ਨਾਵਲ

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 7)

ਬਾਬਾ ਮੰਜੇ ਨਾਲੋਂ ਖੋਲ੍ਹ ਦਿੱਤਾ ਗਿਆ।
ਮੁਕਾਬਲੇ ਦੀ ਤਿਆਰੀ ਹੋਣ ਲੱਗ ਪਈ।
ਬਾਬੇ ਅਤੇ ਰਣਜੋਧ ਕੋਲ ਰੱਖੇ ਜਾਣ ਵਾਲੇ ਫ਼ਰਜ਼ੀ ਹਥਿਆਰ ਕੱਢ ਲਏ ਗਏ।
ਮੁਕਾਬਲੇ ਵਾਲੀ ਥਾਂ ਅਤੇ ਨਕਸ਼ਾ ਤਿਆਰ ਕਰ ਲਿਆ ਗਿਆ। ਤਲਵੰਡੀ ਵਾਲੀ ਪੁਲੀ ‘ਤੇ ਮੁਕਾਬਲਾ ਬਣਾਉਣ ਦਾ ਫੈਸਲਾ ਹੋਇਆ ਸੀ। ਤਲਵੰਡੀ ਵਾਲੀ ਸੁੰਨੀ ਪੁਲ਼ੀ ਤਿੰਨ ਪਿੰਡਾਂ ਤੋਂ ਤਕਰੀਬਨ ਤਿੰਨ-ਤਿੰਨ ਕਿਲੋਮੀਟਰ ਹਟਵੀਂ ਸੀ। ਇਸ ਪੁਲੀ ‘ਤੇ ਸਿਰਫ਼ ਇਕ ਬੋਹੜ ਅਤੇ ਇਕ ਨਲਕਾ ਸੀ। ਜਿੱਥੇ ਸਾਰੀ ਰਾਤ ਉੱਲੂ ਹੀ ਬੋਲਦੇ ਸਨ। ਦਿਨੇ ਕੋਈ ਟਾਂਵੀਂ-ਟਾਂਵੀਂ ਛੋਟੇ ਰੂਟ ਵਾਲੀ ਬੱਸ ਰੁਕਦੀ ਸੀ।
ਪੁਲੀ ਦੇ ਦੋਹੀਂ ਪਾਸੀਂ ਦੂਰ ਦੂਰ ਤੱਕ ਕਿੱਕਰਾਂ ਅਤੇ ਖ਼ਤਾਨਾਂ ਸਨ। ਸਵੇਰ ਦੇ ਛੇ ਵਜੇ ਤੱਕ ਇਧਰ ਕੋਈ ਬੰਦਾ ਨਾ ਪਰਿੰਦਾ ਨਜ਼ਰ ਆਉਂਦਾ ਸੀ। ਛੇ ਵਜੇ ਤੋਂ ਬਾਅਦ ਪਿੰਡਾਂ ਵਿਚੋਂ ਸਿਰਫ਼ ਦੋਧੀ ਹੀ
ਦੁੱਧ ਲੈ ਕੇ ਆਉਂਦੇ ਸਨ। ਪਹਿਲੀ ਬੱਸ ਵੀ ਸ਼ਹਿਰੋਂ ਇਧਰ ਨੂੰ ਸੱਤ ਵਜੇ ਤੁਰਦੀ ਸੀ।
ਮੁਕਾਬਲੇ ਦੀ ਰਿਪੋਰਟ ਮੁਣਸ਼ੀ ਨੇ ਮੁਕੰਮਲ ਕਰ ਦਿੱਤੀ ਅਤੇ ਪੌਣੇ ਦੋ ਵਜੇ ਤੱਕ ਸਿਪਾਹੀਆਂ ਨੇ ਛੇ ਬੋਤਲਾਂ ਵਿਚ ਫ਼ੂਕ ਮਾਰ ਦਿੱਤੀ ਸੀ। ਬਾਕੀ ਬਚਦੀਆਂ ਦੋ ਬੋਤਲਾਂ ਸਿਪਾਹੀਆਂ ਨੇ ਕੈਂਟਰ ਵਿਚ ਰੱਖ ਲਈਆਂ ਸਨ।
-“ਲਓ ਕੰਮ ਆਉਣਗੀਆਂ।” ਦੋ ਹੋਰ ਬੋਤਲਾਂ ਮੁਣਸ਼ੀ ਨੇ ਸਿਪਾਹੀਆਂ ਨੂੰ ਫੜਾਉਂਦਿਆਂ ਕਿਹਾ। ਹੁਣ ਸਿਪਾਹੀਆਂ ਨੂੰ ਠਾਰੀ ਦੰਦੀਆਂ ਵੱਢਦੀ ਨਜ਼ਰ ਨਹੀ ਆਉਂਦੀ ਸੀ। ਅੰਦਰੋਂ ਪੀਤੀ ਦਾਰੂ ਅਤੇ ਬਾਹਰੋਂ ਗੱਡੀ ਵਿਚ ਪਈਆਂ ਬੋਤਲਾਂ ਦਾ ਵਾਹਵਾ ਨਿੱਘ ਸੀ। ਲਹਿਰਾਂ ਬਹਿਰਾਂ ਸਨ।
ਸਿਪਾਹੀਆਂ ਨੇ ਬਰਾਂਡੀਆਂ ਅਤੇ ਬੂਟ ਕੱਸ ਲਏ। ਬੰਦੂਕਾਂ ਅਤੇ ਸਟੇਨਗੰਨਾਂ ਸੰਭਾਲ ਲਈਆਂ।
ਬਾਬੇ ਨੂੰ ਗੱਡੀ ਵਿਚ ਲੱਦ ਲਿਆ ਅਤੇ ਰਣਜੋਧ ਨੂੰ ਫੜ ਕੇ ਚਾੜ੍ਹ ਲਿਆ ਗਿਆ। ਹੱਥ ਪੈਰ ਬੰਨ੍ਹੇ ਹੋਏ ਸਨ।
-“ਹੁਣ ਕਿੱਥੇ ਲੈ ਕੇ ਚੱਲੇ ਹੋ ਹਜੂਰ?” ਰਣਜੋਧ ਨੇ ਮਰੀ ਜਿਹੀ ਅਵਾਜ਼ ਨਾਲ ਠਾਣੇਦਾਰ ਨੂੰ ਪੁੱਛਿਆ। ਮੂੰਹ ਢਕੀ ਪਏ ਬਾਬੇ ਜਪਨਾਮ ਤੇ ਉਸ ਦੀ ਨਜ਼ਰ ਨਹੀ ਗਈ ਸੀ। ਬਾਬਾ ਅਧਮੋਇਆ, ਬੇਹੋਸ਼ ਜਿਹਾ ਪਿਆ ਸੀ।
-“ਅਸੀਂ ਗਸ਼ਤ ਤੇ ਚੱਲੇ ਆਂ-ਤੈਨੂੰ ਤੇਰੇ ਪਿੰਡ ਲਾਹ ਦਿਆਂਗੇ।” ਠਾਣੇਦਾਰ ਨੇ ਬੜਾ ਸਰਸਰੀ ਉੱਤਰ ਦਿੱਤਾ। ਉਹ ਬਰਾਂਡੀ ਵਿਚ ਕਸਿਆ, ਮਫ਼ਲਰ ਨਾਲ ਮੂੰਹ ਢਕ ਰਿਹਾ ਸੀ।
ਤਿੰਨ ਟਰੱਕ ਅੱਗੜ ਪਿੱਛੜ ਤੁਰ ਪਏ।
ਠਾਣੇ ਦਾ ਦਰਵਾਜਾ ਬੰਦ ਹੋ ਗਿਆ।
ਮੁਣਸ਼ੀ ਬੈਂਚ ‘ਤੇ ਹੀ ਗਦੈਲਾ ਵਿਛਾ ਕੇ ਬੜੇ ਅਰਾਮ ਨਾਲ ਪੈ ਗਿਆ। ਜਿਵੇਂ ਉਹ ”ਕੰਨਿਆਂ-ਦਾਨ” ਕਰਕੇ , ਸਿਰੋਂ ਭਾਰ ਲਾਹ ਕੇ, ਭਾਵ ਸੁਰਖ਼ਰੂ ਜਿਹਾ ਹੋ ਕੇ ਪਿਆ ਸੀ।
