ਲੜੀਵਾਰ ਰਚਨਾਵਾਂ

article-0-1A93B4B300000578-337_468x286

ਨਾ-ਉਮੀਦੀ ਵਾਲੀ ਹਾਲਤ ਤੱਕ ਪਹੁੰਚ ਗਈ ਹੈ ਪਾਕਿਸਤਾਨ ਵਿੱਚ ਕਿਸੇ ਵੀ ਸੁਧਾਰ ਦੀ ਉਮੀਦ

-ਜਤਿੰਦਰ ਪਨੂੰ
ਪੇਸ਼ਾਵਰ ਦੇ ਆਰਮੀ ਸਕੂਲ ਵਿੱਚ ਇੱਕ ਸੌ ਬੱਤੀ ਬੱਚਿਆਂ ਸਮੇਤ ਇੱਕ ਸੌ ਚਾਲੀ ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਮੰਗਲਵਾਰ ਆਈ ਸੀ। ਬੁੱਧਵਾਰ ਸਵੇਰੇ ਇੱਕ ਟੀ ਵੀ ਚੈਨਲ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦਾ ਪ੍ਰੋਗਰਾਮ ਪੇਸ਼ ਕਰਨਾ ਸੀ। ਇਸ ਦੀ ਪੇਸ਼ਕਾਰ ਕੁੜੀ ਹੱਥ ਵਿੱਚ ਜਗਦੀ ਮੋਮਬੱਤੀ ਲੈ ਕੇ ਜਦੋਂ ਬੋਲਣ ਲੱਗੀ ਤਾਂ ਪਹਿਲਾਂ ਬੁੱਲ੍ਹ ਕੰਬੇ, ਫਿਰ ਉਸ ਦੇ ਜ਼ਬਾਨੋਂ ਧਾਹੀਂ ਮਾਰਨ ਵਾਂਗ ਕੁਝ ਲਫਜ਼ ਨਿਕਲੇ ਅਤੇ ਉਸ ਦੇ ਬਾਅਦ ਹਓਕੇ ਭਰਦੀ ਕਹਿਣ ਲੱਗੀ: ‘ਹੁਣ ਮੈਨੂੰ ਕੋਈ ਆਸ ਨਹੀਂ ਰਹੀ। ਅੱਜ ਅਸੀਂ ਮੋਮਬੱਤੀਆਂ ਫੜ ਕੇ ਸ਼ਰਧਾਂਜਲੀ ਦੇ ਰਹੇ ਹਾਂ, ਕੁਝ ਦਿਨਾਂ ਨੂੰ ਫੇਰ ਜਗਾ ਕੇ ਬੈਠੇ ਹੋਵਾਂਗੇ। ਪਹਿਲਾਂ ਆਸ ਸੀ ਕਿ ਕਦੇ ਦਿਨ ਸੁਧਰ ਵੀ ਜਾਣਗੇ, ਪਰ ਹੁਣ ਮੈਂ ਨਾ-ਉਮੀਦ ਹੋ ਗਈ ਹਾਂ। ਕੋਈ ਆਸ ਹੀ ਨਹੀਂ ਰਹਿ ਗਈ ਜਾਪਦੀ। ਜੇ ਕੋਈ ਸੁਧਾਰ ਹੋਣਾ ਹੁੰਦਾ ਤਾਂ ਇਨ੍ਹਾਂ ਬੱਚਿਆਂ ਨਾਲ ਵਾਪਰੇ ਇਸ ਕਹਿਰ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ, ਪਰ ਕੋਈ ਆਸ ਨਹੀਂ ਰਹਿ ਗਈ’। ਉਸ ਦੇ ਸ਼ਬਦ ਲਿਖਣ ਵੇਲੇ ਸਾਡੇ ਕੋਲੋਂ ਅੱਗੇ-ਪਿੱਛੇ ਹੋਏ ਹੋ ਸਕਦੇ ਹਨ, ਪਰ ਭਾਵ ਇਹੋ ਸੀ, ਜਿਹੜਾ ਅਸੀਂ ਵੀ ਲਿਆ ਤੇ ਹੋਰਨਾਂ ਨੇ ਵੀ, ਅਤੇ ਇਹ ਪ੍ਰਭਾਵ ਓਦੋਂ ਦਾ ਹੈ, ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸੱਦੀ ਹੋਈ ਸਰਬ ਪਾਰਟੀ ਮੀਟਿੰਗ ਹਾਲੇ ਨਹੀਂ ਸੀ ਹੋਈ।
ਅਗਲੇ ਦਿਨ ਸਰਬ ਪਾਰਟੀ ਮੀਟਿੰਗ ਹੋਈ, ਜਿਸ ਵਿੱਚ ਹਰ ਕਿਸੇ ਨੇ ਦਹਿਸ਼ਤਗਰਦੀ ਦੇ ਖਿਲਾਫ ਇਸ ਲਈ ਬੋਲਿਆ ਕਿ ਉਸ ਦਿਨ ਬੋਲਣਾ ਪੈਣਾ ਸੀ। ਓਥੇ ਉਹ ਇਮਰਾਨ ਖਾਨ ਵੀ ਬੋਲਿਆ, ਜਿਸ ਦੀ ਪਾਰਟੀ ਦਾ ਉਸ ਖੈਬਰ ਪਖਤੂਨਖਵਾ ਸੂਬੇ ਵਿੱਚ ਰਾਜ ਹੈ, ਜਿੱਥੇ ਇਹ ਕਾਂਡ ਹੋਇਆ ਹੈ। ਜਦੋਂ ਉਸ ਸੂਬੇ ਵਿੱਚ ਫੌਜ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਗਈ ਸੀ, ਇਮਰਾਨ ਦੀ ਪਾਰਟੀ ਦੇ ਓਥੇ ਲੱਗੇ ਗਵਰਨਰ ਨੇ ਇਸ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਫੌਜੀ ਕਾਰਵਾਈ ਰੋਕਣੀ ਪਈ ਸੀ। ਜਿਹੜਾ ਮੇਜਰ ਜਨਰਲ ਫੌਜੀ ਕਾਰਵਾਈ ਦੀ ਕਮਾਂਡ ਕਰਨ ਲਈ ਓਥੇ ਗਿਆ ਸੀ, ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਦਹਿਸ਼ਤਗਰਦਾਂ ਨਾਲ ਸਾਂਝ ਰੱਖਣ ਵਾਲਾ ਗਵਰਨਰ ਇਮਰਾਨ ਖਾਨ ਨੂੰ ਮਾੜਾ ਨਹੀਂ ਸੀ ਲੱਗਾ। ਇਸ ਤਰ੍ਹਾਂ ਦੇ ਕਈ ਹੋਰ ਵੀ ਉਸ ਸਰਬ ਪਾਰਟੀ ਮੀਟਿੰਗ ਵਿੱਚ ਬੈਠੇ ਸਨ, ਜਿਨ੍ਹਾਂ ਲਈ ਇਹ ਮੀਟਿੰਗ ਇੱਕ ਰਸਮ ਪੂਰਤੀ ਸੀ, ਸਾਂਝ ਤਾਂ ਉਨ੍ਹਾਂ ਦੀ ਹੋਰ ਪਾਸੇ ਰਹਿਣੀ ਸੀ।
