ਪਿੰਡ ਦਾ ਇਤਿਹਾਸ

ਅਕਬਰ ਬਾਦਸਾਹ ਦੇ ਰਾਜ ਸਮੇ ਬੱਝਾ ਸੀ ਪਿੰਡ ਹਿੰਮਤਪੁਰਾ

ਅਕਬਰ ਬਾਦਸਾਹ ਦੇ ਰਾਜ ਸਮੇ ਬੱਝਾ ਸੀ ਪਿੰਡ ਹਿੰਮਤਪੁਰਾ
ਡੋਗਰਾ ਦੇ ਪਿੰਡ ਵਜੋ ਜਾਣਿਆ ਜਾਦਾ ਪਿੰਡ ਹਿੰਮਤਪੁਰਾ ਇਤਿਹਾਸਕ ਪੱਖੋ ਬਹੁਤ ਮਹੱਤਤਾ ਰੱਖਦਾ ਹੈ । ਇਸਦਾ ਇਤਿਹਾਸ ਮੁਗਲ ਬਾਦਸਾਹ ਅਕਬਰ ਅਤੇ ਦੁੱਲਾ ਭੱਟੀ ਨਾਲ ਜੁੜਿਆ ਹੋਇਆ ਹੈ। ਅਕਬਰ ਬਾਦਸਾਹ ਜੋ ਕਿ ਕਿਸਾਨਾ ਤੋ ਧੱਕੇ ਨਾਲ ਲਗਾਨ ਵਸੂਲ ਕਰਿਆ ਕਰਦਾ ਸੀ ਪਰ ਦੁੱਲਾ ਭੱਟੀ ਨੇ ਲਗਾਨ ਨਾ ਦੇਣ ਦਾ ਐਲਾਣ ਕਰਕੇ ਅਕਬਰ ਬਾਦਸਾਹ ਖਿਲਾਫ ਐਲਾਨੇ ਜੰਗ ਦਾ ਐਲਾਣ ਕੀਤਾ ਸੀ। ਇਸ ਜੰਗ ਵਿੱਚ ਦੁੱਲਾ ਭੱਟੀ ਦੇ ਮਾਰੇ ਜਾਣ ਤੋ ਬਾਅਦ ਦੁੱਲਾ ਭੱਟੀ ਦਾ ਨਿੱਡਰ ਸਮਝਿਆ ਜਾਣ ਵਾਲਾ ਦੋਸਤ ਹਿੰਮਤਖਾਨ ਪਠਾਨ ਪਿੰਡ ਬੁੱਟਰ ਵਿਖੇ ਸੋਢੀਆਂ ਦੇ ਦਰਬਾਰ ਆਇਆ । ਸੋਢੀ ਜੋ ਕਿ ਭਦੌੜ ਵਾਲੇ ਸਰਦਾਰਾ ਤੋ ਪਰੇਸਾਨ ਸਨ ਕਿਉਕਿ ਭਦੌੜ ਵਾਲੇ ਸਰਦਾਰ ਉਨ੍ਹਾਂ ਦੇ ਇਲਾਕੇ ‘ਤੇ ਕਬਜਾ ਕਰਦੇ ਸਨ। ਸੋਢੀ ਸਰਦਾਰਾ ਨੇ ਹਿੰਮਤਖਾਨ ਦੀ ਦਲੇਰੀ ਦੇਖ ਕੇ ਉਸਨੂੰ ਇਸ ਜਗ੍ਹਾ ਬਿਠਾ ਦਿੱਤਾ ਤਾਂ ਕਿ ਭਦੌੜ ਵਾਲੇ ਸਰਦਾਰ ਬੁੱਟਰ ਵੱਲ ਨਾ ਵਧ ਸਕਣ। ਇਸ ਸਮੇਂ ਹਿੰਮਤਖਾਨ ਨੇ ਅਕਬਰ ਤੋ ਬਚਣ ਲਈ ਆਪਣਾ ਨਾਂ ਬਦਲ ਕੇ “ਯੂਸਫ ਖਾਨ” ਰੱਖਿਆ ਹੋਇਆ ਸੀ। ਇਸੇ ਲਈ ਹੀ ਇਸ ਪਿੰਡ ਦਾ ਨਾਂ ਪਹਿਲਾ ਯੂਸਫ ਖਾਨ ਦੇ ਨਾਂ ‘ਤੇ “ਯੂਸਫਪੁਰਾ” ਪਿਆ। ਯੂਸਫ ਖਾਨ ਨੇ ਆਪਣੀ ਦਲੇਰੀ ਸਦਕਾ ਹੀ ਦੂਰ – ਦੁਰਾਡੇ ਦੇ ਇਲਾਕੇ ‘ਤੇ ਕਬਜਾ ਕੀਤਾ। ਭਦੌੜ ਵੱਲ ਇਸਦਾ ਘੱਟ ਵਧਣ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਯੂਸਫ ਖਾਨ ਨੂੰ ਆਪਣਾ ਮਹਿਲ ਬਨਾਉਣ ਲਈ ਇੱਟਾਂ ਦੀ ਲੋੜ ਸੀ। ਜੋ ਕਿ ਭਦੌੜ ਵਿਖੇ ਹੀ ਬਣਦੀਆਂ ਸਨ ਇਸੇ ਕਾਰਣ ਹੀ ਉਸਨੇ ਭਦੌੜ ਵਾਲੇ ਸਰਦਾਰਾਂ ਨਾਲ ਲੜਨ ਦੀ ਬਜਾਏ ਦੋਸਤੀ ਦਾ ਹੱਥ ਵਧਾਇਆ। ਪਿੰਡ ਮਾਛੀਕੇ ਨੂੰ ‘ਬੰਨਣ’ ਦੀਆ ਕੋਸ਼ਿਸ਼ਾਂ ਵੀ ਇਸ ਨੇ ਅਨੇਕਾਂ ਵਾਰ ਹਮਲਾ ਕਰਕੇ ਨਾਕਾਮ ਬਣਾ ਦਿੱਤੀਆਂ ਸਨ। ਪਰ ਯੂਸਫ ਖਾਨ ਬਹੁਤ ਹੀ ਧਾਰਮਿਕ ਖਿਆਲਾਂ ਦਾ ਮਾਲਕ ਸੀ ਸਾਧੂ ਸੰਤਾ ਦਾ ਬਹੁਤ ਸਤਿਕਾਰ ਕਰਦਾ ਸੀ ਇਸੇ ਦਾ ਫਾਇਦਾ ਉਠਾ ਕੇ ਪਿੰਡ ਬੰਨਣ ਵਾਲਿਆਂ ਨੇ ਸੰਤ ਜਿਉਣ ਦਾਸ ਤੇ ਅਮਰ ਦਾਸ ਨੂੰ ਇਸ ਜਗਾ ਬਿਠਾਇਆ ਉਸ ਤੋ ਬਾਅਦ ਉਕਤ ਸੰਤਾਂ ਨੇ ਮੋਹੜੀ ਗੱਡ ਕੇ ਮਾਛੀਕੇ ਪਿੰਡ ਦੀ ਸਥਾਪਨਾ ਕਰ ਦਿੱਤੀ ਕਿਉਕਿ ਯੂਸਫ ਖਾਨ ਸੰਤਾਂ ‘ਤੇ ਹਮਲਾ ਨਹੀ ਸੀ ਕਰ ਸਕਦਾ। ਯੂਸਫ ਖਾਨ ਦਾ ਇਲਕੇ ਵਿੱਚ ਸਿੱਕਾ ਜੰਮਣ ਤੋਂ ਦੇਰ ਬਾਅਦ ਲੋਕਾ ਨੂੰ ਉਸਦੇ ਅਸਲੀ ਨਾਂਅ ਹਿੰਮਤਖਾਨ ਦਾ ਪਤਾ ਲੱਗਾ ਇਸਤੋ ਬਾਅਦ ਹੀ ਯੂਸਫਪੁਰੇ ਦਾ ਨਾਂਅ ਬਦਲ ਕੇ “ਹਿੰਮਤਪੁਰਾ” ਬਣ ਗਿਆ। ਹਿੰਮਤਖਾਨ ਨੇ ਆਪਣਾ ਕਿਲ੍ਹਾ ਪਿੰਡ ਦੀ ਮੱਝੂਕੇ ਪਿੰਡ ਵਾਲੀ ਸਾਇਡ ਬਣਾਇਆ ਹੋਇਆ ਸੀ ਜਿਥੇ ਕਿ ਅੱਜ ਕੱਲ੍ਹ ਪ੍ਰਾਇਮਰੀ ਸਕੂਲ (ਅੰਦਰਲਾ) ਚੱਲ ਰਿਹਾ ਹੈ। ਆਪਣੇ ਕਿਲੇ ਤੋ ਪਿੰਡ ਦੇ ਰਾਮ ਮੰਦਰ (ਮਹੰਤਾਂ ਦੇ ਘਰ) ਤੱਕ ਉਸਨੇ ਸੁਰਗ ਬਣਾਈ ਹੋਈ ਸੀ ਤਾਂ ਕਿ ਇਸ ਮੰਦਰ ਵਿੱਚ ਆ ਕੇ ਪੂਜਾ ਕੀਤੀ ਜਾ ਸਕੇ । ਇਹ ਮੰਦਰ ਪਿੰਡ ਵਿੱਚ ਅੱਜ ਵੀ ਮੌਜੂਦ ਹੈ। ਹਿੰਮਤਖਾਨ ਨੇ ਪਿੰਡ ਹਿੰਮਤਪੁਰਾ ਵਿਖੇ ਹਰ ਜਾਤੀ ਤੇ ਹਰ ਧਰਮ ਦੇ ਲੋਕਾਂ ਨੂੰ ਰਹਿਣ ਦੀ ਆਗਿਆ ਦੇਣ ਦੇ ਨਾਲ ਨਾਲ – ਨਾਲ ਜਮੀਨ ਵੀ ਦਿੱਤੀ । ਬੌਰੀਆਂ ਸਿੱਖ ਬਰਾਦਰੀ ਇਸ ਪਿੰਡ ਵਿੱਚ ਮਗਰੋ ਆਈ ਹੋਣ ਕਾਰਣ ਉਂਨਾ ਨੂੰ ਇਥੇ ਜਮੀਨ ਨਹੀ ਮਿਲੀ । ਹਿੰਮਤਖਾਨ ਦੇ ਮਰਨ ਉਪਰੰਤ ਉਸਦੇ ਨਜਦੀਕੀ ਮੀਆਂ ਨੌਧਾ ਨੇ ਇਸ ਪਿੰਡ ਨੂੰ ਬਦਨਾਮ ਕਰਨ ਦੀ ਵੀ ਕੋਈ ਕਸਰ ਨਹੀ ਛੱਡੀ ਕਿਉਕਿ ਉਸਨੇ ਭਦੌੜ ਵਾਲੇ ਸਰਦਾਰਾ ਦੀਆਂ ਸੈਕੜੇ ਮੱਝਾਂ ਰਾਤ ਸਮੇ ਖੋਹਲ ਲਿਆਦੀਆਂ ਸਨ । ਰਾਣੀ ਨੇ ਇਸ ਘਟਨਾ ਦਾ ਬਦਲਾ ਲੈਣ ਲਈ ਆਪਣੇ ਰਿਸਤੇਦਾਰ ਮਹਾਰਾਜਾ ਰਣਜੀਤ ਸਿੰਘ ਕੋਲ ਸਿਕਾਇਤ ਕੀਤੀ । ਕੁਝ ਸਮਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਪਿੰਡ ਭਾਗੀਕੇ ਵਿਖੇ ਇੱਕ ਢਾਬ ‘ਤੇ ਰੁਕੇ (ਜਿਥੇ ਇਸ ਸਮੇ ਗੁਰਦੁਆਰਾ ਸਾਹਿਬ ਹੈ) ਮਹਾਰਾਜੇ ਨੇ ਬਦਾ ਲੈਣ ਲਈ ਮੀਆਂ ਨੌਧਾ ਖਾਨ ਨੂੰ ਰੁੱਕਾ ਭੇਜਿਆਂ। ਅਤੇ ਲੜਾਈ ਲਈ ਤਿਆਰ ਰਹਿਣ ਲਈ ਕਿਹਾ। ਮਹਾਰਾਜਾ ਰਣਜੀਤ ਸਿੰਘ ਦੇ ਗੁੱਸੇ ਅੱਗੇ ਬੇਬੱਸ ਮੀਆਂ ਨੌਧਾਂ ਖਾਨ ਪ੍ਰੀਵਾਰ ਸਮੇਤ ਇਥੋ ਰਫੂ ਚੱਕਰ ਹੋ ਗਿਆਂ।
(ਪਿੰਡ ਦੇ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਅਨੁਸਾਰ)
ਪਿੰਡ ਦੇ ਨਾਮਕਰਨ ਸੰਬੰਧੀ ਹੋਰ ਵੀ ਚਰਚਾਵਾਂ ਹਨ, ਉਹ ਵੀ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।

More from ਪਿੰਡ ਦਾ ਇਤਿਹਾਸ