ਤਿੰਨੇ ਟਰੱਕ ਬੜੇ ਅਰਾਮ ਨਾਲ ਤੁਰੇ ਜਾ ਰਹੇ ਸਨ। ਜਦ ਪਾਸਾ ਲੈਣ ਲੱਗੇ ਬਾਬੇ ਜਪਨਾਮ ਦੇ ਮੂੰਹੋਂ “ਹਾਏ” ਨਿਕਲਿਆ ਤਾਂ ਸਿਪਾਹੀ ਨੇ ਉਸ ਦੇ ਮੂੰਹ ਤੋਂ ਕੰਬਲ ਲਾਹ ਕੇ ਟਾਰਚ ਜਗਾ ਕੇ ਦੇਖਿਆ। ਰਣਜੋਧ ਦੀ ਨਜ਼ਰ ਵੀ ਬਾਬੇ ਦੇ ਮੂੰਹ ‘ਤੇ ਪਈ ਤਾਂ ਉਹ ਹੈਰਾਨੀ ਵਿਚ ਚੌਂਕਿਆ।
-“ਬਾਬਾ ਤੂੰ ਵੀ ਵਿੱਚੇ ਈ….!”
-“ਤੂੰ ਕੌਣ ਐਂ ਸ਼ੇਰਾ?” ਬਾਬੇ ਨੇ ਸਾਰਾ ਸਾਹ ਸੱਤ ਇਕੱਠਾ ਕਰਕੇ ਪੁੱਛਿਆ। ਉਸ ਦਾ ਅੰਗ ਅੰਗ, ਜੋੜ ਜੋੜ ਹਿਲਿੱਆ ਪਿਆ ਸੀ। ਪਰ ਫਿਰ ਵੀ ਸਿਦਕੀ ਸੂਰਮਾਂ ‘ਸੀ’ ਨਹੀ ਕਰਦਾ ਸੀ।
-“ਮੈਂ ਆਂ ਬਾਬਾ ਜੋਧ-ਬਲੀ ਸਿਉਂ ਕਾ।”
-“ਅੱਛਾ-ਅੱਛਾ! ਰਣਜੋਧ ਸਿਆਂ ਕਰ ਲੈ ਫਿਰ ਪੁੱਤਰਾਂ ਦੇ ਦਾਨੀ ਨੂੰ ਯਾਦ-ਸੱਦਾ ਤਾਂ ਧੁਰ ਦਰਗਾਹੋਂ ਆ ਗਿਐ ਸ਼ੇਰਾ!”
ਰਣਜੋਧ ਨੂੰ ਭੁਆਂਟਣੀ ਆ ਗਈ।
ਉਹ ਉਚੀ ਉਚੀ ਰੋਣ ਲੱਗ ਪਿਆ।
-“ਗੁਰੂ ਦੇ ਸਿੰਘਾ ਮੈਨੂੰ ਬੈਠਾ ਕਰ।” ਬਾਬੇ ਨੇ ਇੱਕ ਸਿਪਾਹੀ ਨੂੰ ਕਿਹਾ, “ਦੇਈਂ ਜਿਉਣ ਜੋਕਰਿਆ ਮਾੜਾ ਜਿਆ ਆਸਰਾ-ਮੈਂ ਰਣਜੋਧ ਸਿਉਂ ਨਾਲ ਦੋ ਗੱਲਾਂ ਕਰਨੀਐਂ।”
ਦੋ ਸਿਪਾਹੀਆਂ ਨੇ ਬਾਬੇ ਨੂੰ ਆਸਰਾ ਦੇ ਕੇ ਬੈਠਾ ਕਰ ਲਿਆ ਅਤੇ ਪਾਸੇ ਵਾਲੀ ਸੀਟ ਨਾਲ ਢੋਹ ਲੁਆ ਦਿੱਤੀ।
-“ਰੋਣ ਕਿਉਂ ਡਹਿ ਪਿਐਂ ਸ਼ੇਰਾ? ਅੱਗੋਂ ਕੀ ਪਿੱਛੋਂ ਕੀ ਹਰ ਇੱਕ ਨੇ ਆਖਰ ਇਸ ਨਾਸ਼ਵਾਨ ਸੰਸਾਰ ਨੂੰ ਛੱਡਣਾ ਈ ਛੱਡਣੈਂ-ਬੁਜਦਿਲਾਂ ਦੀ ਮੌਤ ਮਰਨ ਨਾਲੋਂ ਹਿੱਕ ਡਾਹ ਕੇ ਮਰਨਾ ਸੂਰਮਿਆਂ ਦਾ ਕੰਮ ਐਂ-ਪਰ ਇੱਕ ਅਫ਼ਸੋਸ ਕਿ ਤੇਰੀ ਜਵਾਨੀ ਤੇ ਮੈਨੂੰ ਤਰਸ ਆਉਂਦੈ।”
-“ਪਰ ਬਾਬਾ ਮੇਰਾ ਤਾਂ ਕਸੂਰ ਵੀ ਕੋਈ ਨਹੀ।”
ਰਣਜੋਧ ਰੋਈ ਜਾ ਰਿਹਾ ਸੀ।
-“ਕੁੱਤੇ ਸਿ਼ਕਾਰ ਦਾ ਕਸੂਰ ਨਹੀ ਪੁੱਛਦੇ ਪੁੱਤਰ ਮੇਰਿਆ-ਕਲਗੀਧਰ ਦੇ ਪੇਸ਼ ਹੋਣੈ ਦਿਲ ਧਰ-ਦਸਮ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦਾ ਕੀ ਕਸੂਰ ਸੀ? ਇਹੀ ਬਈ ਉਹਨਾਂ ਨੇ ਔਰੰਗੇ ਦੀ ਈਨ ਨਹੀ ਸੀ ਮੰਨੀ-ਬੱਸ ਇਹੀ ਕਸੂਰ ਆਪਣੈ ਸ਼ੇਰ ਬੱਗਿਆ-ਗੁਰੂ ਦਾ ਸਿੰਘ ਤਾਂ ਬੰਦ ਬੰਦ ਕਟਵਾ ਸਕਦੈ-ਚਰਖੜੀਆਂ ਤੇ ਚੜ੍ਹ ਸਕਦੈ-ਤਨ ਆਰਿਆਂ ਨਾਲ ਚਿਰਵਾ ਸਕਦੈ-ਖੋਪੜੀ ਲੁਹਾ ਸਕਦੈ-ਦੇਗਾਂ ‘ਚ ਉਬਲ ਸਕਦੈ-ਟੁੱਟ ਸਕਦੈ ਪਰ ਝੁਕ ਨਹੀ ਸਕਦਾ-ਤੂੰ ਕਥਨ ਸੁਣਿਆਂ ਈ ਐ ਕਿ ਪੁਰਜਾ ਪੁਰਜਾ ਕਟਿ ਮਰੈ-ਕਬਹੂਂ ਨ ਛਾਡੈ ਖੇਤੁ-ਹੁਣ ਸਿੰਘ ਸੂਰਮਾਂ ਬਣ ਕੇ ਸ਼ਹੀਦ ਹੋ-ਬੁਜਦਿਲ ਨਾ ਬਣ।”
ਪਰ ਰਣਜੋਧ ਧਾਹਾਂ ਮਾਰੀ ਜਾ ਰਿਹਾ ਸੀ।
ਧੁੰਦ ਭਰੀ ਰਾਤ ਵਿਚ ਹਾਥੀ-ਚਾਲ ਤੁਰਦੇ ਟਰੱਕ ਤਲਵੰਡੀ ਵਾਲੀ ਪੁਲੀ ‘ਤੇ, ਬੋਹੜ ਹੇਠ ਜਾ ਕੇ ਰੁਕ ਗਏ।
ਠਾਣੇਦਾਰ ਦੇ ਹੁਕਮ ਅਨੁਸਾਰ ਦੋ ਸਿਪਾਹੀ ਟਾਰਚ ਅਤੇ ਬੋਤਲ ਲੈ ਮੁਕਾਬਲੇ ਵਾਲੀ ਜਗਾਹ ਭਾਲਣ ਤੁਰ ਪਏ।
ਸਰੀਰਕ ਪੀੜਾਂ ਦਾ ਗਰਾਸਿਆ ਬਾਬਾ ਹੌਲੀ ਹੌਲੀ ਸ਼ਬਦ ਗਾਇਨ ਕਰੀ ਜਾ ਰਿਹਾ ਸੀ:
-“ਜਿਸੁ ਮਰਨੇ ਤੇ ਜਗਿ ਡਰੈ ਮੇਰੇ ਮਨਿ ਆਨੰਦ।।
ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ।।”
-“ਡੰਡਾਉਤੁ ਬੰਦਨੁ ਅਨਕ ਬਾਰੁ ਸਰਬ ਕਲਾ ਸਮਰੱਥਿ।।
ਡੋਲਣ ਤੇ ਰਾਖਿਓ ਪ੍ਰਭੂ ਨਾਨਕੁ ਦੇ ਕਰ ਹਥਿ।।”
-“ਮੇਰਾ ਰੁਸੇ ਨਾ ਕਲਗੀਆਂ ਵਾਲਾ
ਜੱਗ ਭਾਵੇਂ ਸਾਰਾ ਰੁਸ ਜਾਏ।”
-“ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।”
-“ਜਉ ਤਉ ਪ੍ਰੇਮ ਖੇਲਣੁ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੋਰੀ ਆਉ।।
ਇਤੁ ਮਾਰਗਿ ਪੈਰ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।”
ਫਿਰ ਬਾਬੇ ਨੇ ਜਪੁਜੀ ਸਾਹਿਬ ਦਾ ਪਾਠ ਕਰਨਾ ਸੁਰੂ ਕਰ ਦਿੱਤਾ। ਜਪੁਜੀ ਸਾਹਿਬ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ।
ਵਕਤ ਬਹੁਤ ਹੀ ਥੋੜਾ ਸੀ।
ਸਵੇਰ ਦੇ ਪੌਣੇ ਤਿੰਨ ਵੱਜ ਗਏ ਸਨ।
ਸਿਪਾਹੀ ਜਗਾਹ ਦੇਖ ਕੇ ਆ ਗਏ ਸਨ।
ਅੱਧੀ ਬੋਤਲ ਉਹਨਾਂ ਨੇ ਹੋਰ ਖਾਲੀ ਕਰ ਦਿੱਤੀ ਸੀ। ਬਾਬੇ ਅਤੇ ਰਣਜੋਧ ਨੂੰ ਸਹਾਰਾ ਦੇ ਕੇ ਟਰੱਕ ਵਿਚੋਂ ਉਤਾਰ ਲਿਆ ਗਿਆ। ਠਾਣੇਦਾਰ ਉਹਨਾਂ ਕੋਲ ਪੁੱਜ ਗਿਆ। ਉਸ ਦਾ ਮੂੰਹ ਚੰਗੀ ਤਰ੍ਹਾਂ ਮਫ਼ਲਰ ਨਾਲ ਢਕਿਆ ਹੋਇਆ ਸੀ ਅਤੇ ਹੱਥਾਂ ‘ਤੇ ਪੱਛਮ ਦੇ ਦਸਤਾਨੇ ਚੜ੍ਹਾਏ ਹੋਏ ਸਨ। ਸਿਪਾਹੀ ਨਕਸ਼ੇ ਮੁਤਾਬਿਕ ਚਾਰੇ ਪਾਸੀਂ ਘੇਰੇ ਘੱਤੀ ਖੜ੍ਹੇ ਸਨ।
-“ਹਾਂ ਬਾਬਾ ਹੁਣ ਕੀ ਰੈਅ ਐ? ਚੜ੍ਹਨੈ ਗੱਡੀ ਜਾਂ…?” ਗੱਲ ਠਾਣੇਦਾਰ ਨੇ ਜਾਣ ਬੁੱਝ ਕੇ ਅਧੂਰੀ ਛੱਡ ਦਿੱਤੀ।
-“ਠਾਣੇਦਾਰਾ ਮੇਰਾ ਤਾਂ ਕੁਛ ਨਹੀ-ਪਰ ਜੇ ਮੰਨੇਂ ਤਾਂ ਆਹ ਮੁੰਡੇ ਨੂੰ ਛੱਡ ਦੇਹ-ਮੈ ਤਾਂ ਦੀਨ ਦੁਨੀਆਂ ਦੇਖ ਲਈ ਐ-ਇਹਨੇ ਤਾਂ ਅਜੇ ਦੇਖਿਆ ਈ ਕੁਛ ਨਹੀ।”
-“ਬਾਬਾ ਮੇਰੀ ਸ਼ਰਤ ਪੂਰੀ ਕਰ ਦੇਹ-ਦੋਹਾਂ ਨੂੰ ਈ ਛੱਡ ਦਿੰਨੈ-ਵਾਅਦਾ ਰਿਹਾ-ਅੰਮ੍ਰਿਤ ਵੇਲਾ ਐ-ਕਸਮ ਖਾ ਕੇ ਕਹਿੰਨੈ ਥੋਡੇ ਹੁਣੇ ਈ ਰੱਸੇ ਲਾਹ ਦਿਆਂਗਾ।”
-“ਅੰਮ੍ਰਿਤ ਵੇਲੇ ਦੀ ਕਸਮ ਖਾ ਕੇ ਅੰਮ੍ਰਿਤ ਵੇਲੇ ਨੂੰ ਕਲੰਕਿਤ ਨਾ ਕਰ ਠਾਣੇਦਾਰਾ! ਪਰ ਇਸ ਮੁੰਡੇ ਨੂੰ ਛੱਡ ਦੇਹ-ਇਹਨੇ ਕਸੂਰ ਕੋਈ ਨਹੀ ਕੀਤਾ-ਮੇਰੇ ਨਾਲ ਜੋ ਮਰਜੀ ਐ ਸਲੂਕ ਕਰ!”
-“ਮੇਰੀ ਸ਼ਰਤ?”
-“ਤੇਰੀ ਸ਼ਰਤ ਕਦਾਚਿੱਤ ਪੂਰੀ ਨਹੀ ਹੋਣੀ-ਇਹ ਤੂੰ ਭੁੱਲ ਜਾਹ।”
-“ਥੋਨੂੰ ਚਾਹੜ ਦੇਈਏ ਫਿਰ ਗੱਡੀ?”
-“ਜਲਦੀ ਕਰੋ-ਥੋਡਾ ਇਰਾਦਾ ਨਾ ਬਦਲ ਜਾਵੇ-ਗੁਰੂ ਦਾ ਸਿੰਘ ਸੂਰਮਾਂ ਸ਼ਹੀਦ ਹੋਣ ਲਈ ਤਿਆਰ ਐ-ਪਰ ਆਪਣਾ ਹਸ਼ਰ ਵੀ ਯਾਦ ਰੱਖੀਂ-ਇਕ ਦਿਨ ਤੈਨੂੰ ਵੀ ਇਸੇ ਪੜਾਅ ਤੇ ਖੜ੍ਹਨਾਂ ਪੈਣੈ।”
ਠਾਣੇਦਾਰ ਹੱਸ ਪਿਆ।
-“ਮੇਰੇ ਨਾਲ ਪੂਰੇ ਪੈਂਤੀ ਬੰਦੇ ਐ।”
-“ਮੱਸੇ ਰੰਘੜ ਨੂੰ ਵੀ ਆਹੀ ਭੁਲੇਖਾ ਸੀ-ਪਰ ਸਿੰਘਾਂ ਨੇ ਅੰਦਰ ਜਾ ਕੇ ਸੋਧਿਆ ਸੀ।”