ਕਈ ਲੋਕਾਂ ਨੂੰ ਜਾਪਣ ਲੱਗ ਪਿਆ ਸੀ, ਅਤੇ ਇੱਕ ਹੱਦ ਤੱਕ ਸਾਨੂੰ ਵੀ ਇਹ ਪ੍ਰਭਾਵ ਦਿੱਸਿਆ ਸੀ, ਕਿ ਇਸ ਵਾਰ ਜਿੱਡਾ ਵੱਡਾ ਕਾਂਡ ਆਰਮੀ ਸਕੂਲ ਵਿੱਚ ਹੋਇਆ ਹੈ, ਉਸ ਤੋਂ ਬਾਅਦ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਨੂੰ ਮੋੜਾ ਕੱਟਣਾ ਪਵੇਗਾ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਇਹ ਕਹਿਣਾ ਵੀ ਇੱਕ ਖਾਸ ਇਸ਼ਾਰਾ ਕਰਦਾ ਸੀ ਕਿ ‘ਹੁਣ ਚੰਗੇ ਅਤੇ ਮਾੜੇ ਤਾਲਿਬਾਨ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਵੇਗਾ।’ ਇਹ ਇੱਕ ਤਰ੍ਹਾਂ ਇਸ ਜੁਰਮ ਦਾ ਇਕਬਾਲ ਕਰਨ ਦੇ ਬਰਾਬਰ ਸੀ ਕਿ ਹੁਣ ਤੱਕ ਉਹ ਇਸ ਤਰ੍ਹਾਂ ਕਰਦੇ ਰਹੇ ਸਨ। ਨਵਾਜ਼ ਸ਼ਰੀਫ ਦੇ ਸੁਰੱਖਿਆ ਸਲਾਹਕਾਰ ਨੇ ਹਾਲੇ ਪਿਛਲੇ ਹਫਤੇ ਕਿਹਾ ਸੀ ਕਿ ਜਿਹੜੇ ਦਹਿਸ਼ਤਗਰਦ ਗਰੁੱਪ ਸਾਡੇ ਉੱਤੇ ਹਮਲਾ ਨਹੀਂ ਕਰਨਗੇ, ਉਨ੍ਹਾਂ ਨੂੰ ਅਸੀਂ ਵੀ ਨਹੀਂ ਮਾਰਾਂਗੇ। ਇਸ ਦਾ ਭਾਵ ਸੀ ਕਿ ਚੜ੍ਹਦੇ ਪਾਸੇ ਭਾਰਤ ਵਿੱਚ ਅਤੇ ਲਹਿੰਦੇ ਪਾਸੇ ਅਫਗਾਨਿਸਤਾਨ ਵਿੱਚ ਭਾਵੇਂ ਕੁਝ ਵੀ ਕਰ ਕੇ ਸਾਡੇ ਘਰ ਪਨਾਹ ਲੈ ਲੈਣ, ਜੇ ਉਹ ਪਾਕਿਸਤਾਨ ਦੇ ਅੰਦਰ ਵਾਰਦਾਤ ਨਹੀਂ ਕਰਦੇ, ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਦਹਿਸ਼ਤਗਰਦੀ ਨਾਲ ਨੰਗੀ-ਮੁੰਗੀ ਸਾਂਝ ਦਾ ਇਸ ਤੋਂ ਵੱਡਾ ਐਲਾਨ ਕੋਈ ਵੀ ਨਹੀਂ ਕੀਤਾ ਜਾ ਸਕਦਾ, ਜਿੱਡਾ ਉਸ ਨੇ ਕਰ ਦਿੱਤਾ ਸੀ ਅਤੇ ਸੰਸਾਰ ਦੀ ਲੋਕ-ਲਾਜ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ।
ਕੁਝ ਦਿਨ ਪਹਿਲਾਂ ਇੱਕ ਟੀ ਵੀ ਚੈਨਲ ਵੱਲੋਂ ਕਰਵਾਈ ਬਹਿਸ ਵਿੱਚ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਵੀ ਸ਼ਾਮਲ ਸੀ। ਓਥੇ ਇੱਕ ਪੱਤਰਕਾਰ ਨੇ ਇਹ ਸੁਣਾ ਦਿੱਤਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਆਪਣੀ ਪਹਿਲੀ ਡਿਫੈਂਸ ਲਾਈਨ ਦੇ ਤੌਰ ਉੱਤੇ ਵਰਤਦਾ ਲੱਗਦਾ ਹੈ। ਜਨਰਲ ਮੁਸ਼ੱਰਫ਼ ਨੇ ਜਵਾਬ ਵਿੱਚ ਕਿਹਾ ਸੀ ਕਿ ਡਿਫੈਂਸ ਲਾਈਨ ਹੀ ਨਹੀਂ, ਜਹਾਦੀਆਂ ਨੂੰ ਕਈ ਵਾਰ ਪਹਿਲੀ ਆਫੈਂਸ ਲਾਈਨ ਵਜੋਂ ਵੀ ਵਰਤਣਾ ਪੈਂਦਾ ਹੈ। ਇਸ ਦਾ ਮਤਲਬ ਇਹ ਸੀ ਕਿ ਉਨ੍ਹਾਂ ਦੇ ਹਿਸਾਬ ਨਾਲ ਦਹਿਸ਼ਤਗਰਦੀ ਨੂੰ ਜਹਾਦ ਵਜੋਂ ਪੇਸ਼ ਕਰ ਕੇ ਹਮਲਾਵਰੀ ਦਾ ਕੰਮ ਵੀ ਕਰਵਾਇਆ ਜਾਂਦਾ ਹੈ। ਪਾਕਿਸਤਾਨ ਵਿੱਚ ਕਿਸੇ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਸੀ ਮਨਾਇਆ।
