ਮੁਲਾਕਾਤ

ਲੋਕ – ਸੱਥ ਵਾਲਾ ਹਰਜੀਤ ਗਿੱਲ

ਗੁਰਬਾਜ ਸਿੰਘ ਬਰਾੜ

H 3ਕੈਨੇਡਾ ਵਿੱਚ ਠੇਠ , ਮੁਹਾਵਰੇਦਾਰ ਤੇ ਗੜ੍ਹਕ ਵਾਲੇ ਪੰਜਾਬੀ ਬੋਲਾਂ ਲਈ ਜਾਣੇ ਜਾਂਦੇ ਰੇਡੀਉ ਹੋਸਟ ਹਰਜੀਤ ਗਿੱਲ ਨੇ  ਜ਼ਿੰਦਗੀ ਵਿੱਚ ਬੜੇ ਉਤਰਾਅ ਚੜ੍ਹਾ ਦੇਖੇ ਨੇ । 1998 ਵਿੱਚ ਕੈਨੇਡਾ ਪ੍ਰਵਾਸ ਗਮਨ ਤੋਂ ਪਹਿਲਾਂ  ਹਰਜੀਤ ਨੇ ਰੇਡੀਉ ਹੋਸਟ ਬਣਨ ਦਾ ਸੁਪਨਾਂ ਵੀ ਨਹੀਂ ਲਿਆ ਸੀ । ਦੋ ਭਰਾਵਾਂ ‘ਚੋਂ ਛੋਟੇ ਹਰਜੀਤ ਨੂੰ ਲੁਧਿਆਣਾ ਨੇੜਲੇ ਪਿੰਡ ਘੁਡਾਣੀ ਕਲਾਂ ਦੇ ਸਕੂਲ ਪੜ੍ਹਨੇ ਪਾਇਆ ਗਿਆ । ਪਿਤਾ ਸ: ਮੋਦਨ ਸਿੰਘ ਗਿੱਲ ਇਸੇ ਸਕੂਲ ਵਿੱਚ ਪੰਜਾਬੀ ਅਧਿਆਪਕ ਸਨ । ਪੰਜਾਬੀ ਸਾਹਿਤ , ਗਾਇਕੀ ਤੇ ਰੰਗਮੰਚ ਨਾਲ ਜੁੜੇ ਅਧਿਆਪਕ ਮੋਦਨ ਸਿੰਘ ਨੇ ਪੂਰੇ 28 ਵਰ੍ਹੇ  ਘੁਡਾਣੀ ਕਲਾਂ ਨੂੰ ਆਪਣੀ ਕਰਮ ਭੂਮੀ ਬਣਾਈ ਰੱਖਿਆ । ਹਰਜੀਤ ਨੇ ਦਸਵੀਂ ਇੱਥੋਂ ਹੀ ਕੀਤੀ ।

               ਪਿਤਾ ਨੇ ਨਿੱਕੇ ਹੁੰਦੇ ਦੇ ਹੀ ਕੰਨ ਵਿੱਚ ਫੂਕ ਮਾਰ ਦਿੱਤੀ ਬਈ ਵੱਡਾ ਹੋ ਕੇ ਇੰਜੀਨੀਅਰ ਬਣਨਾ ਹੈ । ਅੱਠਵੀਂ ‘ਚ ਪੜ੍ਹਦੇ ਹਰਜੀਤ ਨੂੰ  ਆਪਣੇ ਪਿੰਡ ਮਕਸੂਦੜਾਂ ਦੇ ਰਾਹ ਵਿੱਚ ਪੈਂਦੇ ਗੁੜਥੜ੍ਹੀ ਦੇ ਨਹਿਰੀ ਵਿਸ਼ਰਾਮ ਘਰ ਵੱਲ ਇਸ਼ਾਰਾ ਕਰਕੇ ਮੋਦਨ ਸਿਓਂ ਅਕਸਰ ਹੀ ਆਖਦਾ, ” ਪੁੱਤ ਵੱਡਾ ਹੋ ਕੇ ਐਸ.ਡੀ.ਓ. ਲੱਗ ਕੇ ਇਹਨਾਂ ਵਿੱਚ ਪਿਆ ਕਰਨਾ ” । ….