ਠਾਣੇਦਾਰ ਨੇ ਟਾਰਚ ਦਾ ਇਸ਼ਾਰਾ ਕੀਤਾ ਤਾਂ ਇਕ ਸਿਪਾਹੀ ਨੇ ਟਰੱਕ ਦੀ ਤਰਪਾਲ ‘ਤੇ ਫ਼ਰਜ਼ੀ ਹਥਿਆਰ ਦਾ ਬਰੱਸਟ ਮਾਰਿਆ, ਜਿਹੜਾ ਬਾਬੇ ਕੋਲ ਰੱਖਣਾ ਸੀ। ਤਰਪਾਲ ਵਿਚ ਛਾਨਣੀ ਵਾਂਗ ਮੋਰੀਆਂ ਹੋ ਗਈਆਂ। ਫਿਰ ਰਣਜੋਧ ਕੋਲ ਰੱਖੇ ਜਾਣ ਵਾਲੇ ਰਿਵਾਲਵਰ ਨਾਲ ਤਰਪਾਲ ‘ਤੇ ਤਿੰਨ ਫਾਇਰ ਕੀਤੇ ਗਏ। ਪਿਛਲੇ ਟਰੱਕ ਦੇ ਟਾਇਰ ਵਿਚ ਗੋਲੀ ਮਾਰ ਕੇ ਪੈਂਚਰ ਕਰ ਦਿੱਤਾ ਗਿਆ।
-“ਬਾਬਾ-ਮੁਕਾਬਲਾ ਬਣ ਚੁੱਕਿਐ-ਇੱਕ ਵਾਰ ਫਿਰ ਸੋਚ ਲੈ।” ਠਾਣੇਦਾਰ ਨੇ ਆਖਰੀ ਵਾਰ ਜਰਕਾਇਆ।
-“ਗੁਰੂ ਦੇ ਸਿੰਘਾ-ਵਾਹਿਗੁਰੂ ਬੋਲ..!” ਬਾਬੇ ਨੇ ਰਣਜੋਧ ਨੂੰ ਬੱਝੇ ਹੱਥਾਂ ਨਾਲ ਥਾਪੜਿਆ।
-“ਲੈ ਬਈ ਮੀਰ ਮਨੂੰ ਦਿਆ ਗਿੱਦੜਾ..! ਸਿੰਘਾਂ ਦੇ ਕਮਰਕੱਸੇ ਕਰੇ ਹੋਏ ਐ-ਤੂੰ ਆਬਦਾ ਲਾਹ ਲੈ ਚਾਅ…।” ਬਾਬੇ ਨੇ ਠਾਣੇਦਾਰ ਨੂੰ ਕਿਹਾ, “ਹੁਣ ਤੇਰਾ ਕੋਈ ਅਰਮਾਨ ਬਾਕੀ ਨਾ ਰਹਿ ਜਾਵੇ-ਕਸਰ ਕੱਢ ਕੇ ਹਟੀਂ…।”
ਠਾਣੇਦਾਰ ਦੇ ਇਸ਼ਾਰੇ ‘ਤੇ ਸਿਪਾਹੀ ਬਾਬੇ ਅਤੇ ਰਣਜੋਧ ਨੂੰ ਕਿੱਕਰਾਂ ਦੀ ਆੜ, ਪੁਲੀ ਦੀ ਬੰਨ੍ਹੀ ਵੱਲ ਨੂੰ ਧੂਹ ਤੁਰੇ। ਰਣਜੋਧ ਹਾਲ ਦੁਹਾਈ ਮਚਾ ਰਿਹਾ ਸੀ। ਪਰ ਬਾਬਾ ਸ਼ਾਂਤਮਈ,
-“ਸਿਰੁ ਦੀਜੈ ਕਾਣਿ ਨ ਕੀਜੈ।”….
-“ਪੁਰਜਾ ਪੁਰਜਾ ਕਟਿ ਮਰੈ।।
ਕਬਹੂੰ ਨ ਛਾਡੈ ਖੇਤੁ।” ਗਾਇਨ ਕਰ ਰਿਹਾ ਸੀ।
ਥੋੜੀ ਦੇਰ ਬਾਅਦ ਹੀ ਸਟੇਨਗੰਨ ਦੇ ਇਕ ਬਰੱਸਟ ਨਾਲ ਹੀ ਰਣਜੋਧ ਦੀ ਹਾਲ ਦੁਹਾਈ ਅਤੇ ਬਾਬੇ ਦਾ ਗਾਇਨ ਬੰਦ ਹੋ ਗਿਆ। ਖੇਤਾਂ ਵਿਚ ਜਨੌਰਾਂ ਅਤੇ ਮੋਰਾਂ ਨੇ ‘ਵੈਣ’ ਪਾਉਣੇ ਸੁਰੂ ਕਰ ਦਿੱਤੇ।
-“ਉਏ ਸੁੱਤਿਓ ਭੋਲਿਓ ਲੋਕੋ…! ਦੇਖੋ…! ਬੁੱਚੜਾਂ ਨੇ ਦੋ ਨਿਰਦੋਸ਼ੇ ਰੱਬ ਦੇ ਜੀਅ ਬਿਨਾਂ ਗੱਲੋਂ ਗੋਲ਼ੀਆਂ ਨਾਲ ਭੁੰਨ ਦਿੱਤੇ!!”
ਬਾਬੇ ਅਤੇ ਰਣਜੋਧ ਦੇ ਹੱਥ ਪੈਰ ਖੋਲ੍ਹ ਕੇ ਫ਼ਰਜ਼ੀ ਹਥਿਆਰਾਂ ਦੇ ਘੋੜੇ ਉਹਨਾਂ ਦੀਆਂ ਬੇਜਾਨ
ਉਂਗਲਾਂ ਵਿਚ ਅੜਾ ਦਿੱਤੇ ਗਏ। ਰਣਜੋਧ ਦਾ ਸਿਰ ਅਤੇ ਬਾਬੇ ਦੀ ਛਾਤੀ ਭਰਾੜ੍ਹ ਹੋ ਗਈ ਸੀ।
ਖੂਨ ਦੇ ਫ਼ੁਆਰੇ ਉਬਲ-ਉਬਲ ਕੇ ਵਗ ਰਹੇ ਸਨ। ਧਰਤੀ ਮਾਤਾ ਦੀ ਹਿੱਕ ‘ਤੇ ਨਿਰਦੋਸਿ਼ਆਂ ਦਾ ਖੂਨ, ਸੁਨਿਹਰੀ ਭਵਿੱਖ ਬਣ ਮੁਸਕਰਾ ਰਿਹਾ ਸੀ।
ਪਹੁ ਫ਼ਟ ਚੁੱਕੀ ਸੀ।
ਸ਼ਹੀਦਾਂ ਦੇ ਖੂਨ ਵਰਗੀ ਹੀ ਗਾਹੜੀ ਲਾਲੀ ਪੂਰਬੋਂ ਫੁੱਟੀ ਸੀ। ਤਲਵੰਡੀ ਅਤੇ ਚੜਿੱਕ ਦੇ ਸਰਪੰਚ ਬੁਲਾਏ ਜਾ ਚੁੱਕੇ ਸਨ। ਵਾਰਸਾਂ ਨੂੰ ਖ਼ਬਰ ਕਰ ਦਿੱਤੀ ਗਈ ਸੀ।
ਸੂਰਜ ਚੜ੍ਹਦੇ ਸਾਰ ਹੀ ਹਰ ਕੌਰ ਬਾਬੇ ਦੇ ਸਿਰਹਾਣੇ ਬੈਠ ਪਾਠ ਕਰਕੇ ਤੁਰ ਪਈ। ਉਸ ਦਾ ਚਿਹਰਾ ਬੜਾ ਸ਼ਾਂਤ ਸੀ। ਜਿਵੇਂ ਇਸ ਭਾਣੇ ਬਾਰੇ ਉਸ ਨੂੰ ਪਹਿਲਾਂ ਹੀ ਪਤਾ ਸੀ। ਗੁਰੂ ਦਾ ਭਾਣਾ ਉਸ ਨੇ ਮਿੱਠਾ-ਮਿੱਠਾ ਕਰਕੇ ਮੰਨ ਲਿਆ ਸੀ। ਗੁਰੂ ਦਾ ਸੱਦਾ ਆ ਗਿਆ ਸੀ। ਸਿੰਘ ਨੂੰ ਹਰ ਹਾਲਤ ਵਿਚ ਜਾਣਾ ਹੀ ਪੈਣਾ ਸੀ। ਹਰ ਕੌਰ ਨੇ ਅੱਖੋਂ ਇਕ ਵੀ ਹੰਝੂ ਨਹੀ ਕੇਰਿਆ ਸੀ। ਸਿਰ ਦਾ ਸਾਈਂ ਤੁਰ ਗਿਆ ਸੀ। ਪਰ ਕਲਗੀਧਰ ਪਿਤਾ ਦਾ ਹੱਥ ਸਿਰ ‘ਤੇ ਸੀ। ਗੁਰੂ ਹਾਜਰ ਨਾਜਰ ਸੀ।
ਕੁਝ ਸਮੇਂ ਬਾਅਦ ਹੀ ਹਾਲੋਂ ਬੇਹਾਲ ਹੋਇਆ ਬਲੀ ਸਿੰਘ, ਇਕਲੌਤੇ ਪੁੱਤ ਦੀ ਖਿੱਲਰੀ ਲਾਸ਼ ਕੋਲ ਆ ਡਿੱਗਿਆ। ਉਹ ਪੈਰੋਂ ਨੰਗਾ ਸੀ ਅਤੇ ਉਸ ਦਾ ਮੜਾਸਾ ਖੁੱਲ੍ਹ ਕੇ ਗਲ ਵਿਚ ਪਿਆ ਹੋਇਆ ਸੀ। ਖੁੱਲ੍ਹੇ ਵਾਲਾਂ ਅਤੇ ਓਪਰੀ ਝਾਕਣੀ ਤੋਂ ਇੰਜ ਲੱਗਦਾ ਸੀ ਜਿਵੇਂ ਉਸ ਦਾ ਦਿਮਾਗ ਹਿੱਲ ਗਿਆ ਸੀ।
-“ਮਾਰ ਕੇ ਸਿੱਟ ਗਿਐਂ ਉਏ ਜਿਉਣ ਜੋਕਰਿਆ!” ਉਹ ਧਰਤੀ ‘ਤੇ ਹੱਥ ਮਾਰਦਾ ਵੈਣ ਪਾ ਰਿਹਾ ਸੀ।
-“ਉਏ ਮੈਂ ਕੀਹਦੇ ਸਿਰ ਤੇ ਜੀਊਂ ਉਏ ਮੇਰਿਆ ਰਣਜੋਧ ਸ਼ੇਰਾ…!”
-“ਤੈਨੂੰ ਨਿਰਦੋਸ਼ੇ ਨੂੰ ਬੁੱਚੜਾਂ ਨੇ ਮਾਰਤਾ ਉਏ ਮੇਰਿਆ ਲਾਡਲਿਆ ਪੁੱਤਾ…!”
-“ਮੇਰੀ ਕੁਲ਼ ਦਾ ਦੀਵਾ ਬੁਝ ਗਿਆ ਉਏ ਮੇਰਿਆ ਸ਼ੇਰ ਪੁੱਤਾ…!”
-“ਉਠ ਬਾਈ ਬੱਸ ਕਰ-।” ਸਰਪੰਚ ਬਲੀ ਸਿੰਘ ਦਾ ਮੋਢਾ ਥਾਪੜ ਰਿਹਾ ਸੀ। ਦਿਲ ਉਸ ਦਾ ਵੀ ਲਹੂ-ਲੁਹਾਣ ਹੋਇਆ, ਚੋਈ ਜਾ ਰਿਹਾ ਸੀ।
-“ਉਏ ਸਰਪੈਂਚਾ! ਆਪਾਂ ਤਾਂ ਬੁੱਚੜਾਂ ਦੇ ਮੂੰਹ ਹੱਡ ਵੀ ਦਿੱਤਾ ਸੀ-ਫੇਰ ਵੀ ਆਹ ਭਾਣਾ ਵਰਤਾਤਾ-ਹਾਏ ਉਏ ਡਾਢਿਆ ਰੱਬਾ ਮੈਨੂੰ ਵੀ ਚੱਕਲਾ ਉਏ ਦੁਸ਼ਮਣਾਂ…!”
“ਹੱਡ” ਦੇ ਨਾਂ ਤੋਂ ਪੁਲਸ ਚੌਕਸ ਹੋ ਗਈ। ਉਹਨਾਂ ਬਲੀ ਸਿੰਘ ਨੂੰ ਰਣਜੋਧ ਦੀ ਲਾਸ਼ ਕੋਲੋਂ ਮਰੇ ਕੁੱਤੇ ਵਾਂਗ ਧੂਹ ਲਿਆ ਅਤੇ ਬੋਹੜ ਕੋਲ ਲਿਆ ਸੁੱਟਿਆ।
-“ਉਏ ਬੁੱਚੜੋ! ਮੇਰਾ ‘ਕੱਲਾ ‘ਕੱਲਾ ਪੁੱਤ ਤਾਂ ਮਾਰਤਾ-ਹੁਣ ਉਹਦੀ ਲਾਸ਼ ਕੋਲੇ ਤਾਂ ਘੜੀ ਬੈਠ ਲੈਣ ਦਿਓ…!” ਉਸ ਨੇ ਦੁਹਾਈ ਦਿੱਤੀ। ਉਹ ਰੋਂਦਾ, ਕੁਰਲਾਉਂਦਾ, ਵਿਲਕਦਾ ਰਿਹਾ। ਫਿਰ ਪਤਾ ਨਹੀ ਉਹ ਸੌਂ ਗਿਆ ਜਾਂ ਬੇਹੋਸ਼ ਹੋ ਗਿਆ? ਰੋ ਕੇ ਨਿਢਾਲ ਹੋ ਗਿਆ ਜਾਂ ਫਿਰ ਭਾਣਾਂ ਮੰਨ ਕੇ ਬੈਠ ਗਿਆ?
-“ਗਰੇਵਾਲ ਸਾਹਬ ਲਾਸ਼ਾਂ ਦਾ ਹੁਣ ਕੀ ਕਰੋਂਗੇ?” ਸਰਪੰਚ ਨੇ ਠਾਣੇਦਾਰ ਨੂੰ ਪੁੱਛਿਆ। ਅਸਲੀਅਤ ਦਾ ਤਾਂ ਸ਼ਾਇਦ ਉਸ ਨੂੰ ਪਤਾ ਹੀ ਸੀ। ਜਿਸ ਕਰਕੇ ਉਹ ਖਰੀਂਢ ਉਚੇੜਨੇ ਨਹੀ ਚਾਹੁੰਦਾ ਸੀ।
-“ਸਾਹਿਬ ਆ ਰਹੇ ਐ-ਉਹਨਾਂ ਨਾਲ ਮਸ਼ਵਰਾ ਕਰਕੇ ਹੀ ਕੋਈ ਗੱਲ ਸਿਰੇ ਲੱਗੂ।” ਠਾਣੇਦਾਰ ਸਰਪੰਚ ਨਾਲ ਸਿੱਧੀ ਅੱਖ ਨਹੀ ਮਿਲਾ ਰਿਹਾ ਸੀ।
-“……..।” ਸਰਪੰਚ ਚੁੱਪ ਕਰ ਗਿਆ।
“ਮੁਕਾਬਲੇ” ਦੀ ਖ਼ਬਰ ਸੁਣ ਕੇ ਲੋਕਾਂ ਨੇ ਪੁਲੀ ਵੱਲ ਨੂੰ ਵਹੀਰਾਂ ਘੱਤ ਲਈਆਂ। ਦੋਨੋਂ ਪਾਸਿਆਂ ਤੋਂ ਸੜਕਾਂ ਲੋਕਾਂ ਨਾਲ ਭਰੀਆਂ ਹੀ ਆ ਰਹੀਆਂ ਸਨ। ਵਾਇਰਲੈੱਸ ਕਰਕੇ ਤੁਰੰਤ ਹੋਰ ਫ਼ੋਰਸ ਬੁਲਾਈ
ਗਈ। ਲਾਠੀਚਾਰਜ ਤੋਂ ਇਲਾਵਾ ਹਵਾਈ ਫ਼ਾਇਰ ਵੀ ਕੀਤੇ ਗਏ। ਫਿਰ ਅੱਥਰੂ ਗੈਸ ਨੇ ਲੋਕਾਂ ਨੂੰ ਖਿੰਡਣ ਲਈ ਮਜਬੂਰ ਕਰ ਦਿੱਤਾ। ਫ਼ੋਰਸ ਪੂਰੀ ਤਰ੍ਹਾਂ ਚੁਕੰਨੀ ਸੀ। “ਸਾਹਿਬ” ਨੇ ਆਉਣਾ ਸੀ।