ਕੁਝ ਸਾਲ ਪਿੱਛੇ ਵੱਲ ਝਾਕਿਆ ਜਾਵੇ ਤਾਂ ਜਦੋਂ ਜਨਰਲ ਮੁਸ਼ੱਰਫ਼ ਪਾਕਿਸਤਾਨ ਦਾ ਮੁਖੀ ਹੁੰਦਾ ਸੀ, ਅਮਰੀਕਾ ਦੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ ਮਾਰੇ ਜਾਣ ਦੀ ਘਟਨਾ ਪਿੱਛੋਂ ਉਹ ਜਾਰਜ ਬੁੱਸ਼ ਦੇ ਕਹਿਣ ਉੱਤੇ ਅਫਗਾਨਿਸਤਾਨ ਦਾ ਉਚੇਚਾ ਦੌਰਾ ਕਰਨ ਗਿਆ ਤੇ ਓਥੇ ਸਰਕਾਰ ਚਲਾ ਰਹੇ ਮੁੱਲਾ ਉਮਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇ। ਮੁਸ਼ੱਰਫ ਦੀ ਸਮਝਾਉਣੀ ਕੰਮ ਨਹੀਂ ਸੀ ਆਈ ਤੇ ਜਦੋਂ ਉਹ ਓਥੋਂ ਮੁੜਿਆ ਤਾਂ ਪਹਿਲਾ ਕੰਮ ਆਪਣੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਮੁਖੀ ਜਰਨੈਲ ਨੂੰ ਪਾਸੇ ਕਰਨ ਦਾ ਕੀਤਾ ਸੀ। ਇਸ ਦਾ ਕਾਰਨ ਇਹ ਸੀ ਕਿ ਖੁਫੀਆ ਏਜੰਸੀ ਦਾ ਮੁਖੀ ਕੱਟੜਪੰਥੀ ਸੀ ਤੇ ਉਹ ਮੁਸ਼ੱਰਫ਼ ਵੱਲੋਂ ਅਫਗਾਨਿਸਤਾਨ ਤੱਕ ਇਸ ਗੱਲ ਦੀ ਪਹੁੰਚ ਕਰਨ ਨੂੰ ਜਹਾਦ ਦੇ ਵਿਰੁੱਧ ਮੰਨਦਾ ਸੀ। ਜਨਰਲ ਮੁਸ਼ੱਰਫ਼ ਉਸ ਤੋਂ ਖਤਰਾ ਸਮਝ ਗਿਆ ਤੇ ਉਸ ਦੇ ਨਾਲ ਇੱਕ ਖਾਸ ਗਰੁੱਪ ਦੇ ਕਈ ਹੋਰ ਜਰਨੈਲਾਂ ਦੇ ਬਿਸਤਰੇ ਵੀ ਲਪੇਟੇ ਗਏ ਸਨ। ਸਾਰੇ ਜਾਣਦੇ ਸਨ ਕਿ ਇਹ ਖਾਸ ਗਰੁੱਪ ਜਨਰਲ ਜ਼ਿਆ ਉਲ ਹੱਕ ਦੇ ਫੌਜੀ ਰਾਜ ਵੇਲੇ ਬਣਿਆ ਸੀ, ਜਿਸ ਨਾਲ ਜੁੜੇ ਦਾੜ੍ਹੀ ਵਾਲੇ ਮੌਲਾਨਾ-ਟਾਈਪ ਫੌਜੀ ਅਫਸਰ ਸਾਰੇ ਸੰਸਾਰ ਉੱਤੇ ਇਸਲਾਮੀ ਰਾਜ ਕਰਨ ਦੀ ਸੋਚ ਰੱਖਦੇ ਸਨ। ਓਦੋਂ ਤੱਕ ਜਨਰਲ ਮੁਸ਼ੱਰਫ਼ ਕੱਟੜਪੰਥੀ ਨਹੀਂ ਸੀ, ਸ਼ਾਇਦ ਅਜੇ ਵੀ ਨਾ ਹੋਵੇ, ਕਿਉਂਕਿ ਉਸ ਦੇਸ਼ ਵਿੱਚ ਕਈ ਲੋਕ ‘ਸਮਿਰਨਾਫ ਵੋਦਕਾ’ ਦਾ ਨਾਂਅ ਵਿਗਾੜ ਕੇ ਕਿਸੇ ਕਾਰਨ ਅੱਜ ਵੀ ‘ਮੁਸ਼ੱਰਫ਼ਨ ਵੋਦਕਾ’ ਕਹਿ ਦੇਂਦੇ ਹਨ। ਕੱਟੜਪੰਥੀ ਨਾ ਹੁੰਦੇ ਹੋਏ ਵੀ ਕੱਟੜਪੰਥ ਨੂੰ ਮੁਸ਼ੱਰਫ ਇੱਕ ਹਥਿਆਰ ਵਜੋਂ ਵਰਤਣਾ ਚਾਹੁੰਦਾ ਸੀ, ਪਰ ਆਪਣੇ ਲਈ ਖਤਰਾ ਵੀ ਮਹਿਸੂਸ ਕਰਦਾ ਸੀ, ਇਸ ਲਈ ਰਤਾ ਕੁ ਫਾਸਲੇ ਨਾਲ ਵਰਤਦਾ ਰਿਹਾ ਸੀ।
ਹੁਣ ਦੌਰ ਮੁਸ਼ੱਰਫ਼ ਦਾ ਨਹੀਂ, ਨਵਾਜ਼ ਸ਼ਰੀਫ ਦਾ ਹੈ। ਮੁਸ਼ੱਰਫ਼ ਤੇ ਸ਼ਰੀਫ ਦਾ ਅਰਥ ਹੀ ਲੱਗਭੱਗ ਇੱਕੋ ਜਿਹਾ ਨਹੀਂ, ਵਿਹਾਰ ਵੀ ਮਿਲਦਾ-ਜੁਲਦਾ ਹੈ। ਦੋਵਾਂ ਨੇ ਦਹਿਸ਼ਤਗਰਦ ਜਥੇਬੰਦੀਆਂ ਨੂੰ ਗਾਹੇ-ਬਗਾਹੇ ਵਰਤਿਆ ਤੇ ਫਿਰ ਲੋੜ ਪਈ ਤੋਂ ਦਿਖਾਵੇ ਜੋਗੀ ਸਖਤੀ ਕੀਤੀ ਹੋਈ ਹੈ। ਇਸ ਵਾਰ ਵੀ ਇਹੋ ਕੁਝ ਹੁੰਦਾ ਜਾਪਦਾ ਹੈ। ਓਥੇ ਹੋਈ ਸਰਬ ਪਾਰਟੀ ਮੀਟਿੰਗ ਮਗਰੋਂ ਪਾਕਿਸਤਾਨੀ ਫੌਜ ਦਾ ਮੁਖੀ ਜਨਰਲ ਰਾਹੀਲ ਸ਼ਰੀਫ ਬੜੀ ਤੇਜ਼ੀ ਨਾਲ ਅਫਗਾਨਿਸਤਾਨ ਨੂੰ ਤੁਰ ਗਿਆ ਤੇ ਸਰਕਾਰ ਵੱਲੋਂ ਇਹ ਦੱਸਿਆ ਗਿਆ ਕਿ ਉਹ ਬੱਚਿਆਂ ਦੇ ਕਤਲ ਕਰਾਉਣ ਵਾਲੇ ਦਹਿਸ਼ਤਗਰਦਾਂ ਦੇ ਮੁਖੀ ਦੀ ਹਵਾਲਗੀ ਬਾਰੇ ਓਥੋਂ ਦੀ ਹਕੂਮਤ ਨਾਲ ਗੱਲ ਕਰਨ ਗਿਆ ਹੈ। ਜਿੰਨੀ ਤੇਜ਼ੀ ਨਾਲ ਗਿਆ ਸੀ, ਓਨੀ ਨਾਲ ਖਾਲੀ ਹੱਥ ਮੁੜ ਆਇਆ। ਉਹ ਕਹਿੰਦਾ ਹੈ ਕਿ ਉਸ ਨੇ ਅਫਗਾਨੀ ਹਕੂਮਤ ਨੂੰ ਆਰਮੀ ਸਕੂਲ ਉੱਤੇ ਹਮਲੇ ਦੌਰਾਨ ਕਾਤਲਾਂ ਦੀ ਆਪਣੇ ਮੁਖੀ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਇੱਕ ਪੱਕੇ ਸਬੂਤ ਵਜੋਂ ਪੇਸ਼ ਕੀਤੀ ਹੈ। ਸਰਬ ਪਾਰਟੀ ਮੀਟਿੰਗ ਮੌਕੇ ਨਵਾਜ਼ ਸ਼ਰੀਫ ‘ਚੰਗੇ ਤੇ ਮਾੜੇ ਤਾਲਿਬਾਨ’ ਦਾ ਜ਼ਿਕਰ ਕਰ ਕੇ ਆਪਣੇ ਗੁਨਾਹ ਦਾ ਇਕਬਾਲ ਕਰ ਬੈਠਾ ਸੀ, ਉਵੇਂ ਹੀ ਜਨਰਲ ਰਾਹੀਲ ਸ਼ਰੀਫ ਵੀ ਇਸ ਰਿਕਾਰਡਿੰਗ ਨਾਲ ਇੱਕ ਹੋਰ ਗੱਲੋਂ ਫਸ ਗਿਆ ਹੈ।
ਭਾਰਤ ਦੇ ਮੁੰਬਈ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਸੀ, ਜਿਸ ਵਿੱਚ ਜਿੰਦਾ ਫੜੇ ਇੱਕ ਕਾਤਲ ਅਜਮਲ ਆਮਿਰ ਕਸਾਬ ਨੂੰ ਪਾਕਿਸਤਾਨ ਨੇ ਆਪਣਾ ਨਹੀਂ ਸੀ ਮੰਨਿਆ। ਉਸ ਹਮਲੇ ਵਿੱਚ ਇੱਕ ਸੌ ਛਿਆਹਠ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਕੁਝ ਅਮਰੀਕੀ ਵੀ ਸਨ ਅਤੇ ਦੋਸ਼ ਇਹ ਲੱਗ ਰਿਹਾ ਸੀ ਕਿ ਹਮਲਾਵਰ ਟੋਲੇ ਦੇ ਪਿੱਛੇ ਮੁੱਖ ਦੋਸ਼ੀ ਜ਼ਕੀ ਉਰ ਰਹਿਮਾਨ ਲਖਵੀ ਹੈ, ਜਿਸ ਨਾਲ ਦਹਿਸ਼ਤਗਰਦ ਗੋਲੀ ਚੱਲਦੀ ਤੋਂ ਵੀ ਗੱਲਾਂ ਕਰਦੇ ਤੇ ਉਸ ਤੋਂ ਹਦਾਇਤਾਂ ਲੈਂਦੇ ਰਹੇ ਸਨ। ਇਸ ਦੀ ਰਿਕਾਰਡਿੰਗ ਵੀ ਹੋਈ ਸੀ ਤੇ ਸਿਰਫ ਭਾਰਤ ਨੇ ਨਹੀਂ, ਅਮਰੀਕਾ ਵਾਲਿਆਂ ਨੇ ਵੀ ਕਰ ਲਈ ਸੀ। ਜ਼ਕੀ ਉਰ ਰਹਿਮਾਨ ਲਖਵੀ ਦੇ ਕੇਸ ਵਿੱਚ ਉਹੋ ਰਿਕਾਰਡਿੰਗ ਜਦੋਂ ਭਾਰਤ ਨੇ ਜ਼ਿਕਰ ਹੇਠ ਲਿਆਂਦੀ, ਪਾਕਿਸਤਾਨ ਦੀ ਕਿਸੇ ਵੀ ਹਕੂਮਤ ਨੇ ਸਬੂਤ ਵਜੋਂ ਕਦੇ ਨਹੀਂ ਸੀ ਮੰਨੀ। ਜੇ ਉਹ ਕਾਤਲਾਂ ਦੀ ਆਪਣੇ ਮੁਖੀ ਨਾਲ ਗੱਲਬਾਤ ਦੀ ਰਿਕਾਰਡਿੰਗ ਨੂੰ ਇੱਕ ਸਬੂਤ ਵਜੋਂ ਅਫਗਾਨਿਸਤਾਨ ਦੀ ਹਕੂਮਤ ਕੋਲ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਭਾਰਤ ਦੇ ਦਿੱਤੇ ਇਸੇ ਸਬੂਤ ਨੂੰ ਹੁਣ ਤੱਕ ਉਹ ਆਪ ਕਿਉਂ ਨਹੀਂ ਸੀ ਮੰਨਦੇ, ਜਦ ਕਿ ਇਹ ਅਮਰੀਕਾ ਕੋਲ ਵੀ ਸੀ। ਅਫਗਾਨਿਸਤਾਨ ਸਰਕਾਰ ਨੇ ਏਸੇ ਲਈ ਜਨਰਲ ਰਾਹੀਲ ਦੀ ਕੋਈ ਗੱਲ ਨਹੀਂ ਮੰਨੀ ਕਿ ਪਾਕਿਸਤਾਨ ਵਾਲੇ ਦੋ-ਰੰਗੀ ਨਹੀਂ ਛੱਡਦੇ। ਪਾਕਿਸਤਾਨ ਵਿੱਚ ਕਤਲ ਕਰਨ ਵਾਲੇ ਦੋਸ਼ੀ ਤਾਂ ਉਹ ਮੰਗਦੇ ਹਨ, ਅਫਗਾਨਿਸਤਾਨ ਨੂੰ ਉਸ ਦੇ ਦੋਸ਼ੀ ਦੇਣ ਨੂੰ ਤਿਆਰ ਨਹੀਂ। ਜਿੱਦਾਂ ਦਾ ਵਿਹਾਰ ਉਨ੍ਹਾਂ ਨੇ ਹੁਣ ਤੱਕ ਭਾਰਤ ਨਾਲ ਕੀਤਾ ਸੀ, ਉਹੋ ਕੁਝ ਅਫਗਾਨਿਸਤਾਨ ਨਾਲ ਕਰਦੇ ਹੋਏ ਉਨ੍ਹਾਂ ਦਾ ਜਰਨੈਲ ਖਾਲੀ ਠੂਠਾ ਲੈ ਕੇ ਘਰ ਪਰਤ ਆਇਆ ਹੈ। ਇਹ ਉਨ੍ਹਾਂ ਲਈ ਇੱਕ ਹੋਰ ਝਟਕਾ ਹੈ, ਪਰ ਸੁਧਰ ਨਹੀਂ ਸਕਦੇ।
ਨਤੀਜਾ ਕੀ ਨਿਕਲੇਗਾ ਇਸ ਦਾ? ਸ਼ਾਇਦ ਕੋਈ ਵੀ ਨਹੀਂ। ਅਸੀਂ ਇਹ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਭਾਰਤ ਦੇ ਸੰਬੰਧ ਚੰਗੇ ਹੋਣ, ਅਸੀਂ ਮਿਲ ਕੇ ਚੱਲੀਏ ਤੇ ਇੱਕ-ਦੂਸਰੇ ਦੀ ਮਦਦ ਕਰੀਏ, ਪਰ ਮਦਦ ਉਸ ਦੀ ਕੀਤੀ ਜਾ ਸਕਦੀ ਹੈ, ਜਿਹੜਾ ਮਦਦ ਲੈਣ ਦੇ ਬਦਲੇ ਕਿਸੇ ਤਰ੍ਹਾਂ ਦੀ ਮਦਦ ਕਰਨ ਲਈ ਵੀ ਤਿਆਰ ਹੋਵੇ। ਭਾਰਤ ਨੂੰ ਇਸ ਤਰ੍ਹਾਂ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਪਾਕਿਸਤਾਨ ਦੇ ਅੰਦਰਲੇ ਹਾਲਾਤ ਇਹੋ ਜਿਹੇ ਹਨ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਫੌਜ ਅਤੇ ਹੋਰ ਪ੍ਰਭਾਵਸ਼ਾਲੀ ਏਜੰਸੀਆਂ ਉੱਤੇ ਕੋਈ ਕਾਬੂ ਨਹੀਂ ਅਤੇ ਜਿਹੜੇ ਜਰਨੈਲਾਂ ਦੀ ਓਥੇ ਚੱਲਦੀ ਹੈ, ਉਹ ਇੱਕ ਵਾਰੀ ਫਿਰ ਉਸੇ ਜਨਰਲ ਮੁਸ਼ੱਰਫ ਨਾਲ ਮਿਲ ਕੇ ਚੱਲਣ ਲੱਗ ਪਏ ਹਨ, ਜਿਹੜਾ ਪੇਸ਼ਾਵਰ ਦੀ ਘਟਨਾ ਵਾਸਤੇ ਵੀ ਭਾਰਤ ਨੂੰ ਦੋਸ਼ੀ ਠਹਿਰਾ ਕੇ ਉਸ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਿਹਾ ਹੈ। ਓਥੇ ਫੌਜ ਦੇ ਬਹੁਤੇ ਜਰਨੈਲ ਹੁਣ ਵੀ ਇਸੇ ਧਾਰਨਾ ਉੱਤੇ ਚੱਲ ਰਹੇ ਹਨ ਕਿ ਚੌਧਰ ਉਸੇ ਦੀ ਚਮਕਣੀ ਹੈ, ਜਿਹੜਾ ਭਾਰਤ ਦੇ ਖਿਲਾਫ ਹਮਲਾਵਰੀ ਬੋਲੀ ਬੋਲਣ ਵਿੱਚ ਬਾਕੀ ਸਾਰਿਆਂ ਨੂੰ ਪਛਾੜ ਜਾਵੇਗਾ। ਭਾਰਤ ਦੇ ਵਿਰੋਧ ਦਾ ਇਹ ਕੰਮ ਕਬਰਾਂ ਵਿੱਚ ਖੜੋ ਕੇ ਵੀ ਕੁਝ ਲੋਕਾਂ ਨੇ ਕਰ ਦਿੱਤਾ ਸੀ ਤੇ ਅਗਲੇ ਦਿਨੀਂ ਵੀ ਫਿਰ ਕੀਤਾ ਜਾਣ ਵਾਲਾ ਹੈ।
ਹਾਲਾਤ ਕੋਈ ਵੀ ਹੋਣ, ਅਸੀਂ ਫਿਰ ਆਪਣੇ ਗਵਾਂਢ ਦੇ ਇਸ ਦੇਸ਼ ਦੀ ਖੈਰ ਮੰਗਦੇ ਹਾਂ, ਜਿਸ ਦੇ ਆਗੂਆਂ ਨੇ ਸਾਡੀ ਸੁੱਖ ਕਦੇ ਨਹੀਂ ਮੰਗੀ। ਅਸੀਂ ਵੀ ਦੁਆ ਹੀ ਕਰ ਸਕਦੇ ਹਾਂ, ਖੈਰ ਉਸ ਦੇਸ਼ ਵਿੱਚ ਰਹਿਣੀ ਨਹੀਂ। ਬੱਚਿਆਂ ਦੇ ਕਤਲਾਂ ਤੋਂ ਅਗਲੀ ਸਵੇਰ ਟੀ ਵੀ ਪ੍ਰੋਗਰਾਮ ਦੀ ਪੇਸ਼ਕਾਰ ਉਹ ਕੁੜੀ ਹਓਕੇ ਭਰਦੀ ਹੋਈ ਠੀਕ ਹੀ ਕਹਿੰਦੀ ਸੀ ਕਿ ‘ਹੁਣ ਮੈਨੂੰ ਕੋਈ ਆਸ ਨਹੀਂ ਰਹੀ। ਅੱਜ ਅਸੀਂ ਮੋਮਬੱਤੀਆਂ ਫੜ ਕੇ ਸ਼ਰਧਾਂਜਲੀ ਦੇ ਰਹੇ ਹਾਂ, ਕੁਝ ਦਿਨਾਂ ਨੂੰ ਫੇਰ ਜਗਾ ਕੇ ਬੈਠੇ ਹੋਵਾਂਗੇ। ਪਹਿਲਾਂ ਆਸ ਸੀ ਕਿ ਕਦੇ ਦਿਨ ਸੁਧਰ ਵੀ ਜਾਣਗੇ, ਪਰ ਹੁਣ ਮੈਂ ਨਾ-ਉਮੀਦ ਹੋ ਗਈ ਹਾਂ। ਕੋਈ ਆਸ ਹੀ ਨਹੀਂ ਰਹਿ ਗਈ ਜਾਪਦੀ। ਜੇ ਕੋਈ ਸੁਧਾਰ ਹੋਣਾ ਹੁੰਦਾ ਤਾਂ ਇਨ੍ਹਾਂ ਬੱਚਿਆਂ ਨਾਲ ਵਾਪਰੇ ਇਸ ਕਹਿਰ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ, ਪਰ ਕੋਈ ਆਸ ਨਹੀਂ ਰਹਿ ਗਈ’। ਕਾਸ਼, ਅਸੀਂ ਇਹ ਧਾਰਨਾ ਰੱਦ ਕਰ ਸਕਦੇ।