ਤੇ ਫਿਰ ਚੰਗੇ ਨੰਬਰਾਂ ਨਾਲ ਦਸਵੀਂ ਕਰਨ ਉਪਰੰਤ ਹਰਜੀਤ ਗਿੱਲ ਨੂੰ ਲੁਧਿਆਣੇ ਦੇ ਗੁਰੂ ਨਾਨਕ ਦੇਵ ਇੰਜੀ: ਕਾਲਜ ਜਾ ਦਾਖ਼ਲ ਕਰਵਾਇਆ । ਉਹਨਾਂ ਦਿਨਾਂ ਵਿੱਚ ਪੰਜਾਬ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ । ਇਕ ‘ ਵੱਡੇ ਦਰੱਖ਼ਤ ‘ ਦੇ ਡਿੱਗਣ ਤੋਂ ਪਹਿਲਾਂ ਸਿੱਖਾਂ ਨੂੰ ‘ਸਬਕ ਸਿਖਾਉਣ ‘ ਲਈ ਅਕਾਲ ਤਖ਼ਤ ਡੇਗਿਆ ਜਾ ਚੁੱਕਾ ਸੀ । ਸੀ.ਆਰ. ਪੀ ਵਾਲਿਆਂ ਦੇ ਟਰੱਕ ਹਰਲ – ਹਰਲ ਕਰਦੇ ਫਿਰਦੇ ਸਨ । ਮੁੰਡਿਆ ਦੀ ਫੜ੍ਹੋ- ਫੜ੍ਹੀ ਸ਼ੁਰੂ ਹੋ ਗਈ ਸੀ । ਕੌਮ ਦੀ ਆਜ਼ਾਦੀ ਲਈ ਵਿੱਢੇ ਸੰਘਰਸ਼ ਵਿੱਚ ਸ਼ਾਮਲ ਨੌਜਵਾਨਾਂ ਦਾ ਕਾਲਜਾਂ , ਯੂਨੀਵਰਸਿਟੀਆਂ ਵਿੱਚ ਆਉਣ – ਜਾਣ ਹੋ ਗਿਆ ਸੀ । ਹੋਸਟਲਾਂ ਦੇ ਕਮਰੇ ਕਕਰੀਲੀਆਂ ਰਾਤਾਂ ਵਿੱਚ ਠਾਹਰ ਬਣਦੇ ।  ਵਾਰਦਾਤ ਬਟਾਲੇ ਜਾਂ ਬਾਬੇ ਬਕਾਲੇ ਹੋਈ ਹੁੰਦੀ , ਪੁਲਸ ਠੂਹ ਜੀ.ਐਨ.ਈ.ਆ ਵੜ੍ਹਦੀ । ਹਰਜੀਤ ਨੇ ਕਿਵੇਂ ਨਾ ਕਿਵੇਂ  ‘ ਦੋਹਾਂ ਧਿਰਾਂ ‘ ਨਾਲ ਸੰਤੁਲਨ ਬਣਾਈ ਰੱਖਿਆ ।
                 ਇੰਜੀਨੀਅਰਿੰਗ ਦੀ ਡਿਗਰੀ ਹੋਣ ਤੋਂ ਪਹਿਲਾਂ ਹੀ ਕਲੱਕਤੇ ਦੀ ਇਕ ਕੰਪਨੀ ਹਰਜੀਤ ਨੂੰ ਆਪਣੇ ਲਈ ਬੁੱਕ ਕਰ ਗਈ ।  ਵਾਅਦੇ ਮੁਤਾਬਕ ਹਰਜੀਤ ਦੱਸੀ ਥਾਂ ਤੇ ਕਲਕੱਤੇ ਜਾ ਅੱਪੜਿਆ । ਪੰਜਾਬ ਵਿੱਚ ਬਲ਼ ਰਹੀ ਅੱਗ ਦੇ ਸੇਕ ਤੋਂ ਵੀ ਬਚਾਅ ਹੋ ਗਿਆ । ਉੱਨਾਂਨਵੇ ਤੋਂ ਬੱਨਵੇਂ ਤੱਕ ਤਿੰਨ ਸਾਲ ਕਲੱਕਤੇ ਨੇੜਲੇ  ਦਿਹਾਤੀ ਇਲਾਕਿਆਂ ਵਿੱਚ ਸੜਕਾਂ ਬਣਾਉਣ ਦੀ ਨਿਗਰਾਨੀ ਦਾ ਕਾਰਜ ਕੀਤਾ । ਸਥਾਨਕ ਲੋਕਾਂ ਨਾਲ ਸਾਂਝ ਪਾਈ , ਬੰਗਾਲੀ ਸਿੱਖੀ । ਬੰਗਾਲੀਆਂ ਨੂੰ ਇਕ ਛੋਟੇ ਜਿਹੇ ਟੋਭੇ ਜਿਸਨੁੰ ਉਹ ‘ ਪੋਖਰ ‘ ਕਹਿੰਦੇ; ਉੱਪਰ ਹੀ ਨਿਰਬਾਹ ਕਰਦਿਆ ਦੇਖ ਹਰਜੀਤ ਨੇ ਜਾਣ ਲਿਆ ਕਿ ਕਿਵੇਂ ਲੋੜਾਂ ਸੀਮਤ ਕਰਕੇ ਵੀ ਜ਼ਿੰਦਗੀ ਦਾ ਮਜ਼ਾ ਲਿਆ ਜਾ ਸਕਦਾ ਹੈ । ਇੱਥੋਂ ਹੀ ਕਿਸੇ ਰਾਂਹੀ ਮਸਕਟ ਆ ਗਿਆ । ਏਜੰਟ ਤਾਂ ਸ਼ੇਖ ਤੋਂ ਪੈਸੇ ਲੈ ਕੇ ਪੱਤਰੇ ਵਾਚ ਗਿਆ , ਗਰਮੀ ਵਿੱਚ ਭੁੱਜਣ ਲਈ ਰਹਿ ਗਿਆ ਇਕੱਲਾ ਹਰਜੀਤ । ਚੁਤਾਲੀ ਡਿਗਰੀ ਤਾਪਮਾਨ , ਟੀਨ ਦੀ ਚਾਦਰ ਦੀ ਛੱਤ  ਤੇ ਉੱਪਰ ਪੱਖਾ ਵੀ ਕੋਈ ਨਾ ।  ‘ਅੱਗੇ ਸੱਪ ਤੇ ਪਿੱਛੇ ਸ਼ੀਂਹ ‘ ,  ਹਰਜੀਤ ਨੇ ਅਰਬੀ ਸਿੱਖਣੀ ਸ਼ੁਰੂ ਕਰ ਦਿੱਤੀ । ਇਕ ਬਜ਼ੁਰਗ ਨੂੰ ਉਸਾਰੀ ਵਾਲੀ ਜਗ੍ਹਾ ਲਿਜਾ ਕੇ  ਕੱਲੀ-ਕੱਲੀ ਚੀਜ਼ ਦਾ ਨਾਂ ਪੁੱਛਿਆ । ਰਸੋਈ ਨੂੰ ਮਤਾਬ, ਗੁਸਲਖ਼ਾਨੇ ਨੂੰ ਹਮਾਮ, ਖਿੜਕੀਆਂ ਨੂੰ ਦਰੇਸ਼ਾ, ਦਰਵਾਜੇ ਨੂੰ ਬਾਬ ,ਕਮਰੇ ਨੂੰ ਹਿਗਰਾ , ਵੱਡੇ ਨੂੰ ਕਬੀਰ ਕਹਿਣਾ ਮਿੰਟੋ – ਮਿੰਟੀ ਸਮਝ ਗਿਆ । ਤਿੰਨ ਮਹੀਨਿਆਂ ਵਿੱਚ ਅਰਬੀ ਸਮਝਣ ਅਤੇ ਬੋਲਣ ਜੋਗਾ ਹੋ ਗਿਆ , ਫੇਰ ਤਾਂ ਮਹਿਕਮੇ ਦੇ ਵੱਡੇ ਅਫਸਰਾਂ ਦੇ ਆਉਣ ਤੇ ਦੁਭਾਸ਼ੀਏ ਵਜੋਂ ਹਰਜੀਤ ਨੂੰ ਬੁਲਾਇਆ ਜਾਣ ਲੱਗਾ । ਮਸਕਟ ਵਿੱਚ ਗੁਜ਼ਾਰੇ ਅੱਠ ਸਾਲਾਂ ਵਿੱਚ ਕੰਪਨੀ ਵਿੱਚ ਵੱਡੀਆਂ ਤਰੱਕੀਆਂ ਪਾਈਆਂ ।
