਦਿਨ ਤੋਂ ਹੀ ਡਰਾਈਵਰ ਦਾ ਨਾਂ “ਸ਼ੀਸ਼ੇ ਵਾਲਾ ਬਿੱਲਾ” ਰੱਖ ਦਿੱਤਾ ਗਿਆ। ਹੁਣ ਤੁਸੀਂ ਨਾਮਕਰਨ ਦੀ ਵਜ੍ਹਾ ਪੁੱਛੋਗੇ, ਲਉ ਸੁਣੋ,ਡਰਾਈਵਰ ਸਾਬ੍ਹ ਦੀਆਂ ਮੁੱਛਾਂ ਤੇ ਸੁਰਮੇ ਨਾਲ ਗੜੁੱਚ ਅੱਖਾਂ ਵਾਲਾ ਚਿਹਰਾ ਹੀ ਜੁਆਕ ਨੂੰ ਓਹਦੇ ਸਿਰ ਉੱਪਰਲੇ ਸ਼ੀਸ਼ੇ ਵਿੱਚੋਂ ਦੀ ਕਿਸੇ ਬਿੱਲੇ ਵਾਂਗ ਜਾਪਿਆ ਤਾ ਉਸਨੂੰ “ਸ਼ੀਸ਼ੇ ਵਾਲੇ ਬਿੱਲੇ” ਦੇ ਵੱਢਣ ਦੇ ਡਰ ਨੇ ਵਖਤ ਪਾਈ ਰੱਖਿਆ ਸੀ। ਇਸ ਕਿੱਸੇ ਤੋਂ ਬਾਦ ਜਦੋਂ ਵੀ ਕਿਸੇ ਦੇ “ਦੂਜੇ” ਨਾਂ ਬਾਰੇ ਸੁਣੀਂਦੈ ਤਾਂ ਉਸਦੇ ਪਿਛੋਕੜ ਬਾਰੇ ਜਾਨਣ ਦੀ ਕੋਸ਼ਿਸ਼ ਜਰੂਰ ਕਰੀਦੀ ਐ।
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)