More from ਲੜੀਵਾਰ ਰਚਨਾਵਾਂ

ਦ੍ਰਿਸ਼ਟੀਕੋਣ (106)-ਜਤਿੰਦਰ ਪਨੂੰ

-ਪੰਜਾਬ ਦੀ ਵਿਗੜੀ ਤਾਣੀ ਸੁਧਾਰਨ ਲਈ ਗੋਆ ਦੇ ਗੇੜੇ ਲਾਉਣ ਦੀ ਲੋੜ ਨਹੀਂ- ਮੁੱਦਿਆਂ ਦੀ ਭਰਮਾਰ ਦੇ ਹੁੰਦਿਆਂ ਵੀ ਅਸੀਂ ਬਾਕੀ ਸਾਰੇ ਮੁੱਦੇ ਛੱਡ ਕੇ ਇਸ ਵਕਤ ਗੋਆ ਦੇ ਸੈਲਾਨੀ ਸਥਾਨ ਉੱਤੇ ਅਕਾਲੀ-ਭਾਜਪਾ ਦੇ ਵਿਚਾਰ ਮੰਥਨ ਨੂੰ ਵਿਚਾਰ ਲਈ ਚੁਣਿਆ … read more

ਦ੍ਰਿਸ਼ਟੀਕੋਣ (105)-ਜਤਿੰਦਰ ਪਨੂੰ

-ਪਾਰਲੀਮੈਂਟ ਚੋਣਾਂ ਦੀ ਅਗਾਊਂ ਚਰਚਾ ਨਾਲ ਉਸ ਆਮ ਆਦਮੀ ਨੂੰ ਕੀ, ਜਿਸ ਦੀ ਕਿਸੇ ਨੂੰ ਚਿੰਤਾ ਨਹੀਂ- ‘ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾਹ’ ਦਾ ਪੰਜਾਬੀ ਮੁਹਾਵਰਾ ਭਾਰਤੀ ਰਾਜਨੀਤੀ ਦੇ ਬੜੇ ਵੱਡੇ ਖਿਲਾਰੇ ਨੂੰ ਸਧਾਰਨ ਢੰਗ ਨਾਲ ਕਹਿ ਦੇਣ … read more

ਦ੍ਰਿਸ਼ਟੀਕੋਣ (104)-ਜਤਿੰਦਰ ਪਨੂੰ

-ਅਦੀਨਾ-ਬੇਗਾਂ ਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਲਈ ਬਾਪੂ ਬਾਦਲ ਨੂੰ ਚੁੱਪ ਤੋੜਨੀ ਪਵੇਗੀ- ਕਿਸੇ ਬੰਦੇ ਨੇ ਕਿਸ ਪਾਰਟੀ ਵਿੱਚ ਜਾਣਾ ਤੇ ਕਿੰਨਾ ਚਿਰ ਉਸ ਨਾਲ ਵਫਾ ਨਿਭਾਉਣੀ ਹੈ, ਲੋਕ-ਤੰਤਰ ਵਿੱਚ ਇਸ ਦੀ ਹਰ ਕਿਸੇ ਨੂੰ ਪੂਰੀ ਖੁੱਲ੍ਹ ਹੁੰਦੀ ਹੈ। ਇਸ … read more

ਦ੍ਰਿਸ਼ਟੀਕੋਣ (103)-ਜਤਿੰਦਰ ਪਨੂੰ

-ਲੋੜ ਵਿਕਾਸ ਦੇ ਚਰਚਿਆਂ-ਦਾਅਵਿਆਂ ਦੀ ਨਹੀਂ, ਵਿਕਾਸ ਦੇ ਮਾਡਲ ਨੂੰ ਬਦਲਣਾ ਪਵੇਗਾ- ਤਰੱਕੀ ਭਾਰਤ ਵੀ ਕਰ ਰਿਹਾ ਹੈ, ਪੰਜਾਬ ਵੀ। ਦੋਵਾਂ ਦੇ ਹੁਕਮਰਾਨ ਇਹ ਕਹਿੰਦੇ ਹਨ ਕਿ ਤਰੱਕੀ ਵਿੱਚ ਕੋਈ ਕਸਰ ਨਹੀਂ ਰੱਖੀ ਜਾਵੇਗੀ। ਅਸਲ ਵਿੱਚ ਤਰੱਕੀ ਦੀ ਕਹਾਣੀ ਕਿਸੇ … read more

ਦ੍ਰਿਸ਼ਟੀਕੋਣ (102)-ਜਤਿੰਦਰ ਪਨੂੰ

-ਪਾਕਿਸਤਾਨ ਦੇ ਵਿਰੁੱਧ ਇੱਕ-ਸੁਰਤਾ ਠੀਕ, ਪਰ ਕੁਪੱਤੇ ਗਵਾਂਢ ਦੇ ਨਾਲ ਕੁਪੱਤੇ ਬਣਨ ਤੋਂ ਬਚਣਾ ਚਾਹੀਦਾ ਹੈ- ਭਾਰਤ ਦਾ ਬੱਚਾ-ਬੱਚਾ ਇਸ ਵਕਤ ਗੁੱਸੇ ਵਿੱਚ ਹੈ ਤੇ ਪਾਕਿਸਤਾਨ ਦੇ ਖਿਲਾਫ ਉੱਬਲ ਰਿਹਾ ਹੈ। ਜਿਹੜੇ ਕੁਝ ਭਾਰਤ ਦੀ ਮਿੱਟੀ ਵਿੱਚ ਜੰਮ ਕੇ ਵੀ … read more

ਦ੍ਰਿਸ਼ਟੀਕੋਣ (101)-ਜਤਿੰਦਰ ਪਨੂੰ

-ਲੋਕਾਂ ਨਾਲ ਬੇਵਫਾਈ ਪਿੱਛੋਂ ਪਾਰਲੀਮੈਂਟ ਵਿੱਚ ਬੇਵਫਾਈ ਦੇ ਆਪਸੀ ਮਿਹਣੇ ਸਿੱਠਣੀਆਂ ਤੋਂ ਵੱਧ ਅਰਥ ਨਹੀਂ ਰੱਖਦੇ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜਕੱਲ੍ਹ ਸ਼ੇਅਰ ਬੋਲਣ ਦਾ ਸ਼ੌਕੀਨ ਹੁੰਦਾ ਜਾ ਰਿਹਾ ਹੈ। ਬੀਤੀ ਛੇ ਮਾਰਚ ਦੇ ਦਿਨ ਪਾਰਲੀਮੈਂਟ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਲਈ … read more

ਦ੍ਰਿਸ਼ਟੀਕੋਣ (100) -ਜਤਿੰਦਰ ਪਨੂੰ

-ਆਗੂਆਂ ਦੇ ਫੋਨਾਂ ਦੀ ਟੈਪਿੰਗ ਬਾਰੇ ਭਾਜਪਾ ਦੀ ਅੰਦਰੂਨੀ ਜੰਗ ਵੱਲ ਜਾਂਦੇ ਕੁਝ ਸੰਕੇਤ- ਭਾਰਤੀ ਰਾਜਨੀਤੀ ਦੀ ਜਿਹੜੀ ਕੜ੍ਹੀ ਵਿੱਚ ਇਸ ਵੇਲੇ ਕੜਛੀ ਘੁੰਮਾਈ ਜਾ ਰਹੀ ਹੈ, ਉਸ ਵਿੱਚ ਕਈ ਮੁੱਦੇ ਹੋਰ ਵੀ ਹਨ, ਤੇ ਇੱਕ ਤੋਂ ਇੱਕ ਚੜ੍ਹਦੇ ਮਹੱਤਵ … read more