                1998 ਵਿੱਚ  ਹਰਜੀਤ ਗਿੱਲ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ । ਆਪਣੀ ਹਮਸਫਰ ਸਤਵਿੰਦਰ ਕੌਰ ਤੇ ਬੇਟੇ ਬਲਰਾਜ ਨਾਲ  ਪੁੰਆਇਟ ਸਿਸਟਮ ਤੇ ਕੈਨੇਡਾ ਆਏ ਹਰਜੀਤ ਦੇ ਹੱਥ ਵਿੱਚ ਵੀ  ਬਹੁਤੇ ਪ੍ਰਵਾਸੀਆਂ ਵਾਂਗ ਇੱਕੋ ਟੈਚੀ ਫੜਿਆ ਹੋਇਆ ਸੀ । ਪਹਿਲੇ 3 ਮਹੀਨੇ ਟਰੱਕ ਚਲਾਇਆ । ਜਲਦੀ ਹੀ ਲੰਮਿਆਂ ਰੂਟਾਂ ਨਾਲੋਂ ਸਾਂਝ ਤੋੜ ਕੇ ਵੈਨਕੂਵਰ ਵਿੱਚ ਟੈਕਸੀ ਦੀ ਸੀਟ ਆ ਮੱਲੀ । ਚਾਰ ਸਾਲ ਹਫਤੇ ਵਿੱਚ ਪੰਜ ਦਿਨ ਵੀਹ – ਵੀਹ ਘੰਟੇ ਟੈਕਸੀ ਵਾਹੀ । ਏਅਰਪੋਰਟ ਤੋਂ ਸਵਾਰੀਆਂ ਚੁੱਕਣੀਆਂ ਤੇ ਵਿਹਲ ਮਿਲਣ ਤੇ ਡਰਾਇਵਰਾਂ ਦੀਆਂ ਸੱਚੀਆਂ – ਝੂਠੀਆਂ ਸੁਣਨੀਆਂ । ਸਧਾਰਨ ਗੱਲਾਂਬਾਤਾਂ ਨੂੰ ਮਸਾਲੇ ਲਾ ਲਾ ਕੇ ਸੁਣਨ – ਸੁਣਾਉਣ ਦਾ ਚਸਕਾ ਇੱਥੋਂ ਹੀ ਪਿਆ ।  ਰੇਡੀਉ ਨਾਲ ਸਾਂਝ ਦਾ ਦੌਰ ਵੀ ਇਸ ਮੌਕੇ ਹੀ ਸ਼ੁਰੂ ਹੋਇਆ । ਟੈਕਸੀ ਵਿੱਚ ਬੈਠਾ ਹਰਜੀਤ ਮੌਕਾ ਮਿਲਣ ਤੇ ਰੇਡੀਉ ਤੇ ਚੱਲ ਰਹੇ ਟਾਕ ਸ਼ੋ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਪੇਸ਼ ਕਰਦਾ ।
  H 3                 2003 ਵਿੱਚ ਟੈਕਸੀ ਵੇਚ ਕੇ ਆਪਣੇ ਲਈ ਘਰ ਬਣਾਇਆ । ਫੇਰ ਕਾਰਪੈੱਟ ਸਟੋਰ ਵੀ ਖੋਲ੍ਹਿਆ , ਪਰ ਜੱਟ ਦਾ ਜੁਮੈਟਰੀ ਨਾਲ ਕੀ ਮੇਲ । ਇਸ ਕਾਰੋਬਾਰ ਵਿੱਚ ਵੀ ਮਨ ਨਾ ਲੱਗਿਆ । ਕਿਸੇ ਦੋਸਤ ਨੇ ਰੇਡੀਉ ਤੇ ਕੰਮ ਕਰਨ ਦੀ ਸਲਾਹ ਦਿੱਤੀ ।  