ਅਖੀਰ ਨੌਂ ਵਜੇ ਡੀ ਐਸ ਪੀ ਦੀਆਂ ਗੱਡੀਆਂ ਚੰਘਿਆੜਦੀਆਂ, ਬਿੱਜ ਵਾਂਗ ਆ ਵੱਜੀਆਂ। ਸਮੁੱਚੀ ਫ਼ੋਰਸ ਨੇ ਉਸ ਨੂੰ ਘੇਰੇ ਵਿਚ ਲਿਆ ਹੋਇਆ ਸੀ। ਸਬੰਧਿਤ ਐਸ ਪੀ ਨੇ ਉਸ ਨੂੰ ਕਾਫੀ ਸਖ਼ਤ ਹਦਾਇਤਾਂ ਦੇ ਕੇ ਤੋਰਿਆ ਸੀ। ਤੁਰਨ ਤੋਂ ਪਹਿਲਾਂ ਸੰਖ਼ੇਪ, ਪਰ ਤੂਫ਼ਾਨੀ ਮੀਟਿੰਗ ਕੀਤੀ ਸੀ।
ਸਾਰੇ ਪੁਲੀਸ ਵਾਲੇ ਉਸ ਦੇ ਅਦਬ ਵਿਚ ਅਜ਼ੀਜ਼ ਬਣੇ ਖੜ੍ਹੇ ਸਨ। ਸਭ ਤੋਂ ਪਹਿਲਾਂ ਉਸ ਨੇ “ਮੁਕਾਬਲੇ” ਦਾ ਜਾਇਜਾ ਲਿਆ ਅਤੇ ਫਿਰ ਦੋਨਾਂ “ਅੱਤਿਵਾਦੀਆਂ” ਦੀਆਂ ਲਾਸ਼ਾਂ ਦਾ ਨਿਰੀਖਣ ਕੀਤਾ।
ਮੌਕਾ ਦੇਖਣ ਤੋਂ ਬਾਅਦ ਉਹ ਸਿਰ ਮਾਰਦਾ ਕੁਰਸੀ ‘ਤੇ ਆ ਸਜਿਆ। ਜਿਹੜੀਆਂ ਪਹਿਲਾਂ ਹੀ ਉਸ ਦੇ ਸੁਆਗਤ ਲਈ ਸਜਾ ਦਿੱਤੀਆਂ ਗਈਆਂ ਸਨ। ਮੇਜ਼ ਉਪਰ ਫੁੱਲਾਂ ਦਾ ਗੁਲਦਸਤਾ ਰੱਖਿਆ
ਹੋਇਆ ਸੀ।
ਸੁੰਨਸਾਨ ਪੁਲੀ, ਪੁਲੀਸ ਛਾਉਣੀ ਵਿਚ ਬਦਲੀ ਪਈ ਸੀ। ਸਾਹਿਬ ਬੈਠਾ ਕੁਝ ਸੋਚ ਰਿਹਾ ਸੀ। ਕੋਈ ਕੁਝ ਬੋਲ ਨਹੀ ਰਿਹਾ ਸੀ। ਝੱਖੜ ਝੁੱਲਣ ਤੋਂ ਬਾਅਦ ਵਾਲੀ ਸ਼ਾਂਤੀ ਪਸਰੀ ਹੋਈ ਸੀ।
ਮੇਜ ਉਪਰ ਉਬਲੇ ਅੰਡੇ, ਆਮਲੇਟ, ਬਿਸਕੁਟ ਚਾਹ ਅਤੇ ਦੁੱਧ ਟਿਕਣੇ ਸੁਰੂ ਹੋ ਗਏ।
-“ਵਾਰਸਾਂ ਨੂੰ ਖ਼ਬਰ ਕੀਤੀ…?” ਕਾਫ਼ੀ ਦੇਰ ਬਾਅਦ ਡੀ ਐਸ ਪੀ ਬੋਲਿਆ।
-“ਹਾਂ ਹਜੂਰ!”
-“ਕੋਈ ਆਇਆ…?”
-“ਬਾਬੇ ਦੀ ਘਰ ਵਾਲੀ ਤਾਂ ਆ ਕੇ ਮੁੜ ਗਈ ਸਰਕਾਰ-ਪਰ ਮੁੰਡੇ ਦਾ ਪਿਉ ਤੇ ਸਰਪੈਂਚ ਔਹ ਬੈਠੇ ਐ।”
-“ਉਹਨਾਂ ਨੂੰ ਬੁਲਾਓ…!”
-“ਜਨਾਬ ਕੁਛ ਖਾ ਤਾਂ ਲਓ!”
ਡੀ ਐਸ ਪੀ ਨੇ ਆਮਲੇਟ ਦਾ ਚਮਚਾ ਮੂੰਹ ਵਿਚ ਪਾ ਕੇ ਦੁੱਧ ਦਾ ਗਿਲਾਸ ਮੂੰਹ ਨੂੰ ਲਾ ਲਿਆ।
-“ਪਿੰਡ ਦੇ ਲੋਕਾਂ ਨੇ ਤਾਂ ਨਹੀ ਖਰੂਦ ਕੀਤਾ…?” ਡੀ ਐਸ ਪੀ ਠਾਣੇਦਾਰ ਨੂੰ ਪੁੱਛ ਰਿਹਾ ਸੀ।
-“ਕੀਤਾ ਸੀ ਜਨਾਬ-ਅਸੀਂ ਸਖ਼ਤੀ ਵਰਤ ਕੇ ਤਿੱਤਰ ਬਿੱਤਰ ਕਰ ਦਿੱਤੇ-ਮਤਲਬ ਲਾਠੀਚਾਰਜ-ਹਵਾਈ ਫਾਇਰਿੰਗ ਤੇ ਅੱਥਰੂ ਗੈਸ!”
-“ਬਹੁਤ ਖੂਬ ਗਰੇਵਾਲ! ਸਖ਼ਤੀ ਹਰ ਤਰ੍ਹਾਂ ਨਾਲ ਵਰਤਣੀ ਐਂ-ਇਹ ਵਾਧੂ ਜਿਹੇ ਲੋਕ ਕੰਮ ‘ਚ ਘੜ੍ਹੰਮ ਨਾ ਬਣਨ।”
-“ਜੋ ਹੁਕਮ ਜਨਾਬ!”
-“………।”
-“ਪਰ ਜਨਾਬ ਅਗਲੀ ਕਾਰਵਾਈ ਬਾਰੇ ਕੀ ਵਿਚਾਰ ਐ?”
-“ਫ਼ੋਟੋ ਖਿੱਚੋ-ਸ਼ਨਾਖਤਾਂ ਕਰਵਾਓ ਅਤੇ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਓ-ਪਰ ਹਾਂ! ਇਕ ਸ਼ਰਤ ਤੇ ਕਿ ਵਾਰਸ ਲਾਸ਼ਾਂ ਦਾ ਸਸਕਾਰ ਤੁਰੰਤ ਕਰਨਗੇ-ਆਈ ਮੀਨ ਕੋਈ ਜਲੂਸ ਬਗੈਰਾ ਨਹੀ ਕੱਢਣਗੇ-ਲਾਸ਼ਾਂ ਜਿ਼ੰਮੇਵਾਰ ਆਦਮੀਆਂ ਦੀਆਂ ਜਿ਼ੰਮੇਵਾਰੀਆਂ ਲੈ ਕੇ ਹੀ ਵਾਰਸਾਂ ਸਪੁਰਦ ਕਰਨੀਐਂ-ਰਿਪੋਰਟ ਤਿਆਰ ਕਰ ਕੇ ਦਸਤਖ਼ਤ ਕਰਵਾ ਲੈਣੇ!” ਡੀ ਐਸ ਪੀ ਅਤੇ ਠਾਣੇਦਾਰ ਬਹੁਤ ਹੀ ਧੀਮੀਂ ਅਵਾਜ਼ ਵਿਚ ਗੁਫ਼ਤਗੂ ਕਰ ਰਹੇ ਸਨ।
ਡੀ ਐਸ ਪੀ ਇਕ ਪਲੇਟ ਆਮਲੇਟ ਅਤੇ ਦੋ ਗਿਲਾਸ ਗਰਮ-ਗਰਮ ਦੁੱਧ ਦੇ ਪੀ ਚੁੱਕਾ ਸੀ।
-“ਬਾਬੇ ਅਤੇ ਸਰਪੰਚ ਨੂੰ ਬੁਲਾਓ…!” ਉਸ ਨੇ ਹੁਕਮ ਸੁਣਾਇਆ।