ਦ੍ਰਿਸ਼ਟੀਕੋਣ (99)-ਜਤਿੰਦਰ ਪਨੂੰ

-ਸੰਕਟ ਦੀ ਸਥਿਤੀ ਵਿੱਚ ਵੀ ਹਲਕੇ ਪੱਧਰ ਦੀ ਉਕਸਾਊ ਬੋਲੀ ਬੋਲ ਰਹੇ ਹਨ ਸਾਡੇ ਆਗੂ- ਇੱਕੀ ਫਰਵਰੀ ਦੀ ਸ਼ਾਮ ਅਚਾਨਕ ਇਹ ਮੰਦ-ਭਾਗੀ ਖਬਰ ਆਈ ਕਿ ਹੈਦਰਾਬਾਦ ਵਿੱਚ ਬੰਬਾਂ ਦੇ ਲੜੀਵਾਰ ਧਮਾਕੇ ਹੋ ਘਏ ਹਨ। ਪਹਿਲਾਂ ਜ਼ਿਆਦਾ ਦੱਸੇ ਗਏ, ਪਰ ਬਾਅਦ … read more

ਦ੍ਰਿਸ਼ਟੀਕੋਣ (98)-ਜਤਿੰਦਰ ਪਨੂੰ

ਦੁਪਾਸੀਂ ਤਣੀ ਤਾਣੀ ਦੀ ਇੱਕ ਹੋਰ ਕਹਾਣੀ ਹੈ ਹੈਲੀਕਾਪਟਰ ਸੌਦੇ ਦੇ ਸਕੈਂਡਲ ਦਾ ਸੱਚ ਅਗਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ, ਜਾਂ ਫਿਰ ਪਾਰਲੀਮੈਂਟ ਦੇ ਇੱਕ ਹੋਰ ਬੱਜਟ ਸਮਾਗਮ ਤੋਂ ਪਹਿਲਾਂ, ਭਾਰਤ ਦੀ ਰਾਜਨੀਤੀ ਇੱਕ ਨਵੇਂ ਘੋਟਾਲੇ ਦੀ ਲਪੇਟ ਵਿੱਚ ਆ ਗਈ … read more

ਦ੍ਰਿਸ਼ਟੀਕੋਣ (97)-ਜਤਿੰਦਰ ਪਨੂੰ

ਜੇ ਦੇਸ਼ ਦੀ ਵਾਗ ਸੌਂਪਣ ਦਾ ਫੈਸਲਾ ਸਾਧਾਂ-ਸੰਤਾਂ ਦੇ ਹੱਥੀਂ ਹੋਣਾ ਹੈ ਤਾਂ ਰਾਜਸੀ ਆਗੂਆਂ ਦੀ ਕੀ ਲੋੜ ਹੈ? ਭਾਰਤ ਦੇਸ਼ ਇਸ ਦੁਨੀਆ ਦਾ ਸਭ ਤੋਂ ਵੱਡਾ ਲੋਕ-ਰਾਜ ਹੈ, ਸਭ ਤੋਂ ਵਧੀਆ ਭਾਵੇਂ ਨਹੀਂ ਬਣ ਸਕਿਆ। ਏਥੇ ਅਗਲੇ ਸਾਲ ਲੋਕ-ਤੰਤਰ … read more

ਦ੍ਰਿਸ਼ਟੀਕੋਣ (96)-ਜਤਿੰਦਰ ਪਨੂੰ

a1

ਇੱਕੋ ਹਫਤੇ ਵਿੱਚ ਵਾਹਵਾ ਲੰਮਾ ਪੈਂਡਾ ਤੈਅ ਕਰ ਗਈ ਹੈ ਭਾਰਤ ਦੀ ਰਾਜਨੀਤੀ ਮਾਮਲਾ ਅਮਰੀਕਾ ਵਿੱਚ ਡੇਵਿਡ ਕੋਲਮੈਨ ਹੇਡਲੀ ਦੇ ਮੁਕੱਦਮੇ ਦਾ ਵੀ ਛੋਟਾ ਨਹੀਂ, ਪਰ ਉਸ ਵਿੱਚ ਅਮਰੀਕਾ ਦੀ ਹਕੂਮਤ ਦਾ ਦੋਗਲਾਪਣ ਜ਼ਾਹਰ ਹੋਣ ਉੱਤੇ ਅਦਾਲਤ ਦੀ ਮੋਹਰ ਲੱਗਣ … read more

ਦ੍ਰਿਸ਼ਟੀਕੋਣ(95) -ਜਤਿੰਦਰ ਪਨੂੰ

-ਭਾਰਤ ਦੀ ਰਾਜਨੀਤੀ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਚਿੰਤਨ ਕੈਂਪਾਂ ਦਾ ਪਰਪੰਚ- ਸਿਰਫ ਸੋਲਾਂ ਮਹੀਨੇ ਜਦੋਂ ਭਾਰਤ ਦੀ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਰਹਿ ਗਏ ਹਨ, ਮੁਲਕ ਦੀ ਵੱਡੀ ਗੱਦੀ ਉੱਤੇ ਕਬਜ਼ੇ ਦੀਆਂ ਚਾਹਵਾਨ ਧਿਰਾਂ ਤੇਜ਼ ਚਾਲੇ ਤੁਰਨ ਲੱਗ ਪਈਆਂ … read more

ਦ੍ਰਿਸ਼ਟੀਕੋਣ (94)-ਜਤਿੰਦਰ ਪਨੂੰ

-ਪਾਕਿਸਤਾਨ ਦਾ ਵਹਿਸ਼ੀਪੁਣਾ ਗਲਤ, ਪਰ ਹਾਲਾਤ ਅਜੇ ਸਿੱਧੇ ਸਿੱਝਣ ਵਾਲੇ ਪੜਾਅ ਤੱਕ ਨਹੀਂ ਪਹੁੰਚੇ- ਭਾਰਤ ਦੇ ਲੋਕਾਂ ਦੀ ਵੱਡੀ ਗਿਣਤੀ ਇਸ ਵਕਤ ਉਬਾਲੇ ਖਾਂਦੀ ਨਜ਼ਰ ਆਉਂਦੀ ਹੈ ਤੇ ਇਸ ਦਾ ਕਾਰਨ ਬੀਤੇ ਹਫਤੇ ਦੇ ਇੱਕ ਦਿਨ ਪਾਕਿਸਤਾਨ ਦੀ ਇੱਕ ਫੌਜੀ … read more