23 ਮਾਰਚ 2009 ਵਾਲੇ ਦਿਨ ਪਹਿਲਾ ਪ੍ਰੋਗਰਾਂਮ ਪੇਸ਼ ਕਰਨਾ ਸੀ । ਆਪਣੇ ਆਪ ਤੇ ਬੜਾ ਮਾਣ ਬਈ ਮੈਂ ਬੜਾ ਦਿੱਲੀ – ਦੱਖਣ ਘੁੰਮਿਐ , ਘਾਟ – ਘਾਟ ਦਾ ਪਾਣੀ ਪੀਤੈ, ਗੱਲ ਨੀ ਟੁੱਟਣ ਦਿੰਦਾ ..ਓਪਰੇਸ਼ਨਲ ਵੀ ਬਹੁਤ ਆਂ .. ਪਰ ਜਦੋਂ ਵਾਰੀ ਆਈ ਤਾਂ ਇਕ ਵੇਲੇ ਗੱਲਾਂ ਵੀ ਮੁੱਕ ਗਈਆਂ , ਇਸ਼ਤਿਹਾਰ ਵੀ ਚੱਲ ਗਏ ਤੇ ਫੋਨ ਤੇ ਕਾਲਰ ਵੀ ਕੋਈ ਨਾਂ .. ਮੈਨੇਜਰ ਕੁੜੀ ਨੇ ਫਸਿਆ ਦੇਖ ਪਿੱਛੋਂ ਗੀਤ ਚਲਾਇਆ ।
                 ਪਰੰਤੂ ਸਮੇਂ ਦੀ ਤੋਰ ਦੇ ਨਾਲ – ਨਾਲ ਹਰਜੀਤ ਨੇ ਆਪਣੇ ਆਪ ਨੂੰ  ਸਮਰਿੱਧ ਕੀਤਾ । ਹੁਣ ਤਾਂ ਘੁੱਗੀ ਨੀ ਖੰਗਣ ਦਿੰਦਾ । ਪੰਜਾਬ ਦੇ ਪੁਰਾਤਨ ਵਿਰਸੇ ਤੋਂ ਲੈ ਕੇ ਅੱਜ ਦੀ ਨਵੀਂ ਪੀੜ੍ਹੀ ਨੂੰ ਭੁੱਲਦੀ ਜਾ ਰਹੀ ਪੰਜਾਬੀ ਬੋਲੀ ਦੀ ਗੱਲ ਹੋਵੇ , ਟਰੱਕਾਂ ਵਾਲੇ ਬਾਈਆਂ ਦਾ ਕੋਈ ਮਸਲਾ ਹੋਵੇ, ਗਿਰੋਹ ਹਿੰਸਾ ਦੀ ਭੇਟ ਚੜ੍ਹ ਕੇ ਦਰੱਖਤਾਂ ਵਾਂਗੂੰ ਡਿੱਗਦੇ ਗੱਭਰੂਆਂ ਦੀ ਗੱਲ ਹੋਵੇ , ਚਾਹੇ ਸਰੀ ਵਿੱਚ ਖੋਲ੍ਹੇ ਜਾਣ ਵਾਲੇ ਜੂਆਘਰ ਦਾ ਮਸਲਾ ਹੋਵੇ , ਗਿੱਲ ਬਾਈ ਨੇ ਬੇਝਿਜਕ ਹੋਕੇ  ਆਪਣੇ ਵਿਚਾਰ ਰੱਖੇ ਹਨ ।