ਬਲੀ ਸਿੰਘ ਅਤੇ ਸਰਪੰਚ ਹਾਜ਼ਰ ਹੋ ਗਏ।
ਬਲੀ ਸਿੰਘ ਨੀਮ ਪਾਗਲ, ਬੇਹੋਸ਼ੀ ਜਿਹੀ ਹਾਲਤ ਵਿਚ ਹੱਥ ਜੋੜੀ ਡੀ ਐਸ ਪੀ ਦੇ ਸਾਹਮਣੇ ਖੜਾ ਸੀ।
-“ਬੈਠ ਬਾਬਾ-ਬੈਠੋ ਸਰਪੰਚ ਸਾਹਿਬ!”
ਡੀ ਐਸ ਪੀ ਨੇ ਸਾਹਮਣੇ ਪਈਆਂ ਕੁਰਸੀਆਂ ਵੱਲ ਇਸ਼ਾਰਾ ਕੀਤਾ। ਸਰਪੰਚ ਨੇ ਬਲੀ ਸਿੰਘ ਨੂੰ ਫੜ ਕੇ ਕੁਰਸੀ ਤੇ ਬਿਠਾ ਦਿੱਤਾ ਅਤੇ ਨਾਲ ਹੀ ਆਪ ਬੈਠ ਗਿਆ।
-“ਬਾਬਾ, ਦੋਸ਼ੀ ਤੇਰਾ ਮੁੰਡਾ ਸੀ?”
-“ਮਾਈ ਬਾਪ ਇੱਕੋ ਇਕ ਈ ਸੀ-ਨਾਲੇ ਸਰਕਾਰ ਦੋਸ਼ੀ ਦਾਸ਼ੀ ਉਹ ਕਾਹਨੂੰ ਸੀ-ਕਦੇ ਬਲਦ ਨੂੰ ਸੋਟੀ ਨਹੀ ਸੀ ਲਾਈ ਬੱਤੀ ਸੁਲੱਖਣੇ ਨੇ।” ਬਲੀ ਸਿੰਘ ਧਾਂਹੀਂ ਰੋ ਪਿਆ।
-“ਦੇਖ ਬਾਬਾ-ਪਹਿਲਾਂ ਤੇਰਾ ਮੁੰਡਾ ਅੱਤਿਵਾਦੀਆਂ ਨੂੰ ਪਨਾਂਹ ਦਿੰਦਾ ਰਿਹਾ-ਖਾਤਰ ਕਰਦਾ ਰਿਹਾ ਤੇ ਰਾਤ ਉਸ ਨੇ ਗਸ਼ਤੀ ਪਾਰਟੀ ਤੇ ਹਮਲਾ ਕੀਤਾ-ਜਵਾਬੀ ਹਮਲੇ ‘ਚ ਉਹ ਮਾਰਿਆ ਗਿਆ-।”
-“ਸਰਕਾਰ ਉੱਕਾ ਈ ਝੂਠ ਐ-ਉਹਨੂੰ ਤਾਂ ਕਿੰਨੇ ਦਿਨ ਪਹਿਲਾਂ ਆਹ ਠਾਣੇਦਾਰ ਸਾਹਿਬ ਘਰੋਂ ਗ੍ਰਿਫਦਾਰ ਕਰ ਕੇ ਲਿਆਏ ਐ-।”
-“ਇਹ ਕਿੱਦਾਂ ਹੋ ਸਕਦੈ-ਤੁਸੀਂ ਮੌਕਾ ਦੇਖਿਐ? ਉਹਨਾਂ ਕੋਲੇ ਮਾਰੂ ਹਥਿਆਰ ਐ-ਟਰੱਕਾਂ ‘ਚ ਗੋਲੀਆਂ ਵੱਜੀਐਂ-ਇੱਕ ਟਾਇਰ ਪੈਂਚਰ ਐ-ਇਹ ਤਾਂ ਖੁਸ਼ਕਿਸਮਤੀ ਸੀ ਕਿ ਸਾਡੇ ਕਰਮਚਾਰੀ ਬਚ ਗਏ-ਨਹੀ ਤਾਂ…।”
-“ਮਾਈ ਬਾਪ ਤੁਸੀਂ ਸਰਪੈਂਚ ਸਾਹਬ ਤੋਂ ਪੁੱਛ ਲਓ-।”
-“ਖ਼ੈਰ ਬਾਬਾ! ਮੈ ਸਾਰੀ ਇਨਕੁਆਰੀ ਕਰਵਾਉਨੈਂ-ਤੁਹਾਨੂੰ ਪੂਰਾ ਇਨਸਾਫ਼ ਮਿਲੇਗਾ-ਦੋਸ਼ੀਆਂ ਨੂੰ ਸਜ਼ਾ ਮਿਲੇਗੀ-ਮੇਰੇ ਤੇ ਵਿਸ਼ਵਾਸ਼ ਕਰੋ-ਗੁਰਤੇਜ….!” ਸਾਹਿਬ ਨੇ ਆਪਣੇ ਰੀਡਰ ਨੂੰ ਅਵਾਜ਼ ਮਾਰੀ।
ਗੁਰਤੇਜ ਹਾਜ਼ਰ ਸੀ।
-“ਬਾਬੇ ਦੇ ਬਿਆਨ ਲੈ ਕੇ ਸਾਰੀ ਰਿਪੋਰਟ ਮੈਨੂੰ ਪੇਸ਼ ਕਰੋ! ਬਾਬੇ ਨਾਲ ਪੂਰਾ ਪੂਰਾ ਇਨਸਾਫ਼ ਹੋਵੇ-ਅੰਡਰਸਟੈਂਡ….?”
-“ਯੈੱਸ ਸਰ!”
-“ਵੈੱਲ…!” ਆਖ ਕੇ ਡੀ ਐਸ ਪੀ ਉਠ ਕੇ ਖੜਾ ਹੋ ਗਿਆ।
-“ਹਜੂਰ ਲਾਅਸ਼ਾਂ ਤਾਂ ਸਾਨੂੰ ਦੁਆ ਦਿਓ…!”
-“ਮਾਮੂਲੀ ਕਾਰਵਾਈ ਤੋਂ ਬਾਅਦ ਲਾਸ਼ਾਂ ਤੁਹਾਨੂੰ ਅਵੱਸ਼ ਮਿਲ ਜਾਣਗੀਆਂ-ਗਰੇਵਾਲ…!”
-“ਜੀ ਜਨਾਬ….!”
-“ਲੋੜੀਂਦੀ ਕਾਰਵਾਈ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦੇਣੀਆਂ! ਇਹ ਮੇਰੀ ਹਦਾਇਤ ਹੈ-ਸਮਝੇ?”
-“ਜੀ ਹਜੂਰ!”
ਧੂੜ ‘ਚ ਟੱਟੂ ਰਲਾ ਕੇ ਡੀ ਐਸ ਪੀ ਚਾਲੇ ਪਾ ਗਿਆ। ਅੱਗੇ ਪਿੱਛੇ ਮਿਆਂਕਦੀਆਂ ਗੱਡੀਆਂ ਵੀ ਨਾਲ ਹੀ ਧੂੜਾਂ ਪੱਟਦੀਆਂ ਤੁਰ ਗਈਆਂ।
ਫ਼ੋਟੋ ਖਿੱਚਣ ਅਤੇ ਸ਼ਨਾਖਤਾਂ ਤੋਂ ਬਾਅਦ ਲਾਸ਼ਾਂ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤੀਆਂ ਗਈਆਂ। ਜਿ਼ੰਮੇਵਾਰੀ ਦੀ ਰਿਪੋਰਟ ਤਿਆਰ ਕਰਨ ਲਈ ਠਾਣੇਦਾਰ ਦੋਨੋਂ ਸਰਪੰਚਾਂ ਅਤੇ ਬਲੀ ਸਿੰਘ ਨੂੰ ਲੈ ਠਾਣੇ ਨੂੰ ਰਵਾਨਾ ਹੋ ਗਿਆ।

