407D42A300000578-4518092-image-m-48_1495104044965

ਹੈਂਅਅਅ!!! ਲੰਡਨ ਦੇ ਭਾਰਤੀ ਰੈਸਟੋਰੈਂਟ ‘ਚ ਮਨੁੱਖੀ ਮਾਸ ਪਰੋਸਿਆ ਜਾਂਦਾ ਸੀ????

ਲੰਡਨ (ਮਨਦੀਪ ਖੁਰਮੀ) ਲਾਈਲੱਗ ਅਤੇ ਅੱਖਾਂ ਮੁੰਦ ਕੇ ਯਕੀਨ ਕਰਨ ਵਾਲੇ ਲੋਕ ਹਰ ਜਗ੍ਹਾ, ਹਰ ਭਾਈਚਾਰੇ ਵਿੱਚ ਮੌਜੂਦ ਹੁੰਦੇ ਹਨ। ਥੋੜ੍ਹੀ ਜਿਹੀ ਛਾਣਬੀਣ ਜਿੱਥੇ ਸਾਨੂੰ ਖੁਦ ਨੂੰ ਹੋਰ ਵਧੇਰੇ ਜਾਨਣ ਦੇ ਰਾਹ ਤੋਰਦੀ ਹੈ, ਉੱਥੇ ਸਾਡੇ ਲਾਈਲੱਗਪੁਣੇ ਕਾਰਨ ਹੋਰਨਾਂ ਨੂੰ ਹੋਣ ਵਾਲਾ ਨੁਕਸਾਨ ਵੀ ਬਚ ਜਾਂਦਾ ਹੈ। ਅਜਿਹਾ ਕੁਝ ਹੀ ਲੰਡਨ ਦੇ ਇੱਕ ਭਾਰਤੀ ਰੈਸਟੋਰੈਂਟ “ਕਰੀ ਟਵਿਸਟ” ਨਾਲ ਵਾਪਰਿਆ। 1957 ਤੋਂ ਲੋਕਾਂ ਨੂੰ ਲਜ਼ੀਜ਼ ਖਾਣਾ ਪ੍ਰੋਸਦੇ ਆ ਰਹੇ ਇਸ ਭਾਰਤੀ ਰੈਸਟੋਰੈਂਟ ਦੇ ਬੰਦ ਹੋਣ ਤੱਕ ਦੀ ਨੌਬਤ ਸਿਰਫ ਇੱਕ ਜਾਅਲੀ ਖ਼ਬਰ ਅਤੇ ਲੋਕਾਂ ਦੇ ਲਾਈਲੱਗਪੁਣੇ ਕਾਰਨ ਹੀ ਆ ਗਈ ਹੈ।
ਕੀ ਹੈ ਪੂਰਾ ਮਾਮਲਾ??
ਦੱਖਣ ਪੂਰਬੀ ਲੰਡਨ ਦਾ “ਕਰੀ ਟਵਿਸਟ” ਨਾਮੀ ਰੈਸਟੋਰੈਂਟ ਗਾਹਕਾਂ ਨਾਲ ਖਚਾਖਚ ਭਰਿਆ ਰਹਿੰਦਾ ਸੀ। ਅਚਾਨਕ ਹੀ ਇੰਟਰਨੈੱਟ ਉੱਪਰ “ਚੈੱਨਲ 23 ਨਿਊਜ ਡੌਟ ਕੌਮ” ਨਾਮੀ ਵੈੱਬਸਾਈਟ ਉੱਪਰ ਪੋਸਟ ਰਾਹੀਂ ਇਹ ਜਾਅਲੀ ਖ਼ਬਰ ਸੁੱਕੇ ਫੂਸ ਨੂੰ ਲੱਗੀ ਅੱਗ ਵਾਂਗ ਲਪਟਾਂ ਬਣ ਗਈ ਕਿ “ਇਸ ਰੈਸਟੋਰੈਂਟ ਵਿੱਚ ਮਨੁੱਖੀ ਮਾਸ ਪ੍ਰੋਸਿਆ ਜਾ ਰਿਹਾ ਸੀ। ਪੁਲਿਸ ਵੱਲੋਂ ਮਾਰੇ ਛਾਪੇ ਦੌਰਾਨ ਫਰਿੱਜਾਂ ਵਿੱਚੋਂ 9 ਮਨੁੱਖੀ ਸਰੀਰ ਬਰਾਮਦ ਹੋਏ ਹਨ, ਜੋ ਗਾਹਕਾਂ ਨੂੰ ਪ੍ਰੋਸੇ ਜਾਣੇ ਸਨ।” ਖ਼ਬਰ ਵਿੱਚ ਕਿਹਾ ਗਿਆ ਹੈ ਕਿ “ਪਿਛਲੀ ਰਾਤ ਰੈਸਟੋਰੈਂਟ ਦੇ ਮਾਲਕ ਰਾਰਜਨ ਪਟੇਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।” ਬੇਸ਼ੱਕ ਇਸ ਮਨਘੜਤ ਕਹਾਣੀ ਵਿੱਚ ਕਾਫ਼ੀ ਗਲਤੀਆਂ ਸਨ ਪਰ ਲੋਕਾਂ ਨੇ ਇਸ ਖ਼ਬਰ ਨੂੰ ਅੱਗੇ ਤੋਂ ਅੱਗੇ ਫੈਲਾਉਣ ਵਿੱਚ ਕੋਈ ਕਸਰ ਨਾ ਛੱਡੀ। ਰੈਸਟੋਰੈਂਟ ਮਾਲਕ ਸ਼ਿਨਰਾ ਬੇਗਮ ਦਾ ਕਹਿਣਾ ਹੈ ਕਿ ਉਸਨੂੰ ਉਦੋਂ ਪਤਾ ਲੱਗਾ ਜਦੋਂ ਅਨੇਕਾਂ ਫੋਨ ਆਉਣੇ ਸ਼ੁਰੂ ਹੋ ਗਏ ਤੇ ਪੁਲਿਸ ਨੇ ਵੀ ਉਸਦੇ ਰੈਸਟੋਰੈਂਟ Ḕਚ ਫੇਰੀ ਪਾਈ। ਜਿੱਥੇ ਇਸ ਖ਼ਬਰ ਨੂੰ ਸ਼ੋਸਲ ਮੀਡੀਆ ਉੱਪਰ ਖੂਬ ਹਵਾ ਮਿਲੀ, ਉੱਥੇ ਕੁਝ ਭਾਰਤੀ ਅਖ਼ਬਾਰੀ ਵੈੱਬਸਾਈਟਾਂ ਨੇ ਵੀ ਬਿਨਾਂ ਤੱਥ ਪੜਤਾਲਿਆਂ ਹੀ ਹੂਬਹੂ ਜਾਅਲੀ ਖ਼ਬਰ ਨੂੰ ਮਸਾਲੇ ਲਾ ਲਾ ਕੇ ਛਾਪ ਧਰਿਆ। ਜਦ ਇਸ ਪ੍ਰਤੀਨਿਧੀ ਨੇ ਸੰਬੰਧਤ ਰੈਸਟੋਰੈਂਟ ਬਾਰੇ ਛਾਣਬੀਣ ਕਰਕੇ ਜਾਣਕਾਰੀ ਹਾਸਲ ਕੀਤੀ ਤਾਂ ਇਹ ਤੱਥ ਸਾਹਮਣੇ ਆਏ ਕਿ ਇਹ ਖ਼ਬਰ ਸਿਰਫ ਤੇ ਸਿਰਫ ਜਾਅਲੀ ਹੀ ਸੀ।
407D42A300000578-4518092-image-m-48_1495104044965
ਕੀ ਹੈ ਉਕਤ ਵੈੱਬਸਾਈਟ ਦਾ ਸੱਚ??
ਦੱਸਣਾ ਬਣਦਾ ਹੈ ਕਿ ਉਕਤ ਵੈੱਬਸਾਈਟ ਬਣਾਈ ਹੀ ਜਾਅਲੀ ਖ਼ਬਰਾਂ ਜਾਂ ਹਾਸੋਹੀਣੀਆਂ ਖ਼ਬਰਾਂ ਪ੍ਰਕਾਸ਼ਿਤ ਕਰਕੇ ਇੱਕ ਦੂਜੇ ਦਾ ਮਜ਼ਾਕ ਉਡਾਉਣ ਲਈ ਹੈ। ਪਾਠਕ ਨੂੰ ਵੀ ਸਹੂਲਤ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵੱਲੋਂ ਬਣਾਈ ਗਈ “ਚੂੰਡੀਵੱਢ ਖ਼ਬਰ” ਨੂੰ ਖੁਦ ਪੋਸਟ ਕਰ ਸਕਦਾ ਹੈ। ਬਸ਼ਰਤੇ ਕਿ ਖ਼ਬਰ ਦਾ ਸਿਰਲੇਖ ਸਨਸਨੀ ਵਾਲਾ ਜਰੂਰ ਹੋਵੇ। ਵੈੱਬਸਾਈਟ ਦੀ ਇਸ ਸਹੂਲਤ ਦਾ ਫਾਇਦਾ ਉਠਾਉਂਦਿਆਂ ਹੀ ਕਿਸੇ ਸ਼ਰਾਰਤੀ ਵੱਲੋਂ ਅਜਿਹੀ ਖ਼ਬਰ ਪੋਸਟ ਕਰ ਦਿੱਤੀ ਜੋ “ਕਰੀ ਟਵਿਸਟ” ਦੀਆਂ ਜਲੇਬੀਆਂ ਵਿੱਚ ਗੰਢਾ ਧਰ ਗਈ।