                 ਨਿਰਸੰਦੇਹ ਹਰਜੀਤ ਗਿੱਲ ਦੀ ਆਮਦ ਨਾਲ ਰੇਡੀਉ ਤੇ ਸਰੋਤਿਆਂ ਦਾ ਘੇਰਾ ਵਿਸ਼ਾਲ ਹੋਇਆ ਹੈ ।  ਸ਼ੇਰੇ – ਪੰਜਾਬ ਰੇਡੀਉ ਨੂੰ ਕੈਨੇਡਾ ਤੋਂ ਇਲਾਵਾ ਭਾਰਤ ਪਾਕਿਸਤਾਨ, ਅਮਰੀਕਾ, ਆਸਟਰੇਲੀਆ, ਇੰਗਲੈਂਡ ,ਨਿਊਜ਼ੀਲੈਂਡ  ਤੇ ਇਟਲੀ ਸਮੇਤ ਹੋਰਨਾਂ ਯੂਰਪੀਨ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਵੱਲੋ ਸੁਣਿਆਂ ਜਾਂਦਾ ਹੈ । ਸਰੋਤੇ ਫੋਨ ਕਰਕੇ ਦੱਸਦੇ ਨੇ,  ” ਬਾਈ ਹਰਜੀਤ ਗਿੱਲ ਜਾਨ ਪਾ ਦਿੰਦੈ ” ,  ਮੈਥੋਂ ਕਈ ਸਰੋਤਿਆਂ ਨੇ ਪੁੱਛਿਐ..”ਐਨੀ ਗੜ੍ਹਕ ਨਾਲ ਬੋਲਦੈ.. ਖੜ੍ਹਾ ਹੋ ਕੇ ਪ੍ਰੋਗਰਾਮ ਕਰਦਾ ਐ “। ਘੋੜਸਵਾਰੀ ਤੇ ਹਥਿਆਰਾਂ ਦੇ ਸ਼ੌਂਕ ਤੋਂ ਇਲਾਵਾ ਹਰਜੀਤ ਦਾ ਕਬੱਡੀ ਖਿਡਾਰੀਆਂ ਨਾਲ ਖਾਸਾ ਮੋਹ ਹੈ । ‘ਲੋਕ -ਸੱਥ’ ਰਾਹੀਂ ਹਰਜੀਤ ਨੇ ਪਾਟੋਧਾੜ ਹੋਈਆਂ ਕਬੱਡੀ ਫੈਡਰੇਸ਼ਨਾਂ ਨੂੰ ਕਈ ਵਾਰ ਇੱਕਮੁੱਠ ਹੋਣ ਦੇ ਸੁਨੇਹੇ ਦਿੱਤੇ । ਭਾਈਚਾਰੇ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਕਮੇਟੀਆਂ ਨੂੰ ਵੀ ਰਲ ਕੇ ਚੱਲਣ ਦੀਆਂ ਸਲਾਹਾਂ ਦਿੱਤੀਆਂ ।
             ਸਟੂਡੀਓ ਵਿੱਚ ਮਾਈਕ ਅਤੇ ਬੋਰਡ ਅੱਗੇ ਮੁੱਛਾਂ ਚੜ੍ਹਾਈ ਬੈਠਾ ਹਰਜੀਤ ਇਉਂ ਲੱਗਦੈ ਜਿਵੇਂ ਜ਼ਹਾਜ਼ ਚਲਾ ਰਿਹਾ ਹੋਵੇ । ਆਖੂ , ਖੋਲਦੇ ਹੁਣ ਪੂਰਾ ਈ… ਕਸਰ ਨਾ ਰਹਿ ਜੇ ਕੋਈ..  ਉਸਨੇ ਪਹਿਲਾਂ ਕਦੇ ਚਮਕੀਲਾ, ਰਮਲਾ , ਸਦੀਕ ਨਹੀਂ ਸੁਣਿਆਂ ਸੀ ਹੁਣ ਲੋਕਾਂ ਦਾ ਹੋਣਾਂ ਪੈਂਦੈ । ਜਦੋਂ ਨੱਚਣ ਈ ਲੱਗ ਪਏ ਫਿਰ ਘੁੰਡ ਦਾ ਕੀ ਕੰਮ ?  