More from ਨਾਵਲ

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 6)

ਬਾਬੇ ਜਪਨਾਮ ਸਿੰਘ ਨੂੰ ਟਰੱਕ ‘ਚੋਂ ਲਾਹ ਕੇ ਬੁੱਚੜਖਾਨੇ ਲਿਆਂਦਾ ਗਿਆ। ਉਸ ਦੀਆਂ ਅੱਖਾਂ ਦੀ ਪੱਟੀ ਖੋਲ੍ਹ ਕੇ ਉਸ ਨੂੰ ਇੱਕ ਕੁਰਸੀ ‘ਤੇ ਬਿਠਾ ਦਿੱਤਾ। ਜਿਸ ਉਪਰ ਬਿਜਲੀ ਦਾ ਸ਼ਕਤੀਸ਼ਾਲੀ ਲਾਟੂ ਜਗ ਰਿਹਾ ਸੀ। ਅੱਖਾਂ ਤੋਂ ਪੱਟੀ ਖੋਲ੍ਹਣ ਦੇ ਬਾਵਜੂਦ … read more

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 5)

ਸਵੇਰ ਦੇ ਪੰਜ ਹੀ ਵੱਜੇ ਸਨ। ਗੁਰਦੁਆਰੇ ਵਿਚੋਂ ਗਰੰਥੀ ਦੀ ਊਂਘ ਲੱਦੀ ਅਵਾਜ਼ ਗੁਰਬਾਣੀ ਦਾ ਨਾਦ ਛੇੜ ਰਹੀ ਸੀ। ਸਰਦੀ ਦੀ ਰਾਤ ਵਿਚ ਲੋਕ ਘੂਕ ਸੁੱਤੇ ਹੋਏ ਸਨ। ਰਣਬੀਰ ਦੀ ਮੁਖ਼ਬਰੀ ‘ਤੇ ਪੁਲੀਸ ਦੀ ਇੱਕ ਜੀਪ ਅਤੇ ਟਰੱਕ ਗੁਰਪਾਲ ਦੇ … read more

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 4)

ਗ੍ਰਿਫ਼ਤਾਰ ਕਰਨ ਤੋਂ ਬਾਅਦ ਰਣਜੋਧ ਨੂੰ ਸਦਰ ਠਾਣੇ ਲਿਜਾਇਆ ਗਿਆ। ਪੱਗ ਨਾਲ ਬੰਨ੍ਹੇ ਹੱਥ ਖੋਹਲ ਕੇ ਸਿਪਾਹੀਆਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦਿੱਤਾ। ਮੋਟੇ ਸਰੀਆਂ ਵਾਲੇ ਹਵਾਲਾਤ ‘ਚੋਂ ਅਜੀਬ ਬਦਬੂ ਮਗਜ਼ ਨੂੰ ਚੜ੍ਹਦੀ ਸੀ। ਉਤੇ ਲੈਣ ਲਈ ਦੋ ਬੋਰੀਆਂ … read more

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 3)

ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ ਸੀਮਤ ਸੀ। … read more

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 1)

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।। ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।। ਗੁਲਾਬੀ ਠੰਢ ਸੀ। ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ … read more

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 2)

  ਜੋਸ਼ ਦਾ ਤੂਫ਼ਾਨ ਹੀ ਐਨਾ ਹਿੱਲਿਆ ਸੀ ਕਿ ਸਕੂਲਾਂ, ਕਾਲਿਜਾਂ ਵਿਚ ਇਹ ਲਹਿਰ ਕਾਫੀ ਜੋਰ ਫੜ ਗਈ ਸੀ। ਖਾਸ ਤੌਰ ‘ਤੇ ਰੋਡੇ ਅਤੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਲਹਿਰ ਦੇ ਵੱਧ ਨਜ਼ਦੀਕ ਸਨ। ਡੀ ਐਮ ਕਾਲਜ ਦੇ ਅੱਧਿਓਂ ਵੱਧ … read more