ਕਈ ਕਹਿੰਦੇ ਹਰਜੀਤ ਪੱਖਪਾਤੀ ਐ । ਹਰਜੀਤ ਦਾ ਜੁਆਬ ਹੈ ਜਦੋਂ ਉਹਦੀ ਕੌਮ , ਸੱਭਿਆਚਾਰ ਦੀ ਗੱਲ ਹੋਵੇ ਉਦੋਂ ਸਮਝੌਤਾ ਨ੍ਹੀ ਕਰ ਹੁੰਦੈ । ਕੈਨੇਡਾ ਵਿੱਚ ਭਾਵੇ ਪੈਰ ਜਮਾ ਲਏ ਨੇ ਪਰ ਪੰਜਾਬ ਦਾ ਹੇਰਵਾ ਹਾਲੇ ਰੜਕਦਾ ਐ.. ਵੱਡਾ ਭਰਾ ਡਾ: ਬਲਜੀਤ ਸਿੰਘ ਸੈਸਕਾਟੂਨ ਯੂਨੀਵਰਸਿਟੀ ਵਿੱਚ ਡੀਨ ਦੇ ਅਹੁਦੇ ਤੇ ਹੈ । ਮਾਪੇ ਤਿੰਨ-ਤਿੰਨ ਮਹੀਨੇ ਦੋਹਾਂ ਭਰਾਂਵਾਂ ਕੋਲ ਲਾਕੇ ਛੇ ਮਹੀਨੇ ਇੰਡੀਆ ਰਹਿੰਦੇ ਆ । ਹਰਜੀਤ ਨੇ ਹੁੱਬ ਕੇ ਦੱਸਿਆ  ਸੁੱਖਾਂ ਲੱਧੀ ਬੇਟੀ ਰਵਰਾਜ ਕੌਰ ਪੜ੍ਹਾਈ ਵਿੱਚ ਚੰਗੀ ਨਿਕਲ ਆਈ ਐ … ਘਰ ਵਿੱਚ ਚਾਰ ਪੀੜ੍ਹੀਆਂ ਤੋ ਕੋਈ ਕੁੜੀ ਨਹੀਂ ਸੀ , ਇਹਦਾ ਹੁਣ ਸਾਰੇ ਈ ਬਾਹਲਾ ਤਿਹੁ ਕਰਦੇ ਆ ।
             ਜ਼ਿੰਦਗੀ ਨੂੰ ਜਨੂੰਨ ਵਾਂਗ ਮਾਣ ਰਹੇ ਹਰਜੀਤ ਦੀ ਹੁਣ ਇਹ ਤਮੰਨਾ ਬਈ ਫਿਲਮਾਂ ਜਾਂ ਛੋਟੇ ਪਰਦੇ ਤੇ ਕੋਈ ਉਹਦੇ  ਹਾਣ ਦਾ ਰੋਲ ਮਿਲ ਜੇ ਤਾਂ ਉਹ ਹੱਸ ਕੇ ਕਰ ਲਵੇ  । ਆਪਣੀ ਸਫਲਤਾ ਪਿੱਛੇ ਆਪਣੇ ਟੱਬਰ ਤੋਂ ਇਲਾਵਾ ਰੇਡੀਉ ਸ਼ੇਰੇ ਪੰਜਾਬ ਦੇ ਡਾਇਰੈਕਟਰ ਸ:ਅਜੀਤ ਸਿੰਘ ਬਾਧ ਦਾ ਹੱਥ ਮੰਨਦੈ ਜਿਸ ਨੇ ਹਰਜੀਤ ਗਿੱਲ ਨੂੰ ‘ਲੋਕ-ਸੱਥ ਵਾਲਾ’ ਹਰਜੀਤ ਗਿੱਲ ਬਣਾਇਆ ।

ਗੁਰਬਾਜ ਸਿੰਘ ਬਰਾੜ

ਸਰੀ, ਕੈਨੇਡਾ

More from ਮੁਲਾਕਾਤ

ਹਿੰਮਤਪੁਰਾ ਡੌਟ ਕੌਮ ਆਪ ਜੀ ਦੇ ਸਨਮੁੱਖ ਕਰ ਰਿਹਾ ਹੈ ਪ੍ਰਸਿੱਧ ਲੇਖਕ ਇਕਬਾਲ ਗਿੱਲ ਰਾਮੂਵਾਲੀਆ ਜੀ ਦੀ ਆਪਣੇ ਆਪ ਨਾਲ ਮੁਲਾਕਾਤ

ਪਿਆਰੇ ਪਾਠਕੋ, ਕਿਸੇ ਇੱਕ ਕਲਮਕਾਰ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਦੀ ਇੰਟਰਵਿਊ ਕੀਤੀ ਜਰੂਰ ਪੜ੍ਹੀ ਜਾਂ ਦੇਖੀ, ਸੁਣੀ ਹੋਵੇਗੀ। ਪਰ ਅੱਜ ਤੁਹਾਨੂੰ ਅਜਿਹੀ ਇੰਟਰਵਿਊ ਪੜ੍ਹਾਉਣ ਜਾ ਰਹੇ ਹਾਂ ਜਿਸ ਵਿੱਚ ਸਵਾਲੀ ਵੀ ਲੇਖਕ ਆਪ ਹੈ ਤੇ ਜਵਾਬ ਵੀ ਆਪ ਦਿੱਤੇ ਹਨ। … read more

ਪੰਜਾਬੀ ਫ਼ਿਲਮੀ ਕਾਮੇਡੀ ਦਾ ਥੰਮ- ਮੇਹਰ ਮਿੱਤਲ

ਗੁਰਲਾਲ ‘ਪ੍ਰਿੰਸ’ਮੇਹਰ ਮਿੱਤਲ ਪੰਜਾਬੀ ਫ਼ਿਲਮੀ ਖ਼ੇਤਰ ਦਾ ਧਰੂ ਤਾਰਾ ਹੈ। ਕੋਈ ਵੀ ਵਕਤੀ ਧੁੰਦ ਦਾ ਬੱਦਲ ਉਹਦੀ ਚਮਕ ਨੂੰ ਮੱਠੀ ਨਹੀਂ ਕਰ ਸਕਦਾ। ਫ਼ਿਲਮੀ ਕਾਮੇਡੀ ਦੇ ਖ਼ੇਤਰ ਵਿੱਚ ਜੋ ਪੈੜਾਂ ਮੇਹਰ ਮਿੱਤਲ ਨੇ ਪਾਈਆਂ ਹਨ, ਉਹ ਬਾ-ਕਮਾਲ ਨੇ। ਫ਼ਿਲਮ ‘ਵਲਾਇਤੀ … read more

ਕੈਂਸਰ ਦੀ ਬੀਮਾਰੀ ਨੂੰ ਹੀ ਕੈਂਸਰ ਦੀ ਬੀਮਾਰੀ ਵਾਂਗ ਚਿੰਬੜ ਗਿਐ ਕੁਲਵੰਤ ਸਿੰਘ ਧਾਲੀਵਾਲ।

“ਰੋਕੋ ਕੈਂਸਰ” ਸੰਸਥਾ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨਾਲ ਮੂੰਹ ‘ਤੇ ਗੱਲਾਂ।ਮੁਲਾਕਾਤੀ:- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਪਿਆਰੇ ਪਾਠਕ ਦੋਸਤੋ, ਆਪਣੀ ਜਨਮ ਭੂਮੀ ਨਾਲ ਪਿਆਰ ਹਰ ਕਿਸੇ ਨੂੰ ਹੁੰਦੈ। ਜਿਸ ਨੇ ਆਪਣੇ ਜੀਵਨ ‘ਚੋਂ ਇਹ ਪਿਆਰ ਹੀ ਮਨਫ਼ੀ ਕਰ … read more